ਸਿਆਸੀ ਆਗੂਆਂ ਦੀ ਬੇਵਿਸ਼ਵਾਸੀ ਵਿਚੋਂ ਨਿਕਲਦੇ ਇਨਕਲਾਬੀ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਰਪੰਚੀ ਤੋਂ ਪਹਿਲਾਂ ਬਾਦਲ ਪ੍ਰਵਾਰ ਸਿਰਫ਼ ਖੇਤੀ ਨਾਲ ਹੀ ਜੁੜਿਆ ਹੋਇਆ ਸੀ

Parkash singh badal with Sukhbir Singh Badal

ਮੁਹਾਲੀ: 25 ਸਤੰਬਰ 2020 ਦਾ ਦਿਨ ਪੂਰੇ ਭਾਰਤ ਵਿਚ ਧਰਨੇ ਮੁਜ਼ਾਹਰਿਆਂ ਦੇ ਨਾਮ ਰਿਹਾ ਸੀ। ਭਾਵੇਂ ਇਹ ਇਕੱਠ ਕਿਸਾਨ ਯੂਨੀਅਨਾਂ ਦੇ ਸੁਨੇਹੇ ਤੇ ਹੋਇਆ ਸੀ ਪਰ ਭਵਿੱਖ ਨੂੰ ਧੁੰਦਲਾ ਵੇਖ ਅੱਜ ਕਿਸਾਨ, ਦੁਕਾਨਦਾਰ, ਮਜ਼ਦੂਰ, ਆੜ੍ਹਤੀਆ ਵਰਗ, ਔਰਤਾਂ ਤੇ ਬਜ਼ੁਰਗਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਕਲਾਕਾਰਾਂ ਅਤੇ ਫ਼ਿਲਮੀ ਅਦਾਕਾਰਾਂ ਨੇ ਵੀ ਪੂਰੇ ਜੋਸ਼ ਨਾਲ ਇਨ੍ਹਾਂ ਇਕੱਠਾਂ ਵਿਚ ਹਿੱਸਾ ਲਿਆ। ਲੋਕਾਂ ਦੇ ਰੋਹ ਨੂੰ ਵੇਖਦਿਆਂ ਸਿਆਸੀ ਪਾਰਟੀਆਂ ਨੂੰ ਵੀ ਮਜਬੂਰੀਵਸ ਇਨ੍ਹਾਂ ਇਕੱਠਾਂ ਵਿਚ ਹਿਸਾ ਲੈਣਾ ਪਿਆ। ਕੇਂਦਰੀ ਵਜ਼ਾਰਤ ਵਿਚ ਸ਼ਾਮਲ ਬੀਬੀ ਹਰਸਿਮਰਤ ਕੌਰ ਬਾਦਲ ਲੋਕ ਰੋਹ ਵੇਖ ਕੇ ਹੀ ਅਸਤੀਫ਼ਾ ਦੇਣ ਲਈ ਮਜਬੂਰ ਹੋਈ ਤੇ ਇਨ੍ਹਾਂ ਇਕੱਠਾਂ ਦਾ ਹਿੱਸਾ ਬਣੀ ਜਿਹੜੀ ਕਿ ਪਹਿਲਾਂ ਇਨ੍ਹਾਂ ਕਿਸਾਨ ਮਾਰੂ ਕਾਨੂੰਨਾਂ ਨੂੰ ਜਾਇਜ਼ ਠਹਿਰਾ ਰਹੀ ਸੀ।

 

