ਗੱਲਾਂ ਨਹੀਂ ਭੁਲਦੀਆਂ ਬਾਈ ਅਜਮੇਰ ਦੀਆਂ
ਬਾਈ ਅਜਮੇਰ ਮੇਰੀ ਲੁਠੇੜੀ ਵਾਲੀ ਭੂਆ ਦਾ ਸੱਭ ਤੋਂ ਵੱਡਾ ਲੜਕਾ ਸੀ ਅਤੇ ਬਚਪਨ ਵਿਚ ਉਨ੍ਹਾਂ ਦਾ ਪ੍ਰਵਾਰ ਸਾਡੇ ਪਿੰਡ ਹੀ ਅਲੱਗ ਰਹਿੰਦਾ ਸੀ................
ਬਾਈ ਅਜਮੇਰ ਮੇਰੀ ਲੁਠੇੜੀ ਵਾਲੀ ਭੂਆ ਦਾ ਸੱਭ ਤੋਂ ਵੱਡਾ ਲੜਕਾ ਸੀ ਅਤੇ ਬਚਪਨ ਵਿਚ ਉਨ੍ਹਾਂ ਦਾ ਪ੍ਰਵਾਰ ਸਾਡੇ ਪਿੰਡ ਹੀ ਅਲੱਗ ਰਹਿੰਦਾ ਸੀ। ਮੇਰੇ ਨਾਲੋਂ ਬਾਈ ਅਜਮੇਰ 10-12 ਸਾਲ ਵੱਡਾ ਸੀ ਤੇ ਮੈਨੂੰ ਬਚਪਨ ਵਿਚ ਉਹ ਬਹੁਤ ਪਿਆਰ ਕਰਦਾ ਸੀ। ਮੈਂ ਵੀ ਉਸ ਨੂੰ ਵੱਡਾ ਵੀਰ ਹੋਣ ਕਰ ਕੇ ਬਾਈ ਕਹਿ ਕੇ ਬੁਲਾਉਂਦਾ ਸੀ। ਮੇਰੇ ਦੂਜੇ ਭੈਣ ਭਰਾ ਵੀ ਉਸ ਨੂੰ ਬਾਈ ਕਹਿ ਕੇ ਬੁਲਾਉਂਦੇ। ਇਥੋਂ ਤਕ ਕਿ ਸਾਰੇ ਪਿੰਡ ਵਿਚ ਉਸ ਦਾ ਨਾਂ ਬਾਈ-ਅਜਮੇਰ ਹੀ ਪੱਕ ਗਿਆ। ਬਾਈ ਅਜਮੇਰ ਦਾ ਮੇਰੇ ਬਾਪੂ ਜੀ ਅਤੇ ਚਾਚਾ ਜੀ ਨਾਲ ਬਹੁਤ ਸਨੇਹ ਸੀ। ਹਰ ਸਮੇਂ ਉਨ੍ਹਾਂ ਨਾਲ ਕੁੱਝ ਗੱਲਾਂ ਸਾਝੀਆਂ ਕਰਦਾ ਰਹਿੰਦਾ।
ਬਾਈ ਅਜਮੇਰ ਜ਼ਿਆਦਾ ਪੜ੍ਹਿਆ ਨਹੀਂ, ਸਗੋਂ ਅੱਠਵੀਂ ਪਾਸ ਕਰ ਕੇ ਹੀ ਰਾਜ ਮਿਸਤਰੀ ਦਾ ਕੰਮ ਕਰਨ ਲਗਿਆ। ਗੱਲ ਉਸ ਨੂੰ ਏਨੀ ਫੁਰਦੀ ਕਿ ਸਾਰਾ ਪਿੰਡ ਹੀ ਉਸ ਦੀਆਂ ਗੱਲਾਂ ਦਾ ਕੀਲਿਆ ਹੋਇਆ ਸੀ। ਜਦੋਂ ਉਹ ਰਾਜ-ਮਿਸਤਰੀ ਦਾ ਕੰਮ ਕਰਨ ਲਗਿਆ, ਇਕ ਘਰ ਜਿਥੇ ਉਹ ਦੀਵਾਰ ਨੂੰ ਸੀਮੇਂਟ ਦੀ ਟੀਪ ਕਰ ਰਿਹਾ ਸੀ, ਉਥੇ ਮੈਂ ਵੀ ਚਲਾ ਗਿਆ। ਉੱਥੇ ਬੈਠ ਅਸੀ ਉਸ ਦੇ ਕੰਮ ਨੂੰ ਵੇਖਣ ਲੱਗੇ। ਉਸ ਨੇ ਮੈਨੂੰ ਪੁਛਿਆ, ''ਦੱਸ, ਲੋਕ ਘਰਾਂ ਦੀਆਂ ਕੰਧਾਂ ਨੂੰ ਟੀਪ ਕਿਉਂ ਕਰਵਾਉਂਦੇ ਹਨ?'' ਮੈਂ ਕਿਹਾ, ''ਕੰਧਾਂ ਦੀ ਮਜਬੂਤੀ ਲਈ।'' ਉਸ ਨੇ ਕਿਹਾ, ''ਨਹੀਂ-ਨਹੀਂ ਇਸ ਲਈ ਕਰਵਾਉਂਦੇ ਹਨ ਤਾਕਿ ਮੈਂ ਕੰਮ ਸਿੱਖ ਜਾਵਾਂ।
