ਕੰਵਰ ਕਸ਼ਮੀਰਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਉਂਜ ਤਾਂ ਅਠਾਰਵੀਂ ਸਦੀ ਦੇ ਲਗਭਗ ਪਹਿਲੇ ਛੇ ਦਹਾਕੇ ਸਿੱਖਾਂ ਦੇ ਸੰਘਰਸ਼ਮਈ ਘੋਲ ਵਿਚ ਲੰਘੇ ਸਨ। ਬੜੀਆਂ ਕੁਰਬਾਨੀਆਂ ਅਤੇ ਜੱਦੋਜਹਿਦ ਤੋਂ ਬਾਅਦ ਸਿੱਖਾਂ ਨੇ......

Dogra Gulab Singh on Elephant

ਉਂਜ ਤਾਂ ਅਠਾਰਵੀਂ ਸਦੀ ਦੇ ਲਗਭਗ ਪਹਿਲੇ ਛੇ ਦਹਾਕੇ ਸਿੱਖਾਂ ਦੇ ਸੰਘਰਸ਼ਮਈ ਘੋਲ ਵਿਚ ਲੰਘੇ ਸਨ। ਬੜੀਆਂ ਕੁਰਬਾਨੀਆਂ ਅਤੇ ਜੱਦੋਜਹਿਦ ਤੋਂ ਬਾਅਦ ਸਿੱਖਾਂ ਨੇ ਪੰਜਾਬ ਅੰਦਰ ਅਪਣੀ ਹੋਂਦ ਕਾਇਮ ਕੀਤੀ ਸੀ। ਪਰ ਸਿੱਖਾਂ ਵਲੋਂ ਉਹ ਛੋਟੀਆਂ ਛੋਟੀਆਂ ਸਾਂਭੀਆਂ ਜਾਗੀਰਾਂ ਨੂੰ ਇਕਮੁਠ ਜਥੇਬੰਦੀ ਦੇ ਰੂਪ ਵਿਚ ਕਾਇਮ ਕਰ ਕੇ ਉਸ ਨੂੰ ਖ਼ਾਲਸਾ ਰਾਜ ਦਾ ਨਾਂ ਦੇਣ ਵਾਲਾ ਮਹਾਰਾਜਾ ਰਣਜੀਤ ਸਿੰਘ ਹੀ ਸੀ।

ਇਕ ਸਿੱਖ ਰਾਜੇ ਵਜੋਂ ਉਹ ਬਹੁਤ ਪ੍ਰਸਿੱਧ ਹੋਇਆ ਅਤੇ ਉਸ ਦੀ ਚੜ੍ਹਤ ਦੀ ਧਾਂਕ ਪੱਛਮ ਵਾਲੇ ਪਾਸੇ ਕਾਬਲ ਕੰਧਾਰ ਦੀਆਂ ਕੰਧਾਂ ਤਕ ਜਾ ਗੂੰਜੀ। ਪਰ ਉਸ ਨੂੰ ਜਿਊਣ ਵਾਸਤੇ ਉਮਰ ਕੋਈ ਬਹੁਤੀ ਨਾ ਮਿਲੀ ਅਤੇ ਕੁਦਰਤ ਦੇ ਆਏ ਹੋਏ ਸੱਦੇ ਮੁਤਾਬਕ ਉਹ 60 ਸਾਲ ਤੋਂ ਵੀ ਘੱਟ ਉਮਰ ਵਿਚ ਹੀ 27 ਜੂਨ, 1839 ਨੂੰ ਸੁਰਗਵਾਸ ਹੋ ਗਿਆ। ਉਸ ਦੇ ਮਰਨ ਦੀ ਦੇਰ ਸੀ ਕਿ ਉਸ ਦੇ ਅਪਣੇ ਹੱਥੀਂ ਬੀਜੇ ਹੋਏ ਕੰਡੇ, ਡੋਗਰੇ ਪ੍ਰਵਾਰ ਨੇ ਉਸ ਦੇ ਅਪਣੇ ਪ੍ਰਵਾਰ ਦਾ ਸਰੀਰ ਵਿੰਨ੍ਹਣਾ ਸ਼ੁਰੂ ਕਰ ਦਿਤਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਚਾਲੀ ਸਾਲ ਦੇ ਰਾਜ ਵਿਚ ਸ਼ਾਹੀ ਕਿਲ੍ਹੇ ਅੰਦਰ ਕੋਈ ਕਤਲ ਨਹੀਂ ਹੋਇਆ ਸੀ।

ਪਰ ਉਸ ਦੀ ਮੌਤ ਤੋਂ ਬਾਅਦ ਸ਼ਾਹੀ ਕਿਲ੍ਹਾ ਲਾਹੌਰ ਅੰਦਰ ਪਹਿਲਾ ਕਤਲ 8 ਅਕਤੂਬਰ, 1839 ਈਸਵੀ ਨੂੰ ਸਰਦਾਰ ਚੇਤ ਸਿੰਘ ਦਾ ਕੀਤਾ ਗਿਆ। ਚੇਤ ਸਿੰਘ ਮਹਾਰਾਜਾ ਰਣਜੀਤ ਦੇ ਪੁੱਤਰ ਮਹਾਰਾਜਾ ਖੜਕ ਸਿੰਘ ਦਾ ਵਜ਼ੀਰ ਸੀ ਅਤੇ ਰਿਸ਼ਤੇਦਾਰੀ ਵਿਚੋਂ ਉਸ ਦਾ ਸਕਾ ਸਾਲਾ ਵੀ ਸੀ। ਇਹ ਕਤਲ ਕਰਨ ਵਾਲੀ ਜੁੰਡਲੀ ਵਿਚ ਤਾਂ ਭਾਵੇਂ ਹੋਰ ਵੀ ਬੰਦੇ ਸ਼ਾਮਲ ਸਨ ਪਰ ਮੁੱਖ ਡੋਗਰੇ ਹੀ ਸਨ। ਕਤਲ ਕਰਨ ਦੀ ਤੁਰੀ ਤੋਰ ਇਕੱਲੇ ਚੇਤ ਸਿੰਘ ਵਜ਼ੀਰ ਉਪਰ ਹੀ ਖ਼ਤਮ ਨਾ ਹੋਈ ਸਗੋਂ ਇਕ ਤੋਂ ਬਾਅਦ ਇਕ ਕਤਲ ਹੋਣ ਲੱਗ ਪਿਆ ਸੀ।

ਇਸੇ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਅਤੇ ਸ਼ੇਰ ਸਿੰਘ, ਅੱਗੋਂ ਉਨ੍ਹਾਂ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਅਤੇ ਪ੍ਰਤਾਪ ਸਿੰਘ ਅਤੇ ਕਈ ਹੋਰ, ਆਪਹੁਦਰੀ ਹੋਈ ਤਾਕਤਵਰ ਜੁੰਡਲੀ ਹੱਥੋਂ ਕਤਲ ਹੋ ਗਏ ਸਨ। 15 ਸਤੰਬਰ, 1843 ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਸੱਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਅਤੇ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਉਸ ਦਾ ਵਜ਼ੀਰ ਬਣਿਆ। ਜੋ ਕੁੱਝ ਪਿੱਛੇ ਹੋਇਆ ਸੀ ਉਸ ਤੋਂ ਡਰਦੇ ਹੀਰਾ ਸਿੰਘ ਨੇ ਰਣਜੀਤ ਸਿੰਘ ਦੇ ਬਾਕੀ ਬਚੇ ਪੁੱਤਰਾਂ ਨੂੰ ਮਾਰ ਕੇ ਸਮੇਟਣ ਦੀ ਵਿਉਂਤ ਬਣਾਈ। 
 

ਸਿਆਲਕੋਟ ਦੇ ਇਲਾਕੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦੋਹਾਂ ਸਪੁੱਤਰਾਂ ਨੂੰ ਜਗੀਰ ਮਿਲੀ ਹੋਈ ਸੀ ਅਤੇ ਇਨ੍ਹਾਂ ਨੇ ਅਪਣੀ ਪੱਕੀ ਰਿਹਾਇਸ਼ ਸਿਆਲਕੋਟ ਦੇ ਕਿਲ੍ਹੇ ਅੰਦਰ ਹੀ ਰੱਖੀ ਹੋਈ ਸੀ। ਇਹ ਦੋਵੇਂ ਸਕੇ ਭਰਾ ਕੰਵਰ ਕਸ਼ਮੀਰਾ ਸਿੰਘ ਅਤੇ ਕੰਵਰ ਪਸ਼ੌਰਾ ਸਿੰਘ, ਰਾਣੀ ਦਾਤਾਰ ਕੌਰ ਦੀਆਂ ਕੁੱਖਾਂ ਸਨ। ਸ਼ਾਤਰ ਦਿਮਾਗ਼ ਡੋਗਰਿਆਂ ਦੀ ਇਹ ਨੀਤੀ ਸੀ ਕਿ ਰਣਜੀਤ ਸਿੰਘ ਦੇ ਦੋ ਵੱਡੇ ਪੁੱਤਰਾਂ ਨੂੰ ਮਾਰ ਕੇ ਉਨ੍ਹਾਂ ਅਪਣਾ ਰਾਹ ਸਾਫ਼ ਕਰ ਲਿਆ ਹੈ ਅਤੇ ਦਲੀਪ ਸਿੰਘ ਅਜੇ ਬਹੁਤ ਛੋਟਾ ਹੈ ਜਿਸ ਕਰ ਕੇ ਹੀਰਾ ਸਿੰਘ ਦੀ ਮਾਰੂ ਸੋਚ ਕੰਵਰ ਕਸ਼ਮੀਰਾ ਸਿੰਘ ਅਤੇ ਪਿਸ਼ੌਰਾ ਸਿੰਘ ਵਲ ਦੌੜੀ।

ਉਨ੍ਹਾਂ ਦੋਹਾਂ ਭਰਾਵਾਂ ਨੂੰ ਖ਼ਤਮ ਕਰਨ ਵਾਸਤੇ ਵਜ਼ੀਰ ਹੀਰਾ ਸਿੰਘ ਨੇ ਅਪਣੇ ਸਕੇ ਤਾਏ ਸਰਦਾਰ ਗੁਲਾਬ ਸਿੰਘ ਨੂੰ ਭਾਰੀ ਤੋਪਖ਼ਾਨਾ ਅਤੇ ਫ਼ੌਜਾਂ ਦੇ ਕੇ ਸਿਆਲਕੋਟ ਦੇ ਕਿਲ੍ਹੇ ਉਪਰ ਚੜ੍ਹਾਈ ਕਰਨ ਲਈ ਤੋਰ ਦਿਤੇ। ਬਹਾਨਾ ਘੜਿਆ ਗਿਆ ਕਿ ਉਨ੍ਹਾਂ ਦੋਹਾਂ ਨੇ ਅਪਣੇ ਇਲਾਕੇ ਵਿਚ ਬਗ਼ਾਵਤ ਕਰ ਦਿਤੀ ਹੈ ਅਤੇ ਲਾਹੌਰ ਦਰਬਾਰ ਦੀ ਆਗਿਆ ਮੰਨਣ ਤੋਂ ਇਨਕਾਰੀ ਹੋ ਗਏ ਹਨ। ਇਹ ਝੂਠਾ ਪ੍ਰਚਾਰ ਕਰ ਕੇ ਵਜ਼ੀਰ ਹੀਰਾ ਸਿੰਘ ਅਤੇ ਗੁਲਾਬ ਸਿੰਘ ਫ਼ੌਜਾਂ ਨੂੰ ਲੜਨ ਲਈ ਤੋਰ ਲਿਆ ਅਤੇ ਲਾਹੌਰ ਤੋਂ ਗਈਆਂ ਫ਼ੌਜਾਂ ਨੇ ਦੋਹਾਂ ਸ਼ਹਿਜ਼ਾਦਿਆਂ ਨੂੰ ਕਿਲ੍ਹਾ ਸਿਆਲਕੋਟ ਦੇ ਅੰਦਰ ਘੇਰ ਲਿਆ। 

