ਕਾਗਾ ਕਰੰਗ ਢਢੋਲਿਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

"ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸੁ।। ਏ ਦੁਇ ਨੈਣਾਂ ਮਤਿ ਛੁਹਉ ਪਿਰ ਦੇਖਣ ਕੀ ਆਸ।।"

Farid Ji

 

ਫ਼ਰੀਦ ਜੀ ਦੇ ਉਚਾਰੇ ਹੋਏ ਉਪਰੋਕਤ ਸਲੋਕ ਨੂੰ ਜਦ ਅਸੀ ਸ਼ਾਬਦਿਕ ਅਰਥ ਜਾਂ ਪ੍ਰਚਲਤ ਅਰਥ ਨਾਲ ਪੜਚੋਲਦੇ ਹਾਂ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਫ਼ਰੀਦ ਜੀ ਨੇ ਅਪਣੇ ਅੰਤਮ ਸਮੇਂ ਇਹ ਸਲੋਕ ਉਚਾਰਿਆ ਹੈ, ਜਿਸ ਅਨੁਸਾਰ ਉਹ ਬਿਆਨ ਕਰ ਰਹੇ ਹਨ ਕਿ ਕਾਂਵਾਂ ਨੇ ਉਨ੍ਹਾਂ ਦੇ ਸਰੀਰ ਦਾ ਸਾਰਾ ਮਾਸ ਨੋਚ-ਨੋਚ ਕੇ ਖਾ ਲਿਆ ਹੈ, ਜਿਸ ਕਾਰਨ ਸਰੀਰ ਹੱਡੀਆਂ ਦਾ ਪਿੰਜਰ ਹੀ ਰਹਿ ਗਿਆ ਹੈ। ਹੁਣ ਉਹ ਅਪਣੀਆਂ ਅੱਖਾਂ ਨੂੰ ਖਾਧੇ ਜਾਣ ਤੋਂ ਬਚਾਉਣ ਲਈ ਬੇਨਤੀ ਕਰ ਰਹੇ ਹਨ ਕਿਉਂਕਿ ਫ਼ਰੀਦ ਜੀ ਅਪਣੇ ਪਿਆਰੇ (ਰੱਬ ਜੀ) ਦੇ ਦਰਸ਼ਨ ਕਰਨਾ ਚਾਹੁੰਦੇ ਹਨ ਜਾਂ ਰੱਬ ਜੀ ਨੂੰ ਮਿਲਣ ਦੀ ਫ਼ਰੀਦ ਜੀ ਦੀ ਤਾਂਘ ਅਧੂਰੀ ਰਹਿ ਗਈ ਹੈ।

ਇਸ ਸਲੋਕ ਦਾ ਜਦ ਅਸੀ ਆਲੋਚਨਾਤਮਕ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਜ਼ਮੀਨੀ ਤੱਥਾਂ ਉਤੇ ਪੂਰਾ ਨਹੀਂ ਉਤਰਦਾ ਕਿਉਂਕਿ ਜਦ ਸਰੀਰ ਦਾ ਮਾਸ ਖਾਧਾ ਗਿਆ ਹੋਵੇ ਅਤੇ ਸਰੀਰ ਇਕ ਪਿੰਜਰ ਦੀ ਤਰ੍ਹਾਂ ਰਹਿ ਗਿਆ ਹੋਵੇ ਤਾਂ ਬੇਨਤੀ ਰੂਪੀ ਸ਼ਬਦ ਕਿਵੇਂ ਉਚਾਰੇ ਗਏ ਹੋਣਗੇ ਅਤੇ ਕਿਵੇਂ ਸੁਣੇ ਗਏ ਹੋਣਗੇ? ਸਰੀਰ ਦੇ ਮਾਸ ਦਾ ਖਾਧੇ ਜਾਣਾ ਤੇ ਫਿਰ ਅੱਖਾਂ ਦੇ ਨਾ ਖਾਧੇ ਜਾਣ ਬਾਰੇ ਬੇਨਤੀ ਦਾ ਕਰਨਾ ਆਪਸ ਵਿਚ ਮੇਲ ਨਹੀਂ ਖਾਂਦਾ। ਉਨ੍ਹਾਂ ਦੇ ਬੇਨਤੀ ਰੂਪੀ ਸ਼ਬਦ ਕਾਂਵਾਂ ਨੂੰ ਵੀ ਕਿਵੇਂ ਸਮਝ ਆਏ ਹੋਣਗੇ?