ਇਨ੍ਹਾਂ ਮੁਜ਼ਾਹਰਿਆਂ ਵਿਚ ਬੁਲਾਰੇ ਇਨ੍ਹਾਂ ਬਿਲਾਂ ਨਾਲ ਪੈਣ ਵਾਲੇ ਮਾਰੂ ਪ੍ਰਭਾਵ ਨੂੰ ਬਾਰੀਕੀ ਨਾਲ ਸਮਝਾਉਂਦੇ ਰਹੇ। ਸੁਚੱਜੇ ਤੇ ਸਿਆਣੇ ਬੁਲਾਰੇ ਲੋਕਾਂ ਨੂੰ ਸਿਆਣਪ ਤੇ ਸੰਜਮ ਤੋਂ ਕੰਮ ਲੈਣ ਲਈ ਪ੍ਰੇਰਦੇ ਰਹੇ ਤਾਕਿ ਪੰਜਾਬ ਮੁੜ ਕਾਲੇ ਦੌਰ ਵਿਚ ਨਾ ਪਹੁੰਚ ਜਾਵੇ। ਇਸ ਸੁਨੇਹੇ ਨੂੰ ਜਿੰਨਾ ਵੀ ਸਲਾਹਿਆ ਜਾਵੇ, ਥੋੜਾ ਰਹੇਗਾ। ਕਿਸਾਨਾਂ ਦੇ ਇਹ ਇੱਕਠ ਲੋਕ ਲਹਿਰ ਕਿਵੇਂ ਬਣੇ? ਇਹਦੇ ਕਾਰਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਪਹਿਲਾ ਕਾਰਨ : ਸਾਡੇ ਆਗੂ ਨਿਜੀ ਸੁਆਰਥਾਂ ਨੂੰ ਮੁੱਖ ਰੱਖ ਕੇ ਆਮ ਲੋਕਾਂ ਦੀ ਆਰਥਕਤਾ ਨੂੰ ਅਣਗੌਲਿਆ ਕਰਦੇ ਚੱਲੇ ਤੇ ਪੰਜਾਬ ਦੀ ਕਿਸਾਨੀ ਤੇ ਖੇਤੀ ਡਾਵਾਂਡੋਲ ਹੁੰਦੀ ਗਈ। ਇਸ ਤੋਂ ਵੀ ਮਾੜੀ ਗੱਲ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ। ਵੱਡੇ ਇਕੱਠਾਂ ਦਾ ਲੋਕ ਰੋਹ ਹੀ ਪੰਜਾਬ ਦੀਆਂ ਜ਼ਮੀਨਾਂ ਤੇ ਕਿਸਾਨੀ ਨੂੰ ਬਚਾਉਣ ਦਾ ਇਕੋ ਇਕ ਹੀਲਾ ਹੈ।

ਮੈਂ ਇਸ ਲਿਖਤ ਰਾਹੀਂ ਤਿੰੰਨ ਆਗੂਆਂ ਨਾਲ ਮਿਲਾਉਣ ਦੀ ਨਿਗੁਣੀ ਜਹੀ ਕੋਸ਼ਿਸ਼ ਕਰ ਰਿਹਾ ਹਾਂ ਜੋ ਆਪਾਂ ਅਪਣੇ ਭਲੇ ਲਈ ਅੱਗੇ ਲਿਆਂਦੇ ਸਨ। ਸੱਭ ਤੋਂ ਪਹਿਲਾ ਆਗੂ, ''ਸ. ਪ੍ਰਕਾਸ਼ ਸਿੰਘ ਬਾਦਲ' ਸੀ। ਬਾਦਲ ਪ੍ਰਵਾਰ ਦਾ ਪੂਰਾ ਸੱਚ ਜਾਣਨ ਲਈ ਸਾਨੂੰ ਬਾਦਲ ਪਿੰਡ ਜਾਣਾ ਪਵੇਗਾ। ਉਥੇ ਜਾ ਕੇ ਤੁਸੀ ਇਕੱਲੇ-ਇਕੱਲੇ ਵੋਟਰ ਨੂੰ ਪੁੱਛ ਸਕਦੇ ਹੋ ਜਿਨ੍ਹਾਂ ਕਿਸਾਨਾਂ ਦੀਆਂ ਵੋਟਾਂ ਨਾਲ ਵੱਡੇ ਬਾਦਲ ਜੋ ਇਕ ਪਿੰਡ ਦੇ ਸਾਧਾਰਣ ਕਿਸਾਨ ਸਨ, ਪਿੰਡ ਦੇ ਸਰਪੰਚ ਬਣੇ। ਸਰਪੰਚ ਤੋਂ ਐਮ.ਐਲ.