ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਜਿੰਦੜੀ ਛੋਟੀ ਪਰ ਕੁਰਬਾਨੀ ਵੱਡੀ ਵਾਲਾ ਸ਼ਹੀਦ ਸ. ਕਰਤਾਰ ਸਿੰਘ ਸਰਾਭਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼ਹੀਦ ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਦੀ ਕੁੱਖ ਤੋਂ ਹੋਇਆ

Kartar Singh Sarabha Special Article on Martyrdom Day

ਬਚਪਨ ਵਿਚ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸਾਂ ਕਿ ਔਹ ਵੇਖੋ ਅਕਾਸ਼ ਵਿਚ ਧਰੂ ਤਾਰਾ, ਇਹ ਸਭਨਾਂ ਤੋਂ ਉੱਚਾ ਹੈ ਅਤੇ ਚਮਕਦਾ ਵੀ ਸਭ ਤੋਂ ਅਨੌਖਾ ਹੈ। ਪਤਾ ਹੈ ਨਾ - ਇਹ ਧਰੂ ਭਗਤ ਹੈ ਜੋ ਬਾਲ ਉਮਰੇ ਹੀ ਹੱਕ ਤੇ ਸੱਚ ਲਈ ਸ਼ਹੀਦ ਹੋ ਕੇ ਏਡਾ ਵੱਡਾ ਕਾਰਨਾਮਾ ਕਰ ਗਿਆ ਕਿ ਰੱਬ ਨੇ ਉਸ ਨੂੰ ਅਮਰ ਕਰ ਕੇ ਅੰਬਰ ਦਾ ਤਾਰਾ ਬਣਾ ਦਿਤਾ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ’ਚ ਸ਼ਹੀਦ ਹੋ ਗਏ ਅਤੇ ਛੋਟੇ ਸ਼ਹਿਬਜ਼ਾਦੇ, ਬਾਬਾ ਜ਼ੋਰਾਵਰ ਤੇ ਬਾਬਾ ਫ਼ਤਿਹ ਸਿੰਘ ਵੀ ਬਾਲ ਉਮਰੇ ਹੀ ਸਰਹੰਦ ਦੀ ਦੀਵਾਰ ’ਚ ਸ਼ਹੀਦ ਹੋ ਗਏ ਸਨ ਕਿਉਂਕਿ ਉਨ੍ਹਾਂ ਨੇ ਜ਼ਾਲਮ ਸੂਬਾ ਸਰਹੰਦ ਦਾ ਤਾਨਾਸ਼ਾਹੀ ਹੁਕਮ ਮੰਨਣ ਤੋਂ ਇਨਕਾਰ ਕਰ ਦਿਤਾ ਸੀ। ਇਸ ਤਰ੍ਹਾਂ ਇਨ੍ਹਾਂ ਮਾਸੂਮ ਜਿੰਦਾਂ ਨੇ ਧਰਮ ਦੀ ਰਾਖੀ ਖ਼ਾਤਰ ਸ਼ਹੀਦ ਹੋ ਕੇ ਆਉਣ ਵਾਲੀਆਂ ਨਸਲਾਂ ਨੂੰ ਸਿਰ ਉੱਚਾ ਕਰ ਕੇ ਜਿਉਣ ਦੀ ਜਾਚ ਦੱਸੀ ਕਿ : 
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥

ਇਨ੍ਹਾਂ ਮਾਸੂਮ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਹੀ ਭਾਰਤ ਦੀ ਜੰਗੇ ਆਜ਼ਾਦੀ ’ਚ ਬਹੁਤ ਸਾਰੇ ਨੌਜਵਾਨ ਆਜ਼ਾਦੀ ਪ੍ਰਵਾਨੇ ਜੂਝਦੇ ਹੋਏ ਕੁਰਬਾਨ ਹੋ ਗਏ ਜਿਨ੍ਹਾਂ ’ਚੋਂ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਸੀ। ਸ਼ਹੀਦ ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਦੀ ਕੁੱਖ ਤੋਂ ਹੋਇਆ ਜਿਸ ਨੇ ਅਪਣੇ ਲਾ-ਮਿਸਾਲ ਸੰਘਰਸ਼ ਨਾਲ ਅੰਗਰੇਜ਼ ਸਾਮਰਾਜ ਦੀਆਂ ਚੂਲਾਂ ਹਿਲਾਂ ਕੇ ਰੱਖ ਦਿਤੀਆਂ। 

