ਲਾਹਨਤ ਹੈ ਅਜਿਹੀ ਔਲਾਦ ਤੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਈ ਲੋਕਾਂ ਨੇ ਘਰ ਦੇ ਰਾਖੇ ਬਣਾ ਛੱਡੇ ਨੇ ਬਜ਼ੁਰਗ

old age people

ਬਜ਼ੁਰਗ ਸਾਡਾ ਸਰਮਾਇਆ, ਵਿਰਸਾ ਤੇ ਸਾਡੀ ਪਹਿਚਾਣ ਹੁੰਦੇ ਹਨ, ਸਾਨੂੰ ਉਨ੍ਹਾਂ ਨੂੰ ਪੂਰੀ ਇੱਜ਼ਤ-ਮਾਣ ਤੇ ਸਤਿਕਾਰ ਦੇਣਾ ਚਾਹੀਦੈ ਜਿਸ ਦੇ ਉਹ ਹੱਕਦਾਰ ਹਨ। ਕਿਹਾ ਜਾਂਦਾ ਹੈ ਕਿ ਹੁਸਨ, ਜਵਾਨੀ ਤੇ ਮਾਪੇ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਹੀ ਮਿਲਦੇ ਹਨ। ਪਤਨੀ ਤਾਂ ਪਸੰਦ ਨਾਲ ਮਿਲ ਜਾਂਦੀ ਹੈ ਪਰ ਮਾਂ-ਬਾਪ ਕਰਮਾਂ ਨਾਲ ਨਸੀਬ ਹੁੰਦੇ ਹਨ, ਇਸ ਕਰ ਕੇ ਸਾਨੂੰ ਪਸੰਦ ਖ਼ਾਤਰ ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ।

ਪਰ ਅਜਕਲ ਦੀ ਔਲਾਦ ਮਾਂ-ਬਾਪ ਨੂੰ ਇਕ ਮੁਸੀਬਤ, ਬੋਝ, ਜੰਜਾਲ ਤੇ ਫ਼ਾਲਤੂ ਦਾ ਸਮਾਨ ਸਮਝਣ ਲੱਗ ਪਈ ਹੈ। ਉਹੀ ਮਾਂ-ਬਾਪ ਜਿਨ੍ਹਾਂ ਨੇ ਬੱਚਿਆਂ ਨੂੰ ਬੋਲਣਾ ਸਿਖਾਇਆ ਹੁੰਦਾ ਹੈ ਤੇ ਮੂੰਹ ਵਿਚ ਬੁਰਕੀਆਂ ਪਾ ਕੇ ਰੋਟੀ ਖੁਆਈ ਹੁੰਦੀ ਹੈ, ਬੱਚੇ ਵੱਡੇ ਹੋ ਕੇ ਉਨ੍ਹਾਂ ਹੀ ਮਾਂ-ਬਾਪ ਨੂੰ ਚੁੱਪ ਕਰਵਾਉਣ ਲਗਦੇ ਹਨ ਤੇ ਉਨ੍ਹਾਂ ਦੇ ਮੂੰਹ ਤਕ ਰੋਟੀ ਵੀ ਮੁਸ਼ਕਲ ਨਾਲ ਪਹੁੰਚਾਉਂਦੇ ਹਨ।

ਮਾਂ-ਬਾਪ ਦੇ ਉਪਕਾਰ ਨੂੰ ਦੁਨੀਆਂ ਦਾ ਕੋਈ ਯੰਤਰ ਗਿਣ-ਮਿਣ ਨਹੀਂ ਸਕਦਾ। ਹੁਣ ਦੇ ਬੱਚੇ ਆਜ਼ਾਦੀ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਪਤੀ-ਪਤਨੀ 'ਚ ਕੋਈ ਤੀਜਾ ਆਵੇ। ਉਨ੍ਹਾਂ ਦੀ ਅਪਣੀ ਵਖਰੀ ਹੀ ਦੁਨੀਆਂ ਹੁੰਦੀ ਹੈ, ਬਸ ਮੈਂ, ਮੇਰੇ ਬੱਚੇ ਤੇ ਮੇਰੀ ਘਰਵਾਲੀ। ਲਹੂ ਲਹੂ ਦੀ ਪੁਕਾਰ ਨਹੀਂ ਸੁਣਦਾ, ਅੱਜ ਲਹੂ ਦੇ ਦੋ ਰੰਗ ਹੋ ਗਏ ਹਨ।

