ਬਹੁ-ਪੱਖੀ ਸ਼ਖ਼ਸੀਅਤ-ਅਟਲ ਬਿਹਾਰੀ ਵਾਜਪਾਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਟਲ ਬਿਹਾਰੀ ਵਾਜਪਾਈ-ਭਾਰਤ ਦੀਆਂ ਉਨ੍ਹਾਂ ਮਹਾਨ ਉੱਚ ਸ਼ਖ਼ਸੀਅਤਾਂ ਵਿਚੋਂ ਸਨ, ਜਿਨ੍ਹਾਂ ਨੂੰ ਇਸ ਦੇਸ਼ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ............

Atal Bihari Vajpayee

ਅਟਲ ਬਿਹਾਰੀ ਵਾਜਪਾਈ-ਭਾਰਤ ਦੀਆਂ ਉਨ੍ਹਾਂ ਮਹਾਨ ਉੱਚ ਸ਼ਖ਼ਸੀਅਤਾਂ ਵਿਚੋਂ ਸਨ, ਜਿਨ੍ਹਾਂ ਨੂੰ ਇਸ ਦੇਸ਼ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ। ਇਕ ਅਤਿ ਸਾਧਾਰਣ ਸੀਮਤ ਸਾਧਨਾਂ ਵਾਲੇ ਪ੍ਰਵਾਰ ਵਿਚੋਂ ਸਨ, ਜਿਨ੍ਹਾਂ ਦਾ ਪਿਛੋਕੜ ਉਤਰ ਪ੍ਰਦੇਸ਼ ਦੇ ਪਿੰਚ ਬਾਤੇਸ਼ਵਰ ਦਾ ਸੀ। ਅਪਣੇ ਪਿੰਡ ਨੂੰ ਛੱਡ ਕੇ ਪ੍ਰਵਾਰ ਗਵਾਲੀਅਰ ਆ ਪਹੁੰਚਿਆ। ਇਥੇ ਸ਼ਿੰਦੇ ਦੀ ਛਾਉਣੀ ਦੇ ਇਲਾਕੇ ਵਿਚ, ਜੋ ਗਵਾਲੀਅਰ ਜ਼ਿਲ੍ਹੇ ਵਿਚ ਸੀ, ਅਟਲ ਬਿਹਾਰੀ ਦਾ ਜਨਮ ਕ੍ਰਿਸ਼ਨ ਬਿਹਾਰੀ ਵਾਜਪਾਈ ਦੇ ਘਰ ਹੋਇਆ। ਪਿਤਾ ਇਕ ਸਕੂਲ ਵਿਚ ਅਧਿਆਪਕ ਸਨ ਤੇ ਉਹ ਕਾਵਿ ਰਚਨਾ ਦਾ ਸ਼ੌਕ ਰਖਦੇ ਸਨ।

ਅਟਲ ਬਿਹਾਰੀ ਦੀ ਮੁਢਲੀ ਪੜ੍ਹਾਈ ਸਰਸਵਤੀ ਸ਼ਿਸ਼ੂ ਮੰਦਰ ਗਵਾਲੀਅਰ ਤੇ ਗ੍ਰੈਜੂਏਸ਼ਨ ਉਸ ਸਮੇਂ ਦੇ ਵਿਕਟੋਰੀਆ ਕਾਲਜ ਗਵਾਲੀਅਰ ਤੋਂ ਕੀਤੀ ਤੇ ਉਹ ਵੀ ਅੰਗ੍ਰੇਜ਼ੀ, ਸੰਸਕ੍ਰਿਤ ਤੇ ਹਿੰਦੀ ਵਿਸ਼ਿਆਂ ਵਿਚ ਅਵੱਲ ਰਹਿ ਕੇ। ਐਮ. ਏ ਰਾਜਨੀਤੀ ਸ਼ਾਸਤਰ ਪਹਿਲੇ ਦਰਜੇ ਵਿਚ ਰਹਿ ਕੇ ਪਾਸ ਕੀਤੀ ਤੇ ਉਪਰੰਤ ਰਾਸ਼ਟਰੀ ਸਵੈਮ ਸੇਵਕ ਸੰਘ ਵਿਚ ਅਪਣੀ ਸ਼ਮੂਲੀਅਤ ਕੀਤੀ। ਵਿਦਿਆਰਥੀ ਜੀਵਨ ਵਿਚ ਹੀ ਇਸ ਸੰਸਥਾ ਨਾਲ ਜੁੜੇ ਤੇ ਇਸ ਲਈ ਪੂਰੇ ਸਮੇਂ ਕੰਮ ਕੀਤਾ। ਇਸ ਨਾਲ ਸਬੰਧਤ ਹੋਣ ਕਰ ਕੇ, ਸਾਰੀ ਉਮਰ ਵਿਆਹ ਨਾ ਕਰਵਾਇਆ। ਉਨ੍ਹਾਂ ਨੂੰ ਪੱਤਰਕਾਰੀ ਦਾ ਵੀ ਸ਼ੌਂਕ ਸੀ।

