ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਾਂ ਹਿੰਦੁਸਤਾਨ ਦੇ ਇਤਿਹਾਸ ਵਿਚ ਚੜ੍ਹਦੇ ਸੂਰਜ ਵਾਂਗ ਚਮਕਦਾ ਰਹੇਗਾ....

Sartaj of The Martyrs Guru Arjan Dev

ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਾਂ ਹਿੰਦੁਸਤਾਨ ਦੇ ਇਤਿਹਾਸ ਵਿਚ ਚੜ੍ਹਦੇ ਸੂਰਜ ਵਾਂਗ ਚਮਕਦਾ ਰਹੇਗਾ। ਉਨ੍ਹਾਂ ਨੇ ਜੋ ਧਰਮ ਖ਼ਾਤਰ ਅਪਣੇ ਨਿਯਮਾਂ, ਅਸੂਲਾਂ ਅਤੇ ਅਨੁਸ਼ਾਸਨ ਆਦਿ ਕਰ ਕੇ ਸ਼ਹੀਦੀ ਦਿਤੀ, ਉਹ ਬੇਮਿਸਾਲ ਹੈ। ਭਾਰਤ ਵਿਚ ਹੀ ਨਹੀਂ, ਸਾਰੀ ਦੁਨੀਆਂ ਵਿਚ ਉਨ੍ਹਾਂ ਦੀ ਸ਼ਹੀਦੀ ਬੇਮਿਸਾਲ ਹੈ। ਦੁਨੀਆਂ ਦੇ ਕਿਸੇ ਵੀ ਵਿਅਕਤੀ ਨੇ ਅੱਜ ਤਕ ਏਨੇ ਅਕਹਿ ਅਤੇ ਅਸਹਿ ਤਸੀਹੇ ਸਹਿ ਕੇ ਕੌਮ, ਦੇਸ਼ ਅਤੇ ਧਰਮ ਖ਼ਾਤਰ ਕੁਰਬਾਨੀ/ਸ਼ਹੀਦੀ ਨਹੀਂ ਦਿਤੀ। ਇਸ ਤਰ੍ਹਾਂ ਦੀ ਸ਼ਹੀਦੀ ਦਾ ਜ਼ਿਕਰ ਹਮੇਸ਼ਾ ਹਮੇਸ਼ਾ ਗੁਰੂ ਅਰਜਨ ਦੇਵ ਜੀ ਨਾਲ ਹੀ ਹੋਵੇਗਾ।

ਸਹਿਣਸ਼ੀਲਤਾ ਦੇ ਸਮੁੰਦਰ, ਭਾਣਾ ਮੰਨਣ ਦੇ ਬੁਲੰਦ ਇਰਾਦੇ ਵਾਲੇ, ਏਕਤਾ ਅਤੇ ਸਾਂਝੀਵਾਲਤਾ ਦੇ ਰਹਿਬਰ, ਅਸੂਲਾਂ ਅਤੇ ਸਿਰੜ ਦੇ ਧਨੀ, ਦਿਮਾਗ਼ੀ ਸੰਤੁਲਨ ਤੇ ਇਨਸਾਨੀਅਤ ਦੇ ਪੁਜਾਰੀ, ਜ਼ੁਲਮ ਅੱਗੇ ਸੀਅ ਤਕ ਨਾ ਕਰਨ ਵਾਲੇ, ਮਜ਼ਬੂਤ ਹਿਰਦੇ ਦੇ ਅੰਬਰ ਜਿਸ ਵਿਚ ਲੱਖਾਂ ਕਰੋੜਾਂ ਚੰਨ-ਸਿਤਾਰੇ ਚਮਕਦੇ ਸਨ, ਮੁਹੱਬਤ ਦੇ ਉਦਮ ਦੇ ਆਦਿ ਗੁਰੂ ਅਰਜਨ ਦੇਵ ਜੀ ਕੌਮ ਨੂੰ ਇਕ ਅਜਿਹਾ ਗ੍ਰੰਥ ਦੇ ਗਏ, ਜਿਸ ਦੀ ਰੌਸ਼ਨੀ ਨਾਲ ਆਉਣ ਵਾਲੀਆਂ ਪੀੜ੍ਹੀਆਂ ਚਮਕਦੀਆਂ ਰਹਿਣਗੀਆਂ। ਇਹ ਗ੍ਰੰਥ ਹੀ ਇਕ ਅਜਿਹਾ ਗ੍ਰੰਥ ਹੈ