ਭਾਵੇਂ ਸਰਾਭਾ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਬਚਪਨ ਵਿਚ ਹੀ ਉਠ ਗਿਆ ਸੀ ਪ੍ਰੰਤੂ ਫਿਰ ਵੀ ਉਨ੍ਹਾਂ ਨੇ ਦਿ੍ਰੜ੍ਹ ਇਰਾਦੇ ਸਦਕਾ 1912 ਵਿਚ ਦਸਵੀਂ ਪਾਸ ਕਰ ਲਈ ਸੀ। ਇਸ ਉਪ੍ਰੰਤ ਦਾਦਾ ਬਚਨ ਸਿੰਘ ਨੇ ਉਨ੍ਹਾਂ ਨੂੰ ਉੱਚ ਵਿਦਿਆ ਲਈ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਭੇਜ ਦਿਤਾ। ਸਰਾਭਾ ਬੇਸ਼ਕ ਉੱਚ ਵਿਦਿਆ ਪ੍ਰਾਪਤ ਕਰ ਰਹੇ ਸੀ ਪ੍ਰੰਤੂ ਉਨ੍ਹਾਂ ਦੇ ਆਸੇ ਪਾਸੇ ਵਾਪਰ ਰਹੀਆਂ ਦੇਸ਼ ਭਗਤਾਂ ਦੀਆਂ ਗਤੀ ਵਿਧੀਆਂ ਤੋਂ ਉਹ ਬਚ ਨਾ ਸਕਿਆ ਅਤੇ ਉਨ੍ਹਾਂ ਦਾ ਮੇਲ ਅਪਣੇ ਹੀ ਪਿੰਡ ਦੇ ਰੁਲੀਆ ਸਿੰਘ ਰਾਹੀਂ ਬਾਬਾ ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਟੁੰਡੀਲਾਟ ਤੇ ਲਾਲਾ ਹਰਦਿਆਲ ਵਰਗੇ ਗਦਰੀ ਕ੍ਰਾਂਤਕਾਰੀਆਂ ਨਾਲ ਹੋ ਗਿਆ। ਵਿਦਿਆ ਪ੍ਰਾਪਤ ਕਰਨ ਉਪਰੰਤ ਸੰਸਾਰਕ ਸੁੱਖਾਂ ਨੂੰ ਠੋਕਰ ਮਾਰ ਕੇ ਉਹ ਆਜ਼ਾਦੀ ਪ੍ਰਵਾਨੇ ਗ਼ਦਰੀ ਬਾਬਿਆਂ ਦੇ ਸਾਥੀ ਬਣ ਗਏ। ਸਰਾਭਾ ਤੇਜ਼ ਬੁੱਧੀ, ਦ੍ਰਿੜ ਇਰਾਦੇ ਤੇ ਬੁਲੰਦ ਹੌਂਸਲੇ ਦੇ ਮਾਲਕ ਸੀ, ਇਸੇ ਕਰ ਕੇ ਹੀ ਪਾਰਟੀ ਅਖ਼ਬਾਰ ‘ਗ਼ਦਰ ਦੀ ਗੂੰਜ’ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿਤੀ ਗਈ, ਜਿਸ ਨੂੰ ਉਨ੍ਹਾਂ ਨੇ ਪੂਰੀ ਤਨਦੇਹੀ ਨਾਲ ਨਿਭਾਇਆ। ਕਰਤਾਰ ਸਿੰਘ ਸਰਾਭਾ ਕ੍ਰਾਂਤੀਕਾਰੀ ਕਵਿਤਾਵਾਂ ਵੀ ਲਿਖਿਆ ਕਰਦੇ ਸੀ ਤੇ ਆਮ ਤੌਰ ’ਤੇ ਇਹ ਗੁਣ ਗੁਣਾਉਂਦੇ ਰਹਿੰਦੇ ਸੀ :
‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, 
ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ, 
ਜਿਨ੍ਹਾਂ ਜੰਗੇ ਆਜ਼ਾਦੀ ਵਿਚ ਪੈਰ ਪਾਇਆ, 
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ’’ 

