ਅਠਵੀਂ ਜਮਾਤ ਦਾ ਸਾਲਾਨਾ ਪੇਪਰ
ਅੱਜ ਅਠਵੀਂ ਜਮਾਤ ਦਾ ਪਹਿਲਾ ਪੇਪਰ ਸੀ। ਬੱਚੇ ਬੜੇ ਚਾਅ ਨਾਲ ਤਿਆਰੀ ਕਰ ਕੇ ਪੇਪਰ ਵਿਚ ਬੈਠਣ ਲਈ ਆਏ। ਬਾਹਰਲੇ ਸਕੂਲਾਂ ਤੋਂ ਵਿਦਿਆਰਥੀ ਵੀ ਪੇਪਰ ਦੇਣ ਆਏ...
ਅੱਜ ਅਠਵੀਂ ਜਮਾਤ ਦਾ ਪਹਿਲਾ ਪੇਪਰ ਸੀ। ਬੱਚੇ ਬੜੇ ਚਾਅ ਨਾਲ ਤਿਆਰੀ ਕਰ ਕੇ ਪੇਪਰ ਵਿਚ ਬੈਠਣ ਲਈ ਆਏ। ਬਾਹਰਲੇ ਸਕੂਲਾਂ ਤੋਂ ਵਿਦਿਆਰਥੀ ਵੀ ਪੇਪਰ ਦੇਣ ਆਏ ਅਤੇ ਬਾਹਰੋਂ ਅਧਿਆਪਕ ਪੇਪਰ ਲੈਣ ਲਈ ਆਏ। ਪੇਪਰ ਸ਼ੁਰੂ ਹੋਣ ਵਿਚ ਅੱਧਾ ਘੰਟਾ ਬਾਕੀ ਸੀ। ਮੈਂ ਅਪਣੇ ਅਧਿਆਪਕ ਸਾਥੀਆਂ ਨਾਲ ਖਾਣਾ ਖਾ ਰਹੀ ਸੀ। ਮੇਰੀ ਸਾਥੀ ਅਧਿਆਪਕਾ ਮੇਰੇ ਹੱਥੋਂ ਰੋਟੀ ਫੜ ਕੇ ਪਾਸੇ ਕਰਦੀ ਹੋਈ ਕਹਿੰਦੀ, ''ਮੈਡਮ ਰੋਟੀ ਬਾਅਦ ਵਿਚ ਖਾਇਉ, ਪਹਿਲਾਂ ਮੇਰੇ ਨਾਲ ਚੱਲੋ। ਮੇਰੀ ਜਮਾਤ ਦੇ ਉਹ ਵਿਦਿਆਰਥੀ, ਜਿਨ੍ਹਾਂ ਦੇ ਘਰ ਆਪਾਂ ਮਹੀਨੇ ਵਿਚ ਦੋ ਵਾਰ ਜਾ ਕੇ ਆਏ ਸੀ, ਉਹ ਪੇਪਰ ਦੇਣ ਨਹੀਂ ਆਏ।'' ਮੈਂ ਕਿਹਾ ਮੈਡਮ ਰੋਟੀ ਤਾਂ ਖਾਣ ਦਿਉ ਮੈਨੂੰ ਬਹੁਤ ਭੁੱਖ ਲੱਗੀ ਹੈ, ਪਰ ਉਹ ਕਹਿੰਦੇ ਕਿ ਰੋਟੀ ਆ ਕੇ ਖਾ ਲਿਉ। ਸੋ ਮੈਂ ਰੋਟੀ ਛੱਡ ਕੇ ਕੰਪਿਊਟਰ ਵਾਲੇ ਅਧਿਆਪਕ ਦੀ ਸਕੂਟਰੀ ਚੁੱਕ ਸਬੰਧਤ ਵਿਦਿਆਰਥੀ ਦੇ ਘਰ, ਜੋ ਦੋ ਕਿਲੋਮੀਟਰ ਵਿੰਗੀਆਂ, ਟੇਢੀਆਂ ਅਤੇ ਭੀੜੀਆਂ ਗਲੀਆਂ 'ਚ ਸੀ, ਪਹੁੰਚ ਗਏ।