ਇਕ ਹਿੰਦੀ ਮਹੀਨਾਵਾਰੀ 'ਰਾਸ਼ਟਰੀ ਧਰਮਾਂ' ਉਤੇ ਸਪਤਾਹਿਕ 'ਪੰਚ ਜਨਾਨਾ' ਦੀ ਸੰਪਾਦਕ ਸਨ। ਆਰ.ਐਸ.ਐਸ. ਦਾ ਸਪੱਸ਼ਟ ਏਜੰਡਾ ਸੀ ਕਿ ਭਾਰਤ ਇਕ ਹਿੰਦੂ ਰਾਸ਼ਟਰ ਦੇਸ਼ ਰਹੇ, ਇਸ ਲਈ ਰਾਜ ਸੱਤਾ ਦਾ ਹੋਣਾ ਜ਼ਰੂਰੀ ਸੀ। ਭਾਰਤੀ ਜਨਸੰਘ ਦੀ ਸਥਾਪਨਾ ਇਸ ਮੁੱਦੇ ਨੂੰ ਸਾਹਮਣੇ ਰੱਖ ਕੇ ਕੀਤੀ ਗਈ ਸੀ। ਵਾਜਪਾਈ ਦਾ ਸਿਆਸੀ ਸਫ਼ਰ ਸ਼ੁਰੂ ਹੋਇਆ, ਸੰਨ 1942 ਵਿਚ, ''ਭਾਰਤ ਛੱਡੋ ਅੰਦੋਲਨ'' ਸਮੇਂ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 18 ਸਾਲ ਦੀ ਸੀ।

ਸਾਲ 1951 ਵਿਚ ਜਦੋਂ ਭਾਰਤੀ ਜਨਸੰਘ ਦੀ ਸਥਾਪਨਾ ਹੋਈ ਤਾਂ ਇਸ ਰਾਜਨੀਤਕ ਪਾਰਟੀ ਨਾਲ ਜੁੜ ਗਏ ਤੇ ਪਾਰਟੀ ਆਗੂ ਸ਼ਾਮਾ ਪ੍ਰਸ਼ਾਦ ਮੁਖਰਜੀ ਦਾ ਸਾਥ ਨਾ ਛਡਿਆ। ਸੰਨ 1957 ਵਿਚ 33 ਸਾਲ ਦੀ ਉਮਰ ਵਿਚ ਪਹਿਲੀਵਾਰ ਬਲਰਾਮਪੁਰ ਹਲਕੇ ਵਿਚੋਂ ਲੋਕਸਭਾ ਦੇ ਮੈਂਬਰ ਬਣੇ ਤੇ ਇਹ ਇਨ੍ਹਾਂ ਦਾ ਪਹਿਲਾ ਸਰਗਰਮ ਰਾਜਨੀਤਕ ਖੇਤਰ ਵਿਚ ਦਾਖ਼ਲਾ ਸੀ। ਵਾਜਪਈ ਬੋਲਾਂ ਦਾ ਜਾਦੂਗਰ ਸੀ ਤੇ ਅਪਣੇ ਭਾਸ਼ਣਾਂ ਤੇ ਅਦਾਇਗੀ ਨਾਲ ਲੋਕ ਸਭਾ ਦੇ ਮੈਂਬਰਾਂ ਨੂੰ ਹਮੇਸ਼ਾ ਕੀਲਿਆ।

