ਕੀ ਕਿਸਾਨ ਅੰਦੋਲਨ ਦੀ ਸੱਭ ਤੋਂ ਵੱਡੀ ਪ੍ਰਾਪਤੀ ਰਾਸ਼ਟਰੀ ਇਕਮੁਠਤਾ ਨਹੀਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਵੱਡੀ ਗਿਣਤੀ ਵਿਚ ਲੋਕ, ਧਰਨੇ ਉਤੇ ਬੈਠੇ ਵੀ ਸਪੋਕਸਮੈਨ ਪੜ੍ਹ ਰਹੇ ਹਨ।

Farmer Protest

 ਨਵੀਂ ਦਿੱਲੀ: ਮੈਂ ਸੰਨ 1982 ਵਿਚ ਕੰਵਲ ਪ੍ਰੈੱਸ ਕਟੜਾ ਸ਼ੇਰ ਸਿੰਘ ਨੇੜੇ ਹਾਲ ਬਾਜ਼ਾਰ ਅੰਮ੍ਰਿਤਸਰ ਵਿਚ ਗੁਰਪੁਰਬ ਲਈ ਵਧਾਈ ਦੇ ਕਾਰਡ ਪ੍ਰਿੰਟ ਕਰਵਾਉਣ ਆਇਆ ਸੀ। ਕੰਵਲ ਪ੍ਰੈਸ ਵਿਚ ਮੇਰੀ ਮੁਲਾਕਾਤ ਇਕ ਦਰਸ਼ਨੀ ਕਾਮਰੇਡ ਨਾਲ ਹੋਈ। ਮੈਂ ਸਮਝਿਆ ਉਹ ਸ਼ਾਇਦ ਕੋਈ ਅਕਾਲੀ ਜਥੇਦਾਰ ਹੈ। ਪਰ ਉਸ ਨੇ ਅਪਣੀ ਜਾਣਕਾਰੀ ਦੇਂਦਿਆਂ ਕਿਹਾ ਕਿ ਉਹ ਇਕ ਕਾਮਰੇਡ ਹੈ। ਉਸ ਨੇ 1982 ਸੰਨ ਵਿਚ ਅਰਥਾਤ 2 ਸਾਲ ਪਹਿਲਾਂ, 1984 ਵਿਚ ਕੀ ਹੋਵੇਗਾ, ਉਸ ਦਾ ਨਕਸ਼ਾ ਮੇਰੇ ਸਾਹਮਣੇ ਬਿਆਨ ਕਰ ਦਿਤਾ ਸੀ। ਉਸ ਅਨੁਸਾਰ ਹੁਣ ਸਿੱਖਾਂ ਕੋਲ ਦੂਰ ਅੰਦੇਸ਼ ਲੀਡਰ ਕੋਈ ਨਹੀਂ ਜੋ ਸਰਕਾਰ ਦੇ ਪ੍ਰਚਾਰ ਦਾ ਮੁਕਾਬਲਾ ਕਰ ਸਕੇ।

ਸਰਕਰ ਸਿੱਖਾਂ ਨੂੰ ਵੱਖਵਾਦੀ, ਅਤਿਵਾਦੀ, ਖ਼ਾਲਿਸਤਾਨੀ, ਦੇਸ਼ ਤੋਂ ਅੱਡ ਹੋਣਾ ਚਾਹੁਣ ਵਾਲੇ ਦਸ ਰਹੀ ਹੈ। ਸਿੱਖ ਪਾਕਿਸਤਾਨ ਨਾਲ ਮਿਲ ਚੁੱਕੇ ਹਨ, ਇਹੀ ਪ੍ਰਾਪੇਗੰਡਾ ਕਰ ਰਹੀ ਹੈ। ਦੇਸ਼ ਪੱਧਰ ਉਤੇ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰ ਰਹੀ ਹੈ। ਇਕ ਦਿਨ ਸਿੱਖਾਂ ਨੂੰ ਦੇਸ਼ ਵਿਚੋਂ ਚੁਣ-ਚੁਣ ਕੇ ਮਾਰਿਆ ਜਾਵੇਗਾ। ਸਿੱਖਾਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਣਾ। 31 ਅਕਤੂਬਰ ਤੋਂ 5 ਨਵੰਬਰ ਤਕ ਜੋ ਕਹਿਰ ਸਿੱਖਾਂ ਉਤੇ ਡਿੱਗਾ-ਪਿਉ ਭਰਾ ਦੇ ਸਾਹਮਣੇ ਸਿੱਖ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਸਨ। ਲੋਗੜ ਗਲੀ ਮਹੱਲਿਆਂ ਵਿਚ ਉੱਚੀ-ਉੱਚੀ ਗਾ ਰਹੀ ਸੀ ‘ਯਾਦ ਕਰੇਗਾ ਖ਼ਾਲਸਾ’ ਕਿਉਂਕਿ ਸਿੱਖ ਅਰਦਾਸ ਪਿੱਛੋਂ ਰਾਜ ਕਰੇਗਾ ਖ਼ਾਲਸਾ ਗਾਉਂਦੇ ਹਨ। ਉਸ ਵਕਤ ਦੋ ਸਾਲ ਪਹਿਲਾਂ ਦੇ ਅਲਫ਼ਾਜ਼ ਜੋ ਕਾਮਰੇਡ ਸੱਜਣ ਨੇ ਕਹੇ ਸਨ, ਮੇਰੇ ਕੰਨਾਂ ਵਿਚ ਗੂੰਜੇ।

