ਸਿਆਲਕੋਟ ਦੀ ਪੈਦਾਇਸ਼ ਮਹਾਨ ਸ਼ਖ਼ਸ਼ੀਅਤਾਂ
ਕਰਤਾਰਪੁਰ ਸਾਹਿਬ, ਜਿਥੇ ਗੁਰੂ ਨਾਨਕ ਸਾਹਿਬ ਨੇ ਅਪਣੀ ਜ਼ਿੰਦਗੀ ਦੇ ਆਖ਼ਰੀ 17 ਤੋਂ ਵੀ ਵੱਧ ਸਾਲ ਗੁਜ਼ਾਰੇ, ਕਿਰਤ ਕੀਤੀ, ਹਲ ਵਾਹੇ, ਖੂਹ ਜੋਏ, ਨੱਕੇ ਮੋੜੇ
ਕਰਤਾਰਪੁਰ ਸਾਹਿਬ, ਜਿਥੇ ਗੁਰੂ ਨਾਨਕ ਸਾਹਿਬ ਨੇ ਅਪਣੀ ਜ਼ਿੰਦਗੀ ਦੇ ਆਖ਼ਰੀ 17 ਤੋਂ ਵੀ ਵੱਧ ਸਾਲ ਗੁਜ਼ਾਰੇ, ਕਿਰਤ ਕੀਤੀ, ਹਲ ਵਾਹੇ, ਖੂਹ ਜੋਏ, ਨੱਕੇ ਮੋੜੇ, ਪੱਠੇ ਵੱਢੇ, ਉਥੇ ਹੀ ਅਧਿਆਤਮਕ ਜੀਵਨ ਬਤੀਤ ਕਰਦਿਆਂ ਲੋਕਾਈ ਨੂੰ ਵਿਗਿਆਨਕ ਸੋਚ ਰੱਖਣ ਦਾ ਗਿਆਨ ਦਿਤਾ। ਸ਼ਾਇਦ ਉਸੇ ਇਲਾਹੀ ਨੂਰ ਦਾ ਹੀ ਅਸਰ ਹੈ ਕਿ ਰਾਵੀ ਦਰਿਆ ਦੇ ਨਾਲ ਲਗਦੇ ਇਸ ਖ਼ਿੱਤੇ, ਸਿਆਲਕੋਟ ਜ਼ਿਲ੍ਹੇ ਦੀ ਧਰਤੀ ਨੇ ਬਹੁਤ ਹੀ ਜ਼ਹੀਨ ਤੇ ਚਮਕਦੇ ਸਿਤਾਰੇ ਪੈਦਾ ਕੀਤੇ ਹਨ ਜਿਨ੍ਹਾਂ ਦਾ ਨਾਂ ਕੁਲ ਆਲਮ ਵਿਚ ਚਮਕ ਰਿਹਾ ਹੈ। ਕਾਸ਼ਤਕਾਰੀ ਵਜੋਂ ਜ਼ਰਖ਼ੇਜ਼ ਹੋਣ ਦੇ ਨਾਲ-ਨਾਲ ਸਿਆਲਕੋਟ ਦੀ ਇਸ ਜ਼ਮੀਨ ਨੇ ਉਮਦਾ ਸ਼ਖ਼ਸ਼ੀਅਤਾਂ ਵੀ ਪੈਦਾ ਕੀਤੀਆਂ ਹਨ।
ਸੱਭ ਤੋਂ ਪਹਿਲਾਂ, ਇਸ ਖ਼ਿੱਤੇ 'ਚ ਜਨਮੇ ਜਨਾਬ ਕੁਲਦੀਪ ਨਈਅਰ (14.8.1923-23.8.2018) ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਜਨਮ ਸਿਆਲਕੋਟ ਵਿਚ ਹੋਇਆ ਸੀ। ਉਹ ਚੋਟੀ ਦੇ ਲੇਖਕ, ਸਾਬਕਾ ਰਾਜ ਸਭਾ ਦੇ ਮੈਂਬਰ, ਯੂਨਾਈਟਡ ਕਿੰਗਡਮ 'ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ, ਭਾਰਤ-ਪਾਕਿ ਦੋਸਤੀ ਦੇ ਅਲੰਬਰਦਾਰ, ਦਿੱਲੀ ਤੋਂ ਲਾਹੌਰ ਤਕ ਆਗ਼ਾਜ਼-ਏ-ਦੋਸਤੀ ਦੇ ਡੈਲੀਗੇਸ਼ਨ ਨੂੰ ਹਰੀ ਝੰਡੀ ਦੇ ਕੇ ਤੋਰਨ ਵਾਲੇ ਤੇ ਭਾਰਤ ਦਾ ਉੱਚ ਸਨਮਾਨ ਪਦਮ ਭੂਸ਼ਨ ਪ੍ਰਾਪਤ ਕਰਨ ਵਾਲੇ ਸ਼ਖ਼ਸ ਸਨ।