ਇਸੇ ਕਰ ਕੇ ਬਾਬਾ ਭਕਨਾ ਜੀ ਸਰਾਭਾ ਜੀ ਨੂੰ ਬਾਲਾ ਜਰਨੈਲ ਕਿਹਾ ਕਰਦੇ ਸਨ। ਸੰਨ 1914 ਵਿਚ ਪਹਿਲੀ ਸੰਸਾਰ ਜੰਗ ਦੇ ਭਾਂਬੜ ਮਚ ਉਠੇ। ਇਸੇ ਸਮੇਂ ਅਮਰੀਕਾ ਵਿਚ ਰਹਿ ਰਹੇ ਦੇਸ਼ ਭਗਤਾਂ ਨੇ ਅੰਗਰੇੇਜ਼ ਹਕੂਮਤ ਨੂੰ ਲੜਾਈ ’ਚ ਉਲਝਿਆ ਹੋਇਆ ਵੇਖ ਕੇ ਆਜ਼ਾਦੀ ਦੀ ਜਦੋਜਹਿਦ ਨੂੰ ਹੋਰ ਤੇਜ਼ ਕਰਨ ਲਈ ਦੇਸ਼ ਵਾਪਸੀ ਦਾ ਫ਼ੈਸਲਾ ਕੀਤਾ ਪ੍ਰੰਤੂ ਕੁੱਝ ਗ਼ਦਾਰਾਂ ਵਲੋਂ ਭੇਤ ਖੋਲ੍ਹੇ ਜਾਣ ਕਰ ਕੇ ਬਹੁਤ ਸਾਰੇ ਕ੍ਰਾਂਤੀਕਾਰੀ ਕਲਕੱਤੇ ਪਹੁੰਚਦੇ ਹੀ ਫੜ੍ਹ ਲਏ ਗਏ। ਸ਼ਹੀਦ ਸਰਾਭਾ ਕਿਸੇ ਤਰ੍ਹਾਂ ਪੰਜਾਬ ਪਹੁੰਚਣ ’ਚ ਸਫ਼ਲ ਹੋ ਗਏ। ਦੇਸ਼ ਪਹੁੰਚ ਕੇ ਉਨ੍ਹਾਂ ਨੇ ਰਾਜ ਬਿਹਾਰੀ ਬੋਸ ਤੇ ਹੋਰ ਸਾਥੀਆਂ ਨਾਲ ਮੇਲ ਜੋਲ ਕਾਇਮ ਕਰਨ ਉਪ੍ਰੰਤ ਇਹ ਫ਼ੈਸਲਾ ਲਿਆ ਕਿ ਛੌਣੀਆਂ ਅੰਦਰ ਬਗ਼ਾਵਤ ਫੈਲਾਈ ਜਾਵੇ। ਇਸ ਉਦੇਸ਼ ਲਈ ਸਰਾਭੇ ਨੇ ਸਭ ਤੋਂ ਵੱਧ ਭਜਦੌੜ ਕੀਤੀ। 

21 ਫ਼ਰਵਰੀ 1915 ਬਗ਼ਾਵਤ ਦਾ ਦਿਨ ਮਿਥਿਆ ਗਿਆ ਪ੍ਰੰਤੂ ਕਿਰਪਾਲ ਸਿੰਘ ਗ਼ਦਾਰ ਕਾਰਨ ਭੇਤ ਖੁਲ੍ਹ ਗਿਆ ਜਿਸ ਕਰ ਕੇ ਇਹ ਤਰੀਕ ਬਦਲ ਕੇ 19 ਫ਼ਰਵਰੀ ਕਰਨੀ ਪਈ ਪ੍ਰੰਤੂ ਕੌਮ ਦੇ ਗ਼ਦਾਰਾਂ ਦੀ ਕਮੀ ਇਥੇ ਵੀ ਨਹੀਂ ਸੀ ਤੇ ਇਹ ਸੂਹ ਵੀ ਅੰਗਰੇਜ਼ ਸਰਕਾਰ ਨੂੰ ਮਿਲ ਗਈ ਤੇ ਬਹੁਤ ਸਾਰੇ ਕ੍ਰਾਂਤੀਕਾਰੀ ਫੜ੍ਹ ਲਏ ਗਏ। ਭਾਰਤੀ ਫ਼ੌਜੀਆਂ ਤੋਂ ਹਥਿਆਰ ਖੋਹ ਕੇ ਉਨ੍ਹਾਂ ਨੂੰ ਨਿਹੱਥੇ ਕਰ ਦਿਤਾ ਗਿਆ।  ਪਰ ਕਰਤਾਰ ਸਿੰਘ ਸਰਾਭਾ ਦੀ ਮੰਜ਼ਲ ਤਾਂ ਆਜ਼ਾਦੀ ਹੀ ਸੀ ਜਿਸ ਨੂੰ ਪ੍ਰਾਪਤ ਕਰਨ ਲਈ ਉਹ ਵੱਡੇ ਤੋਂ ਵੱਡਾ ਦੁੱਖ ਝੱਲਣ ਨੂੰ ਵੀ ਤਿਆਰ ਸੀ। ਅਪਣੇ ਜਿਸਮ ਦੀ ਚਰਬੀ ਪਾ ਕੇ ਵੀ ਉਹ ਆਜ਼ਾਦੀ ਦੀ ਸ਼ਮ੍ਹਾਂ ਨੂੰ ਜਗਦੀ ਰਖਣੀ ਚਾਹੁੰਦੇ ਸੀ। ਜਿਥੇ ਕ੍ਰਾਂਤੀਕਾਰੀ ਦੇਸ਼ ਆਜ਼ਾਦੀ ਲਈ ਅਪਣੀ ਪੂਰੀ ਵਾਹ ਲਾ ਰਹੇ ਸਨ, ਉਥੇ ਅੰਗਰੇਜ਼ੀ ਹਾਕਮ ਵੀ ਕਈ ਭਾਰਤੀ ਗ਼ਦਾਰਾਂ ਨੂੰ ਲਾਲਚ ਦੇ ਕੇ ਦੇਸ਼ ਭਗਤਾਂ ਦੇ ਖ਼ਿਲਾਫ਼ ਵਰਤ ਰਹੇ ਸਨ।

