ਸ਼ਰਧਾ ਜਾਂ ਸ਼ਰਾਰਤ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਚਲਾਕ ਅਤੇ ਸਵਾਰਥੀ ਲਿਖਾਰੀਆਂ ਨੇ ਕਈ ਮਨਘੜਤ ਗੱਪਾਂ ਇਸ ਤਰੀਕੇ ਨਾਲ ਇਤਿਹਾਸ ਬਣਾ ਕੇ ਪਾਠਕਾਂ ਸਾਹਮਣੇ ਰਖੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ...

Dasam Granth

ਚਲਾਕ ਅਤੇ ਸਵਾਰਥੀ ਲਿਖਾਰੀਆਂ ਨੇ ਕਈ ਮਨਘੜਤ ਗੱਪਾਂ ਇਸ ਤਰੀਕੇ ਨਾਲ ਇਤਿਹਾਸ ਬਣਾ ਕੇ ਪਾਠਕਾਂ ਸਾਹਮਣੇ ਰਖੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ਸੱਚ ਹੀ ਸਮਝਣ ਲੱਗ ਪਈਆਂ। ਉਦਾਹਰਣ ਦੇ ਤੌਰ ਤੇ ਮੈਂ ਅਪਣੇ ਨਾਲ ਬੀਤੀ ਇਕ ਸੱਚੀ ਘਟਨਾ ਹੀ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਮੇਰੀ ਆਦਤ ਹੈ ਕਿ ਮੈਂ ਹਰ ਮਹੀਨੇ ਕਪੜੇ ਜਾਂ ਹੋਰ ਚੀਜ਼ਾਂ ਖ਼ਰੀਦਣ ਨਾਲੋਂ ਪੁਸਤਕਾਂ ਖ਼ਰੀਦਣ ਨੂੰ ਵੱਧ ਤਰਜੀਹ ਦਿੰਦਾ ਹਾਂ।
ਇਕ ਦਿਨ ਮੈਂ ਗੁਰਦਵਾਰਾ ਫ਼ਤਿਹਗੜ੍ਹ ਸਾਹਿਬ ਗਿਆ ਤਾਂ ਬੱਸ ਅੱਡੇ ਵਾਲੀਆਂ ਦੁਕਾਨਾਂ ਤੋਂ ਇਕ ਪੁਸਤਕ ਖ਼ਰੀਦ ਲਿਆਇਆ। ਇਸ ਪੁਸਤਕ ਦਾ ਨਾਂ ਸੀ 'ਭਾਈ ਸਾਹਿਬ ਭਾਈ ਸੰਤੋਖ ਸਾਹਬ ਜੀ ਰਚਿਤ ਸ੍ਰੀ ਦਸਮ ਗੁਰੂ ਚਮਤਕਾਰ' ਜੋ ਕਿ ਭਾਈ ਜਵਾਹਰ ਸਿੰਘ, ਕ੍ਰਿਪਾਲ ਸਿੰਘ ਅੰਮ੍ਰਿਤਸਰ ਵਾਲਿਆਂ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸ ਪੁਸਤਕ ਦੇ ਪਹਿਲੇ ਵੀਹ ਕੁ ਪੰਨੇ ਪੜ੍ਹ ਕੇ ਲੇਖਕ ਦੇ ਵਿਕਾਊ ਜਾਂ ਚਾਲਬਾਜ਼ ਜਾਂ ਅੰਨ੍ਹੀ ਸ਼ਰਧਾ ਵਿਚ ਡੁੱਬੇ ਹੋਣ ਦਾ ਸਾਫ਼ ਹੀ ਪਤਾ ਲੱਗ ਜਾਂਦਾ ਹੈ। ਇਕ ਹੋਰ ਗੱਲ ਮੈਂ ਪਾਠਕਾਂ ਨੂੰ ਦਸਣੀ ਚਾਹਾਂਗਾ ਕਿ ਸ਼ਰਧਾਵਾਨ ਸਿੱਖਾਂ ਨੂੰ ਮੇਰੀ ਗੱਲ ਸੂਲ ਵਾਂਗ ਚੁੱਭੇਗੀ ਕਿਉਂਕਿ ਸ਼ਰਧਾ ਅੰਨ੍ਹੀ ਹੁੰਦੀ ਹੈ ਜਿਸ ਦੀ ਤਾਜ਼ਾ ਉਦਾਹਰਣ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੇਖਣ ਨੂੰ ਮਿਲੀ। ਇਕ ਸ਼ਰਧਾਵਾਨ ਬੀਬੀ ਸੁਰਜੀਤ ਕੌਰ ਅਰੋੜਾ ਨੇ 1212 ਗ੍ਰਾਮ ਸੋਨੇ ਦਾ ਹਾਰ ਭੇਟ ਕੀਤਾ ਜਿਸ ਦੀ ਕੀਮਤ 41 ਲੱਖ ਰੁਪਏ ਸੀ। 41 ਸਕਿੰਟਾਂ ਵਿਚ ਇਸ ਬੀਬੀ ਨੇ 41 ਲੱਖ ਰੁਪਿਆ ਉਨ੍ਹਾਂ ਲੋਕਾਂ ਨੂੰ ਸੌਂਪ ਦਿਤਾ ਜੋ ਬੰਦੇ ਜਾਂ ਮਰਦ ਕਹਾਉਣ ਦੇ ਲਾਇਕ ਹੀ ਨਹੀਂ ਹਨ। ਬੀਬੀ ਜੀ, ਗੁਰੂ ਸਾਹਿਬ ਤਾਂ ਆਖ ਰਹੇ ਹਨ ਕਿ:
'ਅਕਲੀ ਕੀਚੈ ਦਾਨੁ' (ਪੰਨਾ 1245)
ਭਗਤ ਕਬੀਰ ਜੀ ਆਖਦੇ ਸਨ
ਕੰਚਨ ਸਿਉ ਪਾਈਐ ਨਹੀ ਤੋਲਿ£
ਮਨੁ ਦੇ ਰਾਮੁ ਲੀਆ ਹੈ ਮੋਲਿ£
ਭਾਵ ਕਿ ਸੋਨਾ ਤੋਲ ਕੇ ਵੱਟੇ ਵਿਚ ਦਿਤਿਆਂ ਰੱਬ ਨਹੀਂ ਮਿਲਦਾ। ਹੋਰ ਵੇਖੋ ਬਾਬਾ ਨਾਨਕ ਆਖਦੇ ਹਨ:
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨ£
ਭੂਮਿ ਦਾਨ ਗਊਆ ਘਣੀ ਭੀ ਅੰਤਰ ਗਰੁਬ ਗੁਮਾਨੁ£
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ£
ਭਾਵ ਜੇ ਮੈਂ (ਨਾਨਕ) ਸੋਨਾ ਦਾਨ ਕਰਾਂ, ਬਹੁਤ ਸਾਰੇ ਵਧੀਆ ਘੋੜੇ ਤੇ ਹਾਥੀ ਦਾਨ ਕਰਾਂ, ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਊਆਂ ਦਾਨ ਕਰਾਂ। ਇਸ ਦਿਤੇ ਹੋਏ ਦਾਨ ਦਾ ਮੇਰੇ ਮਨ ਅੰਦਰ ਅਹੰਕਾਰ ਬਣ ਸਕਦਾ ਹੈ। ਕਿਤਾਬ ਸ੍ਰੀ ਦਸਮ ਗੁਰੂ ਚਮਤਕਾਰ ਦੇ ਸ਼ੁਰੂ ਵਿਚ ਗੁਰੂ ਜੀ ਅਪਣੇ ਪਿਛਲੇ ਜਨਮ ਦਾ ਹਾਲ ਦਸਦੇ ਹਨ ਜਿਸ ਦਾ ਆਧਾਰ ਦਸਮ ਗ੍ਰੰਥ ਵਿਚਲੇ ਬਚਿਤਰ ਨਾਟਕ ਨੂੰ ਬਣਾਇਆ ਗਿਆ ਹੈ। ਲਿਖਾਰੀ ਇਸ 'ਬਚਿਤਰ ਨਾਟਕ' ਲਿਖਤ ਨੂੰ ਬਹੁਮੁੱਲੀ ਇਤਿਹਾਸਕ ਲਿਖਤ ਦਸਦਾ ਹੈ। ਜਿਸ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਸਿਖਾਉਂਦਾ ਹੈ ਕਿ 'ਦੇਵੀ ਦੇਵਾ ਮੂਲੁ ਹੈ ਮਾਇਆ£' (ਪੰਨਾ 129) ਉਸੇ ਗੁਰੂ ਸਾਹਿਬ ਜੀ ਨੂੰ ਪਿਛਲੇ ਜਨਮ ਵਿਚ ਲਿਖਾਰੀ ਜੀ ਨੇ ਦੇਵੀ ਦਾ ਉਪਾਸਕ ਬਣਾ ਦਿਤਾ। ਹੋਰ ਤਾਂ ਹੋਰ ਲਿਖਾਰੀ ਨੇ ਤਾਂ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਨੂੰ ਵੀ ਯੋਗ ਸਾਧਨਾਂ ਅਤੇ ਤਪੱਸਿਆ ਕਰਦੇ ਵਿਖਾ ਦਿਤਾ। ਲਿਖਾਰੀ ਜੀ ਲਿਖਦੇ ਹਨ 'ਤਾਤ ਮਾਤ ਮੁਰ ਅਲਖ ਅਰਾਧਾ£ ਬਹੁ ਬਿਧਿ ਜੋਗ ਸਾਧਨਾ ਸਾਧਾ£' ਚਲੋ ਜੇ ਨਾਮੰਨਣਯੋਗ ਗੱਲ ਨੂੰ ਮੰਨ ਵੀ ਲਈਏ ਕਿ ਗੁਰੂ ਸਾਹਿਬ ਨੂੰ ਅਪਣਾ ਪਿਛਲਾ ਜਨਮ ਯਾਦ ਸੀ ਅਤੇ ਉਹ ਤਪ ਆਦਿ ਕਰਿਆ ਕਰਦੇ ਸਨ ਫਿਰ ਅਗਲੇ ਜਨਮ ਵਿਚ ਗੁਰੂ ਸਾਹਿਬ ਜੀ ਨੇ ਅਪਣੇ ਸਿੱਖਾਂ ਨੂੰ ਜਾਂ ਖ਼ਾਲਸਾ ਪੰਥ ਨੂੰ ਕਿਉਂ ਨਾ ਹੁਕਮ ਕੀਤਾ ਕਿ ਉਹ ਤਪ ਕਰਿਆ ਕਰਨ ਅਤੇ ਕਾਲਕਾ ਦੇਵੀ ਦੀ ਪੂਜਾ ਕਰਿਆ ਕਰਨ?
ਇਸ ਤਰ੍ਹਾਂ ਦੀਆਂ ਬੇਅੰਤ ਹੀ ਗੱਪਾਂ ਇਸ ਪੁਸਤਕ ਦੀ ਸ਼ਾਨ ਹਨ ਜਿਸ ਦੀਆਂ ਪਰਤਾਂ ਹੌਲੀ-ਹੌਲੀ ਖੁਲ੍ਹਦੀਆਂ ਹੀ ਰਹਿਣਗੀਆਂ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹਰ ਕੌਮ ਦੇ ਇਤਿਹਾਸ ਵਿਚ ਰਲਾਵਟ ਕਰਨਾ ਮੁੱਢੋਂ ਹੀ ਚਲਿਆ ਆ ਰਿਹਾ ਹੈ। ਇਸ ਸੱਚਾਈ ਦੀ ਪ੍ਰੋੜ੍ਹਤਾ ਯਹੂਦੀ, ਇਸਾਈ ਅਤੇ ਮੁਸਲਮਾਨ ਆਦਿ ਮਤਾਂ ਦੀਆਂ ਪੁਸਤਕਾਂ ਪੜ੍ਹ ਕੇ ਆਮ ਹੀ ਹੋ ਜਾਂਦੀ ਹੈ। ਕੂਏਨਨ ਅਤੇ ਵੈਲ ਦੋ ਯਹੂਦੀ ਵਿਦਵਾਨਾਂ ਨੇ ਇਹ ਸਿੱਧ ਕਰ ਦਿਤਾ ਸੀ  ਕਿ 'ਪੁਰਾਣਾ ਅਹਿਦਨਾਮਾ' ਨਾਮੀ ਪੁਸਤਕ ਵਿਚ ਵੀ ਵਾਧਾ-ਘਾਟਾ ਕੀਤਾ ਗਿਆ ਹੈ। ਈਸਾਈਆਂ ਨੇ ਹਜ਼ਰਤ ਈਸਾ ਮਗਰੋਂ ਮਨਘੜਤ ਬਾਰਾਂ ਅੰਜੀਲਾਂ ਬਾਰਾਂ ਸ਼ਾਗਿਰਦਾਂ ਦੇ ਨਾਂ ਤੇ ਬਣਾ ਦਿਤੀਆਂ। ਦਾਰਸ਼ਨਿਕ ਸੈਨਿਕਾਂ ਨੂੰ ਸੇਂਟ ਪਾਲ ਦਾ ਚੇਲਾ ਸਿੱਧ ਕਰਨ ਲਈ ਪਾਦਰੀ (ਪੁਜਾਰੀਆਂ) ਨੇ ਸੈਂਕੜੇ ਚਿੱਠੀਆਂ ਮਨਘੜਤ ਹੀ ਲਿਖ ਕੇ ਕਿਤਾਬਾਂ ਵਿਚ ਦਰਜ ਕਰ ਲਈਆਂ। ਮੁਸਲਿਮ ਫਿਰਕਿਆਂ ਦੀ ਆਪਸੀ ਵੰਡ ਨੇ ਇਤਿਹਾਸ ਵਿਚ ਕਈ ਵਾਧੇ-ਘਾਟੇ ਕੀਤੇ। ਸੁੰਨੀ ਮੁਸਲਮਾਨਾਂ ਨੇ ਸ਼ੀਆ ਮੁਸਲਮਾਨਾਂ ਨੂੰ ਨੀਵਾਂ ਵਿਖਾਉਣ ਲਈ ਇਨ੍ਹਾਂ ਦੇ ਇਮਾਮਾਂ ਨੂੰ ਬੁਰਾ ਲਿਖਿਆ ਅਤੇ ਸ਼ੀਆ ਮੁਸਲਮਾਨਾਂ ਨੇ ਸੁੰਨੀਆਂ ਦੇ ਖ਼ਲੀਫ਼ਿਆਂ ਦੀ ਬੁਰਾਈ ਕੀਤੀ ਅਤੇ ਅਪਣੇ-ਅਪਣੇ ਕਥਨ ਨੂੰ ਸੱਚਾ ਸਿੱਧ ਕਰਨ ਲਈ ਇਹ ਸੱਭ ਕੁੱਝ ਹਜ਼ਰਤ ਮੁਹੰਮਦ ਦੇ ਮੂੰਹੋਂ ਨਿਕਲਿਆ ਹੋਇਆ ਸਿੱਧ ਕਰ ਦਿਤਾ। ਇਸੇ ਤਰ੍ਹਾਂ ਕਈ ਚਲਾਕ ਪੁਜਾਰੀਆਂ ਨੇ ਬਚਿਤਰ ਨਾਟਕ ਉਰਫ਼ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਿੱਧ ਕੀਤਾ ਹੋਇਆ ਹੈ। ਸੱਚਾਈ ਜਾਣਨ ਲਈ ਸਿੱਖਾਂ ਨੂੰ 'ਦਸਮ ਗ੍ਰੰਥ ਦਾ ਲਿਖਾਰੀ ਕੌਣ' (ਚਾਰ ਭਾਗ, ਲੇਖਕ ਜਸਵਿੰਦਰ ਸਿੰਘ) ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਜਦੋਂ ਮੈਂ ਇਤਿਹਾਸ ਦੀ ਐਮ.