ਏ. ਤੇ ਐਮ.ਐਲ.ਏ. ਤੋਂ ਪੰਜ ਵਾਰ ਮੁੱਖ ਮੰਤਰੀ ਰਹੇ। ਉਥੋਂ ਦੇ ਲੋਕ ਦੱਸ ਦੇਣਗੇ ਕਿ ਸਰਪੰਚੀ ਵੇਲੇ ਇਕ ਸਾਧਾਰਣ ਕਿਸਾਨ ਕਿਵੇਂ ਟਰਾਂਸਪੋਰਟਰ, ਪੰਜ ਜਾਂ ਸੱਤ ਤਾਰਾ ਹੋਟਲ ਅਤੇ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਹੋ ਗਏ। ਪਤਾ ਨਹੀਂ ਬਾਦਲ ਕੋਲ ਕਿਹੜੀ ਗਿੱਦੜ ਸਿੰਗੀ ਸੀ ਜਿਸ ਨੇ ਇਹ ਸੱਭ ਕੁੱਝ ਕਰ ਵਿਖਾਇਆ। ਇਹ ਤੁਸੀਂ ਖ਼ੁਦ ਸੋਚ ਲਉ ਕਿਉਂਕਿ ਸਰਪੰਚੀ ਤੋਂ ਪਹਿਲਾਂ ਬਾਦਲ ਪ੍ਰਵਾਰ ਸਿਰਫ਼ ਖੇਤੀ ਨਾਲ ਹੀ ਜੁੜਿਆ ਹੋਇਆ ਸੀ।

ਅਪਣੇ ਕੁਰਸੀ ਮੋਹ ਨੂੰ ਮੁੱਖ ਰਖਦੇ ਹੋਏ ਬਾਦਲ ਸਾਹਬ ਨੇ ਬਿਨ ਮੰਗਿਆਂ ਖ਼ੈਰਾਤਾਂ ਬਹੁਤ ਦਿਤੀਆਂ। ਜਿਵੇਂ ਕਿ ਖੇਤੀ ਮੋਟਰਾਂ ਦੇ ਬਿੱਲ ਮਾਫ਼, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਟਾ-ਦਾਲ ਸਕੀਮ ਤੇ ਹੋਰ ਵੀ ਕਈ ਸਕੀਮਾਂ ਲੋਕਾਂ ਨੂੰ ਦਿਤੀਆਂ, ਜੋ ਲੋਕਾਂ ਨੇ ਮੰਗੀਆਂ ਨਹੀਂ ਸਨ। ਪੰਜਾਬੀਆਂ ਨੂੰ ਇਕ ਭਿਖਾਰੀ ਬਣਾ ਕੇ ਰੱਖ ਦਿਤਾ ਬਾਦਲ ਪ੍ਰਵਾਰ ਨੇ। ਭੀਖ ਮੰਗਣਾ ਪੰਜਾਬੀਆਂ ਲਈ ਮਰ ਜਾਣ ਬਰਾਬਰ ਸੀ ਪਰ ਬਾਦਲ ਪ੍ਰਵਾਰ ਨੇ ਸਾਨੂੰ ਮੰਗਤੇ ਬਣਾ ਕੇ ਰਖ ਦਿਤਾ। ਪੈਨਸ਼ਨਾਂ ਲੈਣ ਜਾਂ ਅਨਾਜ ਲੈਣ ਲਈ ਅੰਨਦਾਤੇ ਨੂੰ ਕਤਾਰਾਂ ਵਿਚ ਲੱਗਣ ਤੋਂ ਸ਼ਰਮ ਆਉਂਦੀ ਹੈ। ਸਾਨੂੰ ਤਾਂ ਚਾਹੀਦੇ ਸਨ, ਉਹ ਕਾਨੂੰਨ ਜਿਹੜੇ ਸਾਨੂੰ ਆਤਮ ਨਿਰਭਰ ਬਣਾਉਂਦੇ,  ਸਾਡੀ ਕਮਾਈ ਦੀ ਚੰਗੀ ਕੀਮਤ ਪਾਈ ਜਾਂਦੀ ਤੇ ਜਾਇਜ਼ ਪੈਸੇ ਸਾਡੀਆਂ ਜੇਬਾਂ ਵਿਚ ਪਾਉਂਦੇ ਜਿਨ੍ਹਾਂ ਨਾਲ ਅਸੀ ਮੋਟਰਾਂ ਦੇ ਬਿੱਲ ਭਰ ਸਕਦੇ ਸਾਂ, ਪੇਟ ਭਰਨ ਲਈ ਅਨਾਜ ਖ਼ਰੀਦ ਸਕਦੇ ਸਾਂ, ਬਿਮਾਰੀ ਦੀ ਸੂਰਤ ਵਿਚ ਦਵਾ ਦਾਰੂ ਖ਼ਰੀਦ ਸਕਦੇ, ਅਪਣੇ ਬੱਚਿਆਂ ਨੂੰ ਪੜ੍ਹਾਈ ਕਰਵਾ ਸਕਦੇ ਪਰ ਕਾਨੂੰਨ ਤਾਂ ਸਾਡੇ ਆਗੂ ਹੀ ਬਣਾਉਣਗੇ। ਸਾਡੇ ਆਗੂਆਂ ਨੂੰ ਤਾਂ ਬਸ ਵੋਟਾਂ ਲੈਣ ਤਕ ਮਤਲਬ ਹੈ। ਢੱਠੇ ਖੂਹ ਵਿਚ ਜਾਣ ਸਾਡੀਆਂ ਜ਼ਮੀਨਾਂ, ਸਾਡੀਆਂ ਖੇਤਾਂ ਵਿਚ ਮੁੜ੍ਹਕਾ ਵਹਾ-ਵਹਾ ਕੇ ਕੀਤੀਆਂ ਕਮਾਈਆਂ। ਆਗੂਆਂ ਨੂੰ ਤਾਂ ਅਸੀ ਵੋਟਾਂ ਤੋਂ ਵੱਧ ਕੁੱਝ ਵੀ ਨਹੀਂ ਦਿਸਦੇ।

ਇਸ ਇਨਸਾਨ ਨੂੰ ਅਸੀ ਧਾਰਮਕ ਦਿੱਖ ਤੇ ਕਿਸਾਨੀ ਦਿੱਖ ਵਾਲਾ ਸਮਝ ਕੇ ਆਗੂ ਬਣਾਇਆ ਸੀ, ਨਾ ਉਹ ਧਰਮੀ ਨਿਕਲਿਆ ਦੇ ਨਾ ਹੀ ਕਿਸਾਨ ਪੱਖੀ। ਬਰਗਾੜੀ ਕਾਂਡ, ਗੁਰਬਾਣੀ ਦੀਆਂ ਬੇਅਦਬੀਆਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ, ਵਿਦਵਾਨਾਂ, ਬੁਧੀਜੀਵੀਆਂ, ਚਿੰਤਕਾਂ, ਸਪੋਕਸਮੈਨ ਅਖ਼ਬਾਰ ਦਾ ਬਾਈਕਾਟ ਜਾਂ ਅਖ਼ਬਾਰ ਦੇ ਬਾਨੀ ਜੋਗਿੰਦਰ ਸਿੰਘ ਵਰਗਿਆ ਨੂੰ ਪੰਥ ਵਿਚ ਛੇਕਣਾ, ਹੁਣ ਦੇ ਸਮੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਕਾਲ ਤਖਤ ਤੇ ਪੇਸ਼ ਹੋਣ ਲਈ ਹੁਕਮਨਾਮਾ ਜਾਰੀ ਕਰਨਾ ਜਾਂ ਡੇਰਾ ਸਿਰਸਾ ਦੇ ਮੁਖੀ ਨੂੰ ਬਿਨਾਂ ਮਾਫ਼ੀ ਮੰਗਿਆ ਮਾਫ਼ ਕਰਨਾ ਬਹੁਤ ਹੀ ਮਹਿੰਗਾ ਪਿਆ ਜਿਸ ਦਾ ਨਤੀਜਾ 2017 ਦੀਆਂ ਵੋਟਾਂ ਸਾਹਮਣੇ ਆ ਚੁਕਿਆ ਹੈ। ਕਿਸਾਨੀ ਦੇ ਨਾਲ ਸਿੱਖ ਨੌਜੁਆਨੀ ਵੀ ਇਸ ਤੋਂ ਮੂੰਹ ਮੋੜ ਗਈ। ਇਹ ਪਾਰਟੀ ਵਿਰੋਧੀ ਧਿਰ ਵਿਚ ਬੈਠਣ ਤੋਂ ਵੀ ਗਈ।