ਭਾਰਤ-ਪਾਕਿ ਦੋਸਤੀ ਖ਼ਾਤਰ ਉਹ, 1995 ਤੋਂ ਲੈ ਕੇ ਆਖ਼ਰ ਤਕ, 14-15 ਅਗੱਸਤ ਨੂੰ ਵਾਹਗਾ ਸਰਹੱਦ 'ਤੇ ਮੋਮਬੱਤੀਆਂ ਜਗਾਉਂਦੇ ਰਹੇ। ਲਾਹੌਰ ਦੇ ਹੋਟਲ ਅਵਾਰੀ ਵਿਚ ਉਨ੍ਹਾਂ ਦੀ ਕਿਤਾਬ 'ਐਨ ਆਟੋ ਬਾਇਓਗ੍ਰਾਫ਼ੀ' ਦੀ ਘੁੰਡ ਚੁਕਾਈ ਦਾ ਪ੍ਰਬੰਧ, ਉਨ੍ਹਾਂ ਦੇ ਪਾਕਿਸਤਾਨੀ ਮਿੱਤਰ ਜਨਾਬ ਜਲੀਲ ਅਹਿਮਦ ਖ਼ਾਂ ਨੇ ਕੀਤਾ ਸੀ। ਨਈਅਰ ਦੀ ਮੌਤ ਤੋਂ ਬਾਅਦ, ਖ਼ਵਾਹਿਸ਼ ਮੁਤਾਬਿਕ ਉਨ੍ਹਾਂ ਦੀਆਂ ਅਸਥੀਆਂ ਤੇ ਰਾਖ ਲਾਹੌਰ ਦੇ ਨਜ਼ਦੀਕ, ਰਾਵੀ ਦਰਿਆ ਵਿਚ ਸਪੁਰਦ-ਏ-ਆਬ ਕੀਤੀਆਂ ਗਈਆਂ ਸਨ।
ਕਸਬਾ ਸ਼ਕਰਗੜ੍ਹ ਪਹਿਲਾਂ, ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਸੀ। ਪਹਿਲਾਂ, ਪੂਰਾ ਜ਼ਿਲ੍ਹਾ ਗੁਰਦਾਸਪੁਰ, ਪਾਕਿਸਤਾਨ ਨੂੰ ਦੇ ਦਿਤਾ ਗਿਆ ਸੀ, 15 ਤੇ 16 ਅਗੱਸਤ ਨੂੰ ਇਹ ਭਾਰਤ ਵਿਚ ਨਹੀਂ ਸੀ। ਪਰ ਦੁਬਾਰਾ ਹੱਦ-ਬੰਦੀ ਵਿਚ, 17 ਅਗੱਸਤ ਤੋਂ ਇਹ ਭਾਰਤ ਵਿਚ ਆਇਆ ਸੀ। ਸੋ ਕਹਿ ਸਕਦੇ ਹਾਂ ਕਿ ਗੁਰਦਾਸਪੁਰ 17 ਅਗੱਸਤ ਨੂੰ ਆਜ਼ਾਦ ਹੋਇਆ ਸੀ, ਪਰ ਸ਼ਕਰਗੜ੍ਹ ਪਾਕਿਸਤਾਨ ਦੇ ਹਿੱਸੇ ਆ ਗਿਆ ਜੋ ਹੁਣ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਹੈ। ਇਸੇ ਸ਼ਕਰਗੜ੍ਹ ਵਿਚ ਬਾਲੀਵੁੱਡ ਦੇ ਅਦਾਕਾਰ, ਹਿਦਾਇਤਕਾਰ ਤੇ ਪ੍ਰੋਡਿਊਸਰ ਦੇਵ ਆਨੰਦ (28.8.1923 ਤੋਂ 3.12.2001) ਦੀ ਪੈਦਾਇਸ਼ ਹੋਈ ਸੀ।