ਪਹਿਲੇ ਵਿਦਿਆਰਥੀ ਦੇ ਘਰ ਤਾਲਾ ਲਟਕ ਰਿਹਾ ਸੀ। ਗੁਆਂਢੀਆਂ ਨੇ ਦਸਿਆ ਕੇ ਉਹ ਸਾਰਾ ਟੱਬਰ ਨਾਲ ਦੇ ਪਿੰਡ ਵਿਆਹ ਤੇ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਪ੍ਰਵਾਰ ਦਾ ਕੋਈ ਜੀਅ ਨਹੀਂ ਸੀ ਮਿਲਿਆ। ਉਦੋਂ ਇਹ ਪ੍ਰਵਾਰ ਕੰਮ ਤੇ ਗਿਆ ਸੀ। ਅਸੀ ਗੁਆਂਢੀਆਂ ਨੂੰ ਪਹਿਲਾਂ ਵੀ ਕਹਿ ਕੇ ਆਏ ਸੀ ਅਤੇ ਪੁਲਿਸ ਵਿਚ ਐਫ਼.ਆਈ.ਆਰ. ਦਰਜ ਕਰਾਉਣ ਦੀ ਧਮਕੀ ਵੀ ਦਿਤੀ ਸੀ ਕਿ ਜੇਕਰ ਬੱਚਾ ਸਕੂਲ ਨਾ ਆਇਆ ਤਾਂ ਮਾਪਿਆਂ ਨੂੰ ਸਜ਼ਾ ਵੀ ਹੋ ਸਕਦੀ ਹੈ। ਸੋ ਨਿਰਾਸ਼ ਹੋ ਕੇ ਅਗਲੇ ਬੱਚੇ ਦੇ ਘਰ ਚੱਲ ਪਏ। ਉਨ੍ਹਾਂ ਦੇ ਘਰ ਵੀ ਤਾਲਾ ਲੱਗਾ ਹੋਇਆ ਸੀ।
ਗੁਆਂਢੀਆਂ ਨੇ ਦਸਿਆ ਕਿ ਉਹ ਬੱਚਾ ਇਕ ਦੁਕਾਨ ਤੇ ਲਗਿਆ ਹੈ। ਅਸੀ ਲਭਦੇ ਲਭਦੇ ਉਸ ਦੁਕਾਨ 'ਚ ਪਹੁੰਚ ਗਏ। ਉਥੇ ਬੱਚੇ ਨੂੰ ਵੇਖ ਕੇ ਅਸੀ ਭੱਜ ਕੇ ਝਪਟਾ ਮਾਰ ਕੇ ਬੱਚੇ ਨੂੰ ਇਕ ਇਕ ਬਾਂਹ ਤੋਂ ਫੜ ਲਿਆ, ਜਿਵੇਂ ਪੁਲਿਸ ਦੋਸ਼ੀ ਨੂੰ ਫੜਦੀ ਹੈ। ਵਿਦਿਆਰਥੀ ਸਾਨੂੰ ਉਥੇ ਵੇਖ ਕੇ ਹੈਰਾਨ ਹੋ ਗਿਆ। ਉਸ ਦੁਕਾਨ ਵਾਲੇ ਨੂੰ ਅਸੀ ਧਮਕੀ ਦਿਤੀ ਕਿ ਤੁਸੀ ਬਾਲ ਮਜ਼ਦੂਰੀ ਕਰਾਉਂਦੇ ਹੋ ਤੁਹਾਡੇ ਤੇ ਪੁਲਿਸ ਕੇਸ ਵੀ ਬਣ ਸਕਦਾ ਹੈ। ਉਹ ਡਰ ਗਿਆ ਅਤੇ ਕਹਿੰਦਾ, ''ਜੀ ਇਹ ਤਾਂ ਐਵੇਂ ਗਲੀਆਂ ਵਿਚ ਫਿਰਦਾ ਰਹਿੰਦੈ ਅਤੇ ਕਹਿੰਦੈ ਕਿ ਮੈਂ ਤਾਂ ਬਿਨਾਂ ਪੜ੍ਹੇ ਹੀ ਪਾਸ ਹੋ ਜਾਣੈ। ਮੈਨੂੰ ਕੋਈ ਫੇਲ੍ਹ ਨਹੀਂ ਕਰ ਸਕਦਾ, ਭਾਵੇਂ ਮੈਂ ਸਕੂਲ ਜਾਵਾਂ ਭਾਵੇਂ ਨਾ ਜਾਵਾਂ।''
ਸੋ ਬੱਚੇ ਨੂੰ ਮੈਂ ਬੜੇ ਪਿਆਰ ਨਾਲ ਮਨਾ ਕੇ ਪੇਪਰ ਦੇਣ ਲਈ ਕਿਹਾ, ''ਹਾਂ! ਪਾਸ ਤਾਂ ਹੋ ਜਾਵੇਂਗਾ, ਬੇਟੇ! ਇਕ ਵਾਰ ਮੇਰੇ ਨਾਲ ਚੱਲ ਕੇ ਪੇਪਰ ਵਿਚ ਬੈਠ ਜਾ।'' ਉਹ ਕਹਿੰਦਾ, ''ਪਰ ਮੇਰਾ ਪੈੱਨ ਅਤੇ ਫੱਟਾ ਤਾਂ ਮੇਰੇ ਕੋਲ ਨਹੀਂ ਮੈਡਮ।'' ਅਸੀ ਕਿਹਾ ਸਕੂਲ ਚੱਲ ਕੇ ਅਸੀ ਤੈਨੂੰ ਆਪੇ ਲੈ ਦੇਵਾਂਗੇ। ਸਕੂਟਰੀ ਤੇ ਬਿਠਾ ਕੇ ਮੈਂ ਅਤੇ ਸਾਥਣ ਅਧਿਆਪਕਾ ਚੱਲਣ ਹੀ ਲੱਗੇ ਸੀ ਕਿ ਸਕੂਲ ਤੋਂ ਫ਼ੋਨ ਆ ਗਿਆ, ''ਮੈਡਮ ਤੁਹਾਡੀ ਜਮਾਤ ਦਾ ਇਕ ਹੋਰ ਬੱਚਾ, ਜਿਸ ਨੂੰ ਬੀਤੇ ਦਿਨੀਂ ਮਨਾ ਕੇ ਸਕੂਲ ਲਿਆਂਦਾ ਸੀ, ਪੇਪਰ ਸ਼ੁਰੂ ਹੋਣ ਤੋਂ ਕੁੱਝ ਮਿੰਟ ਪਹਿਲਾਂ ਭੱਜ ਗਿਆ।'' ਮੈਡਮ ਘਬਰਾ ਗਏ। ਏਨੇ ਨੂੰ ਸਾਡੇ ਸਕੂਲ ਦੇ ਦੋ ਵਿਦਿਆਰਥੀ ਜੋ ਮੋਟਰਸਾਈਕਲ ਤੇ ਜਾ ਰਹੇ ਸਨ, ਅਸੀ ਉਨ੍ਹਾਂ ਨੂੰ ਰੋਕ ਲਿਆ। ਮੈਡਮ ਨੇ ਉਸ ਦੌੜ ਕੇ ਗਏ ਬੱਚੇ ਦਾ ਨਾਂ ਦੱਸ ਕੇ ਉਸ ਦਾ ਘਰ ਪੁਛਿਆ, ਉਸ ਵਿਦਿਆਰਥੀ ਨੇ ਹਾਂ ਕਰ ਦਿਤੀ। ਮੈਡਮ ਸਾਥੀ ਬੱਚੇ ਨੂੰ ਮੋਟਰਸਾਈਕਲ ਤੋਂ ਉਤਾਰ ਉਸ ਦੌੜੇ ਬੱਚੇ ਨੂੰ ਲੈਣ ਫੁੱਲੋ ਮਿੱਠੀ ਪਿੰਡ ਚੱਲ ਪਏ। ਜੋ ਬੱਚਾ ਮੇਰੀ ਐਕਟਿਵਾ ਉਤੇ ਬੈਠਾ ਸੀ ਉਸ ਨੂੰ ਮੈਂ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਪੇਪਰ ਦੇਣ ਲਈ ਮਨਾ ਲਿਆ ਸੀ। ਪਰ ਅੰਦਰੋਂ ਮੈਂ ਡਰ ਰਹੀ ਸੀ ਕਿ ਇਹ ਬੱਚਾ ਕਿਤੇ ਐਕਟਿਵਾ ਤੋਂ ਛਾਲ ਮਾਰ ਕੇ ਭੱਜ ਹੀ ਨਾ ਜਾਵੇ। ਸੋ ਸਕੂਲ ਪਹੁੰਚ ਕੇ ਅਪਣੇ ਆਪ ਨੂੰ ਜਿੱਤੀ ਹੋਈ ਮਹਿਸੂਸ ਕਰ ਕੇ ਬੱਚੇ ਨੂੰ ਸੂਪਰਡੈਂਟ ਅਤੇ ਸੁਪਰਵਾਈਜ਼ਰ ਦੇ ਹਵਾਲੇ ਕਰ ਕੇ ਸੁੱਖ ਦਾ ਸਾਹ ਲਿਆ। ਉਨ੍ਹਾਂ ਨੂੰ ਕਿਹਾ ਜੇਕਰ ਹੁਣ ਬੱਚਾ ਭੱਜ ਗਿਆ ਤੁਹਾਡੀ ਜ਼ਿੰਮੇਵਾਰੀ ਹੈ। ਪਰ ਉਨ੍ਹਾਂ ਮੈਨੂੰ ਇਸ ਬਾਰੇ ਫ਼ਿਕਰ ਨਾ ਕਰਨ ਲਈ ਕਿਹਾ। ਹੁਣ ਮੈਂ ਪੈੱਨ ਅਤੇ ਫੱਟੇ ਦਾ ਪ੍ਰਬੰਧ ਕਰਨ ਵਿਚ ਰੁੱਝ ਗਈ। ਏਨੇ ਨੂੰ 'ਏ' ਸੈਕਸ਼ਨ ਵਾਲੇ ਮੈਡਮ ਭਜਦੇ ਹੋਏ ਆਏ ਅਤੇ ਕਹਿੰਦੇ ਮੈਡਮ ਇਨ੍ਹਾਂ ਨੂੰ ਛੱਡੋ, ਹੁਣ ਮੇਰੇ ਨਾਲ ਚੱਲੋ ਮੇਰੀ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਪੇਪਰ ਦੇਣ ਨਹੀਂ ਆਈ। ਪੇਪਰ ਸ਼ੁਰੂ ਹੋ ਚੁੱਕਾ ਸੀ ਇਕ ਵੱਜ ਚੁੱਕਾ ਸੀ। ਅਮਨਦੀਪ ਕੌਰ ਦਾ ਘਰ ਪਤਾ ਨਹੀਂ ਸੀ।
ਮੈਡਮ ਨੇ ਅਪਣੀ ਜਮਾਤ ਦੀ ਇਕ ਕੁੜੀ ਲਈ ਅਤੇ ਐਕਟਿਵਾ ਉਤੇ ਬਿਠਾ ਕੇ ਅਸੀ ਅਮਨਦੀਪ ਦੇ ਘਰ ਪਹੁੰਚੇ। ਜਦੋਂ ਉਸ ਕੁੜੀ ਦੇ ਘਰ ਪਹੁੰਚੇ ਤਾਂ ਉਹ ਸਾਰਾ ਟੱਬਰ ਵਿਆਹ ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਇੰਚਾਰਜ ਮੈਡਮ ਦਾ ਘਬਰਾਹਟ ਕਾਰਨ ਬਲੱਡ ਪ੍ਰੈਸ਼ਰ ਵੱਧ ਰਿਹਾ ਸੀ। ਅਸੀ ਮਾਪਿਆਂ ਨੂੰ ਕਿਹਾ ਅੱਜ ਪੇਪਰ ਹੈ ਇਸ ਨੂੰ ਸਕੂਲ ਕਿਉਂ ਨਹੀਂ ਭੇਜਿਆ? ਉਹ ਕਹਿੰਦੇ, ''ਅਸੀ ਤਾਂ ਵਿਆਹ ਤੇ ਜਾਣੈ, ਪੇਪਰ ਤਾਂ ਹੁੰਦੇ ਹੀ ਰਹਿੰਦੇ ਨੇ।''