ਨਿਰਾਸ਼ ਨੌਜੁਆਨ ਇਸ ਪਾਰਟੀ ਨਾਲੋ ਟੁੱਟ ਕੇ ਕਾਂਗਰਸ ਜਾਂ ਅੰਨਾ ਹਜ਼ਾਰੇ ਦੇ ਅੰਦੋਲਨ ਵਿਚੋਂ ਨਿਕਲੀ ਆਮ ਆਦਮੀ ਪਾਰਟੀ ਵਿਚ ਚਲੇ ਗਏ। ਆਮ ਆਦਮੀ ਪਾਰਟੀ ਵਿਚ ਗਏ ਨੌਜੁਆਨਾਂ ਨੇ ਬਹੁਤ ਉਤਸ਼ਾਹ ਨਾਲ ਕੰਮ ਤਾਂ ਕੀਤਾ ਪਰ ਪਾਰਟੀ ਨਵੀਂ ਹੋਣ ਕਰ ਕੇ ਅਪਣਾ ਆਧਾਰ ਪੂਰੀ ਤਰ੍ਹਾਂ ਨਹੀਂ ਸੀ ਬਣਾ ਸਕੀ। ਹੁਣ ਤਾਂ ਬਾਦਲ ਜਿੰਨੇ ਕੱਦ ਵਾਲਾ ਵੱਡਾ ਆਗੂ ਉਨ੍ਹਾਂ ਨੂੰ 'ਕੈਪਟਨ ਅਮਰਿੰਦਰ ਸਿੰਘ' ਹੀ ਦਿਸਦਾ ਸੀ। ਕੈਪਟਨ ਸਾਹਬ ਨੇ ਲੋਕਾਂ ਨਾਲ ਪਹਿਲਾਂ ਹੱਥ ਵਿਚ ਗੁਟਕਾ ਸਾਹਬ ਚੁੱਕ ਕੇ ਲੋਕਾਂ ਨਾਲ ਕੁੱਝ ਵਾਅਦੇ ਕੀਤੇ ਜਿਵੇਂ ਕਿ 'ਹਫ਼ਤੇ ਵਿਚ ਨਸ਼ੇ ਬੰਦ, ਘਰ-ਘਰ ਨੌਕਰੀ, ਸਮੁੱਚਾ ਕਰਜ਼ਾ ਮਾਫ਼, ਬੁਢਾਪਾ ਪੈਨਸ਼ਨ ਵਿਚ ਵਾਧਾ, ਨੌਜੁਆਨਾਂ ਲਈ ਸਮਾਰਟ ਫ਼ੋਨ ਆਦਿ।” ਭੋਲੇ ਵੋਟਰ ਇਕ ਵਾਰ ਫਿਰ ਠੱਗੇ ਗਏ, ਕੀ ਮਿਲਿਆ, ਕੁੱਝ ਵੀ ਨਹੀਂ। ਹੋਇਆ ਕੋਈ ਪਾਣੀਆਂ ਦਾ ਮਸਲਾ ਹੱਲ? ਨਹੀਂ, ਕੋਈ-ਕੋਈ ਵਿਚਾਰ ਸਵਾਮੀ ਨਾਥਨ ਦੀ ਰੀਪੋਰਟ ਤੇ ਮਿਲਿਆ? ਹਾਲੇ ਤਕ ਕੋਈ ਸਜ਼ਾਵਾਂ ਨਹੀਂ ਬਰਗਾੜੀ ਕਾਂਡ ਵਿਚ ਸ਼ਾਂਤ ਬੈਠੀ ਸੰਗਤ ਉਤੇ ਗੋਲੀ ਚਲਾਉਣ ਵਾਲਿਆਂ ਨੂੰ। ਜਿਹੜੀਆਂ ਗੋਲੀਆਂ ਨਾਲ ਕੜੀਆਂ ਵਰਗੇ ਦੋ ਸਿੱਖ ਨੌਜੁਆਨ ਸ਼ਹੀਦ ਹੋਏ, ਇਨ੍ਹਾਂ ਨੇ ਹੀ ਪਾਇਆ ਕੈਪਟਨ ਸਾਹਬ ਨੇ ਤੁਹਾਡੀਆਂ ਵੋਟਾਂ ਦਾ ਮੁੱਲ। ਇਕ ਵਾਰ ਫਿਰ ਨੌਜੁਆਨੀ ਠੱਗੀ ਗਈ ਮਹਿਸੂਸ ਕਰਨ ਲੱਗੀ।

