1947 Special Article : ਅੰਗਰੇਜ਼ ਸਰਕਾਰ ਨੇ ਸਾਨੂੰ ਫ਼ਿਲੌਰੋਂ ਚੁਕ ਮਿੰਟਗੁਮਰੀ ਜਾ ਵਸਾਇਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

1947 Special Article :ਪਰ 1947 ਦੇ ਫ਼ਸਾਦਾਂ ਨੇ ਸਾਡੇ ਅਪਣੇ ਸਾਰੇ ਉਥੇ ਹੀ ਮਾਰ ਮੁਕਾਏ ਤੇ ਖ਼ਾਲੀ ਹੱਥ ਵਾਪਸ ਭੇਜ ਦਿਤਾ

file photo

1947 Special Article : ਅਸੀਂ ਚੰਦੀ ਕੰਬੋਜ ਸਿੱਖ ਹੁੰਨੇ ਆਂ। ਪਿਛਲਾ ਜੱਦੀ ਪਿੰਡ ਸ਼ਾਹਪੁਰ-ਫ਼ਿਲੌਰ ਆ ਸਾਡਾ। ਪਹਿਲੀ ਆਲਮੀ ਜੰਗ ਦਾ ਸਮਾਂ ਸੀ ਜਦ ਗੋਰੀ ਸਰਕਾਰ ਵਲੋਂ ਮੇਰੇ ਬਾਬਾ ਅਮਰ ਸਿੰਘ ਨੂੰ ਗੰਜੀ ਬਾਰ ਦੇ ਜ਼ਿਲ੍ਹਾ ਤੇ ਤਹਿਸੀਲ ਮਿੰਟਗੁਮਰੀ ਕੰਬੋਆਂ ਦੇ ਚੱਕ 47/5L ਵਿਚ ਘੋੜੀ ਪਾਲ ਮੁਰੱਬਾ ਅਲਾਟ ਕੀਤਾ। ਇਹ ਉਹ ਮੁਰੱਬੇ ਹੁੰਦੇ ਸਨ ਜਿਨ੍ਹਾਂ ਦੇ ਇਵਜ਼ ਵਿਚ ਕਿਸਾਨਾਂ ਨੂੰ ਪ੍ਰਤੀ ਘੋੜੀ ਪਾਲ ਮੁਰੱਬਾ, ਇਕ ਸਰਕਾਰੀ ਘੋੜੀ ਪਾਲਣੀ ਪੈਂਦੀ। ਇਹ ਘੋੜੀਆਂ ਗੋਰੀ ਸਰਕਾਰ ਆਵਾਜਾਈ ਦੇ ਸਾਧਨ ਵਜੋਂ ਅਤੇ ਖ਼ਾਸ ਕਰ ਘੋੜ ਸਵਾਰ ਫ਼ੌਜ ਲਈ ਵਰਤਈ। ਬਾਅਦ ਵਿਚ ਅੱਧਾ ਮੁਰੱਬਾ ਲੰਬੜਦਾਰੀ ਦਾ ਵਖਰਾ ਮਿਲਿਆ।

ਬਾਬੇ ਘਰ, ਹਜ਼ਾਰਾ ਸਿੰਘ, ਗੁੱਜਰ ਸਿੰਘ ਅਤੇ ਇਕ ਬੇਟੀ  ਨੇ ਜਨਮ ਲਿਆ। ਹਜ਼ਾਰਾ ਸਿੰਘ, ਸਾਡਾ ਬਾਪ ਹੋਇਐ। ਉਨ੍ਹਾਂ ਦੀ ਸ਼ਾਦੀ ਓਧਰ ਹੀ ਹੋਈ। ਅਸੀਂ ਦਰਜਾ ਬ-ਦਰਜਾ ਸੇਵਾ ਸਿੰਘ, ਚਰਨ ਸਿੰਘ, ਮੈਂ ਲਛਮਣ ਸਿੰਘ, ਰਤਨ ਸਿੰਘ, ਦਰਸ਼ਨ ਸਿੰਘ ਅਤੇ ਪ੍ਰੀਤਮ ਕੌਰ, 5 ਭਰਾ ਅਤੇ ਇਕ ਭੈਣ ਹੋਏ।

ਗੁਆਂਢੀ ਪਿੰਡਾਂ ਵਿਚ 44 ਚੱਕ ਸਿੱਖ ਫ਼ੌਜੀਆਂ ਦਾ, 45, 46, 49, 50 ਅਤੇ 60 ਮੁਸਲਿਮ ਚੱਕ ਵਜਦੇ। ਠਾਣਾ 60 ਚੱਕ ਵਿਚ ਹੁੰਦਾ। 