ਜਿਸ ਵਿਚ ਅਨੇਕਾਂ ਹੀ ਸੂਰਜਾਂ ਦੀ ਰੌਸ਼ਨੀ ਨੂੰ ਇਕੱਠਿਆਂ ਕਰ ਕੇ ਇਕ ਮਹਾਨ ਗ੍ਰੰਥ ਦੀ ਸੰਪਾਦਨਾ ਕਰ ਕੇ ਅਪਣੇ ਆਪ ਨੂੰ ਸੂਰਜ ਵਾਂਗ ਅਮਰ ਕਰ ਲਿਆ ਹੈ। ਸਿੱਖ ਜਗਤ ਵਿਚ ਇਸ ਦੀ ਵਡਮੁੱਲੀ ਮਹਾਨਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨਸਾਨੀ ਕਦਰਾਂ-ਕੀਮਤਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਇਸ ਗ੍ਰੰਥ ਦਾ ਕੋਈ ਵੀ ਸ਼ਲੋਕ ਪੜ੍ਹ ਲਿਆ ਜਾਵੇ, ਉਹ ਇਨਸਾਨੀ ਕਦਰਾਂ-ਕੀਮਤਾਂ ਤੋਂ ਬਾਹਰ ਨਹੀਂ ਜਾ ਸਕਦਾ। ੴ ਵਾਹਿਗੁਰੂ, ਸਤਿਨਾਮ, ਇਸੇ ਦੇ ਮੂਲ ਸਰੋਤ ਹਨ। ਇਸ ਮਹਾਨ ਗ੍ਰੰਥ ਦੀ ਬਦੌਲਤ ਹੀ ਕੁੱਝ ਸਿਆਸੀ ਕਾਰਨਾਂ ਕਰ ਕੇ ਉਨ੍ਹਾਂ ਨੂੰ ਸ਼ਹੀਦੀ ਦੇਣੀ ਪਈ।

ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਨੂੰ ਸੋਢੀ ਵੰਸ਼ ਵਿਚ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਵਿਖੇ ਹੋਇਆ।  ਗੁਰੂ ਅਰਜਨ ਦੇਵ ਜੀ ਦੀ ਪਤਨੀ ਦਾ ਨਾਂ ਮਾਤਾ ਗੰਗਾ ਸੀ। ਗੁਰੂ ਜੀ ਕਈ ਭਾਸ਼ਾਵਾਂ ਜਿਵੇਂ ਹਿੰਦੀ, ਪੰਜਾਬੀ, ਫ਼ਾਰਸੀ, ਸੰਸਕ੍ਰਿਤ, ਬ੍ਰਜ, ਮੁਲਤਾਨੀ, ਕੇਂਦਰੀ ਪੰਜਾਬੀ, ਪੰਜਾਬੀ ਦੀਆਂ ਉਪ-ਬੋਲੀਆਂ ਆਦਿ ਦੇ ਗਿਆਤਾ ਸਨ। ਉਨ੍ਹਾਂ ਦੀ ਅਣਥੱਕ ਮਿਹਨਤ, ਮੋਹ, ਤਿਆਗ, ਨਿਸ਼ਕਾਮ ਸੇਵਾ, ਅਧਿਆਤਮਕ ਰੁਚੀ ਆਦਿ ਨੂੰ ਵੇਖਦਿਆਂ ਪਿਤਾ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਗੱਦੀ ਦੀ ਬਖ਼ਸ਼ਿਸ਼ ਕਰਨ ਦਾ ਪ੍ਰਣ ਕਰ ਲਿਆ।