ਤੀਜੀ ਪਾਰਟੀ ਆਮ ਆਦਮੀ ਪਾਰਟੀ ਤੋਂ ਕੁੱਝ ਆਸ ਵਿਖਾਈ ਦਿੰਦੀ ਜਾਪਦੀ ਸੀ ਕਿ ਸ਼ਾਇਦ ਇਹ ਪਾਰਟੀ ਸਾਡੇ ਲਈ ਕੁੱਝ ਚੰਗਾ ਸੋਚ ਸਕੇ ਕਿਉਂਕਿ ਇਸ ਪਾਰਟੀ ਨੇ ਕੁੱਝ ਚੰਗੀ ਸੋਚ ਵਾਲੇ ਚੇਹਰਿਆਂ ਨੂੰ ਟਿਕਟਾਂ ਦੇ ਕੇ ਨਵਾਜਿਆ ਜਿਨ੍ਹਾਂ ਵਿਚ ਡਾਕਟਰ, ਵਕੀਲ, ਚੰਗੇ ਬੁਲਾਰੇ, ਪੜ੍ਹੇ ਲਿਖੇ ਨੌਜੁਆਨ ਚਿਹਰੇ ਸਨ। ਵੋਟਰ ਨੌਜੁਆਨਾਂ ਦੀ ਹਿੰਮਤ ਸਦਕਾ ਇਹ ਪਾਰਟੀ ਸਰਕਾਰ ਭਾਵੇਂ ਨਾ ਬਣਾ ਸਕੀ, ਪਰ ਵਿਰੋਧੀ ਧਿਰ ਵਿਚ ਜ਼ਰੂਰ ਬੈਠ ਗਈ। ਇਸ ਪਾਰਟੀ ਦਾ ਆਗੂ  ਅਰਵਿੰਦ ਕੇਜਰੀਵਾਲ ਵੱਡੇ ਬਾਦਲ ਵਾਂਗ ਚਲਾਕ ਨਾ ਹੋਣ ਕਰ ਕੇ ਅਪਣੇ ਪੰਜਾਬ ਦੇ ਆਗੂਆਂ ਨੂੰ ਅਪਣੀ ਛਤਰੀ ਹੇਠ ਇਕੱਠੇ ਨਾ ਰੱਖ ਸਕਿਆ। 2017 ਦੀਆਂ ਚੋਣਾਂ ਵਿਚ ਮਿਲੀਆਂ ਸੀਟਾਂ ਨੂੰ ਵੇਖ ਕੇ ਇਹ ਪਾਰਟੀ 2022 ਦੀਆਂ ਚੋਣਾਂ ਵਿਚ ਪੱਕੇ ਤੌਰ ਉਤੇ ਸਰਕਾਰ ਬਣਾਉਣ ਦੇ ਸੁਪਨੇ ਲੈਣ ਲੱਗੀ। ਮੁੱਖ ਮੰਤਰੀ ਦੀ ਕੁਰਸੀ ਜੋ 2022 ਵਿਚ ਮਿਲਣੀ ਸੀ ਜਾਂ ਨਹੀਂ ਦੇ ਮੋਹ ਨੇ ਇਨ੍ਹਾਂ ਨੂੰ ਖਖੜੀਆਂ ਕਰੇਲੇ ਕਰ ਦਿਤਾ। ਵੋਟਰ ਜਿਸ ਨੂੰ ਵੀ ਇਨ੍ਹਾਂ ਕੁਰਸੀਆਂ ਤਕ ਲੈ ਜਾਂਦੇ ਹਨ, ਕੁਰਸੀਆਂ ਤੇ ਬੈਠਦਿਆਂ ਸਾਰ ਹੀ ਲੋਕਾਂ ਨੂੰ ਵਿਸਾਰ ਦਿੰਦੇ ਹਨ। ਕਈ ਵਾਰ ਜਾਪਦੈ ਸਾਡੇ ਵਿਚੋਂ ਹੀ ਗਏ ਬੰਦੇ ਤਾਂ ਠੀਕ ਹਨ, ਸ਼ਾਇਦ ਕੁਰਸੀਆਂ ਵਿਚ ਹੀ ਕੋਈ ਜਿੰਨ ਭੂਤ ਹੋਣੈ। ਜੋ ਇਨ੍ਹਾਂ ਨੂੰ ਲੋਕਾਂ ਨਾਲੋਂ ਤੋੜ ਦਿੰਦੈ।