1968 ਵਿਚ ਦੀਨਦਯਾਲ ਉਪਾਧਿਆਏ ਦੀ ਮੌਤ ਤੋਂ ਬਾਅਦ ਜਨਸੰਘ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਅਟਲ ਬਿਹਾਰੀ ਦੇ ਮੋਢਿਆਂ ਉਤੇ ਆ ਪਈ ਤੇ ਇਨ੍ਹਾਂ ਦਾ ਸਾਥ ਦੇਣ ਵਾਲਿਆਂ ਵਿਚ ਨਾਨਾ ਜੀ ਦੇਸ਼ਮੁੱਖ, ਬਲਰਾਜ ਮਧੋਕ ਤੇ ਲਾਲ ਕ੍ਰਿਸ਼ਨ ਅਡਵਾਨੀ ਸਨ। ਇਨ੍ਹਾਂ ਨੇ ਇਸ ਪਾਰਟੀ ਨੂੰ ਨਵੀਂ ਸੇਧ ਦੇ ਕੇ ਰਾਜਨੀਤਕ ਕਤਾਰ ਵਿਚ ਲਿਆ ਖੜਾ ਕੀਤਾ। ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ਸਾਰੇ ਦੇਸ਼ ਵਾਸੀਆਂ ਦੀ ਸੱਚੀ ਲਗਨ ਤੇ ਨਿਸ਼ਠਾ ਸੀ। ਪਰ ਆਜ਼ਾਦੀ ਦੀ ਲਹਿਰ ਤੇ ਸ਼ਾਂਤਮਈ ਅੰਦੋਲਨ ਦੀ ਅਗਵਾਈ ਕਾਂਗਰਸੀ ਆਗੂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਬਾਬੂ ਰਜਿੰਦਰ ਪ੍ਰਸ਼ਾਦ ਆਦਿ ਵਰਗੇ ਆਗੂਆਂ ਦੇ ਹੱਥ ਵਿਚ ਸੀ।

1947 ਤੋਂ ਲੈ ਕੇ ਤਕਰੀਬਨ 30 ਸਾਲ ਤਕ ਦੇਸ਼ ਵਿਚ ਕਾਂਗਰਸ ਦੀ ਹਕੂਮਤ ਰਹੀ। ਪਰ ਸੰਨ 1975 ਵਿਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਐਮਰਜੰਸੀ ਲਗਾ ਦਿਤੀ ਜਿਸ ਅਧੀਨ ਅਖ਼ਬਾਰਾਂ ਤੇ ਵਿਰੋਧੀ ਪਾਰਟੀਆਂ ਦੀਆਂ ਗਤੀਵਿਧੀਆਂ ਉਤੇ ਪਾਬੰਦੀ ਅਤੇ ਹਰ ਕਿਸਮ ਦੀ ਸਖ਼ਤੀ ਦਾ ਦੌਰ ਸ਼ੁਰੂ ਹੋ ਗਿਆ। ਇਸ ਵਿਰੁਧ ਜਨਤਕ ਰੋਹ ਦਾ ਤੂਫ਼ਾਨ ਖੜਾ ਹੋ ਗਿਆ। ਦੇਸ਼ ਵਿਚ ਵਿਰੋਧੀ ਰਾਜਨੀਤਕ ਪਾਰਟੀਆਂ ਜਿਵੇਂ ਕਮਿਊਨਿਸਟ ਪਾਰਟੀ, ਰੀਪਬਲਿਕਨ ਪਾਰਟੀ, ਸੋਸ਼ਲਿਸਟ ਪਾਰਟੀ ਭਾਰਤੀ ਜਨਸੰਘ, ਡੀ ਐਮ ਕੇ ਤੇ ਅਕਾਲੀ ਦਲ ਆਦਿ ਸਨ।