ਉਨ੍ਹਾਂ ਦੀਆਂ ਬੇਹਤਰੀਨ ਫ਼ਿਲਮਾਂ ਹਨ: ਕਾਲਾ ਬਾਜ਼ਾਰ, ਬੰਬਈ ਕਾ ਬਾਬੂ, ਜੌਨੀ ਮੇਰਾ ਨਾਮ, ਤੇਰੇ ਘਰ ਕੇ ਸਾਮਨੇ, ਪ੍ਰੇਮ ਪੁਜਾਰੀ, ਅਸਲੀ ਨਕਲੀ, ਤੀਨ ਦੇਵੀਆਂ, ਗਾਈਡ, ਜਿਊਲ ਥੀਫ਼, ਸਜ਼ਾ, ਕਾਲਾ ਪਾਨੀ, ਜ਼ਿੱਦੀ, ਛੁਪਾ ਰੁਸਤਮ, ਪਤਿਤਾ, ਜ਼ਲਜ਼ਲਾ, ਤਮਾਸ਼ਾ, ਤੇਰੇ ਮੇਰੇ ਸਪਨੇ, ਟੈਕਸੀ ਡਰਾਇਵਰ, ਬਨਾਰਸੀ ਬਾਬੂ, ਹਰੇ ਰਾਮਾ ਹਰੇ ਕਿਸ਼ਨਾ ਅਦਿ। ਬਾਲੀਵੁਡ ਦੇ ਮਸ਼ਹੂਰ-ਓ-ਮਾਅਰੂਫ਼ ਅਦਾਕਾਰ ਏ.ਕੇ. ਹੰਗਲ (ਅਵਤਾਰ ਕਿਸ਼ਨ) ਦਾ ਜਨਮ ਵੀ ਸਿਆਲਕੋਟ ਦਾ ਹੀ ਹੈ ਜਿਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਹਨ ਸ਼ੋਅਲੇ, ਸ਼ੌਕੀਨ, ਹੀਰਾ ਪੰਨਾ, ਜੋਸ਼ੀਲੇ, ਨਮਕ ਹਰਾਮ, ਲਾਟ ਸਾਹਿਬ, ਮੀਰਾ ਕਾ ਮੋਹਨ ਆਦਿ।
ਹੁਣ ਗੱਲ ਕਰੀਏ ਬੱਰੇ ਸਗ਼ੀਰ 'ਚ ਮਸ਼ਹੂਰ-ਓ-ਮਾਅਰੂਫ਼, ਉਮਦਾ ਗੁਲੂਕਾਰ ਜਨਾਬ ਗ਼ੁਲਾਮ ਅਲੀ ਦੀ ਜੋ 5 ਦਸੰਬਰ 1940 ਨੂੰ ਸਿਆਲਕੋਟ ਨੇੜਲੇ ਪਿੰਡ ਕਾਲੇਕੇ ਨਗਰ 'ਚ ਪੈਦਾ ਹੋਏ ਸਨ। ਬਾਲੀਵੁੱਡ ਦੀ ਫ਼ਿਲਮ 'ਨਿਕਾਹ' ਵਾਸਤੇ ਉਨ੍ਹਾਂ ਦਾ ਗਾਣਾ 'ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ' ਕੌਣ ਭੁੱਲ ਸਕਦਾ ਹੈ? ਗ਼ੁਲਾਮ ਅਲੀ ਨੇ ਅਨੇਕਾਂ ਹੀ ਸਟੇਜਾਂ 'ਤੇ ਅਤੇ ਫ਼ਿਲਮਾਂ ਵਿਚ ਲਾਜਵਾਬ ਗ਼ਜ਼ਲਾਂ ਤੇ ਗੀਤ ਗਾਏ ਹਨ ਜਿਵੇਂ: 'ਮਹਿਫ਼ਿਲ ਮੇਂ ਬਾਰ ਬਾਰ ਕਿਸੀ ਪਰ ਨਜ਼ਰ ਗਈ', 'ਆਵਾਰਗੀ', 'ਹੰਗਾਮਾ ਹੈ ਕਿਉਂ ਬਰਪਾ ਥੋੜ੍ਹੀ ਸੀ ਜੋ ਪੀ ਲੀ ਹੈ', 'ਦਿਲ ਮੇਂ ਇਕ ਲਹਿਰ ਸੀ ਉਠੀ ਹੈ', 'ਅਪਨੀ ਧੁਨ ਮੇਂ ਰਹਿਤਾ ਹੂੰ' ਤੇ ਪੰਜਾਬੀ 'ਚ 'ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ', 'ਤੇਰੇ ਪਿਆਰ ਦੀ ਸਹੁੰ ਮੈਨੂੰ' ਆਦਿ।
'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ, ਹਮ ਬੁਲਬੁਲੇਂ ਹੈਂ ਹੈਂ ਇਸ ਕੀ ਯੇ ਗ਼ੁਲਸਿਤਾਂ ਹਮਾਰਾ' ਗਾਣੇ ਸੇ ਰਚਨਹਾਰੇ, ਜਨਾਬ ਮੁਹੰਮਦ ਇਕਬਾਲ (9.11.1877 ਤੋਂ 21.4.1938) ਜਿਨ੍ਹਾਂ ਨੂੰ ਆਮ ਕਰ ਕੇ ਅੱਲਾਮਾ ਇਕਬਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਪੈਦਾਇਸ਼ ਵੀ ਸਿਆਲਕੋਟ ਦੀ ਹੀ ਹੈ। ਉਹ ਇਕ ਮਹਾਨ ਸਹਾਫ਼ੀ, ਫ਼ਿਲਾਸਫ਼ਰ, ਨਗ਼ਮਾ ਨਿਗਾਰ, ਕਵੀ, ਬੈਰਿਸਟਰ ਤੇ ਪਾਕਿਸਤਾਨ ਮੂਵਮੈਂਟ ਨੂੰ ਹਲੂਣਾ ਦੇਣ ਵਾਲੇ, ਜਿਨ੍ਹਾਂ ਨੂੰ ਪਾਕਿਸਤਾਨ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ, ਉਰਦੂ ਤੇ ਫ਼ਾਰਸੀ ਅਦਬ ਦੇ ਮਾਹਰ ਸਨ। ਇਕਬਾਲ ਨੇ ਪੰਜਾਬੀ ਵਿਚ ਵੀ ਲਿਖਿਆ ਹੈ ਜੋ ਸਿਆਲਕੋਟ ਵਿਚ ਉਨ੍ਹਾਂ ਦੀ ਪੈਦਾਇਸ਼ ਵਾਲੀ ਜਗ੍ਹਾ 'ਇਕਬਾਲ ਮੰਜ਼ਿਲ' 'ਚ ਬਣੀ 4000 ਕਿਤਾਬਾਂ ਵਾਲੀ ਲਾਇਬ੍ਰੇਰੀ 'ਚ ਮਹਿਫ਼ੂਜ਼ ਹੈ।
ਇਸੇ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ (23.7.1936 ਤੋਂ 6.5.1973) ਜਿਸ ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ, ਦਾ ਜਨਮ ਸਿਆਲਕੋਟ ਦੇ ਨੇੜਲੇ ਬੜਾ ਪਿੰਡ ਲੋਹਤੀਆਂ 'ਚ ਹੋਇਆ ਸੀ। ਨਿਵੇਕਲੀ ਕਵਿਤਾ ਵਾਸਤੇ ਉਸ ਨੂੰ ਬਹੁਤ ਛੋਟੀ ਉਮਰ 'ਚ ਹੀ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ। ਪੀੜਾਂ ਦਾ ਪਰਾਗਾ, ਲੂਣਾਂ, ਦਰਦਮੰਦਾਂ ਦੀਆਂ ਆਹੀਂ, ਮੈਨੂੰ ਵਿਦਾ ਕਰੋ, ਆਟੇ ਦੀਆਂ ਚਿੜੀਆਂ, ਆਰਤੀ, ਬਿਰਹਾ ਤੂੰ ਸੁਲਤਾਨ ਆਦਿ, ਸ਼ਿਵ ਦੀਆਂ ਬਿਹਤਰੀਨ ਰਚਨਾਵਾਂ ਹਨ ਜੋ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਗਾਇਕਾਂ ਨੇ ਗਾਈਆਂ ਹਨ।
ਮਸ਼ਹੂਰ-ਓ-ਮਾਅਰੂਫ ਅਫ਼ਸਾਨਾ ਨਿਗ਼ਾਰ, ਬਾਲੀਵੁੱਡ ਫ਼ਿਲਮਾਂ ਦੇ ਹਿਦਾਇਤਕਾਰ ਤੇ ਮੁਕਾਲਮੇ ਲਿਖਣ ਵਾਲੇ ਜਨਾਬ ਰਜਿੰਦਰ ਸਿੰਘ ਬੇਦੀ (1.9.1915 ਤੋਂ 11.11.1984) ਦਾ ਜਨਮ ਪਿੰਡ ਡੱਲੇਕੀ (ਸਿਆਲਕੋਟ) 'ਚ ਹੋਇਆ ਸੀ। ਇਨ੍ਹਾਂ ਦੀਆਂ ਕੁੱਝ ਅਹਿਮ ਫ਼ਿਲਮਾਂ ਹਨ: ਮਧੂਮਤੀ, ਅਨੁਪਮਾ, ਸੱਤਿਆਕਾਮ, ਫਾਗੁਨ, ਦਸਤਕ, ਅਭਿਮਾਨ, ਦਾਗ਼, ਗਰਮ ਕੋਟ, ਬੜੀ ਬਹਿਨ, ਏਕ ਚਾਦਰ ਮੈਲੀ ਸੀ ਆਦਿ। ਕਈ ਫ਼ਿਲਮਾਂ ਦੇ ਮੁਕਾਲਮੇਂ ਲਿਖਣ ਵਾਸਤੇ ਬੇਦੀ ਜੀ ਨੂੰ ਫ਼ਿਲਮ ਫੇਅਰ ਅਵਾਰਡ ਮਿਲੇ।
ਬਾਲੀਵੁੱਡ ਦੇ ਜੁਬਲੀ ਸਟਾਰ, ਰਜਿੰਦਰ ਕੁਮਾਰ (20.7.1929 ਤੋਂ 12.7 1999) ਦੀ ਪੈਦਾਇਸ਼ ਵੀ ਸਿਆਲਕੋਟ ਦੇ ਤੁਲੀ ਪ੍ਰਵਾਰ 'ਚ ਹੋਈ ਸੀ। ਇਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਹਨ: ਮਦਰ ਇੰਡੀਆ, ਧੂਲ ਕਾ ਫੂਲ, ਸੰਗਮ, ਗੋਰਾ ਔਰ ਕਾਲਾ, ਗੰਵਾਰ, ਸਾਥੀ, ਆਈ ਮਿਲਨ ਕੀ ਬੇਲਾ, ਆਰਜ਼ੂ, ਸੂਰਜ, ਸੁਸਰਾਲ, ਮੇਰੇ ਮਹਿਬੂਬ, ਪਾਲਕੀ, ਦਿਲ ਏਕ ਮੰਦਰ, ਧਰਤੀ ਆਦਿ। ਇਸੇ ਤਰ੍ਹਾਂ ਬਾਲੀਵੁੱਡ ਦੇ ਇਕ ਹੋਰ ਪ੍ਰੋਡਿਊਸਰ, ਹਦਾਇਤਕਾਰ ਤੇ ਐਕਟਰ ਓ.ਪੀ. ਰਲਹਣ (21.8.1928 ਤੋਂ 20.4.1999) ਵੀ ਸਿਆਲਕੋਟ ਵਿਚ ਹੀ ਪੈਦਾ ਹੋਏ ਸਨ ਜਿਨ੍ਹਾਂ ਦੀਆਂ ਫੂਲ ਔਰ ਪੱਥਰ, ਗਹਿਰਾ ਦਾਗ਼, ਤਲਾਸ਼, ਹਲਚਲ, ਬੰਧੇ ਹਾਥ, ਪਾਪੀ, ਮੁਜਰਮ ਅਦਿ ਅਹਿਮ ਫ਼ਿਲਮਾਂ ਹਨ।