ਮੈਂ ਇਹ ਮਹਿਸੂਸ ਕਰਦਾ ਹਾਂ ਕਿ ਫ਼ਰੀਦ ਜੀ ਵਲੋਂ ਇਹ ਸਲੋਕ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਉਚਾਰਿਆ ਗਿਆ ਸੀ ਅਤੇ ਇਸ ਉਚਾਰਨ ਤੋਂ ਬਾਅਦ ਵੀ ਫ਼ਰੀਦ ਜੀ ਜੀਵਨ ਜਿਉਂਦੇ ਰਹੇ ਸਨ। ਉਹ ਕਿੰਨੀ ਦੇਰ ਜਿਉਂਦੇ ਰਹੇ ਇਸ ਬਾਰੇ ਤਾਂ ਕੁੱਝ ਕਹਿਣਾ ਮੁਸ਼ਕਲ ਹੈ। ਪਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜੋ ਬਾਣੀ ਫ਼ਰੀਦ ਜੀ ਨੇ ਉਚਾਰੀ ਹੈ, ਉਹ ਉਨ੍ਹਾਂ ਦੇ ਨਾਰਮਲ ਜੀਵਨ ਜਿਉਂਦੇ ਹੀ ਉਚਾਰੀ ਹੈ। ਉਨ੍ਹਾਂ ਨੇ ਜੋ ਉਚਾਰਿਆ ਹੈ, ਉਨ੍ਹਾਂ ਦੀ ਆਤਮਾ ਨੇ ਉਹ ਸੱਭ ਕੁੱਝ ਮਹਿਸੂਸ ਕੀਤਾ ਹੈ। ਇਹ ਗੱਲ ਵਖਰੀ ਹੈ ਕਿ ਅਸੀ ਉਨ੍ਹਾਂ ਦੀ ਆਤਮਿਕ ਉਡਾਰੀ ਤਕ ਪਹੁੰਚ ਸਕੇ ਹਾਂ ਜਾ ਨਹੀਂ। 

ਅਸਲ ਵਿਚ ਫ਼ਰੀਦ ਜੀ ਪ੍ਰਮਾਤਮਾ ਅੱਗੇ ਬੇਨਤੀ ਕਰ ਰਹੇ ਹਨ ਕਿ ਮੇਰੇ ਮਨ ਰੂਪੀ ਸਰੀਰ (ਸੂਖਮ ਸਰੀਰ) ਨੂੰ ਕਾਮ ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੂਪੀ ਕਾਂ (ਕੀੜੇ) ਹਰ ਵਕਤ ਨੋਚ-ਨੋਚ ਕੇ ਖਾ ਰਹੇ ਹਨ। ਮੈਨੂੰ ਇਸ ਦਾ ਬਚਾਅ ਨਜ਼ਰ ਨਹੀਂ ਆ ਰਿਹਾ। ਤੁਸੀ ਕਿਰਪਾ ਕਰ ਕੇ ਮੇਰੇ ਮਨ ਦੀਆਂ ਗਿਆਨ ਰੂਪੀ ਅੱਖਾਂ ਨੂੰ ਉਜਾਗਰ ਕਰੋ। ਇਨ੍ਹਾਂ ਗਿਆਨ ਰੂਪੀ ਅੱਖਾਂ ਨਾਲ (ਜਦ ਮੈਨੂੰ ਕਾਮ, ਕਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਬਚਣ ਦਾ ਢੰਗ ਤਰੀਕਾ ਸਮਝ ਆ ਜਾਵੇਗਾ ਤਾਂ) ਪ੍ਰਮਾਤਮਾ ਦੀ ਕਿਰਪਾ ਦਿ੍ਸ਼ਟੀ ਨੂੰ ਮਹਿਸੂਸ ਕਰਨਾ ਹੀ ਮੇਰੀ ਦਿਲੀ ਇੱਛਾ ਹੈ। ਜੇਕਰ ਅਸੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹਾਂ ਤਾਂ ਫਿਰ ਇਹ ਵੀ ਮੰਨਣਾ ਪਵੇਗਾ ਕਿ ਫ਼ਰੀਦ ਜੀ ਨੇ ਇਹ ਉਚਾਰਨ ਉਨ੍ਹਾਂ ਦੇ ਜੀਵਨ ਕਾਲ ਵਿਚ ਹੀ ਕੀਤਾ ਸੀ ਤਾਕਿ ਉਨ੍ਹਾਂ ਦਾ ਅਗਲਾ ਜੀਵਨ ਵਿਕਾਰਾਂ ਰਹਿਤ ਹੋਵੇ, ਜ਼ਿੰਦਗੀ ਵਿਚ ਸੁੱਖ ਅਤੇ ਸ਼ਾਂਤੀ ਹੋਵੇ।