ਡੋਗਰੇ ਗੁਲਾਬ ਸਿੰਘ ਨੇ ਅਪਣੇ ਬੰਦੇ ਅੰਦਰ ਭੇਜ ਕੇ ਕਸ਼ਮੀਰਾ ਸਿੰਘ ਅਤੇ ਪਿਸ਼ੌਰਾ ਸਿੰਘ ਨੂੰ ਸੁਨੇਹਾ ਦਿਤਾ ਕਿ ਉਹ ਦੋਵੇਂ ਅਪਣੇ ਆਪ ਨੂੰ ਲਾਹੌਰ ਤੋਂ ਆਈਆਂ ਫ਼ੌਜਾਂ ਅੱਗੇ ਪੇਸ਼ ਕਰਨ। ਪਰ ਜਦੋਂ ਸ਼ਹਿਜ਼ਾਦੇ ਨੇ ਇਹ ਸ਼ਰਤ ਨਾ ਮੰਨੀ ਤਾਂ ਗੁਲਾਬ ਸਿੰਘ ਨੇ ਅਪਣੀ ਫ਼ੌਜ ਤੋਂ ਕਿਲ੍ਹਾ ਸਿਆਲਕੋਟ ਉਤੇ ਹਮਲਾ ਕਰਵਾ ਦਿਤਾ। ਅੱਗੇ ਸ਼ਹਿਜ਼ਾਦੇ ਵੀ ਅਪਣੀ ਫ਼ੌਜ ਲੈ ਕੇ ਕਿਲ੍ਹੇ ਤੋਂ ਬਾਹਰ ਨਿਕਲ ਕੇ ਲੜਾਈ ਵਿਚ ਕੁੱਦ ਪਏ। ਪਰ ਲਾਹੌਰ ਤੋਂ ਗਈਆਂ ਫ਼ੌਜਾਂ ਦੀ ਗਿਣਤੀ ਬਹੁਤੀ ਹੋਣ ਕਰ ਕੇ ਕਸ਼ਮੀਰਾ ਸਿੰਘ ਅਤੇ ਪਿਸ਼ੌਰਾ ਸਿੰਘ ਦੀ ਹਾਰ ਹੁੰਦੀ ਗਈ।

ਛੋਟਾ ਭਰਾ ਪਿਸ਼ੌਰਾ ਸਿੰਘ ਇਕ ਦਿਨ ਚਲਦੀ ਲੜਾਈ ਵਿਚੋਂ ਪਾਸਾ ਕਰ ਕੇ ਨਿਕਲ ਗਿਆ ਅਤੇ ਅਪਣੇ ਬਚਾਅ ਵਾਸਤੇ ਸਿਆਲਕੋਟ ਨੂੰ ਛੱਡ ਕੇ ਦੂਰ ਕਿਸੇ ਪਾਸੇ ਤੁਰ ਗਿਆ। ਪਿਛੇ ਰਹੇ ਕਸ਼ਮੀਰਾ ਸਿੰਘ ਦੀ ਅਪਣੀ ਫ਼ੌਜ ਜਦੋਂ ਕਾਫ਼ੀ ਮਾਰੀ ਗਈ ਤਾਂ ਉਸ ਨੇ ਗੁਲਾਬ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਦੇ ਕੇ ਅਪਣੀ ਰਾਣੀ ਅਤੇ ਮਾਂ ਦਾਤਾਰ ਕੌਰ ਨੂੰ ਨਾਲ ਲੈ ਕੇ ਸਮੇਤ ਕੁੱਝ ਨੌਕਰਾਂ ਦੇ ਕਿਲ੍ਹਾ ਸਿਆਲਕੋਟ ਛੱਡ ਦਿਤਾ ਅਤੇ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਵਲ ਤੁਰ ਪਿਆ।  ਸਿਆਲਕੋਟ ਤੋਂ ਤੁਰ ਕੇ ਨੌਰੰਗਾਬਾਦ ਦਾ ਪੈਂਡਾ ਬਹੁਤ ਦੁਰੇਡਾ ਅਤੇ ਮੁਸ਼ਕਲਾਂ ਭਰਿਆ ਸੀ।

ਪਰ ਪਿਉ ਦੀ ਮੌਤ ਤੋਂ ਬਾਅਦ ਰਾਜ ਭਾਗ ਦਿਨੋਂ-ਦਿਨ ਖੁਸਦਾ ਗਿਆ। ਦਿਲ ਅੰਦਰ ਵੱਡੇ ਭਰਾਵਾਂ ਨੂੰ ਕੋਹ-ਕੋਹ ਕੇ ਮਾਰਨ ਦੀ ਪੀੜ ਨੇ ਕੰਵਰ ਕਸ਼ਮੀਰਾ ਸਿੰਘ ਦੇ ਦਿਲ ਅੰਦਰ ਚੀਸ ਭਰ ਦਿਤੀ ਸੀ ਅਤੇ ਅਪਣਿਆਂ ਦੇ ਰਾਜ ਵਿਚ ਹੀ ਕਿਤੇ ਸਿਰ ਲੁਕਾਉਣ ਜੋਗੀ ਥਾਂ ਦੀ ਆਸ ਨਾ ਰਹੀ। ਕੀਤੇ ਵਾਅਦੇ ਭੁਲਾ ਕੇ ਪਿਛੋਂ ਵੈਰੀ ਨੇ ਹਮਲਾ ਕਰ ਦਿਤਾ। ਵੈਰੀ ਦੇ ਹਮਲਿਆਂ ਨੇ ਅਤੇ ਲਗਾਤਾਰ ਪੈ ਰਹੇ ਮੀਂਹ ਨੇ ਰਾਣੀ ਦਾਤਾਰ ਕੌਰ ਨੂੰ ਵੀ ਅਪਣੇ ਪੁੱਤਰ ਕਸ਼ਮੀਰਾ ਸਿੰਘ ਨਾਲੋਂ ਵਿਛੋੜ ਦਿਤਾ ਸੀ। ਅੰਤ ਰਾਹੋਂ ਭਟਕੇ ਮਾਂ ਅਤੇ ਪੁੱਤਰ ਕਿਧਰ ਦੇ ਕਿਧਰ ਨਿਕਲ ਗਏ।