ਸਤੰਬਰ 1581 ਨੂੰ ਉਹ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ। ਪਰ ਉਨ੍ਹਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਘ੍ਰਿਣਾ ਅਤੇ ਦੁੱਖ ਸੀ।
ਗੁਰੂ ਅਰਜਨ ਦੇਵ ਜੀ ਕੁੱਝ ਸਮਾਂ ਅੰਮ੍ਰਿਤਸਰ ਰਹਿ ਕੇ ਗੁਰੂ ਕੀ ਵਡਾਲੀ ਚਲੇ ਗਏ। ਉਥੇ ਉਨ੍ਹਾਂ ਦੇ ਘਰ ਹਰਿਗੋਬਿੰਦ ਜੀ ਦਾ ਜਨਮ ਹੋਇਆ ਜੋ ਬਾਅਦ 'ਚ ਸਿੱਖਾਂ ਦੇ ਛੇਵੇਂ ਗੁਰੂ ਬਣੇ। ਇਸ ਪੁੱਤਰ ਉਪਰ ਜਨਮ ਤੋਂ ਹੀ ਕਈ ਮਾਰੂ ਗੁਪਤਚਰ ਹਮਲੇ ਹੁੰਦੇ ਰਹੇ। ਮਾਰੂ ਹਮਲੇ ਜਾਂ ਯਤਨ ਪ੍ਰਿਥੀ ਚੰਦ ਗੱਦੀ ਅਤੇ ਦੌਲਤ ਦੇ ਲਾਲਚ ਕਾਰਨ ਕਰਵਾਉਂਦਾ ਰਿਹਾ ਸੀ, ਪਰ ਪਰਮਾਤਮਾ ਨੇ ਬਾਲਕ ਹਰਗੋਬਿੰਦ ਸਾਹਿਬ ਦਾ ਵਾਲ ਵੀ ਵਿੰਗਾ ਨਾ ਹੋਣ ਦਿਤਾ।

ਸ਼ੁਰੂ ਤੋਂ ਹੀ ਪ੍ਰਿਥੀ ਅਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਨਾਲ ਖਾਰ ਖਾਂਦਾ ਸੀ। ਆਦਤਨ ਉਹ ਇਕ ਵਧੀਆ ਇਨਸਾਨ ਨਹੀਂ ਸੀ। ਈਰਖਾਲੂ ਸੁਭਾਅ ਅਤੇ ਅਨੈਤਿਕ ਰੁਚੀਆਂ ਵਾਲਾ ਹੋਣ ਕਰ ਕੇ ਗੁਰੂ ਰਾਮਦਾਸ ਜੀ ਉਸ ਨੂੰ ਘੱਟ ਹੀ ਪਸੰਦ ਕਰਦੇ ਸਨ। ਪ੍ਰਿਥੀ ਹੇਰਾਫੇਰੀਆਂ ਕਰਨ ਵਾਲਾ ਵਿਅਕਤੀ ਸੀ। ਗੁਰੂ ਅਰਜਨ ਦੇਵ ਜੀ ਦੀਆਂ ਕਈ ਚਿੱਠੀਆਂ, ਜੋ ਉਨ੍ਹਾਂ ਨੇ ਪਿਤਾ ਜੀ ਨੂੰ ਵਿਛੋੜੇ ਵਿਚ ਲਿਖੀਆਂ ਸਨ, ਵੀ ਪ੍ਰਿਥੀ ਲੁਕਾ ਲੈਂਦਾ ਰਿਹਾ। ਬਾਅਦ ਵਿਚ ਉਸ ਦੀ ਇਹ ਚੋਰੀ ਫੜੀ ਗਈ, ਜਿਸ ਤੇ ਉਸ ਨੂੰ ਸ਼ਰਮਿੰਦਾ ਹੋਣਾ ਪਿਆ।

ਉਨ੍ਹਾਂ ਦੀ ਉਸਾਰੀ ਕੰਮਾਂ ਵਿਚ ਕਾਫ਼ੀ ਦਿਲਚਸਪੀ ਸੀ। ਉਹ ਆਖ਼ਰੀ ਦਮ ਤਕ ਕਰਮਯੋਗੀ ਹੀ ਰਹੇ। ਉਨ੍ਹਾਂ ਅੰਮ੍ਰਿਤਸਰ ਆ ਕੇ ਅੰਮ੍ਰਿਤ ਸਰੋਵਰ ਨੂੰ ਪੱਕਾ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੀ ਉਸਾਰੀ ਕੀਤੀ, ਸੰਤੋਖਸਰ ਬਣਾਇਆ। ਤਰਨ ਤਾਰਨ ਬਣਾਇਆ ਤੇ ਉੱਥੋਂ ਦੇ ਸਰੋਵਰ ਦੀ ਨੀਂਹ ਰੱਖੀ। ਕਰਤਾਰਪੁਰ ਵਸਾਇਆ, ਛੇਹਰਟਾ ਸਾਹਿਬ ਕਾਇਮ ਕੀਤਾ ਤੇ ਮਗਰੋਂ ਸ੍ਰੀ ਹਰਿਗੋਬਿੰਦਪੁਰ ਵੀ ਵਸਾਇਆ। ਲਾਹੌਰ ਦੀ ਬਾਉਲੀ ਲਗਾਈ ਤੇ ਰਾਮਸਰ ਦੇ ਗੁਰੂ ਕੇ ਬਾਗ਼ ਦੀਆਂ ਨੀਂਹਾਂ ਰਖੀਆਂ।