'' ਸਾਰੇ ਹੱਸ ਪਏ। ਉਨ੍ਹਾਂ ਦਿਨਾਂ ਵਿਚ ਹੀ ਪਿੰਡ ਦੇ ਮੁੰਡੇ ਮਿਲ ਕੇ ਪਿੰਡ ਵਿਚ ਡਰਾਮੇ ਕਰਿਆ ਕਰਦੇ ਸਨ। ਉਨ੍ਹਾਂ ਦਾ ਚੰਗਾ ਡਰਾਮਾਟਿਕ ਕਲੱਬ ਸੀ। ਬਾਈ-ਅਜਮੇਰ ਦਾ ਰੋਲ-ਅਹਿਮ ਹੁੰਦਾ ਸੀ, ਖ਼ਾਸ ਕਰ ਕੇ ਉਸ ਦਾ ਕੰਮ ਲੋਕਾਂ ਨੂੰ ਹਸਾਉਣਾ ਹੁੰਦਾ ਸੀ। ਉਹ ਹਸਾਉਂਦਾ-ਵੀ ਇਸ ਤਰ੍ਹਾਂ ਸੀ ਕਿ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦੇਂਦਾ। ਪਿੰਡ ਦੇ ਡਰਾਮੇ ਉਨ੍ਹਾਂ ਦਿਨਾਂ ਵਿਚ ਬਹੁਤ ਮਸ਼ਹੂਰ ਸਨ, ਕਈ-ਕਈ ਪਿੰਡਾਂ ਦੇ ਲੋਕ ਸਾਡੇ ਪਿੰਡ ਡਰਾਮੇ ਵੇਖਣ ਆਉਂਦੇ। ਇਕ ਰਾਤ ਤਾਂ ਡਰਾਮੇ ਵਿਚ ਉਸ ਨੇ ਲੋਕਾਂ ਨੂੰ ਏਨਾ ਹਸਾਇਆ ਕਿ ਅਗਲੇ ਦਿਨ , ਦੂਜੇ ਪਿੰਡਾਂ ਦੇ ਲੋਕ ਵੀ ਉਸ ਨੂੰ ਵੇਖਣ ਤੇ ਮਿਲਣ ਲਈ ਸਾਡੇ ਪਿੰਡ ਪੁਛਦੇ ਫਿਰਦੇ ਸਨ।
ਕਹਿਣ ਲੱਗੇ, ''ਅਸੀ ਉਸ ਮੁੰਡੇ ਨੂੰ ਮਿਲਣਾ ਏ ਜਿਸ ਨੇ ਰਾਤ ਬਹੁਤ ਹਸਾਇਆ ਸੀ।'' ਜਦੋਂ ਉਹ ਲੋਕ ਹੱਸੂ-ਹੱਸੂ ਕਰਦੇ ਉਸ ਬਾਈ ਅਜਮੇਰ ਨੂੰ ਮਿਲਦੇ ਤਾਂ ਸਿਫ਼ਤਾਂ ਕਰਦੇ ਨਾ ਥਕਦੇ। ਹਾਸੀ-ਮਜ਼ਾਕ ਤਾਂ ਜਿਵੇਂ ਬਾਈ-ਅਜਮੇਰ ਦੀ ਜ਼ਿੰਦਗੀ ਦਾ ਧੁਰਾ ਹੀ ਸੀ। ਉਸ ਦੀ ਹਰ ਗੱਲ ਵਿਚ ਹਾਸੀ-ਮਜ਼ਾਕ ਦੀ ਖ਼ੁਸ਼ਬੂ, ਆਉਂਦੀ। ਜਦੋਂ ਉਸ ਦਾ ਵਿਆਹ ਕੁਰਾਲੀ ਟੱਪ ਕੇ ਪਿੰਡ ਸਿੰਘ ਭਗਵੰਤਪੁਰਾ ਵਿਖੇ ਹੋਇਆ ਤਾਂ ਲੁਧਿਆਣਾ-ਚੰਡੀਗੜ੍ਹ ਸੜਕ ਹਾਲੇ ਬਣ ਹੀ ਰਹੀ ਸੀ। ਅਜਮੇਰ ਨੇ ਮੇਰੇ ਚਾਚਾ ਜੀ ਨੂੰ ਕਿਹਾ, ''ਮਾਮਾ! ਹੁਣ ਇਹ ਸੜਕ ਛੇਤੀ ਬਣ ਜਾਣੀ ਏ।'' ਮੇਰੇ ਚਾਚੇ ਨੇ ਪੁੱਛਿਆ, ''ਕਿਉਂ ਬਈ?