ਅਸੀ ਕਿਹਾ, ''ਨਹੀਂ! ਅੱਜ ਪੱਕਾ ਪੇਪਰ ਹੈ। ਜ਼ਰੂਰੀ ਹੈ ਇਸ ਦਾ ਜਾਣਾ ਪੇਪਰ ਵਿਚ।'' ਕੁੜੀ ਵਧੀਆ ਸੂਟ ਪਾ ਕੇ ਵਿਆਹ ਜਾਣ ਲਈ ਤਿਆਰ ਬੜੀ ਜੱਚ ਰਹੀ ਸੀ ਤੇ ਚਾਈਂ-ਚਾਈਂ ਵਾਲ ਸਵਾਰ ਰਹੀ ਸੀ। ਕੁੜੀ ਦੀ ਦਾਦੀ ਅਤੇ ਮੰਮੀ ਕਹਿੰਦੀਆਂ, ''ਭੈਣ ਜੀ ਵਿਆਹ ਤੋਂ ਆ ਕੇ ਪੇਪਰ ਦੇ ਦੇਵੇਗੀ। ਅੱਜ ਤਾਂ ਇਸ ਨੂੰ ਛੁੱਟੀ ਦਿਉ।''
ਸਾਥੀ ਮੈਡਮ ਚੀਕੀ, ''ਨਹੀਂ! ਅੱਜ ਪੱਕਾ ਪੇਪਰ ਹੈ। ਚੱਲ ਮੇਰੇ ਨਾਲ।''
''ਇਸ ਤਰ੍ਹਾਂ ਅਸੀ ਤਾਂ ਭੈਣ ਜੀ ਲੇਟ ਹੋ ਜਾਵਾਂਗੇ'', ਦਾਦੀ ਨੇ ਕਿਹਾ।
''ਨਹੀਂ ਨਹੀਂ, ਮੈਨੂੰ ਕੁੱਝ ਨਹੀਂ ਪਤਾ। ਚੱਲ ਮੇਰੇ ਨਾਲ।'' ਮੈਡਮ ਨੇ ਕੁੜੀ ਨੂੰ ਘੜੀਸ ਕੇ ਮੇਰੀ ਐਕਟਿਵਾ ਉਤੇ ਬਿਠਾ ਦਿਤਾ। ਕੁੜੀ ਦੀ ਮਾਂ ਅਤੇ ਦਾਦੀ ਆਵਾਜ਼ਾਂ ਮਾਰਨ, ''ਭੈਣ ਜੀ ਗੁੱਤ ਤਾਂ ਕਰ ਲੈਣ ਦਿਉ।'' ਪਰ ਮੈਡਮ ਨੇ ਕਿਹਾ, ''ਨਹੀਂ ਇਸੇ ਤਰ੍ਹਾਂ ਹੀ ਠੀਕ ਏ, ਜਾਣ ਦਿਉ ਸਾਨੂੰ, ਪੇਪਰ ਸ਼ੁਰੂ ਹੋ ਚੁੱਕਾ ਸੀ।''
ਹੁਣ ਡੇਢ ਵੱਜ ਚੁੱਕਾ ਸੀ ਪੇਪਰ ਵਿਚ ਬੱਚਿਆਂ ਨੂੰ ਬਿਠਾ ਕੇ ਸੁੱਖ ਦਾ ਸਾਹ ਲਿਆ। ਮੈਂ ਫ਼ਿਕਰਮੰਦ ਹੁੰਦਿਆਂ ਕਿਹਾ, ''ਪ੍ਰਿੰਸੀਪਲ ਸਰ! ਅਜੇ ਵੀ ਤਿੰਨ ਵਿਦਿਆਰਥੀ ਪੇਪਰ ਵਿਚ ਬੈਠਣ ਤੋਂ ਰਹਿ ਗਏ। ਪਤਾ ਨਹੀ ਪ੍ਰਵਾਰ ਸਮੇਤ ਕਿੱਥੇ ਚਲੇ ਗਏ? ਗ਼ੈਰਹਾਜ਼ਰਾਂ ਦਾ ਕੀ ਬਣੇਗਾ ਜੀ?'' ਪ੍ਰਿੰਸੀਪਲ ਨੇ ਕਿਹਾ, ''ਕੋਈ ਨਹੀਂ ਭੈਣ ਜੀ ਦੋਸ਼ੀ ਤਾਂ ਅਧਿਆਪਕ ਅਤੇ ਪ੍ਰਿੰਸੀਪਲ ਹੀ ਬਣਨੇ ਹਨ। ਹੋਰ ਕੀ ਬਣਨੈ? ਚੰਡੀਗੜ੍ਹ ਪੇਸ਼ੀ ਭੁਗਤ ਆਵਾਂਗੇ। ਮਹਿਕਮਾ ਜੋ ਸਜ਼ਾ ਦੇਵੇਗਾ ਭੁਗਤ ਲਵਾਂਗੇ। ਹੋਰ ਕਰ ਵੀ ਕੀ ਸਕਦੇ ਆਂ?''