ਗੁਰੂ ਅਰਜਨ ਦੇਵ ਜੀ ਦੀ ਸੱਭ ਤੋਂ ਵੱਡੀ ਪ੍ਰਾਪਤੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨਾ ਸੀ।  1601  ਤੋਂ 1604 ਤਕ  ਰਾਮਸਰ ਦੇ ਕਿਨਾਰੇ ਬੈਠ ਕੇ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ। ਇਸ ਵਿਚ ਹਰ ਧਰਮ, ਜਾਤ-ਪਾਤ ਤੋਂ ਇਲਾਵਾ ਭਗਤਾਂ ਤੇ ਸੰਤਾਂ ਦੀ ਬਾਣੀ ਸ਼ਾਮਲ ਹੈ। ਜਾਤ-ਪਾਤ ਤੋਂ ਉਪਰ ਉਠ ਕੇ ਹੀ ਇਸ ਗ੍ਰੰਥ ਦੀ ਸੰਪਾਦਨਾ ਕੀਤੀ ਗਈ। ਕਿਸੇ ਵੀ ਧਰਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਇਸ ਵਿਚ ਸਾਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕਵੀਆਂ ਦੀਆਂ ਰਚਨਾਵਾਂ ਸ਼ਾਮਲ ਹਨ, ਜਿਸ ਨੇ ਕੌਮ ਨੂੰ ਇਕ ਵਿਲੱਖਣ ਅਦੁਤੀ ਅਧਿਆਤਮਕ ਪੱਖਾਂ ਵਾਲਾ ਗ੍ਰੰਥ ਮੁਹਈਆ ਕੀਤਾ।

ਇਸ ਬੀੜ ਨੂੰ ਭਾਈ ਗੁਰਦਾਸ ਜੀ ਨੇ ਹੱਥੀਂ ਲਿਖਿਆ ਤੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ 1604 ਵਿਚ ਇਸ ਬੀੜ ਦਾ ਪ੍ਰਕਾਸ਼ ਕੀਤਾ ਗਿਆ। ਇਸ ਗ੍ਰੰਥ (ਬੀੜ) ਨੂੰ ਲਿਖਣ ਤੇ ਕਈ ਈਰਖਾਲੂਆਂ ਨੇ ਵਿਰੋਧਤਾ ਕੀਤੀ ਕਿਉਂਕਿ ਕੁੱਝ ਉਹ ਕਵੀ, ਜੋ ਇਸ ਬੀੜ ਦੀ ਮਰਿਆਦਾ ਮੁਤਾਬਕ ਪੂਰਾ ਨਹੀਂ ਸਨ ਉਤਰਦੇ, ਦੀਆਂ ਰਚਨਾਵਾਂ ਨਹੀਂ ਸਨ ਲਈਆਂ ਗਈਆਂ। ਉਨ੍ਹਾਂ ਕਵੀਆਂ ਨੇ ਈਰਖਾ ਕਰ ਕੇ ਇਸ ਗ੍ਰੰਥ ਦੀ ਡੱਟ ਕੇ ਵਿਰੋਧਤਾ ਕੀਤੀ ਅਤੇ ਪ੍ਰਿਥੀ ਚੰਦ ਨੇ ਇਸ ਵਿਰੋਧਤਾ ਨੂੰ ਚਾਰ ਚੰਨ ਲਾਏ। ਆਦਿ ਗ੍ਰੰਥ ਵਿਚ ਭਗਤ ਕਾਹਨਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਵਰਗੇ ਕਵੀਆਂ ਦਾ ਕਲਾਮ ਸ਼ਾਮਲ ਨਾ ਕੀਤਾ ਗਿਆ।