ਹੋਰ ਤੇ ਹੋਰ, ਭਾਰਤ ਦੇ ਇਕ ਸਾਬਕਾ ਪ੍ਰਧਾਨ ਮੰਤਰੀ ਗੁਲਜ਼ਾਰੀ ਲਾਲ ਨੰਦਾ (4.7.1898 ਤੋਂ 15.1.1998), ਜੋ ਜਵਾਹਰ ਲਾਲ ਨਹਿਰੂ ਤੇ ਲਾਲ ਬਹਾਦਰ ਦੀ ਮੌਤ ਤੋਂ ਬਾਅਦ, ਥੋੜ੍ਹੇ ਥੋੜ੍ਹੇ ਸਮੇਂ ਵਾਸਤੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ, ਦੀ ਪੈਦਾਇਸ਼ ਵੀ ਸਿਆਲਕੋਟ ਦੀ ਹੀ ਹੈ। ਸਿਆਲਕੋਟ ਨੇ ਪਾਕਿਸਤਾਨ ਦੇ ਮੌਜੂਦਾ ਸਿਆਸਤਦਾਨ ਜਨਾਬ ਰਹਿਮਾਨ ਮਲਿਕ, ਕਈ ਕ੍ਰਿਕਟਰ (ਸ਼ੋਏਬ ਮਲਿਕ, ਜ਼ਹੀਰ ਅੱਬਾਸ, ਇਜਾਜ਼ ਅਹਿਮਦ, ਮੁਹੰਮਦ ਇਜਾਜ਼ ਭੱਟ) ਅਤੇ ਹਾਕੀ ਖਿਡਾਰੀ ਨਾਸਿਰ ਅਲੀ ਵੀ ਪੈਦਾ ਕੀਤੇ ਹਨ। ਲੇਖਕ ਦੇ (ਮੇਰੇ) ਮੈਂਟਰ ਤੇ ਗਾਈਡ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਾਬਕਾ ਪੈਥਾਲੋਜੀ ਮੁਖੀ ਡਾ. ਬੀ.ਆਰ. ਪ੍ਰਭਾਕਰ ਅਤੇ ਐਮ.ਡੀ.ਐਚ. ਮਸਾਲਿਆਂ ਵਾਲੇ ਮਹਾਸ਼ਾ ਧਰਮਪਾਲ ਜੀ ਵੀ ਸਿਆਲਕੋਟ ਤੋਂ ਹੀ ਹਨ।
ਸੋ ਸਿਆਲਕੋਟ ਦੀ ਜ਼ਰਖ਼ੇਜ਼ ਧਰਤ ਨੇ ਬਹੁਤ ਹੀ ਜ਼ਹੀਨ ਸ਼ਖ਼ਸ ਪੈਦਾ ਕੀਤੇ ਹਨ। ਇਸ ਸਰਜ਼ਮੀਂ ਨੇ ਐਸੇ ਸੋਹਣੀ ਸ਼ਖ਼ਸ਼ੀਅਤ ਵਾਲੇ 'ਮੁੰਡੇ' ਪੈਦਾ ਕੀਤੇ ਹਨ, ਇਸੇ ਕਰ ਕੇ ਇਕ ਗਾਣਾ ਬਹੁਤ ਮਸ਼ਹੂਰ ਰਿਹਾ ਹੈ, “ਵੇ ਮੁੰਡਿਆ ਸਿਆਲਕੋਟੀਆ, ਹਾਏ ਵੇ ਮੁੰਡਿਆ ਸਿਆਲਕੋਟੀਆ, ਤੇਰੇ ਮੁਖੜੇ ਦਾ ਕਾਲਾ ਕਾਲਾ ਤਿਲ ਵੇ, ਸਾਡਾ ਕੱਢ ਕੇ ਲੈ ਗਿਆ ਦਿਲ ਵੇ, ਹਾਏ ਵੇ ਮੁੰਡਿਆ ਸਿਆਲਕੋਟੀਆ”!
-ਡਾ. ਮਨਜੀਤ ਸਿੰਘ ਬੱਲ, ਸੰਪਰਕ : 98728-43491