ਪਰ ਅੱਜ ਕਿਸਾਨ ਅੰਦੋਲਨ ਦੇ ਸੂਝਵਾਨ ਆਗੂਆਂ ਨੇ ਦੇਸ਼ ਨੂੰ ਰਾਸ਼ਟਰੀ ਏਕਤਾ ਵਿਚ ਪਰੋ ਦਿਤਾ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਮੋਬਾਈਲ ਸੇਵਾ, ਪਖ਼ਾਨਿਆਂ ਦੀ ਸੇਵਾ, ਪਾਣੀ ਦੇ ਟੈਂਕਰਾਂ ਦੀ ਸੇਵਾ ਕਰ ਕੇ ਜੋ ਸੰਗਤ ਕੋਲੋਂ ਸਤਿਕਾਰ ਪ੍ਰਾਪਤ ਕੀਤਾ ਹੈ, ਉਹ ਕਾਬਲੇ ਤਾਰੀਫ਼ ਹੈ। ਇਹ ਅਲਫ਼ਾਜ਼ ਅਮਰਬੀਰ ਸਿੰਘ ਚੀਮਾ ਸਾਹਬ ਨੇ ਅਪਣੇ ਆਰਟੀਕਲ ਵਿਚ 24 ਦਸੰਬਰ ਦੇ ਰੋਜ਼ਾਨਾ ਸਪੋਕਸਮੈਨ ਵਿਚ ਲਿਖੇ ਹਨ। ਰਾਜਨੀਤਕ ਪਾਰਟੀਆਂ ਜੋ ਇਕ ਦੂਜੇ ’ਤੇ ਚਿੱਕੜ ਸੁੱਟਣ ਦਾ ਕੰਮ ਕਰ ਰਹੀਆਂ ਹਨ, ਉਹ ਅਜਿਹਾ ਕਰਨਾ ਬੰਦ ਕਰਨ ਤੇ ਕਿਸਾਨ ਆਗੂਆਂ ਨੂੰ ਕੇਵਲ ਸ਼ਾਬਾਸ਼ੀ ਦੇਣ। ਅਜੇ ਤਕ ਕਿਸੇ ਵੀ ਅੰਦੋਲਨ ਨੇ ਰਾਸ਼ਟਰੀ ਏਕਤਾ ਨਹੀਂ ਕਰਵਾਈ। ਹਰ ਰਾਜਨੀਤਕ ਪਾਰਟੀ ਮਨੁੱਖ ਤੇ ਧਰਮ ਦੇ ਨਾਂ ਉਤੇ ਝਗੜੇ ਫ਼ਸਾਦ ਕਰਵਾਉਂਦੀ ਰਹੀ। ਇਹ ਪਹਿਲਾ ਕਿਸਾਨ ਅੰਦੋਲਨ ਹੈ ਜਿਸ ਨੇ ਰਾਸ਼ਟਰੀ ਏਕਤਾ ਪੈਦਾ ਕਰ ਕੇ ਵਿਖਾ ਦਿਤੀ। ਕਿਸਾਨ ਅੰਦੋਲਨ ਨੂੰ ਮੇਰਾ ਸਲੂਟ ਹੈ। ਜਦੋਂ ਹਰ ਰਾਜਨੀਤਕ ਪਾਰਟੀ ਅਰਵਿੰਦ ਕੇਜਰੀਵਾਲ ’ਤੇ ਚਿੱਕੜ ਸੁੱਟ ਰਹੀ ਹੈ ਤਾਂ ਸਪੋਕਸਮੈਨ ਜੇ ਅਮਰਬੀਰ ਸਿੰਘ ਚੀਮਾ ਸਾਹਬ ਦਾ ਆਰਟੀਕਲ ਪ੍ਰਕਾਸ਼ਤ ਕਰ ਕੇ ਨਿਰਪੱਖਤਾ ਦਾ ਸਬੂਤ ਦਿਤਾ ਹੈ। ਜੋ ਸਚਾਈ ਹੈ, ਉਸ ਨੂੰ ਇਸ ਅਖ਼ਬਾਰ ਦਾ ਦਰਪਣ ਬਣਾਇਆ ਜਾਂਦਾ ਹੈ। ਇਸ ਲਈ ਅੱਜ ਵੱਡੀ ਗਿਣਤੀ ਵਿਚ ਲੋਕ, ਧਰਨੇ ਉਤੇ ਬੈਠੇ ਵੀ ਸਪੋਕਸਮੈਨ ਪੜ੍ਹ ਰਹੇ ਹਨ।