ਇਸ ਕਾਰਨ ਉਨ੍ਹਾਂ ਮੌਜੂਦਾ ਸੱਤਾਧਾਰੀ ਹਕੂਮਤ ਦੇ ਮਾਲਕ ਜਹਾਂਗੀਰ ਦੇ ਕੰਨ ਭਰੇ ਕਿ ਇਸ ਵਿਚ ਕੁੱਝ ਗੱਲਾਂ ਇਸਲਾਮ ਵਿਰੋਧੀ ਹਨ। ਜਹਾਂਗੀਰ ਨੇ ਇਸ ਗ੍ਰੰਥ ਦੇ ਕਈ ਪੰਨੇ ਪੜ੍ਹਾ ਕੇ ਵੇਖੇ ਪਰ ਉਸ ਨੂੰ ਕਿਤੇ ਵੀ ਇਸਲਾਮ ਧਰਮ ਵਿਰੁਧ ਕੋਈ ਕੁੱਝ ਨਾ ਮਿਲਿਆ। ਸੱਭ ਤੋਂ ਜ਼ਿਆਦਾ ਕੱਟੜ ਮੁਸਲਮਾਨ ਵਜ਼ੀਰ ਸ਼ੇਖ਼ ਅਹਿਮਦ ਅਤੇ ਸ਼ੇਖ ਫ਼ਰੀਦ ਬੁਖਾਰੀ ਨੇ ਇਸ ਗ੍ਰੰਥ ਦੀ ਸੱਭ ਤੋਂ ਵੱਧ ਵਿਰੋਧਤਾ ਕੀਤੀ। ਜਹਾਂਗੀਰ ਨੂੰ ਸੱਭ ਤੋਂ ਜ਼ਿਆਦਾ ਉਨ੍ਹਾਂ ਨੇ ਹੀ ਭੜਕਾਇਆ।

ਦੂਜੇ ਪਾਸੇ ਚੰਦੂ ਸ਼ਾਹ, ਜੋ ਕਿ ਲਾਹੌਰ ਵਿਚ ਸੂਬੇ ਦਾ ਦੀਵਾਨ ਸੀ, ਗੁਰੂ ਜੀ ਨਾਲ ਵੈਰ ਰਖਦਾ ਸੀ ਅਤੇ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਸ਼ੇਖ਼ ਅਹਿਮਦ ਸਰਹੱਦੀ ਅਤੇ ਸ਼ੇਖ਼ ਫ਼ਰੀਦ ਬੁਖ਼ਾਰੀ ਨਾਲ ਮਿਲ ਕੇ ਗੁਰੂ ਜੀ ਵਿਰੁਧ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿਤੀਆਂ। ਉਨ੍ਹਾਂ ਇਕ ਝੂਠੀ ਸਾਜ਼ਸ਼ ਘੜ ਕੇ ਜਹਾਂਗੀਰ ਨੂੰ ਪਹੁੰਚਾ ਦਿਤੀ ਕਿ ਬਾਗ਼ੀ ਖੁਸਰੋ ਨੂੰ ਗੁਰੂ ਅਰਜਨ ਦੇਵ ਜੀ ਨੇ ਪਨਾਹ ਦਿਤੀ, ਉਸ ਦੀ ਮਦਦ ਕੀਤੀ ਅਤੇ ਇਸਲਾਮ ਵਿਰੁਧ ਭੜਕਾਇਆ ਹੈ। ਸ਼ੇਖ ਅਹਿਮਦ ਸਰਹੱਦੀ ਅਤੇ ਸ਼ੇਖ ਬੁਖ਼ਾਰੀ ਆਦਿ ਨੇ ਇਹ ਸਾਜ਼ਸ਼ ਇਕ ਫ਼ਰਜ਼ੀ ਸ਼ਿਕਾਇਤ ਬਣਾ ਕੇ ਜਹਾਂਗੀਰ ਤਕ ਪਹੁੰਚਾ ਦਿਤੀ।