ਪਰ ਇਹ ਸਾਰੀਆਂ ਵੱਖੋ-ਵੱਖ ਵਿਚਾਰਧਾਰਾ ਦੀਆਂ ਹੋਣ ਕਾਰਨ, ਇਨ੍ਹਾਂ ਵਿਚ ਕਿਸੇ ਕਿਸਮ ਦੀ ਇਕਸੁਰਤਾ ਨਹੀਂ ਸੀ। ਜੈ ਪ੍ਰਕਾਸ਼ ਨਰਾਇਣ ਨੇ ਸੱਭ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਸਮਝਾਇਆ ਕਿ ਇਕ ਗੁੱਟ ਵਿਚ ਇਕੱਠੇ ਹੋ ਜਾਉ ਤੇ ਇਕੋ ਪਾਰਟੀ ਦਾ ਹੀ ਹਿੱਸਾ ਬਣੋ। ਸਾਰੀਆਂ ਪਾਰਟੀਆਂ ਇਕਮੁੱਠ ਹੋਈਆਂ ਤੇ ਜਨਸੰਘ ਅਪਣੀ ਪਾਰਟੀ ਭੰਗ ਕਰ ਕੇ ਨਵੀਂ ਬਣੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ। ਮੁਰਾਰਜੀ ਦੇਸਾਈ ਦੀ ਅਗਵਾਈ ਹੇਠ ਜਨਤਾ ਪਾਰਟੀ ਦੀ ਸਰਕਾਰ ਬਣੀ। ਅਟਲ ਬਿਹਾਰੀ ਵਾਜਪਾਈ ਵਿਦੇਸ਼ ਵਿਭਾਗ ਦੇ ਮੰਤਰੀ ਬਣਾਏ ਗਏ।

ਵਾਜਪਾਈ ਨੇ ਇਤਹਾਦੀ ਕੌਮੀ ਜਥੇਬੰਦੀ, ਯੂ.ਐਨ.ਓ ਵਿਚ ਪਹਿਲੀਵਾਰ ਹਿੰਦੀ ਵਿਚ ਭਾਸ਼ਣ ਦਿਤਾ।  ਜਨਤਾ ਪਾਰਟੀ ਦੀ ਸਰਕਾਰ ਵਿਚ ਪਾਰਟੀਆਂ ਦਾ ਆਪਸੀ ਲਾਗ ਡਾਟ ਤੇ ਵਿਰੋਧ ਸੀ। ਹਰ ਪਾਰਟੀ ਦਾ ਅਪਣੀ ਹੀ ਏਜੰਡਾ ਸੀ ਤੇ ਵਿਚਾਰਾਂ ਦੀ ਭਿੰਨਤਾ ਦਾ ਹੋਣਾ ਤਾਂ ਲਾਜ਼ਮੀ ਸੀ। ਮੁਰਾਰਜੀ ਦੀ ਸਰਕਾਰ ਟੁੱਟ ਗਈ। ਜਨਸੰਘ ਜਿਹੜੀ ਜਨਤਾ ਪਾਰਟੀ ਵਿਚ ਇਕ ਮਿਕ ਹੋਈ ਸੀ, ਫਿਰ ਮੁੜ ਕੇ ਸੁਰਜੀਤ ਹੋਈ ਤੇ ਪਾਰਟੀ ਦਾ ਨਾਂ ਰਖਿਆ ਭਾਰਤੀ ਜਨਤਾ ਪਾਰਟੀ। ਸੰਨ 1984 ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਕੇਵਲ ਦੋ ਸੀਟਾਂ ਹੀ ਮਿਲੀਆਂ।

ਵਾਜਪਾਈ ਦਾ ਸੰਦੇਸ਼ ਸੀ ਅਪਣੇ ਵਰਕਰਾਂ ਨੂੰ ਕਿ ਇਹ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ ਪਰ ਅਪਣੇ ਮਿੱਥੇ ਨਿਸ਼ਾਨੇ ਤੋਂ ਨਾ ਖੁੰਝੀਏ। ਇਸ ਨੇਤਾ ਦੀ ਦ੍ਰਿੜ੍ਹਤਾ, ਵਿਚਾਰਾਂ ਵਿਚ ਪ੍ਰਪੱਕਤਾ ਤੇ ਦੂਰ ਅੰਦੇਸ਼ੀ ਦੀ ਦਾਦ ਦੇਣੀ ਪਵੇਗੀ। ਰਾਮ ਜਨਮ ਭੂਮੀ ਅੰਦੋਲਨ ਵਿਚ ਭਾਰਤੀ ਜਨਤਾ ਪਾਰਟੀ ਹੀ ਇਸ ਦੀ ਅਸਲ ਅਵਾਜ਼ ਸੀ। ਭਾਜਪਾ ਦੇ ਨੇਤਾ ਇਹ ਮੰਨਦੇ ਹਨ ਕਿ ਬਾਬਰੀ ਮਸਜਿਦ ਨੂੰ ਢਾਉਣਾ, ਵਾਜਪਾਈ ਨੂੰ ਚੰਗਾ ਨਹੀਂ ਸੀ ਲੱਗਾ।

ਭਾਰਤੀ ਜਨਤਾ ਪਾਰਟੀ ਦੇ 1995 ਵਿਚ ਹੋਏ ਸਮਾਗਮ ਵਿਚ ਲਾਲ ਕ੍ਰਿਸ਼ਨ ਅਡਵਾਨੀ ਨੇ ਇਹ ਕਿਹਾ ਸੀ ਕਿ ਸੰਨ 1996 ਦੀਆਂ ਹੋਣ ਵਾਲੀਆਂ ਚੋਣਾਂ ਵਿਚ ਪਾਰਟੀ ਜਿੱਤ ਪ੍ਰਾਪਤ ਕਰੇਗੀ ਤੇ ਅਟਲ ਬਿਹਾਰੀ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਉਤੇ ਹੋਣਗੇ। ਸੰਨ 1996 ਵਿਚ ਬਾਕੀ ਪਾਰਟੀਆਂ ਦੀ ਹਮਾਇਤ ਨਾਲ ਸਰਕਾਰ ਬਣੀ, ਅਟਲ ਬਿਹਾਰੀ ਦੀ ਅਗਵਾਈ ਹੇਠ, ਪਰ ਸਰਕਾਰ ਸਿਰਫ਼ 13 ਦਿਨ ਹੀ ਰਹਿ ਸਕੀ। ਬੇਵਿਸ਼ਵਾਸੀ ਦੇ ਮਤੇ ਉਤੇ ਸਰਕਾਰ ਪੂਰਨ ਬਹੁਮਤ ਨਾ ਲੈ ਸਕੀ।

ਅਗਲੀਆਂ ਚੋਣਾਂ ਵਿਚ ਫਿਰ 1998 ਵਿਚ ਅਟਲ ਬਿਹਾਰੀ ਪ੍ਰਧਾਨ ਮੰਤਰੀ ਬਣੇ ਤੇ ਸਿਰਫ਼ 13 ਮਹੀਨੇ ਇਹ ਸਰਕਾਰ ਰਹੀ ਕਿਉਂਕਿ ਜੈ ਲਲਿਤਾ, ਅੰਨਾ ਡੀ ਐਮ ਕੇ ਨੇ ਅਪਣਾ ਸਮਰਥਨ ਵਾਪਸ ਲੈ ਲਿਆ ਤੇ ਸਰਕਾਰ ਬਹੁ ਗਿਣਤੀ ਵਿਚ ਨਾ ਰਹੀ। ਇਹ ਵਾਜਪਾਈ ਦੀ ਸੁਘੜਤਾ ਤੇ ਉਦਾਰਤਾ ਦਾ ਨਤੀਜਾ ਸੀ ਕਿ ਦੁਬਾਰਾ ਨੈਸ਼ਨਲ ਡੈਮੋਕਰੇਟਿਕ ਫਰੰਟ ਨੂੰ ਸੁਰਜੀਤ ਕਰ ਕੇ, ਭਾਜਪਾ ਅਪਣੀਆਂ ਸਹਿਯੋਗੀ ਪਾਰਟੀਆਂ ਨਾਲ ਮੁੜ ਕੇ ਰਾਜ ਸੱਤਾ ਤੇ ਕਾਬਜ਼ ਹੋ ਗਈ। ਸੰਨ 1999 ਤੋਂ 2004 ਵਿਚ ਇਸ ਸਰਕਾਰ ਨੇ ਕੇਂਦਰ ਤੇ ਰਾਜ ਕੀਤਾ।