ਮੇਰੇ ਪਿਤਾ ਜੀ ਸੇਵਾ ਮੁਕਤੀ ਉਪਰੰਤ ਮੇਰੇ ਨਾਲ ਹੀ ਰਹੇ। 99 ਸਾਲ ਦੀ ਉਮਰ ਭੋਗ ਗਏ। ਉਨ੍ਹਾਂ ਨੇ ਪੁਲਿਸ ਦੀ ਨੌਕਰੀ ਬੜੀ ਇਮਾਨਦਾਰੀ ਤੇ ਨਿਸ਼ਠਾ ਤੇ ਪ੍ਰਤੀਬੱਧਤਾ ਨਾਲ ਕੀਤੀ ਸੀ। ਰਿਸ਼ਵਤ ਵਰਗੇ ਕੋਹੜ ਤੋਂ ਹਮੇਸ਼ਾ ਦੂਰ ਰਹੇ ਅਤੇ ਇਮਾਨਦਾਰੀ ਦਾ ਦਾਮਨ ਘੁੱਟ ਕੇ ਫੜੀ ਰਖਿਆ। ਸ਼ਾਇਦ ਇਹੀ ਕਾਰਨ ਸੀ ਕਿ ਉਹ ਏਨੀ ਲੰਮੀ ਉਮਰ ਜੀਅ ਸਕੇ। ਮੇਰੇ ਘਰ ਦੇ ਨਜ਼ਦੀਕ ਇਕ ਬਜ਼ੁਰਗ ਅਪਣੇ ਲੜਕੇ ਤੇ ਉਸ ਦੇ ਪ੍ਰਵਾਰ ਨਾਲ ਰਹਿ ਰਿਹਾ ਹੈ।

ਉਨ੍ਹਾਂ ਦੀ ਸਾਂਝ ਸਿਰਫ਼ ਦੋ ਰੋਟੀਆਂ ਤਕ ਹੀ ਸੀਮਤ ਹੈ। ਇਸ ਤੋਂ ਬਿਨਾਂ ਉਨ੍ਹਾਂ ਦਾ ਕਦੇ ਆਪਸੀ ਸੰਵਾਦ ਨਹੀਂ ਹੋਇਆ। ਇਕ ਦਿਨ ਬਜ਼ੁਰਗ ਨੇ ਕਿਹਾ, ''ਬੇਟਾ ਮੇਰਾ ਕਈ ਦਿਨਾਂ ਤੋਂ ਗਲਾ ਖ਼ਰਾਬ ਹੈ ਜਿਸ ਕਰ ਕੇ ਆਵਾਜ਼ ਵੀ ਠੀਕ ਨਹੀਂ ਨਿਕਲਦੀ। ਕਿਸੇ ਡਾਕਟਰ ਨੂੰ ਵਿਖਾ ਦੇ।'' ''ਤੂੰ ਬਾਪੂ ਇਸ ਉਮਰ ਕੀ ਗਾਣੇ ਗਾਉਣੇ ਨੇ? ਛੋਟੀ ਮੋਟੀ ਤਕਲੀਫ਼ ਤਾ ਹੁੰਦੀ ਹੀ ਹੈ ਬੁਢਾਪੇ ਵਿਚ।'' ਬਾਪੂ ਦਿਲ ਮਸੋਸ ਕੇ ਬੈਠ ਗਿਆ।

