ਰੇਡੀਉ ਤੇ ਤਾਰਮੁਕਤ ਸੰਚਾਰ ਦਾ ਖੋਜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਵਿਗਿਆਨੀ ਦਿਨ ਗੁਗਲੀਏਲਮੋ ਗਿਓਵਾਨੀ ਮਾਰੀਆ ਮਾਰਕੋਨੀ ਨੂੰ ਰੇਡੀਉ ਅਤੇ ਲੰਮੀਆਂ ਦੂਰੀਆਂ ਤਕ ਰੇਡੀਉ ਤਰੰਗਾਂ ਦੇ ਸੰਚਾਰ ਦਾ ਪਿਤਾਮਾ ਕਿਹਾ ਜਾਂਦਾ ਹੈ.....

Guglielmo Marconi

ਵਿਗਿਆਨੀ ਦਿਨ ਗੁਗਲੀਏਲਮੋ ਗਿਓਵਾਨੀ ਮਾਰੀਆ ਮਾਰਕੋਨੀ ਨੂੰ ਰੇਡੀਉ ਅਤੇ ਲੰਮੀਆਂ ਦੂਰੀਆਂ ਤਕ ਰੇਡੀਉ ਤਰੰਗਾਂ ਦੇ ਸੰਚਾਰ ਦਾ ਪਿਤਾਮਾ ਕਿਹਾ ਜਾਂਦਾ ਹੈ। ਵਿਗਿਆਨੀ ਮਾਰਕੋਨੀ ਦਾ ਜਨਮ 25 ਅਪ੍ਰੈਲ 1876 ਨੂੰ ਇਟਲੀ ਦੇ ਸ਼ਹਿਰ ਬੋਲੋਗਨਾ ਵਿਚ ਹੋਇਆ। ਉਸ ਦੇ ਪਿਤਾ ਦਾ ਨਾਂ ਜੈਸਨ ਮਾਰਕੋਨੀ ਅਤੇ ਮਾਤਾ ਦਾ ਨਾਂ ਐਨੀ ਜੇਮਸਨ ਸੀ। ਸ਼ੁਰੂ 'ਚ ਹੀ ਉਸ ਵਿਗਿਆਨੀ ਦੇ ਵਿਸ਼ੇ ਵਿਚ ਖ਼ਾਸ ਕਰ ਕੇ ਬਿਜਲੀ ਉਪਕਰਨਾਂ ਵਿਚ ਦਿਲਚਸਪੀ ਹੋ ਗਈ ਸੀ। ਉਸ ਦੀ ਮੁਢਲੀ ਸਿਖਿਆ ਫ਼ਲੋਰੈਂਸ ਵਿਖੇ ਲਿਵਾਰਨੋ ਵਿਚ ਹੋਈ।

ਸਾਡੇ ਸਾਹਮਣੇ ਅੱਜ ਜੋ ਬਿਜਲੀ ਉਪਕਰਨਾਂ ਨਾਲ ਭਰਿਆ ਹੋਇਆ ਸੰਸਾਰ ਹੈ, ਇਸ ਦੀ ਬੁਨਿਆਦ ਮਾਰਕੋਨੀ ਨੇ ਹੀ ਰੱਖੀ। ਜ਼ਰਾ ਸੋਚੋ ਜਦੋਂ ਪਹਿਲੀ ਵਾਰੀ ਰੇਡੀਉ ਤੋਂ ਸੰਗੀਤ ਦੀਆਂ ਮਧੁਰ ਧੁਨੀਆਂ ਨਿਕਲੀਆਂ ਹੋਣਗੀਆਂ ਤਾਂ ਮਨੁੱਖ ਨੂੰ ਕਿੰਨਾ ਆਨੰਦ ਆਇਆ ਹੋਵੇਗਾ ਸੁਣ ਕੇ। ਡਿਜੀਟਲ ਕ੍ਰਾਂਤੀ ਦੀ ਬੁਨਿਆਦ ਮੀਡੀਅਮ ਵੇਵ, ਸ਼ਾਰਟ ਵੇਵ ਦੀ ਨੀਂਹ ਤਾਂ ਮਾਰਕੋਨੀ ਨੇ ਹੀ ਰੱਖੀ। ਕੇਵਲ ਵਿਕਸਤ ਰੂਪ ਅੱਜ ਦੇ ਵਿਗਿਆਨੀਆਂ ਨੇ ਕੀਤਾ ਹੈ।