ਵਾਜਪਾਈ ਜੀ ਦੀ ਉਦਾਰਤਾ ਦੂਜੀਆਂ ਪਾਰਟੀਆਂ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਤੇ ਅਪਣੀ ਮਿੱਠੀ ਬੋਲ ਬਾਣੀ ਕਰ ਕੇ 21 ਪਾਰਟੀਆਂ ਦੇ ਸਮੂਹ ਨਾਲ ਸਰਕਾਰ ਚਲਾਈ ਗਈ ਤੇ ਭਾਰਤੀ ਰਾਜਨੀਤੀ ਵਿਚ ਇਹ ਇਕ ਪਹਿਲਾ ਤਜਰਬਾ ਸੀ। ਇਸ ਸਮੇਂ ਦੀ ਸੱਭ ਤੋਂ ਮਾੜੀ ਘਟਨਾ, ਗੁਜਰਾਤ ਵਿਚ 2002 ਵਿਚ ਮੁਸਲਮ ਵਿਰੋਧੀ ਦੰਗੇ ਸਨ ਤੇ ਪ੍ਰਧਾਨ ਮੰਤਰੀ ਵਾਜਪਾਈ ਨੇ ਇਸ ਉਤੇ ਬਹੁਤ ਦੁੱਖ ਮਨਾਇਆ। ਵਾਜਪਾਈ ਨੇ ਅਪਣੇ ਸਾਥੀਆਂ ਨਾਲ ਸਲਾਹ ਕਰ ਕੇ, ਅੰਦਰੂਨੀ ਫ਼ੈਸਲਾ ਲਿਆ ਕਿ ਇਹ ਦੰਗੇ, ਦੇਸ਼ ਦੀ ਅਖੰਡਤਾ ਤੇ ਇਕ ਧੱਬਾ ਹਨ ਤੇ ਨਰਿੰਦਰ ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਤੋਂ ਅੱਡ ਕਰਨ ਦਾ ਫ਼ੈਸਲਾ ਲੈ ਲਿਆ ਗਿਆ।

ਪਰ ਅਡਵਾਨੀ ਅਤੇ ਨਰਿੰਦਰ ਮੋਦੀ ਨੇ ਅਪਣੀ ਚੁਸਤੀ ਨਾਲ ਬਾਕੀਆਂ ਨੂੰ ਅਪਣੇ ਪਾਸੇ ਕਰ ਕੇ ਵਾਜਪਾਈ ਦੀ ਇਹ ਗੱਲ ਸਿਰੇ ਨਾ ਲੱਗਣ ਦਿਤੀ। ਇਹ ਪਹਿਲੀ ਵਾਰੀ ਸੀ ਜਦੋਂ ਵਾਜਪਾਈ ਨੂੰ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਦੀ ਗੱਲ ਹੁਣ ਪਾਰਟੀ ਵਿਚ ਪੂਰੀ ਤਰ੍ਹਾਂ ਨਹੀਂ ਚਲਦੀ। ਲੇਖਕ ਨੂੰ ਇਹ ਗੱਲ ਅਰੁਨ ਸ਼ੋਰੀ ਨੇ ਖ਼ੁਦ ਅਪਣੀ ਭੇਂਟ ਵਿਚ ਦਸੀ ਸੀ। ਅਕਾਲੀ ਦਲ ਵਾਜਪਾਈ ਦੀ ਸਰਕਾਰ ਵਿਚ ਭਾਈਵਾਲ ਸੀ। ਪੰਜਾਬ ਤੇ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਅਸੀ ਅਪਣੇ ਇਲਾਕਾਈ, ਦਰਿਆਈ ਪਾਣੀਆਂ ਤੇ ਹੋਰ ਮਸਲਿਆਂ ਨੂੰ ਹੱਲ ਨਾ ਕਰਾ ਸਕੇ। ਇਸ ਲਈ ਦੋਹਾਂ ਪਾਸਿਉਂ ਘਾਟ ਰਹੀ।

ਕੇਂਦਰ ਸਰਕਾਰ ਦੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਸਿੱਖ ਨੇਤਾ ਵੀ ਦ੍ਰਿੜ੍ਹਤਾ ਨਾਲ ਅਪਣੀਆਂ ਯੋਗ ਮੰਗਾਂ ਨਾ ਮਨਵਾ ਸਕੇ। ਵਾਜਪਾਈ ਹਮੇਸ਼ਾ ਚਾਹੁੰਦੇ ਰਹੇ ਕਿ ਗੁਆਂਢੀ ਦੇਸ਼ ਨਾਲ ਚੰਗੇ ਸਬੰਧ ਰਹਿਣ। ਇਸੇ ਨਿਤੀ ਅਧੀਨ ਲਾਹੌਰ ਵਿਚ ਸਿੱਖਰ ਸੰਮੇਲਨ ਵਿਚ ਸ਼ਮੂਲੀਅਤ ਕੀਤੀ। ਇਹ ਦੋਹਾਂ ਦੇਸ਼ਾਂ ਵਿਚ ਸ਼ਾਂਤੀ ਰੱਖਣ ਦਾ ਗੰਭੀਰ ਯਤਨ ਸੀ। ਕਾਰਗਿੱਲ ਦੀ ਲੜਾਈ ਨੇ ਦੇਸ਼ ਨੂੰ ਇਕ ਸੋਚਮਈ ਸਥਿਤੀ ਵਿਚ ਪਾ ਦਿਤਾ ਪਰ ਸਮੇਂ ਸਿਰ ਕਾਰਵਾਈ ਕਰਨ ਤੇ ਭਾਰਤ ਦਾ ਵਕਾਰ ਬਚ ਗਿਆ।