ਇਸੇ ਤਹਿਤ ਹੀ ਗੰਡਾ ਸਿੰਘ ਅੰਗਰੇਜ਼ੀ ਪਿੱਠੂ ਨੇ ਭਾਰਤ ਨਾਲ ਵਿਸ਼ਵਾਸਘਾਤ ਕਰਦੇ ਹੋਏ 2 ਮਾਰਚ 1915 ਨੂੰ ਸਰਾਭੇ ਨੂੰ ਸਾਥੀਆਂ ਸਮੇਤ ਸਰਗੋਧੇ ਅਪਣੇ ਫਾਰਮ ’ਤੇ ਗ੍ਰਿਫ਼ਤਾਰ ਕਰਵਾ ਦਿਤਾ। ਲਾਹੌਰ ਸੈਂਟਰਲ ਜੇਲ੍ਹ ਵਿਚ ਸਰਾਭਾ ਤੇ ਉਸ ਦੇ ਸਾਥੀਆਂ ’ਤੇ ਮੁਕੱਦਮਾ ਚਲਿਆ ਜਿਸ ’ਚ ਉਨ੍ਹਾਂ ਨੂੰ ਫਾਂਸੀ ਦਾ ਹੁਕਮ ਹੋਇਆ ਪ੍ਰੰਤੂ ਇਸ ਸਜ਼ਾ ਦੇ ਹੁਕਮ ਤੋਂ ਬਾਅਦ ਵੀ ਸਰਾਭੇ ਦਾ ਮਨੋਬਲ ਇੰਨਾ ਉੱਚਾ ਰਿਹਾ ਕਿ ਫਾਂਸੀ ਤੋਂ ਪਹਿਲਾਂ ਉਸ ਦਾ ਭਾਰ ਵੱਧ ਗਿਆ ਸੀ।
ਆਖ਼ਰ 16 ਨਵੰਬਰ 1915 ਨੂੰ ਆਜ਼ਾਦੀ ਸੰਗਰਾਮ ਦਾ ਸਭ ਤੋਂ ਛੋਟੀ ਉਮਰ ਦਾ ਪ੍ਰਵਾਨਾ ਅਤੇ ਉਸ ਦੇ ਛੇ ਸਾਥੀ ਫਾਂਸੀ ਦੇ ਰੱਸੇ ਨੂੰ ਖ਼ੁਸ਼ੀ ਖ਼ੁਸ਼ੀ ਚੁੰਮ ਕੇ ਸ਼ਹੀਦ ਹੋ ਗਏ ਤੇ ਭਾਰਤ ਮਾਤਾ ਦੇ ਮੁਕਟ ’ਚ ਅਨਮੋਲ ਹੀਰਿਆਂ ਦੀ ਤਰ੍ਹਾਂ ਜੜੇ ਗਏ ਜੋ ਰਹਿੰਦੀ ਦੁਨੀਆਂ ਤਕ ਚਮਕਦੇ ਰਹਿਣਗੇ। 