36/4L ਜਾਂਗਲੀਆਂ ਦਾ ਪਿੰਡ ਸੀ। ਚੜ੍ਹਦੇ ਵੰਨੀਂ 5 ਨਹਿਰ ਵਗਦੀ। ‘ਟੇਸ਼ਣ ਯੂਸਫ਼ ਵਾਲਾ ਲੱਗਦਾ ਜੋ ਲਾਹੌਰ-ਮੁਲਤਾਨ ਰੇਲਵੇ ਟਰੈਕ ਤੇ ਸੀ। ਪ੍ਰਾਇਮਰੀ ਸਕੂਲ 47-48 ਚੱਕ ਦੇ ਵਿਚਕਾਰ ਪੈਂਦਾ। ਇਥੋਂ ਹੀ ਮੈਂ ਚੌਥੀ ਜਮਾਤ ਪਾਸ ਕੀਤੀ। ਉਪਰੰਤ ਬਾਪ ਦੀ ਮੌਤ ਹੋ ਗਈ ਤੇ ਪੜ੍ਹਾਈ ਛਡਣੀ ਪਈ। ਉਥੇ ਉਸਤਾਦ, 46 ਚੱਕ ਦਾ ਗ਼ੁਲਾਮ ਮੁਹੰਮਦ, 50 ਚੱਕ ਤੋਂ ਇਕ ਹੋਰ ਮੁਸਲਿਮ ਉਸਤਾਦ ਅਤੇ ਹੈੱਡ ਮਾਹਟਰ ਸਾਈਂ ਦਿੱਤਾ ਮੇਰੇ 47 ਚੱਕ ਤੋਂ ਸੀ। ਬਸ਼ੀਰ ਕੁਰੈਸ਼ ਵਲਦ ਸਲਾਬਤ, ਬਸ਼ੀਰ ਮੁਹੰਮਦ ਅਤੇ ਨੱਥੂ ਨਾਈ ਮੇਰੇ ਹਮ ਜਮਾਤੀ ਹੁੰਦੇ ਸਨ। ਪਿੰਡ ਵਿਚ ਮੇਰੇ ਹਮਰਾਹ ਸੂਬਾ ਸਿੰਘ ਕੰਬੋਜ, ਮਹਿੰਗਾ ਸਿੰਘ, ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਦਾ ਛੋਟਾ ਭਾਈ ਅਤੇ ਮੇਰੇ ਪਿਛਲੇ ਜੱਦੀ ਪਿੰਡ ਸ਼ਾਹਪੁਰ ਤੋਂ ਆਦਿ ਧਰਮੀ ਗੁਲਜ਼ਾਰੀ ਹੁੰਦਾ। ਇਕ ਨਿਹੰਗ ਘਰਤੋੜ ਸਿੰਘ ਹੁੰਦਾ ਜੋ ਪਿੰਡ ਵਿਚ ਸਿੱਖੀ ਲਹਿਰ ਮਘਾਈ ਰਖਦਾ। ਸਾਲਾਨਾ ਮੇਲਿਆਂ ਉਤੇ ਜਥਾ ਲੈ ਕੇ ਆਨੰਦਪੁਰ ਸਾਹਿਬ ਵੀ ਢੁਕਦਾ। ਪਿੰਡ ਦਾ ਜ਼ੈਲਦਾਰ ਵਧਾਵਾ ਸਿੰਘ ਹੁੰਦਾ ਸੀ ਜਿਸ ਦਾ ਪਿਛਲਾ ਪਿੰਡ ਟੁਰਨਾ-ਲੋਹੀਆਂ ਵਜਦਾ। ਲੰਬੜਦਾਰ ਮੇਰਾ ਬਾਪ ਸੀ। ਉਸ ਦੀ ਮੌਤ ਉਪਰੰਤ ਮੇਰਾ ਵੱਡਾ ਭਾਈ ਸੇਵਾ ਸਿੰਘ ਲੰਬੜਦਾਰ ਬਣਿਆ। 89 ਚੱਕ ਵਿਚ ਚੌਧਰੀ ਮਾਮਦੀਨ ਜ਼ੈਲਦਾਰ, ਚੰਗਾ ਕਹਿੰਦ ਸੁਣੀਂਦਾ ਹੁੰਦਾ ਸੀ। ਉਸ ਦਾ ਪਿਛਲਾ ਪਿੰਡ ਇਹੀ ਤੇਹਿੰਗ ਸੀ। ਇਸੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਉਹ ਮੇਰੇ ਬਾਬਾ ਅਮਰ ਸਿੰਘ ਦਾ ਹਮ ਜਮਾਤੀ ਰਿਹੈ।

ਲੁਹਾਰ ਤਰਖਾਣ ਦੀ ਦੁਕਾਨ, ਬਾਣੀਆਂ ਅਤੇ ਕੰਬੋਆਂ ਦੀਆਂ 5 ਹੱਟੀਆਂ, ਖਰਾਸ, ਕੋਹਲੂ ਅਤੇ 2 ਖੂਹ ਹੁੰਦੇ ਸਨ। ਲੋਅਰ ਬਾਰੀ ਦੋਆਬ ਨਹਿਰ ਜੋ ਬੱਲੋ ਕੀ ਹੈੱਡ ਤੋਂ ਨਿਕਲਦੀ, ਖੇਤਾਂ ਨੂੰ ਸੈਰਾਬ ਕਰਦੀ। ਫ਼ਸਲਾਂ ਖ਼ੂਬ ਪੁਰ ਬਹਾਰ ਹੁੰਦੀਆਂ। ਜ਼ਿਆਦਾ ਕਣਕ, ਗੰਨਾ, ਕਪਾਹ ਅਤੇ  ਨਰਮੇ ਦੀ ਕਿਸਮ ਬੀਜਦੇ। ਜਿਣਸ ਓਕਾੜਾ ਮੰਡੀ ਵਿਚ ਗੱਡਿਆਂ ’ਤੇ ਲੱਦ ਕੇ ਵੇਚਦੇ ਜੋ ਪਿੰਡੋਂ 7-8 ਕੋਹ ਦੀ ਵਾਟ ’ਤੇ ਸੀ। 