ਆਗਰੇ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਮੁਸ਼ੱਰਫ਼ ਨਾਲ ਗੱਲਬਾਤ ਰਾਹੀਂ ਆਪਸੀ ਮਸਲੇ ਨਜਿੱਠਣ ਦਾ ਉਪਰਾਲਾ ਕੀਤਾ ਗਿਆ, ਪਰ ਇਹ ਕਿਸੇ ਸਿੱਟੇ ਉਤੇ ਨਾ ਪਹੁੰਚ ਸਕਿਆ। ਦੇਸ਼ ਵਿਚ ਅਤਿਵਾਦੀ ਅਨਸਰਾਂ ਵਲੋਂ, ਪਾਰਲੀਮੈਂਟ ਉਤੇ ਹਮਲਾ ਇਕ ਵੱਡੀ ਘਟਨਾ ਇਨ੍ਹਾਂ ਦੇ ਸਮੇਂ ਵਿਚ ਹੋਈ। ਇਹ ਗੱਲ ਵਾਜਪਈ ਦੇ ਹੱਕ ਵਿਚ ਜਾਂਦੀ ਹੈ ਕਿ ਦੇਸ਼ ਵਿਚ ਸੜਕਾਂ ਦਾ ਜਾਲ ਵਿਛਾਉਣ ਦੀ ਤਰਕੀਬ ਸੋਚੀ ਗਈ ਤੇ ਅਮਲ ਵਿਚ ਲਿਆਉਣ ਲਈ ਕਾਰਵਾਈ ਕੀਤੀ ਗਈ। ਅੱਜ ਨੈਸ਼ਨਲ ਹਾਈਵੇ ਅਥਾਰਟੀ ਦੀ ਸੁਪਰਦਾਰੀ ਹੇਠ, ਜੋ ਕੰਮ ਹੋ ਰਿਹਾ ਹੈ, ਇਸ ਦੀ ਅਸਲ ਸੋਚ ਦੇ ਮਾਰਗ ਦਰਸ਼ਕ ਵਾਜਪਾਈ ਸਨ।

ਵਾਜਪਾਈ ਵਿਰੋਧੀ ਪਾਰਟੀਆਂ ਦਾ ਕਿੰਨਾ ਸਤਿਕਾਰ ਕਰਦੇ ਸਨ, ਇਸ ਦਾ ਪ੍ਰਗਟਾਵਾ ਲੇਖਕ ਨੇ ਆਪ ਵੇਖਿਆ ਹੈ। ਪਾਰਲੀਮੈਂਟ ਦੀ ਅਨੈਕਸੀ ਵਿਚ ਇੰਡੀਅਨ ਐਕਸਪ੍ਰੈਸ ਗਰੁੱਪ ਵਲੋਂ ਕਰਵਾਏ ਪ੍ਰੋਗਰਾਮ ਵਿਚ ਵਾਜਪਾਈ ਤੇ ਹੋਰ ਆਗੂਆਂ ਤੋਂ ਬਿਨਾਂ ਸੋਨੀਆਂ ਗਾਂਧੀ ਵੀ ਸਨ। ਜਦੋਂ ਵਾਜਪਾਈ ਜੀ ਨੇ ਸੋਨੀਆਂ ਗਾਂਧੀ ਨੂੰ ਵੇਖਿਆ ਤਾਂ ਆਪ ਚਲ ਕੇ ਉਨ੍ਹਾਂ ਨੂੰ ਮਿਲਣ ਗਏ। ਇਹ ਉਨ੍ਹਾਂ ਦੀ ਉਦਾਰਤਾ ਤੇ ਸਦਭਾਵਨਾ ਸੀ। ਵਿਰੋਧੀ ਪਾਰਟੀਆਂ ਨਾਲ ਕਿਵੇਂ ਵਿਹਾਰ ਰਖਣਾ ਹੈ ਤੇ ਕਿਵੇਂ ਸੰਬੋਧਨ ਕਰਨਾ ਹੈ, ਇਹ ਵਾਜਪਾਈ ਤੋਂ ਸਿੱਖਣ ਦੀ ਲੋੜ ਹੈ।