'' ਤਾਂ ਉਸ ਨੇ ਕਿਹਾ, ''ਹੁਣ ਉਨ੍ਹਾਂ ਨੂੰ ਪਤਾ ਲੱਗ ਗਿਐ ਕਿ ਮੇਰੇ ਸਹੁਰੇ ਇੱਧਰ ਹਨ।'' ਅਸੀ ਖ਼ੂਬ ਹੱਸੇ। ਫਿਰ ਉਹ ਰਾਜ-ਮਿਸਤਰੀ ਦਾ ਕੰਮ ਛੱਡ ਲੁਧਿਆਣੇ ਤਹਿਸੀਲ ਵਿਚ ਨੌਕਰੀ ਲੱਗ ਗਿਆ। ਮਕਾਨ ਵੀ ਲੁਧਿਆਣੇ ਹੀ ਪਾ ਲਿਆ ਤੇ ਪ੍ਰਵਾਰ ਸਮੇਤ ਉੱਥੇ ਹੀ ਰਹਿਣ ਲਗਿਆ। ਪਰ ਜਦੋਂ ਵੀ ਛੁੱਟੀ ਹੋਣੀ ਤਾਂ ਉਹ ਸਾਡੇ ਪਿੰਡ ਆਉਂਦਾ ਹੀ ਰਹਿੰਦਾ। ਇਕ ਵਾਰ ਜਦੋਂ ਮੇਰੇ ਦਾਦੀ ਜੀ ਸਵਰਗ ਸੁਧਾਰ ਗਏ ਤਾਂ ਭੋਗ ਲਈ ਘਰ ਪਾਠ ਚੱਲ ਰਿਹਾ ਸੀ। ਦੂਜੇ ਦਿਨ ਭੋਗ ਪੈਣਾ ਸੀ ਅਤੇ ਰਾਤ ਨੂੰ ਬਹੁਤ ਸਾਰੇ ਮਹਿਮਾਨ ਆਏ ਹੋਏ ਸਨ। ਸਾਡਾ ਘਰ ਬਾਹਰ ਵਲ ਕਾਫ਼ੀ ਖੁੱਲ੍ਹਾ ਸੀ।
ਇਸ ਲਈ ਦੂਰ ਤਕ ਮੰਜੇ ਡਾਹੀ ਮਹਿਮਾਨ ਪਏ ਸਨ। ਮੈਂ, ਮੇਰਾ ਚਾਚਾ, ਬਾਈ ਅਜਮੇਰ ਅਤੇ ਇਕ ਦੋ ਹੋਰ ਬੰਦੇ ਜਾਗਦੇ ਸੀ। ਬਾਈ ਅਜਮੇਰ ਨੇ ਮੈਨੂੰ ਕਿਹਾ, ''ਜਾਹ! ਇਕ ਕੁਹਾੜਾ ਲੈ ਕੇ ਆ।'' ਮੇਰੇ ਕੋਲੋਂ ਕੁਹਾੜਾ ਫੜ ਬੋਲਿਆ, ''ਮਾਮਾ, ਕੱਲ ਆਪਾਂ ਨੂੰ ਲੱਕੜਾਂ ਚਾਹੀਦੀਆਂ ਹੋਣਗੀਆਂ?'' ਮੇਰੇ ਚਾਚੇ ਨੇ ਹੌਲੀ ਜਿਹੀ ਕਿਹਾ, ''ਹਾਂ, ਭਾਈ ਲੱਕੜਾਂ ਦੀ ਲੋੜ ਤਾਂ ਹੋਵੇਗੀ।'' ਬਸ ਫਿਰ ਕੀ ਸੀ, ਬਾਈ ਅਜਮੇਰ ਕੁਹਾੜਾ ਲੈ ਕੇ ਉੱਠਿਆ ਤੇ ਕੋਲ ਪਏ ਬਾਸਾਂ ਨੂੰ ਵੱਢਣ ਲਗਿਆ। ਟਿਕੀ ਰਾਤ ਵਿਚ ਏਨਾ ਖੜਕਾ ਹੋਇਆ ਕਿ ਸੁੱਤੇ ਪਏ ਮਹਿਮਾਨ ਸੱਭ ਉਠ ਕੇ ਬੈਠ ਗਏ। ਅਸੀ ਸੱਭ ਹੱਸਣ ਲਗੇ।