ਏ. ਕਰ ਰਿਹਾ ਸੀ ਤਾਂ ਮੈਂ ਇਹ ਕਦੇ ਵੀ ਨਹੀਂ ਸੋਚਿਆ ਕਿ ਮੈਂ ਡਿਗਰੀ ਜਾਂ ਨੌਕਰੀ ਹਾਸਲ ਕਰਨ ਲਈ ਪੜ੍ਹ ਰਿਹਾ ਹਾਂ। ਮੇਰੇ ਲਈ ਸਿਲੇਬਸ ਦੀਆਂ ਪੁਸਤਕਾਂ ਪੜ੍ਹਨਾ ਕੋਈ ਵੱਡੀ ਗੱਲ ਨਹੀਂ ਸੀ ਭਾਵੇਂ ਕਿ ਇਨ੍ਹਾਂ ਵਿਚ ਵੀ ਕਾਫ਼ੀ ਗਿਆਨ ਭਰਿਆ ਹੋਇਆ ਸੀ। ਮੈਨੂੰ ਇਤਿਹਾਸ ਪੜ੍ਹਨਾ ਬਹੁਤ ਹੀ ਚੰਗਾ ਲਗਦਾ ਸੀ। ਇਸ ਸਮੇਂ ਦੌਰਾਨ ਹੀ ਮੈਂ ਸਮਝ ਲਿਆ ਸੀ ਕਿ 'ਕਾਜੀ ਕੂੜ ਬੋਲ ਕੇ ਮਲ' ਖਾ ਰਹੇ ਹਨ ਤੇ 'ਰਾਜੇ ਸ਼ੀਂਹ' ਬਣੇ ਹੋਏ ਹਨ। ਇਨ੍ਹਾਂ ਹਾਲਾਤ ਵਿਚ ਇਤਿਹਾਸ ਦੀ ਮੌਤ ਹੋਣਾ ਲਾਜ਼ਮੀ ਹੈ।
ਤੁਸੀ ਦੋਸਤ ਨੂੰ ਦੋਸਤ ਦੀ ਤਾਰੀਫ਼ ਕਰਦਿਆਂ ਸੁਣਿਆ ਹੋਵੇਗਾ ਪਰ ਦੁਸ਼ਮਣ ਨੂੰ ਦੁਸ਼ਮਣ ਦੀ ਤਾਰੀਫ਼ ਕਰਦਿਆਂ ਕਦੇ ਵੀ ਨਹੀਂ ਸੁਣਿਆ ਹੋਵੇਗਾ ਪਰ ਇਤਿਹਾਸ ਵਿਚ ਕਈ ਅਜਿਹੀਆਂ ਘਟਨਾਵਾਂ ਵੀ ਦਰਜ ਹਨ ਜਿਸ ਦਾ ਜ਼ਿਕਰ ਕਰਦਿਆਂ ਗ਼ੈਰਸਿੱਖਾਂ ਨੇ ਵੀ ਸਿੱਖਾਂ ਦੀ ਤਾਰੀਫ਼ ਕੀਤੀ ਹੈ (ਪੜ੍ਹੋ ਪੁਸਤਕ ਜੰਗਨਾਮਾ ਕਾਜ਼ੀ ਨੂਰ ਮੁਹੰਮਦ)। ਕਿਸੇ ਮਨੁੱਖ ਦੀ ਧੰਨ ਦੌਲਤ ਲੁਟੀ ਗਈ ਹੋਵੇ ਤਾਂ ਦੁਬਾਰਾ ਮਿਹਨਤ ਅਤੇ ਉਦਮ ਸਦਕਾ ਹਾਸਲ ਕੀਤੀ ਜਾ ਸਕਦੀ ਹੈ ਪਰ ਜੇ ਕਿਸੇ ਦਾ ਸਹੀ ਇਤਿਹਾਸ ਅਤੇ ਸੱਚਾ ਇਤਿਹਾਸ ਲੁੱਟ ਲਿਆ ਜਾਵੇ ਤਾਂ ਉਸ ਨੂੰ ਪ੍ਰਾਪਤ ਕਰਨਾ ਬਹੁਤ ਹੀ ਮੁਸ਼ਕਲ ਕੰਮ ਹੋ ਜਾਂਦਾ ਹੈ। ਆਉ ਯਤਨ ਕਰੀਏ ਕਿ ਸਾਡੇ ਇਤਿਹਾਸ ਵਿਚ ਜੋ ਰਲਾਵਟ ਹੋਈ ਹੈ, ਉਸ ਨੂੰ ਸੋਧਿਆ ਜਾਵੇ। ਗੁਰੂ ਸਾਹਿਬ ਵਲੋਂ ਬਖ਼ਸ਼ੇ ਗਿਆਨ ਸਦਕਾ ਅਸੀ ਕਲਮ ਦੀ ਜੰਗ ਬੜੇ ਹੀ ਅਰਾਮ ਨਾਲ ਜਿੱਤ ਸਕਦੇ ਹਾਂ। ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕਾ ਇਸ ਤਰ੍ਹਾਂ ਦੀਆਂ ਝੂਠੀਆਂ ਗੱਪਾਂ ਜੋ ਗੁਰੂ ਜੀ ਦੇ ਪਾਕ ਪਵਿੱਤਰ ਜੀਵਨ ਨਾਲ ਜੋੜੀਆਂ ਗਈਆਂ ਹਨ, ਲੱਭ ਕੇ ਪਾਠਕਾਂ ਦੀ ਕਚਹਿਰੀ ਵਿਚ ਅੱਗੇ ਰਖੀਆਂ ਜਾਣਗੀਆਂ।