ਥੋੜੀ ਦੇਰ ਬਾਅਦ ਛਬੀਲ ਲਗਾਉਣ ਲਈ ਕੁੱਝ ਲੋਕ ਪੈਸੇ ਮੰਗਣ ਆਏ ਤਾਂ ਉਸ ਦੇ ਮੁੰਡੇ ਨੇ ਤੁਰਤ ਉਨ੍ਹਾਂ ਨੂੰ ਸੌ ਰੁਪਏ ਕੱਢ ਕੇ ਦੇ ਦਿਤੇ।  ਕਈ ਬਜ਼ੁਰਗ ਅਪਣੇ ਬੱਚਿਆਂ ਤੋਂ ਡਰ-ਡਰ ਕੇ ਦਿਨ ਕਟੀ ਕਰਦੇ ਹਨ। ਕਈ ਵਾਰ ਕਈ ਪ੍ਰਵਾਰ ਬਜ਼ੁਰਗ ਨੂੰ ਘਰ ਇਕੱਲੇ ਨੂੰ ਛੱਡ ਕੇ ਆਪ ਅਪਣੇ ਬੱਚਿਆਂ ਸਮੇਤ ਘੁੰਮਣ ਨਿਕਲ ਜਾਂਦੇ ਹਨ। ਬਜ਼ੁਰਗ ਕਾਰ ਵਿਚ ਬੈਠਿਆਂ ਨੂੰ ਤਰਸ ਭਰੀਆਂ ਅੱਖਾਂ ਨਾਲ ਵੇਖਦੇ ਰਹਿ ਜਾਂਦੇ ਹਨ। ਬੱਚੇ ਕਈ ਵਾਰ ਕਹਿੰਦੇ ਹਨ ਕਿ ਦਾਦਾ-ਦਾਦੀ ਨੂੰ ਵੀ ਨਾਲ ਲੈ ਚਲਦੇ ਹਾਂ ਤਾਂ ਪੁੱਤਰ ਕਹਿੰਦਾ ਹੈ ਫਿਰ ਘਰ ਦੀ ਰਾਖੀ ਕੌਣ ਕਰੇਗਾ?

ਇਕ ਹੋਰ ਬਜ਼ੁਰਗ ਦੀ ਗੱਲ ਦਸਦਾ ਹਾਂ ਉਸ ਦੇ ਤਿੰਨ ਪੁੱਤਰ ਹਨ। ਇਕ ਵਿਦੇਸ਼ ਵਿਚ ਹੈ ਜਿਸ ਨੂੰ ਉਸ ਨੇ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ। ਤਿੰਨ ਪੁੱਤਰ ਮਿਲ ਕੇ ਇਕ ਬਾਪ ਨੂੰ ਨਹੀਂ ਸਾਂਭ ਸਕਦੇ। ਇਕ ਦਿਨ ਨੂੰਹ ਨੇ ਬਜ਼ੁਰਗ ਦੀ ਮੰਜੀ ਕੋਠੇ ਤੇ ਇਹ ਕਹਿ ਕੇ ਚੜ੍ਹਵਾ ਦਿਤੀ ਕਿ ਕੋਠੇ ਤੇ ਤਾਜ਼ੀ ਹਵਾ ਆਉਂਦੀ ਹੈ, ਜੋ ਬਜ਼ੁਰਗਾਂ ਦੀ ਸਿਹਤ ਲਈ ਚੰਗੀ ਹੁੰਦੀ ਹੈ। ਬਜ਼ੁਰਗ ਨੂੰ ਬਹੁਤ ਦੁੱਖ ਹੋਇਆ ਕਿ ਇਨ੍ਹਾਂ ਕੋਲ ਮੇਰੇ ਲਈ ਇਕ ਮੰਜੀ ਜਿੰਨੀ ਵੀ ਜਗ੍ਹਾ ਨਹੀਂ, ਅਸੀ ਤਾਂ ਐਵੇਂ ਖ਼ਾਕ ਹੋ ਗਏ ਇਨ੍ਹਾਂ ਲਈ ਘਰ ਬਣਾਉਂਦਿਆਂ-ਬਣਾਉਂਦਿਆਂ।