ਦਾਦੀ ਜੀ ਦੇ ਭੋਗ ਤੋਂ ਬਾਅਦ ਉਹ ਦੂਜੇ ਦਿਨ ਜਾਣ ਲੱਗਿਆ ਤਾਂ ਪਿੰਡ ਦੇ ਅੱਡੇ ਤਕ ਮੈਂ, ਮੇਰਾ ਬਾਪੂ ਜੀ ਅਤੇ ਚਾਚਾ ਜੀ ਉਨ੍ਹਾਂ ਨੂੰ ਛੱਡਣ ਗਏ। ਉਨ੍ਹਾਂ ਦਿਨਾਂ ਵਿਚ ਸੜਕ ਤੇ ਟੈਂਪੂ ਹੀ ਚਲਦੇ ਸਨ। ਹੋਰ ਰਿਸ਼ਤੇਦਾਰਾਂ ਨੇ ਵੀ ਜਾਣਾ ਸੀ। ਟੈਪੂ ਪਹਿਲਾਂ ਹੀ ਅੰਦਰੋਂ ਭਰਿਆ ਆਇਆ ਤਾਂ ਬਾਈ ਅਜਮੇਰ ਉਨ੍ਹਾਂ ਨੂੰ ਟੈਂਪੂ ਦੇ ਬਾਹਰ ਹੀ ਸੀਟ ਮਿਲੀ। ਜਦੋਂ ਟੈਪੂ ਚਲਿਆ ਤਾਂ ਉਸ ਨੇ ''ਰੋਕੋ-ਰੋਕੋ'' ਕਰ ਕੇ ਟੈਂਪੂ ਰੋਕ ਦਿਤਾ। ਅਸੀ ਸੋਚਿਆ ਪਤਾ ਨਹੀਂ ਕੀ ਹੋਇਆ? ਪਰ ਉਹ ਹਸਦਾ ਹੋਇਆ ਬੋਲਿਆ, ''ਮਾਮਾ-ਪੈਸੇ ਨਾ ਸੁਟਣਾ'' ਸੱਭ ਹੱਸਣ ਲੱਗ ਪਏ। ਅਜਿਹਾ ਸੀ ਸਾਡਾ ਬਾਈ ਅਜਮੇਰ।
ਫਿਰ ਉਸ ਦੀ ਬਦਲੀ ਲੁਧਿਆਣੇ ਤੋਂ ਸਮਰਾਲਾ ਤਹਿਸੀਲ ਵਿਚ ਹੋ ਗਈ ਤੇ ਉਹ ਅਕਸਰ ਮਿਲਦਾ ਰਹਿੰਦਾ। ਭਰਵਾਂ ਚਿਹਰਾ, ਸਾਫ਼ ਰੰਗ, ਘੁੱਟ ਕੇ ਬੰਨ੍ਹੀ ਹੋਈ ਦਾੜ੍ਹੀ, ਪੋਚਵੀਂ ਪੱਗ ਗੁੰਦਵੇਂ ਸ੍ਰੀਰ ਵਾਲਾ ਮੱਧਰਾ ਕੱਦ ਹਰ ਮਿਲਣ ਵਾਲੇ ਦੇ ਮਨ ਨੂੰ ਭਾਉਂਦਾ ਤੇ ਜੋ ਉਸ ਦੀਆਂ ਗੱਲਾਂ ਸੁਣ ਲੈਂਦਾ, ਉਸ ਦਾ ਹੀ ਹੋ ਜਾਂਦਾ। ਪਰ ਕਹਿੰਦੇ ਹਨ ਕਿ ਪ੍ਰਮਾਤਮਾ ਨੂੰ ਚੰਗੇ ਬੰਦਿਆਂ ਦੀ ਜਲਦੀ ਲੋੜ ਹੁੰਦੀ ਹੈ, ਉਸ ਨੂੰ ਕੋਈ ਅਜਿਹੀ ਬਿਮਾਰੀ ਲੱਗੀ ਕਿ ਅਪਣੀ ਰਿਟਾਇਰਮੈਂਟ ਤੋਂ ਪਹਿਲਾਂ ਹੀ ਅੱਜ ਤੋਂ 22 ਸਾਲ ਪਹਿਲਾਂ ਹੀ ਸਵਰਗਾਂ ਵਿਚ ਵਾਸਾ ਕਰ ਲਿਆ। ਪਰ ਜਿਸ ਦੇ ਵੀ ਜੀਵਨ ਵਿਚ ਉਹ ਆਇਆ, ਉਸ ਨੂੰ ਉਹ ਭੁਲਦਾ ਹੀ ਨਹੀਂ ਤੇ ਨਾ ਹੀ ਭੁਲਦੀਆਂ ਹਨ ਗੱਲਾਂ ਬਾਈ ਅਜਮੇਰ ਦੀਆਂ। ਸੰਪਰਕ : 98764-52223