ਇਤਿਹਾਸਕ ਗਵਾਹੀ ਮੁਤਾਬਕ ਕੰਵਰ ਦੀ ਘਰਵਾਲੀ ਨੂੰ ਉਨ੍ਹਾਂ ਦਿਨਾਂ ਵਿਚ ਬਾਲ ਹੋਣ ਵਾਲਾ ਸੀ। ਬਿਪਤਾ ਦੇ ਮਾਰੇ ਕੰਵਰ ਅਤੇ ਉਸ ਦੀ ਰਾਣੀ ਜਦੋਂ ਲਗਾਤਾਰ ਬਿਖੜੇ ਰਾਹਾਂ ਦਾ ਪੈਂਡਾ ਕਰਦੇ ਗਏ ਤਾਂ ਰਾਣੀ ਨੂੰ ਬਹੁਤਾ ਚਿਰ ਘੋੜੇ ਦੀ ਸਵਾਰੀ ਕਰਨ ਸਮੇਂ ਤੋਂ ਕੁੱਝ ਚਿਰ ਪਹਿਲਾਂ ਹੀ ਬੱਚੇ ਨੂੰ ਜਨਮ ਦੇਣ ਦੀਆਂ ਪੀੜਾਂ ਸ਼ੁਰੂ ਹੋ ਗਈਆਂ ਸਨ। ਇਸ ਵਕਤ ਇਸ ਜੋੜੀ ਉਪਰ ਬਹੁਤ ਦਰਦਨਾਕ ਵੇਲਾ ਸੀ ਕਿਉਂਕਿ ਸਾਹਮਣੇ ਰਾਵੀ ਦਰਿਆ ਆਪੇ ਤੋਂ ਬਾਹਰ ਹੋ ਕੇ ਠਾਠਾਂ ਮਾਰਦਾ ਵਹਿ ਰਿਹਾ ਸੀ ਅਤੇ ਪਿਛਲੇ ਪਾਸੇ ਵੈਰੀ ਦੀਆਂ ਫ਼ੌਜਾਂ ਦੀ 'ਫੜੋ ਮਾਰੋ' ਆਵਾਜ਼ ਕੰਨਾਂ ਵਿਚ ਗੂੰਜ ਰਹੀ ਸੀ।

ਉਪਰੋਂ ਕੁਦਰਤ ਦੇ ਰੰਗ ਕਿ ਰਾਣੀ ਨੂੰ ਕਿਸੇ ਨਵੇਂ ਬਾਲਕ ਨੂੰ ਜਨਮ ਦੇਣ ਦਾ ਵੇਲਾ ਆ ਬਣਿਆ ਸੀ। ਕਿਸੇ ਤਰ੍ਹਾਂ ਕੰਵਰ ਅਤੇ ਉਸ ਦੀ ਪਤਨੀ ਕੁੱਝ ਨੌਕਰਾਂ ਨਾਲ ਰਾਵੀ ਦੇ ਕੰਢੇ ਅਪਣੇ ਰਹਿਣ ਬਸੇਰਾ ਪਾਈ ਬੈਠੇ ਇਕ ਮਲਾਹ ਦੀ ਛਪਰੀ ਵਿਚ ਪਹੁੰਚੇ ਜਿਥੇ ਇਕ ਬਜ਼ੁਰਗ ਤੋਂ ਇਲਾਵਾ ਉਸ ਦੀ ਪਤਨੀ ਵੀ ਸੀ। ਉਪਰੋਂ ਰਾਤ ਦਾ ਵੇਲਾ ਅਤੇ ਇਕ ਬਾਦਸ਼ਾਹ ਦੇ ਪੁੱਤਰ ਦੇ ਘਰ ਜਿਹੜਾ ਨਵਾਂ ਬੱਚਾ ਆ ਰਿਹਾ ਸੀ ਉਸ ਨੂੰ ਮਸੀਂ ਇਕ ਕੱਖਾਂ-ਕਾਨਿਆਂ ਦੀ ਛੱਤ ਹੀ ਨਸੀਬ ਹੋ ਸਕੀ। ਬੁੱਢੇ ਮਲਾਹ ਅਤੇ ਉਸ ਦੀ ਘਰਵਾਲੀ ਨੇ ਕੰਵਰ ਅਤੇ ਉਸ ਦੀ ਰਾਣੀ ਨੂੰ ਅਪਣੀ ਝੁੱਗੀ ਵਿਚ ਪਨਾਹ ਦੇ ਕੇ ਅਪਣੇ ਧੰਨ ਭਾਗ ਸਮਝੇ ਸਨ

ਕਿਉਂਕਿ ਮਲਾਹ ਦੀ ਅਪਣੀ ਕੋਈ ਔਲਾਦ ਨਾ ਹੋਣ ਕਰ ਕੇ ਉਨ੍ਹਾਂ ਦੀ ਕੁੱਲੀ ਵਿਚ ਕਿਸੇ ਨਵੇਂ ਬੱਚੇ ਦੀ ਆਮਦ ਕੋਈ ਛੋਟੀ ਖ਼ੁਸ਼ੀ ਨਹੀਂ ਸੀ। ਬੱਚੇ ਦਾ ਜਨਮ ਹੋਇਆ ਪਰ ਨਾਲ ਹੀ ਉਸ ਦੀ ਮੌਤ ਹੋ ਗਈ। ਸਿਆਣੇ ਆਖਦੇ ਹਨ ਕਿ ਮੁਸੀਬਤਾਂ ਜਦੋਂ ਆਉਂਦੀਆਂ ਹਨ ਇਕੱਠੀਆਂ ਹੀ ਆਉਂਦੀਆਂ ਹਨ। ਇਤਿਹਾਸਕ ਪੜ੍ਹਤ ਮੁਤਾਬਕ ਇਥੋਂ ਇਸ ਮਲਾਹ ਨੇ ਕੰਵਰ ਅਤੇ ਉਸ ਦੀ ਰਾਣੀ ਆਦਿ ਨੂੰ ਦਰਿਆ ਰਾਵੀ ਤੋਂ ਪਾਰ ਕਰਵਾ ਦਿਤਾ ਸੀ। ਇਥੋਂ ਚੱਲ ਕੇ ਇਹ ਅੱਗੇ ਅੰਮ੍ਰਿਤਸਰ ਹੁੰਦੇ ਹੋਏ ਨੌਰੰਗਾਬਾਦ ਬਾਬਾ ਵੀਰ ਸਿੰਘ ਦੇ ਡੇਰੇ ਜਾ ਪੁੱਜੇ ਸਨ।