ਉਸ ਨੂੰ ਉਪਰ ਨੀਂਦ ਨਹੀਂ ਸੀ ਆ ਰਹੀ। ਮੱਛਰ ਵੱਢ-ਵੱਢ ਖਾ ਰਹੇ ਸਨ। ਉਸ ਨੇ ਵੇਖਿਆ ਦੂਰ ਕਿਸੇ ਦੇ ਘਰ ਵਿਚ ਪਸ਼ੂਆਂ ਉਤੇ ਪੱਖੇ ਚੱਲ ਰਹੇ ਸਨ। ਉਸ ਨੂੰ ਵੇਖ ਕੇ ਬਜ਼ੁਰਗ ਦੇ ਮੂੰਹੋਂ ਇਹੀ ਨਿਕਲਿਆ ਕਿ ''ਮੇਰੇ ਨਾਲੋਂ ਤਾਂ ਇਨ੍ਹਾਂ ਪਸ਼ੂਆਂ ਦੀ ਜੂਨ ਚੰਗੀ ਐ। ਚੰਗਾ ਹੋਇਆ ਇਨ੍ਹਾਂ ਦੀ ਮਾਂ ਪਹਿਲਾਂ ਹੀ ਮਰ ਗਈ ਨਹੀਂ ਤਾਂ ਉਸ ਨੇ ਇਨ੍ਹਾਂ ਦੇ ਬੱਚਿਆਂ ਦੀ ਖਿਡਾਵੀ ਬਣ ਕੇ ਰਹਿ ਜਾਣਾ ਸੀ। ਕੋਈ ਟਾਵਾਂ-ਟਾਵਾਂ ਹੀ ਹੁੰਦੈ ਜੋ ਮਾਂ ਦੇ ਦੁਧ ਦੀ ਕੀਮਤ ਤਾਰਦੈ।''

ਇਕ ਦਿਨ ਬਜ਼ੁਰਗ ਨੇ ਸੁਣਿਆ ਉਸ ਦੀ ਨੁੰਹ ਮੁੰਡੇ ਨੂੰ ਕਹਿ ਰਹੀ ਸੀ ਕਿ ''ਮੈਥੋਂ ਨਹੀਂ ਹੁਣ ਬੁੱਢਾ ਹੋਰ ਬਰਦਾਸ਼ਤ ਹੁੰਦਾ, ਇਸ ਨੂੰ ਕਿਸੇ ਬਿਰਧ ਆਸ਼ਰਮ ਛੱਡ ਆਉ।'' ''ਭਾਗਵਾਨੇ ਆਸ਼ਰਮਾਂ ਵਿਚ ਵੀ ਐਵੇਂ ਨਹੀਂ ਰਖਦੇ, ਦਾਨ ਮੰਗਦੇ ਨੇ'', ਪਤੀ ਨੇ ਕਿਹਾ। ਬੁੱਢੇ ਦੀ ਇਹ ਸੱਭ ਸੁਣ ਕੇ ਭੁੱਬ ਨਿਕਲ ਗਈ ਅਤੇ ਆਤਮਾ ਛਲਣੀ-ਛਲਣੀ ਹੋ ਗਈ।

ਅਜਿਹੀ ਨਿਕੰਮੀ ਔਲਾਦ ਲਈ ਮੈਂ ਅਪਣੀ ਦੇਹ ਖੇਤਾਂ ਵਿਚ ਗਾਲੀ? ਅਜਿਹੀ ਔਲਾਦ ਨਾਲੋਂ ਤਾਂ ਮੈਂ ਬੇ-ਔਲਾਦ ਹੀ ਚੰਗਾ ਸੀ। ਮਾਂ-ਬਾਪ ਬੱਚੇ ਨੂੰ ਪਾਲਦੇ ਹਨ ਤੇ ਅਪਣੇ ਪੈਰਾਂ ਤੇ ਖੜੇ ਕਰਦੇ ਹਨ ਤਾਕਿ ਉਨ੍ਹਾਂ ਦੇ ਬੁਢਾਪੇ ਦੀ ਸਰਦਲ ਤੇ ਪਹੁੰਚਣ ਤੇ ਉਹ ਉਨ੍ਹਾਂ ਦੇ ਬੁਢਾਪੇ ਦੀ 'ਡਗੌਰੀ ਬਣਨਗੇ ਪਰ ਅਜਕਲ ਦੀ ਗੰਦੀ ਔਲਾਦ, ਬੁਢਿਆਂ ਨੂੰ ਫੁੱਟੀ ਅੱਖ ਨਹੀਂ ਭਾਉਂਦੀ। ਜਦੋਂ ਘਰ ਦੇ ਬਜ਼ੁਰਗ ਇਹ ਸੱਭ ਸੋਚਣ ਲਈ ਮਜਬੂਰ ਹੋ ਜਾਣ ਤਾਂ ਲਾਹਨਤ ਹੈ ਅਜਿਹੀ ਔਲਾਦ ਉਤੇ।

                                                                                                                                      ਰਮੇਸ਼ ਕੁਮਾਰ ਸ਼ਰਮਾ, ਸੰਪਰਕ : 99888-73637