ਜਦ ਭਾਰਤ ਵੰਡ ਦਾ ਰਾਮ ਰੌਲਾ ਸ਼ੁਰੂ ਹੋਇਆ ਤਾਂ ਮੁਸਲਮਾਨ ਜ਼ੋਰ ਪਾਉਣ ਕਿ ਪਿੰਡ ਛੱਡ ਜਾਉ ਨਹੀਂ ਤਾਂ ਮਾਰੇ ਜਾਉਗੇ। ਪਿੰਡ ਦੇ ਮੋਹਤਬਰਾਂ ਨੇ ਦੋ ਕੰਬੋਅ ਸਿੱਖ ਜੋ ਇੱਧਰੋਂ ਫੁੱਲ-ਲੋਹੀਆਂ ਪਿੰਡ ਤੋਂ ਸਨ, ਮਿੰਟਗੁਮਰੀਉਂ ਡੋਗਰਾ ਮਿਲਟਰੀ ਲੈਣ ਭੇਜੇ। ਮਿਲਟਰੀ ਨਾ ਮਿਲੀ ਤਾਂ ਉਹ ਮੁੜੇ ਨਾ ਸਗੋਂ ਬਿਨ ਇਤਲਾਹ ਹੀ ਚੜ੍ਹਦੇ ਪੰਜਾਬ ਅਪਣੇ ਜੱਦੀ ਪਿੰਡਾਂ ਵੰਨੀਂ ਚਲੇ ਆਏ। ਦੂਜੇ ਤੀਜੇ ਦਿਨ ਹੀ ਆਲੇ ਦੁਆਲੇ ਪਿੰਡਾਂ ਦੇ ਦੰਗਾਈਆਂ ਨੇ ਪਿੰਡ ਉਤੇ 48 ਚੱਕ ਵਲੋਂ ਹਮਲਾ ਬੋਲ ਦਿਤਾ। ਲੋਕ ਉਭੜਵਾਹੇ ਉਲਟ ਦਿਸ਼ਾ ਵੰਨੀ ਫ਼ਸਲਾਂ ਵਲ ਭੱਜੇ। ਇਸ ਸਮੇਂ ਹੋਈ ਕਤਲੋਗਾਰਤ ’ਚ ਜਿੱਥੇ ਲੁੱਟ ਮਾਰ ਦੇ ਨਾਲ ਕਈ ਜਵਾਨ ਬਹੂ ਬੇਟੀਆਂ ਤਾਈਂ ਧਾੜਵੀਆਂ ਵਲੋਂ ਜਬਰੀ ਉਠਾ ਲਿਆ ਗਿਆ ਉਥੇ ਕੰਬੋਜ ਸਿੱਖ ਮੇਹਰ ਸਿੰਘ, ਚਾਨਣ ਸਿੰਘ, ਹਜ਼ਾਰਾ ਸਿੰਘ ਆਦਿ ਜੋ ਕਿ ਕੁੱਲ ਛੇ ਭਾਈ ਸਨ, ਉਨ੍ਹਾਂ ਦੀ ਮਾਂ ਅਤੇ ਹੋਰ ਬਾਲ ਪ੍ਰਵਾਰ ਮਾਰਿਆ ਗਿਆ। ਚਾਨਣ ਦਾ ਬੇਟਾ ਫੁੰਮਣ ਸਿੰਘ ਜੋ ਹੁਣ ਭੱਟੀਆਂ-ਫ਼ਿਲੌਰ ਵਾਸ ਕਰਦੈ, ਫੁੰਮਣ ਦੀ ਚਾਚੀ ਸੰਤੀ ਅਤੇ ਉਸ ਦੀ ਬੇਟੀ, ਹਜ਼ਾਰਾ ਸਿੰਘ ਦੀ ਬੇਟੀ ਬਚਨੀ ਜੋ ਇਧਰ ਆ ਕੇ ਸੁਲਤਾਨਪੁਰ ਲੋਧੀ ਕੰਬੋਜ ਹਲਵਾਈਆਂ ਦੇ ਵਿਆਹੀ ਗਈ, ਹੀ ਬਚ ਕੇ ਇਧਰ ਆ ਪਾਏ। ਸੋਹਣ ਸਿੰਘ ਦਾ ਸਾਰਾ ਪ੍ਰਵਾਰ ਹੀ ਮਾਰਿਆ ਗਿਆ। ਸਿਰਫ਼ ਉਹ ਅਤੇ ਉਸ ਦਾ ਭਤੀਜਾ ਹੀ ਬਚ ਕੇ ਇਧਰ ਆਏ। ਉਨ੍ਹਾਂ ਦਾ ਪਿਛਲਾ ਪਿੰਡ ਗਿੱਦੜ ਪਿੰਡੀ-ਲੋਹੀਆਂ ਸੀ। ਉਨ੍ਹਾਂ ਨੂੰ ਜ਼ਮੀਨ ਸ਼ਾਹਕੋਟ ਅਲਾਟ ਹੋਈ। ਲੋਹੀਆਂ ਦੀ ਨਾਮੀ ਪੰਥਕ ਹਸਤੀ ਜਥੇਦਾਰ ਸ਼ਿੰਗਾਰਾ ਸਿੰਘ ਦਾ ਵੀ ਸਾਰਾ ਪ੍ਰਵਾਰ ਮਾਰਿਆ ਗਿਆ। ਕੇਵਲ ਉਸ ਦੀ ਮਾਂ ਮਲਾਵੀ ਅਤੇ ਛੋਟੀ ਭਾਬੀ ਹੀ ਬਚ ਕੇ ਆਉਣ ਵਾਲਿਆਂ ’ਚ ਸ਼ਾਮਲ ਸਨ। ਮੇਰੇ ਨਾਲ ਪੜ੍ਹਦਾ ਮਹਿੰਗਾ ਸਿੰਘ ਵੀ ਮਾਰਿਆ ਗਿਆ ਜਿਸ ਦੇ ਪ੍ਰਵਾਰ ਨੂੰ ਇਧਰ ਜ਼ਮੀਨ ਭਦਮਾਂ ਦੇ ਨਜਦੀਕੀ ਪਿੰਡ ਵਿਚ ਅਲਾਟ ਹੋਈ। ਲੋਹੀਆਂ ਸਾਡੇ ਬਾਪ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਚਾਚਾ ਗੁੱਜਰ ਸਿੰਹੁ, ਲਾਵਲਦ ਛੋਟੇ ਬਾਬੇ ਸੁੰਦਰ ਸਿੰਘ ਕੋਲ ਮੁਲਤਾਨ ਦੀ ਤਹਿਸੀਲ ਤੁਲੰਭਾ ਦੇ ਚੱਕ 20 ਵਿਚ ਰਹਿੰਦਾ ਸੀ। ਇਨ੍ਹਾਂ ਹੀ ਰੌਲਿਆਂ ਵੇਲੇ ਜਦ ਬਾਬੇ ਦਾ ਪ੍ਰਵਾਰ ਇਕਬਾਲ ਨਗਰ ਟੇਸ਼ਣ ਲਈ ਘਰੋਂ ਨਿੱਕਲਿਆ ਤਾਂ ਮੋਹਰਿਉਂ ਦੰਗਾਈ ਪੈਣ ’ਤੇ ਉਹ ਸਾਰੇ ਕਮਾਦ ਵਿਚ ਵੜ ਕੇ ਦੂਜੇ ਵੰਨੀਉਂ ਨਿੱਕਲ ਕੇ, ਭੱਜ ਕੇ ਬਚ ਗਏ। ਪਰ ਬਾਬਾ ਸੁੰਦਰ ਸਿੰਘ ਤੋਂ ਭਜਿਆ ਨਾ ਗਿਆ। ਉਹ ਕਮਾਦ ਵਿਚ ਹੀ ਮਾਰਿਆ ਗਿਆ। ਜੜ੍ਹਾਂਵਾਲਾ-ਲੈਲਪੁਰ ਰਫ਼ਿਊਜੀ ਕੈਂਪ ਤੇ ਜਦ ਮੁਸਲਿਮ ਮਿਲਟਰੀ ਨੇ ਗੋਲੀ ਚਲਾਈ ਤਾਂ ਉਸ ਵਿਚ ਮੇਰਾ ਮਾਮਾ ਸੰਤਾ ਸਿੰਘ ਮਾਰਿਆ ਗਿਆ। ਉਸ ਦਾ ਬੇਟਾ ਲਾਸ਼ਾਂ ਦੇ ਢੇਰ ’ਚ ਦਬਿਆ ਗਿਆ ਤੇ ਬੱਚ ਗਿਆ। ਉਨ੍ਹਾਂ ਦੇ ਪ੍ਰਵਾਰ ਨੂੰ ਇਧਰ ਜ਼ਮੀਨ ਨਵਾਂ ਪਿੰਡ ਖਾਲੇਵਾਲ-ਲੋਹੀਆਂ ਅਲਾਟ ਹੋਈ ਪਰ ਬਾਅਦ ’ਚ  ਉੱਤਰ ਪ੍ਰਦੇਸ਼ ਵਿਚ ਜਾ ਆਬਾਦ ਹੋਏ। 


47 ਚੱਕੋਂ ਤੁਰਦਿਆਂ ਅਸੀਂ ਸਾਰਾ ਟੱਬਰ ਸੱਜੀ ਗਲੀ ਹੋ ਗਏ ਪਰ ਵੱਡਾ ਭਾਈ ਚਰਨ ਸਿੰਹੁ ਖੱਬੀ ਗਲੀ ਮੁੜ ਗਿਆ। ਮੁੜ ਉਸ ਨਾਲ ਅੱਜ ਤਕ ਮੇਲ ਨਹੀਂ ਹੋਇਆ। ਮਗਰੋਂ ਪਤਾ ਲੱਗਾ ਉਹ ਦੰਗਾਈਆਂ ਹੱਥੋਂ ਮਾਰਿਆ ਗਿਆ। ਇਸ ਦੀ ਤਸਦੀਕ ਪਿੰਡ ਦੇ ਹਰੀਜਨਾਂ ਨੇ ਕੀਤੀ ਜੋ ਬਾਅਦ ਵਿਚ ਇਧਰ ਆਏ। ਮੋਹਰਿਉਂ ਫਿਰ ਘੇਰਾ ਪਿਆ ਤਾਂ ਸਾਡਾ ਟੱਬਰ ਫਿਰ ਪਿੰਡ ਵਲ ਭੱਜ ਕੇ ਮਾਸਟਰ ਸਾਈਂ ਦਿੱਤਾ ਦੇ ਘਰ ਜਬਰੀ ਘੁੱਸ ਗਿਆ। ਮਾਸਟਰ ਦੀ ਮਾਂ ਨੇ ਆਖਿਆ, ‘‘ਤੁਸੀਂ ਤਾਂ ਸਾਨੂੰ ਵੀ ਮਰਵਾਉਗੇ।’’ ਦਰਅਸਲ ਉਨ੍ਹਾਂ ਅਪਣੇ ਸਕੂਲ ਦੇ ਮੁਸਲਿਮ ਮਾਸਟਰਾਂ ਨੂੰ ਮਦਦ ਲਈ ਸੁਨੇਹਾ ਭੇਜਿਆ ਹੋਇਆ ਸੀ। ਹੁਣ ਭੀੜ ਪਿੰਡ ਵਿਚ ਪ੍ਰਵੇਸ਼ ਕਰ ਗਈ।

‘‘ਹਾਏ ਓਏ, ਮਾਰੇ ਗਏ’’ ਦੀਆਂ ਵਾਜਾਂ ਆਉਣ ਲਗੀਆਂ। ਆਲੇ ਦੁਆਲੇ ਦਾ ਜਾਇਜ਼ਾ ਲੈਣ ਲਈ ਮਾਸਟਰ ਜਿਉਂ ਹੀ ਕੋਠੇ ਉਤੇ ਚੜ੍ਹਿਆ ਤਾਂ ਭੀੜ ਵਲੋਂ ਚਲਾਈ ਗੋਲੀ ਨਾਲ ਮਾਸਟਰ ਥਾਏਂ ਮਾਰਿਆ ਗਿਆ। ਇਹ ਉਹ ਸਮਾਂ ਸੀ ਜਦ ਅਸੀ ਮੌਤ ਨੂੰ ਬਹੁਤ ਹੀ ਕਰੀਬ ਤੋਂ ਵੇਖਿਆ। ਸੱਭ ਰੋਣ ਪਿੱਟਣ ਲੱਗ ਪਏ। ਬਾਹਰ ਦੰਗਈ ਦਰਵਾਜ਼ਾ ਭੰਨੀ ਜਾਣ। ਤਦੋਂ ਹੀ ਇਕ ਕੌਤਕ ਵਰਤ ਗਿਆ ਕਿ 50 ਚੱਕ ਦਾ ਮੁਸਲਿਮ ਮਾਸਟਰ, ਮਾਸਟਰ ਸਾਈਂ ਦਿੱਤਾ ਦੇ ਪ੍ਰਵਾਰ ਦੀ ਮਦਦ ਲਈ ਰਫ਼ਲ ਲੈ ਕੇ ਆਇਆ। ਉਸ ਦਾ ਭਰਾ ਵੀ ਨਾਲ ਸੀ। ਉਨ੍ਹਾਂ ਭੀੜ ਨੂੰ ਵੰਗਾਰਦਿਆਂ ਹਵਾ ਵਿਚ ਦੋ ਫ਼ਾਇਰ ਕੀਤੇ ਤਾਂ ਭੀੜ ਉਰਾਂ-ਪਰਾਂ ਖਿਸਕ ਗਈ। ਮਾਸਟਰ ਵੀ ਕੱਝ ਤੁਅਸਬੀ ਨਿਕਲਿਆ। ਉਸ ਦੇ ਦਿਲ ਵਿਚ ਖੋਟ ਸੀ। ਕਹਿੰਦਾ, ‘‘ਪਹਿਲਾਂ ਮਾਸਟਰ ਦਾ ਪ੍ਰਵਾਰ ਛੱਡ ਆਵਾਂ ਤੁਹਾਨੂੰ ਫਿਰ ਲੈ ਕੇ ਜਾਵਾਂਗਾ।’’ ਸਾਡੀ ਮਾਈ ਉਹਦੀ ਸ਼ੈਤਾਨੀ ਨੂੰ ਭਾਂਪਦਿਆਂ ਅੜ ਗਈ। ਕਹਿੰਦੀ, ‘‘ਅਸੀਂ ਵੀ ਤੁਹਾਡੇ ਨਾਲ ਹੀ ਜਾਵਾਂਗੇ। ਅਸਾਂ ਪਿੱਛੇ ਨਹੀਂ ਰਹਿਣਾ।’’ ਮੈਂ ਨਿਹੰਗ ਬਾਣਾ ਪਹਿਨਿਆਂ ਸੀ। ਮੈਂ ਉਹ ਉਤਾਰ ਕੇ ਮਾਸ਼ਟਰ ਦੇ ਮੁੰਡੇ ਦੇ ਕਪੜੇ ਪਾ ਲਏ। ਮੈਂ, ਮੇਰੇ ਭਰਾ, ਮਾਂ ਅਤੇ ਮਾਈ, ਮਾਸਟਰ ਦੇ ਨਾਲ ਹੀ ਹੋ ਤੁਰੇ। ਨਹਿਰ ਦੇ ਪੁੱਲ ’ਤੇ ਜਾ ਕੇ ਉਸ ਨੇ ਮੇਰੇ ਵੱਡੇ ਭਾਈ ਸੇਵਾ ਸਿੰਘ ਉਤੇ ਰਫ਼ਲ ਤਾਣ ਲਈ। ਜਿਉਂ ਹੀ ਉਹ ਗੋਲੀ ਚਲਾਉਣ ਲੱਗਾ ਤਾਂ ਭਰਾ ਨੇ ਮਿਹਣਾ ਦਿੰਦਿਆਂ ਕਿਹਾ, ‘‘ਉਸਤਾਦ ਜੀ ਇੰਝ ਨਾ ਕਰੋ। ਸਾਡੇ ਬੱਚੇ ਤੁਹਾਡੇ ਕੋਲੋਂ ਪੜ੍ਹੇ ਆ। ਤੁਸੀ ਤਾਂ ਖ਼ੁਦ ਬੱਚਿਆਂ ਨੂੰ ਚੰਗੀ ਤਾਲੀਮ ਦੇਣੀ ਆ। ਪਿਛਲੇ ਹਫ਼ਤੇ ਈ ਆਪਾਂ ਇਕ ਫ਼ੈਸਲੇ  ਲਈ, 60 ਚੱਕ ਦੇ ਠਾਣੇ ’ਚ ’ਕੱਠੇ ਹੋਏ ਸਾਂ।’’ ਮਾਸਟਰ ਦੇ ਦਿਲ ’ਤੇ ਅਸਰ ਹੋਇਆ। ਉਹਨੇ ਰਫ਼ਲ ਸੁੱਟ ਦਿਤੀ। ਸੁੱਟੀ ਰਫ਼ਲ ਉਹਦੇ ਭਰਾ ਨੇ ਚੁੱਕ ਲਈ। ਹੁਣ ਉਹ ਸਾਨੂੰ ਅਪਣੇ ਚੱਕ 50 ਵਿਚ ਲੈ ਗਿਆ। ਮਾਸਟਰ ਦੇ ਪ੍ਰਵਾਰ ਨੂੰ ਉਸ ਅਪਣੇ ਘਰ ਠਹਿਰਾਇਆ ਪਰ ਸਾਨੂੰ ਕਿਸੇ ਹੋਰ ਦੇ। 3 ਦਿਨ ਉਥੇ ਹੀ ਰਹੇ। ਫਿਰ ਕਹਿੰਦੇ ਖ਼ਤਰਾ ਹੈ। ਤੀਜੇ ਦਿਨ ਉਨ੍ਹਾਂ ਸਾਨੂੰ ਪਿੰਡ ਦੀ ਜੂਹ ਲੰਘਾ ਦਿਤੀ। ਅੱਗੇ  ਕੋਈ ਕੋਹ ਕੁ ਵਾਟ ਗਏ ਤਾਂ ਮੋਹਰਿਉਂ 3-4 ਲੁੱਟ ਖੋਹ ਕਰਨ ਵਾਲੇ ਮਿਲ ਗਏ। ਉਨ੍ਹਾਂ ਸਾਨੂੰ ਅਗਿਉਂ ਵੰਗਾਰਿਆ ਤਾਂ ਮਾਈ ਨੇ ਖੀਸੇ ਚੋਂ ਮੁਰਕੀਆਂ ਕੱਢ ਕੇ ਉਨ੍ਹਾਂ ਵਲ ਵਗਾਹ ਮਾਰੀਆਂ। ਉਹ ਮੁਰਕੀਆਂ ਲਈ ਆਪਸ ਵਿਚ ਗੁਥ-ਮ-ਗੁੱਥਾ ਹੋ ਗਏ। ਇੱਦਾਂ, ਇਥੇ ਵੀ ਸਾਡੀ ਜਾਨ ਬਚ ਗਈ। ਅੱਗੇ ਮੁਲਤਾਨ-ਲਾਹੌਰ ਟਰੈਕ ’ਤੇ ਪੈਂਦੇ ਗਾਂਬਰ ’ਟੇਸ਼ਣ ’ਤੇ ਰਾਤ ਰਹੇ। ਦੂਜੇ ਦਿਨ ਤੜਕੇ ਮੁਲਤਾਨ ਵੰਨੀਓਂ ਗੱਡੀ ਆਈ, ਉਸ ਵਿਚ ਜਾ ਚੜ੍ਹੇ। ਸਾਡੇ ਪਿੰਡ ਦਾ ਮੱਲ ਸਿੰਘ (ਪਿਛਲਾ ਪਿੰਡ ਫੁੱਲ-ਲੋਹੀਆਂ) ਵੀ ਇਥੇ ਸਾਡੇ ਨਾਲ ਆ ਰਲਿਆ। ਉਹ ਜਿਉਂ ਹੀ ਗੱਡੀ ਚੜ੍ਹਿਆ ਤਾਂ ਕੁਝ ਮੁਸਲਿਮ ਚੋਬਰਾਂ ਉਸ ਨੂੰ ਖਿੱਚ, ਹੇਠਾਂ ਉਤਾਰ ਕੇ ਛੁਰਾ ਖੋਭ ਦਿਤਾ। ਉਹ ਥਾਏਂ ਕੁੱਝ ਤੜਫਣ ਤੋਂ ਬਾਅਦ ਦਮ ਤੋੜ ਗਿਆ। ਗੱਡੀ ਚਲੀ ਤਾਂ ਅਸੀ ਓਕਾੜਾ ਜਾ ਉਤਰੇ। ਉਥੋਂ ’ਟੇਸ਼ਣ ਤੋਂ ਓਕਾੜਾ ਦਾਣਾ ਮੰਡੀ ਵਿਚ ਜਾ ਪੜਾਅ ਕੀਤਾ। ਮੰਡੀ ਸਾਰੀ ਖ਼ਾਲੀ ਦੀ ਖ਼ਾਲੀ, ਕੋਈ ਜੀਵ ਜੰਤੂ ਨਾ। ਆਹਿਸਤਾ ਆਹਿਸਤਾ ਸ਼ਾਮ ਤਕ ਪੂਰੀ ਮੰਡੀ ਰਫ਼ਿਊਜੀਆਂ ਨਾਲ ਭਰ ਗਈ। ਨੇੜੇ ਪੈਂਦੇ ਬਾਜ਼ਾਰ ਵਿਚ ਸੱਭ ਹਿੰਦੂ-ਸਿੱਖ ਦੁਕਾਨਦਾਰਾਂ ਨੇ ਅਪਣੀਆਂ ਦੁਕਾਨਾਂ ਦੇ ਦਰਵਾਜ਼ੇ ਰਫ਼ਿਊਜੀਆਂ ਲਈ ਮੁਫ਼ਤ ’ਚ ਖੋਲ੍ਹ ਦਿੱਤੇ। ਅਸੀਂ ਵੀ ਰਸਤੇ ਲਈ ਕੁੱਝ ਰਾਸ਼ਨ ਤੇ ਭਾਂਡੇ ਚੁੱਕ ਲਿਆਂਦੇ। ਰਾਤ ਕੱਟਣ ਲਈ ਸਾਡੇ ਕੋਲ ਕੋਈ ਬਿਸਤਰਾ ਚਾਦਰ ਤਕ ਵੀ ਨਹੀਂ ਸੀ। ਖੱਬੇ ਸੱਜੇ ਦੇਖਿਆ ਤਾਂ ਗੁਰਦੁਆਰੇ ਦਾ ਗੁੰਬਦ ਨਜ਼ਰ ਆਇਆ। ਮੈਂ ਤੇ ਮੇਰਾ ਭਰਾ ਸੇਵਾ ਸਿੰਘ ਗੁਰਦੁਆਰਾ ਸਾਹਿਬ ਗਏ। ਉਥੇ ਕੋਈ ਨਾ ਮਿਲਿਆ। ਕੋਠੇ ’ਤੇ ਚੜ੍ਹੇ ਤਾਂ ਇਕ ਕਮਰੇ ਚੋਂ ਸਾਨੂੰ ਬਿਸਤਰੇ ਮਿਲ ਗਏ। ਉਥੋਂ ਰਜ਼ਾਈਆਂ, ਤਲਾਈਆਂ ਦੇ ਗਿਲਾਫ਼ ਲਾਹ ਲਿਆਂਦੇ। ਤੀਜੇ ਦਿਨ ਕਾਫ਼ਲਾ ਪਾਕ ਪਟਨ ਲਈ ਤੁਰਿਆ। ਬਹੁਤੇ ਗੱਡਿਆਂ ’ਤੇ ਅਤੇ ਕੁੱਝ ਤੁਰ ਕੇ ਹੀ ਹੋ ਤੁਰੇ। ਸੁਲੇਮਾਨ ਹੈੱਡ ਵਰਕਸ (ਇਥੋਂ ਗੋਰੀ ਸਰਕਾਰ ਵਲੋਂ ਦਰਿਆ ਸਤਲੁਜ ਤੋਂ ਇਕ ਵੱਡੀ ਨਹਿਰ, ਪਾਕਪਟਨ ਵਲ ਕੱਢੀ ਗਈ ਸੀ ਜੋ ਕਿ ਨੀਲੀ ਬਾਰ ਨੂੰ ਸੈਰਾਬ ਕਰਦੀ ਐ। ਇਸ ਪਾਣੀ ਦੀ ਨੀਲੀ ਭਾਅ ਕਾਰਨ ਹੀ ਇਸ ਬਾਰ ਦਾ ਨਾਂ ਨੀਲੀ ਬਾਰ ਪਿਆ। ਇਸ ਵਿਚ ਮਿੰਟਗੁਮਰੀ ਦੀਆਂ ਤਹਿਸੀਲਾਂ ਉਕਾੜਾ, ਪਾਕਪਟਨ ਅਤੇ ਮੁਲਤਾਨ ਦੀ ਤਹਿਸੀਲ ਵੇਹਾੜੀ ਦਾ ਕੱੁਝ ਇਲਾਕਾ ਆਉਂਦਾ ਹੈ (ਲੇਖਕ) ਫ਼ਿਰੋਜ਼ਪੁਰ ਵੰਨੀਉਂ ਮੁਸਲਿਮ ਰਫ਼ਿਊਜੀਆਂ ਦਾ ਸੈਂਕੜੇ ਗੱਡਿਆਂ ਦਾ  ਕਾਫ਼ਲਾ ਆਉਂਦਾ ਦਿਸਿਆ। ਇਥੇ ਪਹਿਲਾਂ ਲੰਘਣ ਤੋਂ, ਕਾਫੀ ਸਮਾਂ ਕਸ਼-ਮ-ਕਸ਼ ਚਲਦੀ ਰਹੀ। ਆਖ਼ਰ ਸਾਡੇ ਕਾਫ਼ਲੇ ਨੂੰ ਪਹਿਲ ਮਿਲੀ। ਭਾਰਤੀ ਇਲਾਕੇ ਵਿਚ ਦਾਖ਼ਲ ਹੋ ਕੇ ਵੱਡੇ ਖੁਲ੍ਹੇ ਮੈਦਾਨ ਵਿਚ ਜਾ ਪੜਾਅ ਕੀਤਾ। ਸ਼ਾਮ ਨੂੰ ਚੁੱਲ੍ਹੇ ਵੀ ਖ਼ੂਬ ਮਘੇ। ਜੀ ਭਰ ਕੇ ਖਾਣਾ ਖਾਧਾ, ਕੁੱਝ ਚੈਨ ਦੀ ਨੀਂਦ ਸੁੱਤੇ। ਇਥੇ ਮੇਰੀ ਭਰਜਾਈ ਸੇਵਾ ਸਿੰਘ ਦੇ ਘਰੋਂ, ਦੇ ਪੈਰ  ਬੁਰੀ ਤਰ੍ਹਾਂ ਸੁੱਜ ਗਏ। ਇਸ ਤੋਂ ਅੱਗੇ ਦੂਜੇ ਦਿਨ ਸਾਡਾ ਉਤਾਰਾ ਫ਼ਿਰੋਜ਼ਪੁਰ ਦਾਣਾ ਮੰਡੀ ਵਿਚ ਹੋਇਆ। ਵਬਾ ਫੈਲੀ ਹੋਈ ਸੀ। ਮੇਰੀ ਸਾਲੀ ਦੀ ਜੇਠਾਣੀ ਨੰਦ ਸਿੰਘ ਦੇ ਘਰੋਂ ਵਬਾ ਦੀ ਭੇਟ ਚੜ੍ਹ ਗਈ। ਤੀਜੇ ਦਿਨ ਫ਼ਿਰੋਜ਼ਪੁਰ ਤੋਂ ਲੋਹੀਆਂ ਵਾਲੀ ਗੱਡੀ ਫੜੀ। ਭਾਰੀ ਮੀਂਹ ਅਤੇ ਹੜ੍ਹਾਂ ਦੇ ਚਲਦਿਆਂ ਇਥੋਂ ਲਾਈਨ ਟੁੱਟੀ ਹੋਣ ਕਾਰਨ, ਗੱਡੀ ਜਲੰਧਰ ਨੂੰ ਮੋੜ ਦਿਤੀ। ਭੁੱਖਮਰੀ ਅਤੇ ਵੰਡ ਦੇ ਦੁਖੜੇ  ਝਾਗਦਿਆਂ ਅਪਣੇ ਜੱਦੀ ਪਿੰਡ ਸ਼ਾਹਪੁਰ-ਫ਼ਿਲੌਰ ਆਣ ਪਹੁੰਚੇ। ਪਰ ਕੱਚੀ ਉਪਰੰਤ ਪੱਕੀ ਪਰਚੀ ਤੇਹਿੰਗ-ਫ਼ਿਲੌਰ ਦੀ ਪਈ ਸੋ ਉਥੇ ਜਾ ਕਯਾਮ ਕੀਤਾ। 

ਭਲੇ 5-6 ਵਰ੍ਹਿਆਂ ਉਪਰੰਤ ਗੱਡੀ ਮੁੜ ਲੀਹੇ ਪੈ ਗਈ ਪਰ ਅਜੇ ਤਕ ਵੀ ਜਿੱਥੇ ਵੱਡੇ ਭਾਈ ਚਰਨ ਸਿੰਘ ਸਣੇ ਅੱਧੇ ਤੋਂ ਵੱਧ ਪਿੰਡ ਦੀ ਨਿਰਦੋਸ਼ ਲੋਕਾਈ ਦੇ ਰਾਜ ਸੱਤਾ ਦੇ ਭੁੱਖੜ ਬੁੱਚੜਾਂ ਦੀ ਵਜ੍ਹਾ ਦੰਗਿਆਂ ਦੀ ਭੇਟ ਚੜ੍ਹ ਜਾਣ ਦਾ ਸੱਲ ਹੈ ਉਥੇ ਉਸੇ ਦਿਨ ਹੁਣੇ ਆਇਆ ਕਹਿ ਕੇ ਘਰੋਂ ਗਏ ਛੋਟੇ ਭਾਈ ਰਤਨ ਸਿੰਘ ਦੇ ਮੁੜ ਪਰਤ ਆਉਣ ਦੀ ਉਮੀਦ ਅੱਖਾਂ ’ਚ ਸਮੋਈ ਹੋਈ ਹੈ। ਹੋ ਸਕਦੈ ਉਹ ਉਧਰ ਮੁਸਲਿਮ ਬਣ ਗਿਆ ਹੋਵੇ। ਕੋਸ਼ਿਸ਼ ਕਰਿਉ, ਸ਼ਾਇਦ ਥੋਡੇ ਜ਼ਰੀਏ ਉਮੀਦ ਬਰ ਆਏ।
ਕਿਹੜੀ ਜਗ੍ਹਾ ਤੇ ਜਾ ਕਯਾਮ ਕਰਸੈਂ,
ਦੱਸੀ ਜਾਓ ਠਿਕਾਣਾ ਪ੍ਰਦੇਸੀਆ ਓਏ।
ਵਾਸਤਾ ਰੱਬ ਦਾ ਮੁਖੜਾ ਦਿਖਾ ਜਾਈਂ,
ਚਲਾ ਜਾਵੀਂ ਤੂੰ ਆਣ ਪ੍ਰਦੇਸੀਆ ਓਏ।
(ਰੋਣ ਲਗਦਾ ਹੈ)।

ਸਤਵੀਰ ਸਿੰਘ ਚਾਨੀਆਂ 

ਮੋਬਾਈਲ - 92569-73526

(For more news apart from  The British government settled us from Philaur to Chuk Montgomery  News in Punjabi, stay tuned to Rozana Spokesman)