ਇਸ ਝੂਠੀ ਸ਼ਿਕਾਇਤ ਤੇ ਖੁਸਰੋ ਨੂੰ ਪਨਾਹ ਦੇਣ ਤੇ ਜਹਾਂਗੀਰ ਨੇ ਆਪ ਨੂੰ ਦੋ ਲੱਖ ਰੁਪਏ ਜੁਰਮਾਨਾ ਕਰ ਦਿਤਾ। ਜੁਰਮਾਨਾ ਅਦਾ ਨਾ ਕਰਨ ਤੇ ਉਨ੍ਹਾਂ ਨੂੰ ਬਾਲ ਬੱਚਿਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਤਿੰਨ ਰਾਤਾਂ ਅਤੇ ਦਿਨ ਜੂਨ ਦੀ ਕੜਕਦੀ ਧੁੱਪ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਗਏ। ਗੁਰੂ ਜੀ ਨੂੰ ਤਪਦੀ ਲੋਹ, ਜਿਸ ਹੇਠਾਂ ਮਣਾਂ-ਮੂੰਹੀਂ ਬਾਲਣ ਡਾਹਿਆ ਗਿਆ, ਉਤੇ ਬਿਠਾ ਦਿਤਾ ਗਿਆ ਅਤੇ ਉਪਰੋਂ ਸੀਸ ਉਤੇ ਤੱਤਾ ਰੇਤਾ ਪਾਇਆ ਗਿਆ। ਪਰ ਗੁਰੂ ਜੀ ਨੇ ਸੀਅ ਨਾ ਕੀਤੀ। ਭਾਵੇਂ ਮੀਆਂ ਮੀਰ ਅਤੇ ਵਜ਼ੀਰ ਖਾਂ ਦਰਬਾਰੀ ਧਾਰਮਕ ਆਗੂ, ਸਿੱਖੀ ਦੇ ਘੇਰੇ ਵਿਚ ਆ ਚੁੱਕੇ ਸਨ।

ਉਨ੍ਹਾਂ ਨੇ ਗੁਰੂ ਜੀ ਨੂੰ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣ ਲਈ ਕਿਹਾ। ਉਨ੍ਹਾਂ ਦੇ ਹਿਰਦੇ ਕੰਬ ਉਠੇ, ਪਰ ਗੁਰੂ ਜੀ ਉਸ ਵਾਹਿਗੁਰੂ ਦੇ ਭਾਣੇ ਵਿਚ ਵਿਸ਼ਵਾਸ ਰਖਦੇ ਹੋਏ ਤੱਤੀ ਲੋਹ ਤੇ ਬੈਠ ਗਏ। ਤਪਦੀ ਅੱਗ ਵਰਗੀ ਦੇਗ ਵਿਚ ਕਾਫ਼ੀ ਉਬਲਦੇ ਪਾਣੀ ਵਿਚ ਉਬਾਲਿਆ ਗਿਆ। ਅਖ਼ੀਰ ਜਹਾਂਗੀਰ ਦੇ ਹੁਕਮ ਨਾਲ ਉਨ੍ਹਾਂ ਨੂੰ ਰਾਵੀ ਦੇ ਕੰਢੇ ਲਿਜਾ ਕੇ ਸ਼ਹੀਦ ਕਰ ਦਿਤਾ ਗਿਆ। ਗੁਰੂ ਜੀ ਦੀ ਯਾਦ ਵਿਚ ਹੁਣ ਉੱਥੇ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਹੈ।

ਇਸ ਤੋਂ ਕੁੱਝ ਸਮਾਂ ਬਾਅਦ ਜਹਾਂਗੀਰ ਮਾਫ਼ੀ ਮੰਗਣ ਆਇਆ। ਉਸ ਨੇ ਚੰਦੂ ਵਰਗੇ ਵਿਰੋਧੀਆਂ ਨੂੰ ਸਪੁਰਦ ਵੀ ਕੀਤਾ। ਪਰ ਮਾਤਾ ਗੰਗਾ ਜੀ ਨੇ ਵਾਹਿਗੁਰੂ ਦੇ ਭਾਣੇ ਤੇ ਉਨ੍ਹਾਂ ਨੂੰ ਛੱਡ ਦਿਤਾ ਅਤੇ ਜਹਾਂਗੀਰ ਨੇ ਜੋ ਮੋਹਰਾਂ ਚੜ੍ਹਾਈਆਂ ਉਹ ਉਸੇ ਵੇਲੇ ਸੰਗਤ ਵਿਚ ਵੰਡ ਦਿਤੀਆਂ ਗਈਆਂ। ਏਕਤਾ, ਸਾਂਝੀਵਾਲਤਾ ਅਤੇ ਜਾਤ-ਪਾਤ, ਰੰਗ-ਰੂਪ ਤੋਂ ਉਪਰ ਉਠ ਕੇ ਉਨ੍ਹਾਂ ਨੇ ਸ਼ਬਦ ਰਚਨਾ ਕੀਤੀ:

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ। 
ਕੋਹੀ ਸੇਵੈ ਗੁਸਈਆ ਕੋਈ ਅਲਾਹਿ।।
ਕਾਰਣ ਕਰਣ ਕਰੀਮ। ਕਿਰਪਾ ਧਾਰਿ ਰਹੀਮ।।੧।। ਰਹਾਉ।।
ਕੋਈ ਨਾਵੈ ਤੀਰਥਿ ਕੋਈ ਹਜ ਜਾਇ।। 

ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ।।੨।।
ਕੋਈ ਪੜੈ ਬੇਦ ਕੋਈ ਕਤੇਬ। ਕੋਈ ਓਢੈ ਨੀਲ ਕੋਈ ਸੁਪੇਦ।।੩।।
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ। 
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ।।੪।।

ਕਹੁ ਨਾਨਕ ਜਿਨਿ ਹੁਕਮੁ ਪਛਾਤਾ। 
ਪ੍ਰਭੂ ਸਾਹਿਬ ਦਾ ਤਿਨਿ ਭੇਦੁ ਜਾਤਾ।।੫।।

ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿਚ ਬਾਣੀ ਰਚੀ। 1345 ਸ਼ਬਦ, 62 ਅਸ਼ਟਪਦੀਆਂ ਅਤੇ 62 ਛੰਦ। ਗੁਰੂ ਗ੍ਰੰਥ ਸਾਹਿਬ ਦੀਆਂ ਕੁੱਲ 22 ਵਾਰਾਂ ਵਿਚੋਂ 6 ਵਾਰਾਂ, ਗਾਉੜੀ, ਗੁਜਰੀ, ਜੈਤਸਰੀ, ਰਾਮਕਲੀ, ਮਾਰੂ, ਬਸੰਤ ਰਾਗਾਂ ਵਿਚ ਹਨ। ਸ਼ਬਦ ਮਾਹ ਵਿਚ ਬਾਰਹ ਮਾਹ, 14 ਪਉੜੀਆਂ ਦਿਸ ਰੈਣਿ। ਗੁਰੂ ਅਰਜਨ ਦੇਵ ਜੀ ਦੇ 277 ਸਲੋਕ ਹਨ। ਇਨ੍ਹਾਂ ਦੀਆਂ 6 ਵਾਰਾਂ ਦੀਆਂ ਕੁੱਲ 10 ਪਉੜੀਆਂ ਹਨ। ਕੁੱਲ 2312 ਸ਼ਬਦ ਹਨ। 

ਗੁਰੂ ਅਰਜਨ ਦੇਵ ਜੀ 43 ਸਾਲ ਇਕ ਮਹੀਨਾ 16 ਦਿਨ ਦੀ ਉਮਰ ਭੋਗ ਕੇ ਸ਼ਹੀਦ ਹੋਏ ਸਨ। ਉਨ੍ਹਾਂ ਨੇ ਏਨੀ ਉਮਰ ਵਿਚ ਉਹ ਕਾਰਜ ਕੀਤੇ ਹਨ ਜੋ ਹਮੇਸ਼ਾ ਹਿੰਦੁਸਤਾਨ ਦੇ ਇਤਿਹਾਸ ਵਿਚ ਹੀ ਨਹੀਂ ਦੁਨੀਆਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਜੀਵਤ ਰਹਿਣਗੇ। ਉਹ ਸ਼ਹੀਦ ਹੋ ਕੇ ਵੀ ਜ਼ਿੰਦਾ ਹਨ। ਉਨ੍ਹਾਂ ਦੇ ਕਾਰਜ ਸਦਾ ਲਈ ਰਹਿਬਰੀ ਦਾ ਕੰਮ ਕਰਦੇ ਰਹਿਣਗੇ। ਸਿੱਖ ਜਗਤ ਵਿਚ ਉਨ੍ਹਾਂ ਦਾ ਮਹਾਨ ਸਥਾਨ ਹੈ।
ਸੰਪਰਕ : 98156-25409