2020 ਦਾ ਕਿਸਾਨ ਅੰਦੋਲਨ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਜਿਸ ਨੇ ‘ਹਿੰਦੂ, ਮੁਸਲਮਾਨ, ਸਿੱਖ, ਇਸਾਈ ਅਸੀ ਹਾਂ ਸਾਰੇ ਭਾਈ-ਭਾਈ’ ਦਾ ਨਾਹਰਾ ਲਗਾ ਕੇ ਰਾਸ਼ਟਰੀ ਏਕਤਾ ਦੀ ਜੋਤ ਜਗਾ ਦਿਤੀ ਹੈ। ਇਹ ਇਸ ਅੰਦੋਲਨ ਦੀ ਸੱਭ ਤੋਂ ਵੱਡੀ ਜਿੱਤ ਹੈ। ਕੇਰਲਾ ਤੋਂ ਆਇਆ ਨੌਜੁਆਨ ਚਾਰ ਦਿਨ ਤੋਂ ਸੰਗਤ ਦੀ ਸੇਵਾ ਕਰ ਰਿਹਾ ਹੈ। ਪਾਣੀ ਦੇ ਟੈਂਕਰ ਦਿੱਲੀ ਸਰਕਾਰ ਵਲੋਂ ਕਿਸਾਨਾਂ ਲਈ ਭੇਜੇ ਜਾਂਦੇ ਹਨ। ਟੈਂਕਰਾਂ ਦੇ ਡਰਾਈਵਰ ਆਦਿ ਵੀ ਕਿਸਾਨ ਅੰਦੋਲਨ ’ਚ ਦੇਸੀ ਘਿਉ ਦੇ ਪਰੌਂਠੇ ਛੱਕ ਰਹੇ ਸਨ। ਇਹ ਮੈਂ ਇਕ ਟੀ.ਵੀ. ਚੈਨਲ ਤੇ ਵੇਖਿਆ ਸੀ।

ਅੱਜ ਮਹਾਂਰਾਸ਼ਟਰ, ਤਾਮਿਲਨਾਡੂ, ਗੁਜਰਾਤ, ਹਰਿਆਣਾ, ਯੂ.ਪੀ. ਦੇ ਕਿਸਾਨ ਇਸ ਅੰਦੋਲਨ ਦਾ ਹਿੱਸਾ ਹਨ। ਉੱਤਰਾਖੰਡ ਦੇ ਮੁੱਖ ਮੰਤਰੀ, ਬੰਗਾਲ ਦੀ ਮਮਤਾ ਬੈਨਜਰੀ  ਨੇ ਵੀ ਕਿਸਾਨ ਅੰਦੋਲਨ ਨੂੰ ਸਮਰਥਨ ਦਿਤਾ ਹੈ। ਮੇਰਾ ਰਾਸ਼ਟਰੀ ਏਕਤਾ ਨੂੰ ਸਲੂਟ ਹੈ। ਯਾਦ ਕਰੋ ਦਿੱਲੀ ਦੀ ਚੋਣ ਪ੍ਰਕ੍ਰਿਆ ਨੂੰ। ਨਰਿੰਦਰ ਮੋਦੀ ਨੇ ਏਨਾ ਹੀ ਕਿਹਾ ਸੀ ਕਿ ‘ਦਿੱਲੀ ਵਾਸੀਉ! 1984 ਯਾਦ ਰਖਿਉ।’ ਨਰਿੰਦਰ ਮੋਦੀ ਸਾਹਬ 8 ਸੀਟਾਂ ਲੈ ਗਏ ਤੇ ਕਾਂਗਰਸ ਦੀ ਬਾਟੀ ਮਾਂਜੀ ਗਈ। ਜੋ 1984 ਸੰਨ ਵਿਚ ਸਿੱਖਾਂ ਨਾਲ ਦੁਖਾਂਤ ਵਾਪਰਿਆ ਸੀ, ਅੱਜ 2020 ਵਿਚ ਕਿਸਾਨ ਅੰਦੋਲਨ ਵਿਚ ਨਹੀਂ ਹੋ ਸਕਿਆ। ਸਾਰਾ ਭਾਰਤ ਇਕ ਹੋ ਚੁੱਕਾ ਹੈ। ਇਹ ਕਿਸਾਨ ਅੰਦੋਲਨ ਦੇ ਲੀਡਰਾਂ ਦੀ ਸੂਝ ਬੂਝ ਸਦਕਾ ਹੈ, ਜਿਨ੍ਹਾਂ ਏਕਤਾ ਦੀ ਜੋਤ ਜਗਾਈ ਹੈ। ਲੇਖਕ ਦਾ ਇਸ ਕਿਸਾਨ ਅੰਦੋਲਨ ਨੂੰ ਸਲੂਟ ਹੈ, ਸਲਾਮ ਹੈ, ਨਮਸਕਾਰ ਹੈ।         
                                                         ਕੈਪਟਨ ਰਵੇਲ ਸਿੰਘ ਰਵੇਲ, ਅੰਮ੍ਰਿਤਸਰ, ਸੰਪਰਕ 94173-34837