ਅੱਜ ਜਿਥੇ ਸਾਡੀ ਕੌਮ ਇਨ੍ਹਾਂ ਸ਼ਹੀਦਾਂ ਨੂੰ ਸਿਰ ਝੁਕਾ ਕੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੀ ਹੈ, ਉਥੇ ਸਾਡੇ ਦੇਸ਼ ਵਾਸੀਆਂ ਨੂੰ ਇਹ ਵਿਸ਼ਲੇਸ਼ਣ ਕਰਨ ਦੀ ਸਖ਼ਤ ਜ਼ਰੂਰਤ ਹੈ ਕਿ ਏਡੀਆਂ ਵੱਡੀਆਂ ਕੁਰਬਾਨੀਆਂ ਉਪ੍ਰੰਤ ਇੰਨੀ ਮਹਿੰਗੀ ਪ੍ਰਾਪਤ ਹੋਈ ਆਜ਼ਾਦੀ ਦਾ ਨਿੱਘ ਮਾਣਦੇ ਹੋਏ, ਅੱਜ ਅਸੀਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਕੀ ਉਪਰਾਲੇ ਕਰ ਰਹੇ ਹਾਂ। ਆਜ਼ਾਦੀ ਉਪਰੰਤ ਜਿਨ੍ਹਾਂ ਹੁਕਮਰਾਨਾਂ ਦੇ ਹੱਥਾਂ ’ਚ ਦੇਸ਼ ਦੀ ਵਾਗਡੋਰ ਆਈ, ਕੀ ਉਹ ਰਾਜਭਾਗ ਦੇ ਨਸ਼ੇ ’ਚ ਜਨਤਾ ਨੂੰ ਅਜਿਹਾ ਰਾਜ ਪ੍ਰਬੰਧ ਦੇ ਸਕੇ, ਜਿਸ ਵਿਚ ਸਮਾਨਤਾ, ਭਾਈਚਾਰਾ, ਕਾਇਮ ਹੋਵੇ ਅਤੇ ਬੇਰੁਜ਼ਗਾਰੀ, ਭੁੱਖਮਰੀ, ਬੇਇਨਸਾਫ਼ੀ, ਭਿ੍ਰਸ਼ਟਾਚਾਰ, ਚਰਿੱਤਰਹੀਣਤਾ, ਨਸ਼ਾ ਪ੍ਰਸਤੀ, ਬਾਲ ਮਜ਼ਦੂਰੀ, ਲੁੱਟਾਂ ਖੋਹਾਂ, ਮਾਰ-ਧਾੜ , ਗੈਂਗਸਟਰਵਾਦ ਜਿਹੀਆਂ ਲਾਹਨਤਾਂ ਨਾ ਹੋਣ।

ਕੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਡੇ ਸ਼ਹੀਦਾਂ ਨੇ ਅਪਣੀਆਂ ਜਵਾਨੀਆਂ ਸਾਡੇ ਲਈ ਕਿਉਂ ਵਾਰੀਆਂ ਸਨ? ਕੀ ਸਾਡੇ ਅਜੋਕੇ ਕਲਾਕਾਰ, ਗੀਤਕਾਰ, ਸਾਹਿਤਕਾਰ ਇਸ ਪ੍ਰਤੀ ਫ਼ਿਕਰਮੰਦ ਹਨ? ਨੌਜਵਾਨਾਂ ਨੂੰ ਇਸ਼ਕ ਮੁਸ਼ਕ, ਵਹਿਮਾਂ ਭਰਮਾਂ, ਨੰਗੇਜ਼ਵਾਦ,  ਲਚਰਹੀਣਤਾ ਤੇ ਗੰਨ ਕਲਚਰ ਵਾਲਾ ਮਸਾਲਾ ਨਾ ਪਰੋਸਿਆ   ਜਾਵੇ ਸਗੋਂ ਉਸਾਰੂ ਸੋਚ ਵਾਲਾ, ਉੱਚੀ ਸਭਿਅਤਾ ਵਾਲਾ ਤੇ ਸ਼ਹੀਦਾਂ, ਸੂਰਬੀਰਾਂ ਵਿਦਵਾਨਾਂ ਅਤੇ ਸਾਇੰਸਦਾਨਾਂ ਦੀ ਸੋਚ ਨਾਲ ਜੋੜਨ ਵਾਲੇ ਸਾਹਿਤ ਨੂੰ ਪ੍ਰਫੁਲੱਤ ਕੀਤਾ ਜਾਵੇ। ਇਹੋ ਸਾਡੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਕ ਸ਼ਾਇਰ ਨੇ ਸ਼ਹੀਦਾਂ ਪ੍ਰਤੀ ਬਹੁਤ ਸੋਹਣਾ ਲਿਖਿਆ ਹੈ :
“ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਅਬਾ?
ਸ਼ਹੀਦੋਂ ਕੀ ਖ਼ਾਕ ਪਰ ਤੋਂ ਖ਼ੁਦਾ ਭੀ ਕੁਰਬਾਨ ਹੋਤਾ ਹੈ।’’