ਬਾਬਾ ਵੀਰ ਸਿੰਘ ਦਾ ਪਿੰਡ ਗੱਗੋਬੂਹਾ ਸੀ ਪਰ ਨੌਰੰਗਾਬਾਦ ਡੇਰਾ ਬਣਾ ਕੇ ਉਥੇ ਰਹਿੰਦੇ ਸਨ ਅਤੇ ਸਿੱਖ ਫ਼ੌਜਾਂ ਵਿਚ ਅਤੇ ਆਮ ਸਿੱਖਾਂ ਵਿਚ ਉਨ੍ਹਾਂ ਦੀ ਬੜੀ ਇੱਜ਼ਤ ਸੀ। ਇਸੇ ਕਰ ਕੇ ਵਜ਼ੀਰ ਹੀਰਾ ਸਿੰਘ ਨੂੰ ਦਿਲ ਅੰਦਰ ਡਰ ਸੀ ਕਿ ਕਿਤੇ ਵੀਰ ਸਿੰਘ ਕਿਸੇ ਸ਼ਹਿਜ਼ਾਦੇ ਦੀ ਮਦਦ ਕਰਨ ਲੱਗ ਪਿਆ ਤਾਂ ਸਿੱਖ ਫ਼ੌਜਾਂ ਜਾਂ ਆਮ ਸਿੱਖ ਵੀ ਉਸ ਦੀ ਮਦਦ ਵਿਚ ਕੁੱਦ ਪੈਣਗੇ ਅਤੇ ਇਸ ਤਰ੍ਹਾਂ ਲਾਹੌਰ ਦੀ ਬਾਦਸ਼ਾਹੀ ਬਾਬਾ ਵੀਰ ਸਿੰਘ ਦੇ ਹਮਾਇਤੀਆਂ ਕੋਲ ਚਲੀ ਜਾਵੇਗੀ ਅਤੇ ਉਸ ਦਾ ਵਜ਼ੀਰੀ ਵਲੋਂ ਹੱਥ ਸਾਫ਼ ਹੋ ਜਾਵੇਗਾ। ਹੋ ਸਕਦੈ ਜ਼ਿੰਦਗੀ ਵੀ ਚਲੀ ਜਾਵੇ।

ਇਸ ਕਰ ਕੇ ਵਜ਼ੀਰ ਨੇ ਅਜਿਹੀ ਗੋਂਦ ਗੁੰਦੀ ਕਿ ਬਾਬਾ ਵੀਰ ਸਿੰਘ ਦੇ ਡੇਰੇ ਉਪਰ ਫ਼ੌਜੀ ਹਮਲਾ ਕਰ ਕੇ ਕੰਵਰ ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਅਤੇ ਬਾਬਾ ਵੀਰ ਸਿੰਘ ਨੂੰ ਮਾਰ ਕੇ ਸਦਾ ਲਈ ਰਾਹ ਵਿਚੋਂ ਹਟਾਇਆ ਜਾਵੇ। ਹੀਰਾ ਸਿੰਘ ਇਹ ਵੀ ਜਾਣਦਾ ਸੀ ਕਿ ਹਰੀ ਸਿੰਘ ਨਲਵੇ ਦਾ ਪੁੱਤਰ ਜਵਾਹਰ ਸਿੰਘ ਨਲਵਾ ਅਤੇ ਸੰਧਾਵਾਲੀਆ ਸਰਦਾਰ ਅਤਰ ਸਿੰਘ ਵੀ ਇਸ ਵੇਲੇ ਬਾਬਾ ਜੀ ਦੇ ਕੋਲ ਹਨ। ਜਦੋਂ ਧਿਆਨ ਸਿੰਘ ਡੋਗਰੇ ਨੂੰ ਸੰਧਾਵਾਲੀਆ ਸਰਦਾਰਾਂ ਨੇ ਕਤਲ ਕਰ ਦਿਤਾ ਸੀ ਤਾਂ ਦੋ ਦਿਨ ਬਾਅਦ ਹੀ ਹੀਰਾ ਸਿੰਘ ਨੇ ਲਾਹੌਰ ਦੇ ਕਿਲ੍ਹੇ ਉਪਰ ਧਾਵਾ ਕਰਵਾ ਕੇ ਸੰਧਾਵਾਲੀਏ ਲਹਿਣਾ ਸਿੰਘ ਅਤੇ ਅਜੀਤ ਸਿੰਘ ਕਤਲ ਕਰ ਦਿਤੇ ਸਨ।

ਉਸ ਤੋਂ ਬਾਅਦ ਹੀਰਾ ਸਿੰਘ ਨੇ ਸੰਧਾਵਾਲੀਆ ਸਰਦਾਰਾਂ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਸਨ ਅਤੇ ਉੱਚੀਆਂ ਹਵੇਲੀਆਂ ਢਾਹ ਕੇ ਧਰਤੀ ਨਾਲ ਮਿਲਾ ਦਿਤੀਆਂ ਸਨ। ਉਸ ਵੇਲੇ ਸੰਧਾਵਾਲੀਆ ਦੇ ਪ੍ਰਵਾਰਾਂ ਕੋਲ ਗੁਜ਼ਾਰੇ ਜੋਗੀ ਛੱਤ ਵੀ ਨਹੀਂ ਸੀ। ਅਤਰ ਸਿੰਘ ਬੜਾ ਚਿਰ ਮਾਲਵੇ ਦੇ ਇਲਾਕੇ ਵਿਚ ਰਿਹਾ ਅਤੇ ਕੁੱਝ ਚਿਰ ਪਹਿਲਾਂ ਹੀ ਬਾਬਾ ਜੀ ਦੇ ਡੇਰੇ ਪੁੱਜਾ ਸੀ। ਹੀਰਾ ਸਿੰਘ ਸਮਝਦਾ ਸੀ ਕਿ ਡੇਰੇ ਅੰਦਰਲੇ ਸਾਰੇ ਬੰਦੇ ਉਸ ਦੀ ਕੂਟਨੀਤੀ ਤੋਂ ਜਾਣੂ ਹਨ ਅਤੇ ਉਸ ਦੇ ਵਿਰੋਧੀ ਹਨ। ਇਸੇ ਕਰ ਕੇ ਉਸ ਨੇ ਚੋਖੀ ਫ਼ੌਜ ਭੇਜ ਕੇ ਬਾਬਾ ਜੀ ਦੇ ਡੇਰੇ ਉਪਰ ਹਮਲਾ ਕਰਨ ਦੀ ਵਿਊਂਤ ਬਣਾਈ।

ਬਾਬਾ ਵੀਰ ਸਿੰਘ ਜੀ ਇਸ ਵੇਲੇ ਤਕ ਅਪਣੇ ਡੇਰੇ ਮੁਠਿਆਵਲੇ ਜਾ ਪਹੁੰਚੇ ਸਨ। ਇਹ ਇਲਾਕੇ ਅਜਕਲ ਜ਼ਿਲ੍ਹਾ ਤਰਨ ਤਾਰਨ ਅੰਦਰ ਦਰਿਆ ਸਤਲੁਜ ਦੇ ਕੰਢੇ ਉਪਰ ਹਨ। ਕੁਝ ਕੁ ਚਿਰ ਬਾਬਾ ਵੀਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ  ਦੀਆਂ ਫ਼ੌਜਾਂ ਵਿਚ ਨੌਕਰੀ ਵੀ ਕੀਤੀ ਸੀ ਅਤੇ ਬਾਅਦ ਵਿਚ ਉਹ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਉਹ ਰਾਜਸੀ ਖ਼ਿਆਲਾਂ ਵਾਲੇ ਸੰਤ ਸਨ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਹੀ ਉਨ੍ਹਾਂ ਦੇ ਡੇਰੇ ਉਤੇ 12 ਸੌ ਪੈਦਲ ਅਤੇ ਤਿੰਨ ਸੌ ਘੋੜਸਵਾਰ ਅਤੇ ਦੋ ਤੋਪਾਂ ਉਸ ਨੂੰ ਮਾਣ-ਸਨਮਾਨ ਵਾਸਤੇ ਮਿਲੀਆਂ ਹੋਈਆਂ ਸਨ।

ਲਾਹੌਰ ਦਰਬਾਰ ਵਲੋਂ ਕੱਢੇ ਅਤੇ ਨਾਮ ਕੱਟੇ ਫ਼ੌਜੀ ਜਵਾਨ ਅਕਸਰ ਉਨ੍ਹਾਂ ਕੋਲ ਆ ਟਿਕਦੇ ਸਨ। ਹੁਣ ਜਦੋਂ ਤੋਂ ਹੀਰਾ ਸਿੰਘ ਵਜ਼ੀਰ ਬਣਿਆ ਸੀ ਤਾਂ ਉਸ ਨੇ ਫ਼ੌਜਾਂ ਵਿਚ ਬਹੁਤ ਤਰਥੱਲੀ ਮਚਾਈ ਹੋਈ ਸੀ। ਇਸ ਕਰ ਕੇ ਰੋਜ਼ ਰੋਜ਼ ਕੱਢੇ ਜਾਂਦੇ ਫ਼ੌਜੀ ਜਵਾਨਾਂ ਦੀ ਗਿਣਤੀ ਬਾਬਾ ਦੇ ਡੇਰੇ ਵਿਚ ਆ ਕੇ ਜੁੜਦੀ ਜਾਂਦੀ ਸੀ। ਇਸ ਕਰ ਕੇ ਵਜ਼ੀਰ ਹੀਰਾ ਸਿੰਘ ਬਾਬਾ ਵੀਰ ਸਿੰਘ ਦੀ ਨਿੱਤ ਵਧਦੀ ਤਾਕਤ ਤੋਂ ਪਹਿਲਾਂ ਹੀ ਡਰਿਆ ਹੋਇਆ ਸੀ ਅਤੇ ਦੂਜਾ ਗੁਲਾਬ ਸਿੰਘ ਦੀਆਂ ਫ਼ੌਜਾਂ ਦੇ ਘੇਰੇ ਵਿਚੋਂ ਸਿਆਲਕੋਟ ਤੋਂ ਨਿਕਲ ਕੇ ਕਸ਼ਮੀਰਾ ਸਿੰਘ ਅਤੇ ਪਿਸ਼ੌਰਾ ਸਿੰਘ ਆ ਗਿਆ।

ਡੇਰੇ ਵਿਚ ਹੀਰਾ ਸਿੰਘ ਸਮਝਦਾ ਸੀ ਕਿ ਜੇ ਸਿੱਖ ਫ਼ੌਜਾਂ ਨੇ ਬਾਬਾ ਵੀਰ ਸਿੰਘ ਦੇ ਆਖਣ ਕਰ ਕੇ ਕੰਵਰ ਦਾ ਸਾਥ ਦਿਤਾ ਤਾਂ ਉਸ ਦੀ ਮੌਤ ਦਾ ਦਿਨ ਦੂਰ ਨਹੀਂ ਹੈ। ਇਸ ਕਰ ਕੇ ਉਸ ਨੇ ਅਪਣੇ ਵਿਸ਼ਵਾਸਪਾਤਰ ਮੀਆਂ ਲਾਭ ਸਿੰਘ ਦੀ ਕਮਾਂਡ ਹੇਠ ਬਾਬਾ ਵੀਰ ਸਿੰਘ ਦੇ ਡੇਰੇ ਮੁੱਠਿਆਂਵਾਲੇ ਉਤੇ ਹਮਲਾ ਕਰਨ ਦੀ ਠਾਣ ਲਈ ਸੀ।

ਇਸ ਤਰ੍ਹਾਂ ਬਣਾਈ ਹੋਈ ਸਕੀਮ ਮੁਤਾਬਕ ਵਜ਼ੀਰ ਹੀਰਾ ਸਿੰਘ ਡੋਗਰੇ ਨੇ ਮੀਆਂ ਲਾਭ ਸਿੰਘ ਡੋਗਰੇ ਦੀ ਕਮਾਂਡ ਹੇਠ ਸ. ਮਹਿਤਾਬ ਸਿੰਘ ਮਜੀਠੀਆ, ਗੁਲਾਬ ਸਿੰਘ ਕਲਕੱਤੀਆ, ਸ਼ੇਖ ਇਮਾਮੂਦੀਨ ਅਤੇ ਦੀਵਾਨ ਜਵਾਹਰ ਮੱਲ ਵਰਗੇ ਸਿਰਕਢਵੇਂ ਸਰਦਾਰਾਂ ਨੂੰ ਨਾਲ ਲੈ ਕੇ ਚੋਖੀ ਫ਼ੌਜ ਬਾਬਾ ਵੀਰ ਸਿੰਘ ਦੇ ਡੇਰੇ ਮੁਠਿਆਂਵਾਲੇ ਉਪਰ ਹਮਲਾ ਕਰਨ ਲਈ ਭੇਜ ਦਿਤੀ। ਇਨ੍ਹਾਂ ਹੀ ਦਿਨਾਂ ਵਿਚ ਸਰਦਾਰ ਅਤਰ ਸਿੰਘ ਸੰਧਾਵਾਲੀਆ ਬਾਬਾ ਵੀਰ ਸਿੰਘ ਦੇ ਡੇਰੇ ਵਿਚ ਆ ਪਹੁੰਚਾ।

ਸੰਧਾਵਾਲੀਆ ਸਰਦਾਰ, ਜਿਹੜਾ ਲਹਿਣਾ ਸਿੰਘ ਅਤੇ ਅਜੀਤ ਸਿੰਘ ਜਦੋਂ ਇਨ੍ਹਾਂ ਦੋਹਾਂ ਨੂੰ ਹੀਰਾ ਸਿੰਘ ਨੇ ਲਾਹੌਰ ਦੇ ਕਿਲ੍ਹੇ ਵਿਚ ਘੇਰ ਕੇ ਮਰਵਾ ਦਿਤਾ ਸੀ ਤਾਂ ਅਤਰ ਸਿੰਘ ਡਰਦਾ ਹੀ ਅਪਣੇ ਪ੍ਰਵਾਰ ਨੂੰ ਬਾਬਾ ਵੀਰ ਸਿੰਘ ਕੋਲ ਛੱਡ ਕੇ ਆਪ ਸਤਲੁਜ ਦਰਿਆ ਤੋਂ ਪਾਰ ਮਾਲਵਾ ਖੇਤਰ ਵਿਚ ਰਿਹਾ ਸੀ। ਸ. ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਵੀ ਇਸ ਵੇਲੇ ਬਾਬਾ ਵੀਰ ਸਿੰਘ ਜੀ ਦੇ ਡੇਰੇ ਵਿਚ ਹੀ ਪਨਾਹ ਲਈ ਬੈਠਾ ਸੀ। ਇਹ ਸਾਰੇ ਆਦਮੀ ਹੀ ਹੀਰਾ ਸਿੰਘ ਦੀਆਂ ਅੱਖਾਂ ਵਿਚ ਰੜਕਦੇ ਸਨ ਅਤੇ ਉਹ ਇਨ੍ਹਾਂ ਨੂੰ ਛੇਤੀ ਖ਼ਤਮ ਕਰਨਾ ਚਾਹੁੰਦਾ ਸੀ।

ਤਦ ਹੀ ਉਸ ਨੇ ਅਪਣੇ ਭਰੋਸੇਯੋਗ ਬੰਦਿਆਂ ਨੂੰ ਚੋਖਾ ਲਾਮ ਲਸ਼ਕਰ ਦੇ ਕੇ ਬਾਬਾ ਵੀਰ ਸਿੰਘ ਦੇ ਡੇਰੇ ਉਤੇ ਹਮਲਾ ਕਰਨ ਲਈ ਤੋਰ ਦਿਤਾ।  ਲਾਹੌਰ ਤੋਂ ਆਈਆਂ ਫ਼ੌਜਾਂ ਨੇ ਬਾਬਾ ਵੀਰ ਸਿੰਘ ਦੇ ਡੇਰੇ ਨੂੰ ਚੁਫ਼ੇਰਿਉਂ ਘੇਰਾ ਪਾ ਲਿਆ ਅਤੇ ਮੀਆਂ ਲਾਭ ਸਿੰਘ ਨੇ ਪਹਿਲਾਂ ਫ਼ਰੇਬ ਨਾਲ ਅਪਣੇ ਦੋ ਮਾਤਹਿਤ ਬਾਬਾ ਵੀਰ ਸਿੰਘ ਨਾਲ ਸਲਾਹ ਕਰਨ ਦਾ ਬਹਾਨਾ ਬਣਾ ਕੇ ਡੇਰੇ ਅੰਦਰਲੀ ਫ਼ੌਜ ਦਾ ਜਾਇਜ਼ਾ ਲੈਣ ਲਈ ਭੇਜੇ ਸਨ ਅਤੇ ਸਲਾਹਕਾਰਾਂ ਨੇ ਬਾਬਾ ਵੀਰ ਸਿੰਘ ਨੂੰ ਫ਼ਰੇਬ ਵਜੋਂ ਬੇਨਤੀ ਕੀਤੀ ਕਿ

ਤੁਹਾਡੇ ਡੇਰੇ ਵਿਚ ਕੁੱਝ ਸਿੱਖ ਰਾਜ ਦੇ ਬਾਗ਼ੀ ਠਹਿਰੇ ਹੋਏ ਹਨ ਅਤੇ ਜੇ ਤੁਸੀ ਉਹ ਆਦਮੀ ਸਾਡੇ ਹਵਾਲੇ ਕਰ ਦਿਉ ਤਾਂ ਆਈਆਂ ਹੋਈਆਂ ਹਮਲਾਵਰ ਫ਼ੌਜਾਂ ਵਾਪਸ ਚਲੀਆਂ ਜਾਂਦੀਆਂ ਹਨ। ਜੇ ਤੁਸੀ ਸਾਡੀ ਬੇਨਤੀ ਨਹੀਂ ਮੰਨਦੇ ਤਾਂ ਸਾਨੂੰ ਮਜਬੂਰਨ ਹਮਲਾ ਕਰ ਕੇ ਬਾਗ਼ੀ ਫੜਨੇ ਪੈਣਗੇ। ਅੱਗੋਂ ਬਾਬਾ ਜੀ ਨੇ ਆਏ ਹੋਏ ਲਾਭ ਸਿੰਘ ਦੇ ਬੰਦਿਆਂ ਨੂੰ ਆਖਿਆ ਕਿ ਨਾ ਤਾਂ ਅਸੀ ਕਿਸੇ ਨੂੰ ਡੇਰੇ ਅੰਦਰ ਸਦਦੇ ਹਾਂ ਅਤੇ ਨਾ ਹੀ ਇਥੇ ਆਏ ਨੂੰ ਧੱਕਾ ਦਿੰਦੇ ਹਾਂ। ਅੱਗੋਂ ਜੋ ਕਰਨਾ ਹੈ ਤੁਹਾਡੀ ਮਰਜ਼ੀ।