ਜਦੋਂ ਕੋਈ ਵੀ ਸਰਕਾਰ ਭਿੰਨ-ਭਿੰਨ ਪਾਰਟੀਆਂ ਦਾ ਮਿਲਗੋਭਾ ਹੋਵੇ ਤਾਂ ਪੂਰਾ ਮਿਥਿਆ ਸਮਾਂ ਵੀ ਕਟਣਾ ਔਖਾ ਹੋ ਜਾਂਦਾ ਹੈ। ਇਹ ਵਾਜਪਾਈ ਜੀ ਦੀ ਉਦਾਰਤਾ ਤੇ ਫ਼ਰਾਖ਼ ਦਿਲੀ ਸੀ ਕਿ ਸਰਕਾਰ 5 ਸਾਲ ਦਾ ਸਮਾਂ ਕੱਟ ਗਈ। ਸੰਨ 2000 ਵਿਚ ਕਾਂਗਰਸ ਅਪਣੀਆਂ ਸਹਿਯੋਗੀ ਪਾਰਟੀਆਂ ਦੇ ਸਮਰਥਨ ਨਾਲ ਸੱਤਾ ਉਤੇ ਕਾਬਜ਼ ਹੋ ਗਈ। ਤਕਰੀਬਨ ਸੰਨ 2007 ਤੋਂ ਵਾਜਪਾਈ ਦੀ ਸਿਹਤ ਖ਼ਰਾਬ ਹੋ ਜਾਣ ਕਾਰਨ ਸੁਚੇਤ ਰਾਜਨੀਤੀ ਤੋਂ ਪਾਸੇ ਹੋ ਗਏ ਤੇ ਉਨ੍ਹਾਂ ਨੇ ਸੰਨ 2009 ਦੀ ਚੋਣ ਨਾ ਲੜੀ। ਪਿਛਲੇ 7 ਸਾਲਾਂ ਤੋਂ ਉਹ ਕਈ ਬਿਮਾਰੀਆਂ ਨਾਲ ਪੀੜਤ ਰਹੇ ਹਨ। ਭਾਜਪਾ ਅੱਜ ਵੀ ਵਾਜਪਾਈ ਦੇ ਰਾਜ ਕਾਲ ਦੌਰਾਨ ਅਪਣੀਆਂ ਪ੍ਰਾਪਤੀਆਂ ਦਾ ਹੋਕਾ ਦਿੰਦੀ ਹੈ।

ਇਹ ਪ੍ਰਭਾਵਸ਼ਾਲੀ ਇਨਸਾਨ, ਜਿਸ ਨੂੰ ਦੇਸ਼ ਦਾ ਸਰਵੋਤਮ ਪਾਰਲੀਮੈਂਨਟੇਰੀਅਨ ਗਿਣਿਆ ਗਿਆ ਹੋਵੇ, ਜਿਸ ਦੇ ਹਰ ਪਾਰਟੀ ਦੇ ਲੋਕ ਕਦਰਦਾਨ ਹੋਣ, ਕਮਾਲ ਦਾ ਬੁਲਾਰਾ ਤੇ ਸਹਿਜ ਨਾਲ ਵਿਚਰਨ ਵਾਲਾ ਇਨਸਾਨ ਇਸ ਫ਼ਾਨੀ ਸੰਸਾਰ ਨੂੰ ਵਿਛੋੜਾ ਦੇ ਗਿਆ ਹੈ। ਅਪਣੇ ਪਿੱਛੇ ਛੱਡ ਗਏ ਹਨ, ਇਕ ਤਹਿ ਕੀਤਾ ਹੋਇਆ ਰਾਹ, ਅਪਣੀ ਪਾਰਟੀ ਲਈ ਜੋ ਹਮੇਸ਼ਾ ਹੀ ਮਾਰਗ ਦਰਸ਼ਨ ਕਰਦਾ ਰਹੇਗਾ।               ਸੰਪਰਕ : 88720-06924