ਕਿਸਾਨੀ ਘੋਲ ਵਿਚੋਂ ਬਣੀ ਲਹਿਰ ਹੁਣ ਲੋਕ ਲਹਿਰ ਬਣ ਚੁੱਕੀ ਹੈ। ਮਜਬੂਰੀ ਵੱਸ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਵੀ ਇਸ ਘੋਲ ਵਿਚ ਸ਼ਾਮਲ ਹੋਣਾ ਪੈ ਰਿਹੈ, ਭਾਵੇਂ ਇਹ ਪਾਰਟੀਆਂ ਘੋਲ ਵਿਚ ਸ਼ਾਮਲ ਜ਼ਰੂਰ ਹਨ ਪ੍ਰੰਤੂ ਅੱਖ ਇਨ੍ਹਾਂ ਦੀ ਅਜੇ ਵੀ 2022 ਦੀਆਂ ਚੋਣਾਂ ਉਤੇ ਹੀ ਹੈ ।ਵਿਰੋਧੀ ਅਜਿਹੇ ਘੋਲ ਅਸਫ਼ਲ ਬਣਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਸਕਦੇ ਹਨ। ਪ੍ਰੰੰਤੂ ਇਨ੍ਹਾਂ ਘੋਲਾਂ ਦੇ ਆਗੂ ਬੜੇ ਸੂਝਵਾਨ ਤੇ ਤਜਰਬੇਕਾਰ ਹਨ ਜੋ ਵਾਰ-ਵਾਰ ਇਸ ਲਹਿਰ ਵਿਚ ਸ਼ਾਮਲ ਲੋਕਾਂ ਨੂੰ ਸੰਜਮ ਵਿਚ ਰਹਿ ਕੇ ਘੋਲ ਨੂੰ ਅੱਗੇ ਵਧਾਉਣ ਲਈ ਆਖ ਰਹੇ ਹਨ। ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਕਿਸਾਨਾਂ ਦੇ ਸੱਦੇ ਤੇ ਬਣੀ ਇਸ ਲਹਿਰ ਜੋ ਹੁਣ ਲੋਕ ਲਹਿਰ ਬਣ ਚੁੱਕੀ ਹੈ, ਨੂੰ ਹੋਰ ਹੌਸਲਾ ਤੇ ਬਲ ਮਿਲੇ ਤਾਕਿ ਇਹ ਲਹਿਰ ਸਫ਼ਲਤਾ ਦੇ ਝੰਡੇ ਲੈ ਕੇ ਵਾਪਸ ਘਰਾਂ ਨੂੰ ਪਰਤੇ ਜਿਸ ਨਾਲ ਸਾਡਾ ਪੰਜਾਬ ਮੁੜ ਤੋਂ ਖ਼ੁਸ਼ਹਾਲ ਤੇ ਹਰਿਆ ਭਰਿਆ ਦਿਸਦਾ ਰਹਿ ਸਕੇ।                                                             

                                                                                                 ਰਮਿੰਦਰ ਸਿੰਘ ਭੋਲਾ ,ਸੰਪਰਕ : 98780-62264