ਅੰਤ 7 ਮਈ, 1844 ਈਸਵੀ ਨੂੰ ਲਾਹੌਰ ਤੋਂ ਆਈਆਂ ਫ਼ੌਜਾਂ ਨੇ ਮੁੱਠਿਆਂਵਾਲੇ ਦੇ ਡੇਰੇ ਉਪਰ ਹਮਲਾ ਕੀਤਾ। ਕਿਲ੍ਹੇ ਅੰਦਰ ਬਾਬਾ ਵੀਰ ਸਿੰਘ ਨੇ ਸੱਭ ਫ਼ੌਜਾਂ ਨੂੰ, ਜਿਨ੍ਹਾਂ ਦੀ ਗਿਣਤੀ ਦੋ ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ, ਹੁਕਮ ਦਿਤਾ ਕਿ ਹਮਲੇ ਦਾ ਜਵਾਬ ਨਹੀਂ ਦੇਣਾ ਸਗੋਂ ਸ਼ਾਂਤ ਚਿੱਤ ਰਹਿ ਕੇ ਰੱਬ ਦਾ ਭਾਣਾ ਮੰਨਣਾ ਹੈ। 
ਕੰਵਰ ਪਿਸ਼ੌਰਾ ਸਿੰਘ ਤਾਂ ਹਮਲੇ ਤੋਂ ਕੁੱਝ ਦਿਨ ਪਹਿਲਾਂ ਡੇਰੇ ਵਿਚੋਂ ਜਾ ਚੁੱਕਾ ਸੀ। ਜਦੋਂ ਡੇਰੇ ਅੰਦਰਲੇ ਬਹੁਤ ਬੰਦੇ ਮਾਰੇ ਗਏ ਤਾਂ ਕੰਵਰ ਕਸ਼ਮੀਰਾ ਸਿੰਘ ਅਪਣੀ ਘਰਵਾਲੀ ਅਤੇ ਮਾਂ ਨੂੰ ਨਾਲ ਲੈ ਕੇ ਸਤਲੁਜ ਦਰਿਆ ਦੇ ਕੰਢੇ-ਕੰਢੇ ਚੜ੍ਹਦੇ ਪਾਸੇ ਵਲ ਨੂੰ ਨਿਕਲ ਤੁਰਿਆ।

ਪਰ ਛੇਤੀ ਹੀ ਹਮਲਾਵਰ ਫ਼ੌਜਾਂ ਮਗਰ ਆ ਪਹੁੰਚੀਆਂ ਸਨ। ਦੁਸ਼ਮਣ ਨੇ ਕੰਵਰ ਨੂੰ ਆਤਮਸਮਰਪਣ ਕਰਨ ਲਈ ਆਖਿਆ ਪਰ ਕੰਵਰ ਜਾਣਦਾ ਸੀ ਕਿ ਲਾਹੌਰ ਲਿਜਾ ਕੇ ਡੋਗਰੇ ਕਿਹੜੀ ਭਲੀ ਗੁਜ਼ਾਰਨਗੇ। ਉਹ ਜਾਣਦਾ ਸੀ ਕਿ ਕਿਵੇਂ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਨੂੰ ਮਾਰਿਆ ਗਿਆ ਸੀ। ਇਸੇ ਵਾਸਤੇ ਉਸ ਨੇ ਲੜ ਮਰਨਾ ਹੀ ਠੀਕ ਸਮਝਿਆ ਅਤੇ ਸੂਰਮਿਆਂ ਵਾਂਗ ਲੜਦਾ ਮਾਰਿਆ ਗਿਆ। ਇਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦੀ ਲਾਸ਼ ਕਈ ਦਿਨ ਮੰਡ ਦੇ ਖੇਤਰ ਵਿਚ ਰੁਲਦੀ ਰਹੀ। ਕੋਈ ਸਸਕਾਰ ਕਰਨ ਵਾਲਾ ਨਾ ਬਹੁੜਿਆ।

ਉਸ ਦੀ ਰਾਣੀ ਅਤੇ ਮਾਂ ਨੂੰ ਫ਼ੌਜਾਂ ਕੈਦੀ ਬਣਾ ਕੇ ਲੈ ਗਈਆਂ ਅਤੇ ਜਦੋਂ ਉਹ ਲਾਹੌਰ ਪਹੁੰਚੀਆਂ ਤਾਂ ਮਹਾਰਾਣੀ ਦਾਤਾਰ ਕੌਰ ਅਤੇ ਉਸ ਦੀ ਨੂੰਹ ਨੂੰ ਡੋਗਰਾ ਫ਼ੌਜਾਂ ਵਲੋਂ ਕੈਦੀ ਬਣਾਇਆ ਹੋਇਆ ਸੀ। ਸਿੱਖ ਫ਼ੌਜਾਂ ਨੇ ਵੇਖਿਆ ਤਾਂ ਸਿੱਖ ਫ਼ੌਜਾਂ ਭੜਕ ਪਈਆਂ। ਇਸ ਕਰ ਕੇ ਮਜਬੂਰ ਹੋ ਕੇ ਹੀਰਾ ਸਿੰਘ ਨੂੰ ਉਨ੍ਹਾਂ ਨੂੰ ਰਿਹਾਅ ਕਰਨਾ ਪਿਆ। ਕੁੱਝ ਚਿਰ ਪਿਛੋਂ ਹੀ ਕੰਵਰ ਪਿਸ਼ੌਰਾ ਸਿੰਘ ਨੂੰ ਵੀ ਅਟਕ ਦਰਿਆ ਦੇ ਉਪਰ ਬਣੇ ਕਿਲ੍ਹੇ ਵਿਚ ਧੋਖੇ ਨਾਲ ਬੰਨ੍ਹ ਕੇ ਕਤਲ ਕਰ ਦਿਤਾ ਗਿਆ।
ਸੰਪਰਕ : 94654-93938