ਮਾਰਕੋਨੀ ਦੇ ਜੀਵਨ ਬਾਰੇ ਇਕ ਰੋਚਕ ਪੱਖ ਇਹ ਹੈ ਕਿ ਇਕ ਵਾਰੀ ਉਹ ਐਲਪਸ ਪਹਾੜ ਤੇ ਗਿਆ। ਇਕ ਰਸਾਲੇ ਨੇ ਉਸ ਦੇ ਜੀਵਨ ਦੀ ਦਿਸ਼ਾ ਹੀ ਬਦਲ ਦਿਤੀ। ਉਸ ਰਸਾਲੇ ਬਾਰੇ ਉਹ ਆਪ ਲਿਖਦਾ ਹੈ ਕਿ ਉਸ ਵਿਚ ਬਿਜਲੀ ਦੀਆਂ ਲਹਿਰਾਂ ਦਾ ਵਰਣਨ ਸੀ। ਉਸ ਨੇ ਮਹਿਸੂਸ ਕੀਤਾ ਜਿਵੇਂ ਉਸ ਨੂੰ ਅਪਣਾ ਮਕਸਦ ਮਿਲ ਗਿਆ ਹੈ। ਇਕ ਸਾਲ ਦੇ ਅੰਦਰ ਉਸ ਨੇ ਘਰ ਵਿਚ ਇਕ ਆਲਾ ਬਣਾਇਆ ਅਤੇ ਇਕ ਕਮਰੇ ਤੋਂ ਦੂਜੇ ਕਮਰੇ ਤਕ ਸਿਗਨਲ ਭੇਜਣ ਵਿਚ ਕਾਮਯਾਬ ਹੋ ਗਿਆ। ਸੱਭ ਤੋਂ ਪਹਿਲਾਂ ਉਸ ਨੇ ਇਹ ਕਾਰਜ ਡਾਕਖ਼ਾਨੇ ਦੇ ਅਫ਼ਸਰਾਂ, ਫਿਰ ਫ਼ੌਜ ਅਤੇ ਨੇਵੀ ਦੇ ਅਫ਼ਸਰਾਂ ਨੂੰ ਵਿਖਾਇਆ।

ਮਾਰਕੋਨੀ ਦੇ ਜੀਵਨ ਬਾਰੇ ਰੋਚਕ ਗੱਲ ਇਹ ਹੈ ਕਿ ਉਹ ਬਹੁਤ ਹੀ ਅਮੀਰ ਜ਼ਿਮੀਂਦਾਰ ਦਾ ਪੁੱਤਰ ਸੀ। ਐਸ਼ ਨਾਲ ਜ਼ਿੰਦਗੀ ਬਤੀਤ ਕਰ ਸਕਦਾ ਸੀ ਪਰ ਉਹ ਨਿੱਤ ਦਿਨ ਨਵੀਆਂ ਕਾਢਾਂ ਕੱਢਣ ਤੇ ਹੀ ਰਹਿੰਦਾ। ਸਾਇੰਸ ਦਾ ਸੱਭ ਤੋਂ ਉੱਤਮ ਨੋਬਲ ਪੁਰਸਕਾਰ ਸਿਰਫ਼ 35 ਸਾਲ ਦੀ ਉਮਰ ਵਿਚ ਉਸ ਨੂੰ ਮਿਲ ਗਿਆ। ਇਸ ਤੋਂ ਇਲਾਵਾ 1901 ਵਿਚ ਮਾਟੂਕੀ ਮੈਡਲ, ਅਲਬਰਟ ਮੈਡਲ (1914), ਫ਼ਰੈਂਕਲਿਨ ਮੈਡਲ (1918), ਆਈ.ਈ.ਈ.ਈ. ਮੈਡਲ ਸਨਮਾਨ (1920), ਜੋਨ ਫ਼ਰਿਟਜ਼ ਮੈਡਲ (1925) ਆਦਿ ਸਨਮਾਨ ਵੀ ਉਸ ਨੂੰ ਮਿਲੇ। ਉਹ ਜੋ ਵੀ ਪੜ੍ਹਿਆ ਘਰ ਹੀ ਪੜ੍ਹਿਆ।

ਪਰ ਅੱਜ ਮਾਰਕੋਨੀ ਦੀਆਂ ਬਣਾਈਆਂ ਹੋਈਆਂ ਵਸਤਾਂ ਦੀ ਜਾਣਕਾਰੀ ਤੋਂ ਬਗ਼ੈਰ ਪੜ੍ਹਾਈ ਅਧੂਰੀ ਸਮਝੀ ਜਾਂਦੀ ਹੈ। ਵਾਇਰਲੈੱਸ, ਰੇਡੀਉ, ਬਿਜਲੀ ਉਪਕਰਨ ਅਤੇ ਹੋਰ ਅਨੇਕਾਂ ਕਾਢਾਂ ਦਾ ਜਨਮਦਾਤਾ ਮਾਰਕੋਨੀ ਹੀ ਹੈ। 1929 ਵਿਚ ਉਸ ਨੂੰ ਇਟਲੀ ਦੇ ਬਾਦਸ਼ਾਹ ਨੇ ਮਾਰਚੈਕਸ ਦੀ ਪਦਵੀ ਦਿਤੀ। ਜਦੋਂ ਮਾਰਕੋਨੀ ਟੈਲੀਵਿਜ਼ਨ ਦੇ ਸੁਪਨੇ ਲੈ ਰਿਹਾ ਸੀ ਤਾਂ ਸਿਹਤ ਵਿਗੜ ਜਾਣ ਕਰ ਕੇ 20 ਜੁਲਾਈ 1937 ਨੂੰ 63 ਸਾਲ ਦੀ ਉਮਰ ਵਿਚ ਇਟਲੀ ਦੇ ਸ਼ਹਿਰ ਰੋਮ ਵਿਚ ਸਦਾ ਲਈ ਵਿਛੜ ਗਿਆ। ਨਿਰਸੰਦੇਹ ਉਹ ਨਵੇਂ ਯੁੱਗ ਦਾ ਬਾਨੀ ਸੀ।
-ਮੁਹੰਮਦ ਇਕਬਾਲ, ਫ਼ਲੋਂਡ ਕਲਾਂ
ਸੰਪਰਕ : 94786-55572