ਦੂਸਰਾ ਤੱਤ ਇਹ ਵੀ ਹੈ ਕਿ ਅਧਿਆਤਮਕ ਗਿਆਨ ਨੂੰ ਆਤਮਾ ਜਾਂ ਮਨ ਰੂਪੀ ਸਰੀਰ ਉਤੇ ਢੁਕਾ ਕੇ ਹੀ ਵਿਚਾਰਨਾ ਹੋਵੇਗਾ ਕਿਉਂਕਿ ਬਾਹਰਲਾ (ਸਥੂਲ ) ਸਰੀਰ ਤਾਂ ਨਾਸ਼ਵਾਨ ਹੈ। ਅਧਿਆਤਮਕ ਗਿਆਨ ਲਈ ਸਾਡੇ ਸੂਖਮ ਸਰੀਰ ਨੂੰ ਹੀ ਅੱਗੇ ਆਉਣਾ ਪਵੇਗਾ। ਬਾਹਰਲੇ ਸਰੀਰ ਦਾ ਇਸ ਅਧਿਆਤਮਕ ਗਿਆਨ ਨਾਲ ਕੋਈ ਸਬੰਧ ਨਹੀਂ ਹੈ। ਸ਼ਾਇਦ ਇਸ ਆਤਮਾ ਰੂਪੀ ਸਰੀਰ ਦਾ ਹੀ ਫ਼ਰੀਦ ਜੀ ਨੇ ਉਪਰੋਕਤ ਸਲੋਕ ਵਿਚ ਜ਼ਿਕਰ ਕੀਤਾ ਹੋਵੇਗਾ। ਅਗਰ ਅਸੀ ਇਸ ਦਲੀਲ ਨਾਲ ਸਹਿਮਤ ਹਾਂ ਤਾਂ ਸਾਨੂੰ ਫ਼ਰੀਦ ਜੀ ਦੀ ਤਸਵੀਰ ਬਣਾ ਕੇ ਅਤੇ ਉਸ ਉਪਰ ‘‘ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸੁ।। ਏ ਦੁਇ ਨੈਣਾਂ ਮਤਿ ਛੁਹਉ ਪਿਰ ਦੇਖਣ ਕੀ ਆਸ।।’  ਲਿਖ ਕੇ ਉਨ੍ਹਾਂ ਦੇ ਅਸਥੂਲ ਸਰੀਰਕ ਹੱਥ ਨਾਲ ਦੋ ਉਂਗਲੀਆਂ ਵਾਲਾ ਸੰਕੇਤ ਇਨ੍ਹਾਂ ਸਰੀਰਕ ਅੱਖਾਂ ਵਲ ਨਾ ਕਰੀਏ। 

ਸੁੱਖਦੇਵ ਸਿੰਘ

ਸੰਪਰਕ: 70091-79107