ਪੁਜਾਰੀਆਂ ਦੇ ਸਾਹਮਣੇ ਹਿੱਕ ਡਾਹ ਕੇ ਖੜਨ ਵਾਲੇ ਇਹ ਹਨ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ
"ਮੈਂ ਦੇਖ ਕੇ ਹੈਰਾਨ ਕਿ ਇਸ ਬੰਦੇ ਨੂੰ ਮੌਤ ਦਾ ਕੋਈ ਡਰ ਭੈਆ ਨਹੀਂ।"
ਅੰਮ੍ਰਿਤਸਰ: ਉਨੀਂ ਦਿਨੀਂ ਮੇਰੀ ਡਿਊਟੀ ਰੋਜਾਨਾ ਸਪੋਕਸਮੈਨ ਦੇ ਸ੍ਰੀ ਤਰਨਤਾਰਨ ਸਾਹਿਬ ਦਫਤਰ ਵਿਖੇ ਸੀ। ਮੈਂ ਦਫਤਰ ਤੋ ਵਾਪਸ ਆ ਰਿਹਾ ਸੀ ਕਿ ਰਾਹ ਵਿਚ ਫੋਨ ਦੀ ਘੰਟੀ ਵਜੀ। ਦੇਖਿਆ ਸਰਦਾਰ ਜੋਗਿੰਦਰ ਸਿੰਘ ਦਾ ਫੋਨ ਸੀ। ਰਸਮੀ ਫਤਹਿ ਤੋ ਬਾਅਦ ਉਨਾ ਦਾ ਪਹਿਲਾ ਸਵਾਲ ਸੀ ਕਿ ਕੱਲ੍ਹ ਅੰਮ੍ਰਿਤਸਰ ਰਹਿਣਾ ਮੈਂ ਕੱਲ ਅੰਮ੍ਰਿਤਸਰ ਆ ਰਿਹਾ ਹਾਂ। ਸਤਿ ਬਚਨ ਕਹਿ ਕੇ ਫੋਨ ਬੰਦ ਕੀਤਾ। ਅਗਲੀ ਸਵੇਰ ਸਰਦਾਰ ਸਾਹਿਬ ਸ਼੍ਰੋਮਣੀ ਕਮੇਟੀ ਵਲੋਂ ਦਾਇਰ ਕੇਸ ਦੀ ਤਰੀਕ ਤੇ ਅੰਮ੍ਰਿਤਸਰ ਜਿਲ੍ਹਾਂ ਕਚਿਹਰੀਆਂ ਵਿਚ ਖੜ੍ਹੇ ਨਜ਼ਰ ਆਏ। ਮੈਂ ਦੇਖ ਕੇ ਹੈਰਾਨ ਕਿ ਇਸ ਬੰਦੇ ਨੂੰ ਮੌਤ ਦਾ ਕੋਈ ਡਰ ਭੈਆ ਨਹੀਂ। ਪਤਾ ਵੀ ਹੈ ਕਿ ਇਸ ਸ਼ਹਿਰ ਵਿਚ ਦੁਸ਼ਮਣ ਘਾਤ ਲਾਈ ਬੈਠੇ ਹਨ ਪਰ ਇਹ ਸਰਦਾਰ ਸਾਹਿਬ ਬੇਫ਼ਿਕਰ ਹੋ ਕੇ ਖੜ੍ਹੇ ਹਨ।
ਭੱਜ ਕੇ ਅੱਗੇ ਹੋਇਆ ਗੋਡੇ ਹੱਥ ਲਗਾਏ ਤੇ ਨਾਲ ਖੜਾ ਹੋ ਗਿਆ। ਕਹਿਣ ਲੱਗੇ ਵਕੀਲ ਸਾਹਿਬ ਆ ਲੈਣ ਫਿਰ ਜੱਜ ਸਾਹਿਬ ਕੋਲ ਪੇਸ਼ ਹੁੰਦੇ ਹਾਂ। ਸਾਡੇ ਵਕੀਲ ਸਾਹਿਬ ਆਏ ਅਦਾਲਤ ਵਿਚ ਪਹੁੰਚੇ ਜੱਜ ਸਾਹਿਬ ਨੇ ਅਗਲੀ ਤਰੀਕ ਪਾ ਦਿੱਤੀ। ਕਹਿਣ ਲੱਗੇ ਚਰਨਜੀਤ ਸਿੰਘ ਦਰਬਾਰ ਸਾਹਿਬ ਚੱਲੀਏ। ਮੈਂ ਕਿਹਾ ਜਿਵੇਂ ਹੁਕਮ ਮੈਂ ਡਰਾਇਵਰ ਦੇ ਨਾਲ ਵਾਲੀ ਸੀਟ ਤੇ ਬੈਠ ਗਿਆ ਤੇ ਸਰਦਾਰ ਸਾਹਿਬ ਪਿਛਲੀ ਸੀਟ ਤੇ ਬੈਠੇ ਸਨ। ਮੈਂ ਸਵਾਲ ਕੀਤਾ ਕਿ ਆਪਾਂ ਮੱਥਾ ਟੈਕਣਾ ਹੈ। ਕਹਿੰਦੇ ਭੀੜ ਬਹੁਤ ਹੋਣੀ। ਮੈਂ ਕਿਹਾ ਮੈ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਕਹਿੰਦਾ ਕਿ ਉਹ ਪ੍ਰਬੰਧ ਕਰਨਗੇ।। ਡਾਕਟਰ ਰੂਪ ਸਿੰਘ ਨੂੰ ਫੋਨ ਕੀਤਾ ਤੇ ਸਰਦਾਰ ਸਾਹਿਬ ਦੇ ਆਉਣ ਬਾਰੇ ਦੱਸਿਆ, ਡਾਕਟਰ ਰੂਪ ਸਿੰਘ ਆਪਣੇ ਸੁਭਾਅ ਮੁਤਾਬਿਕ ਕਹਿਣ ਲੱਗੇ ਮੇਰੀ ਗੱਲ ਕਰਵਾਓ। ਕਚਹਿਰੀ ਤੋ ਲੈ ਕੇ ਕਰਿਸਟਲ ਚੌਂਕ ਦੇ ਜਾਮ ਤਕ ਗੱਲਬਾਤ ਹੁੰਦੀ ਰਹੀ, ਫਿਰ ਮੈਨੂੰ ਫੋਨ ਦਿੰਦੇ ਹੋਏ ਸਰਦਾਰ ਸਾਹਿਬ ਨੇ ਕਿਹਾ ਕਿ ਆ ਗੱਲ ਕਰੋ ਸਰਦਾਰ ਚਰਨਜੀਤ ਸਿੰਘ ਜੀ, ਉਨਾਂ ਦੀ ਇਹ ਖਾਸੀਅਤ ਸੀ ਕਿ ਉਹ ਹਰੇਕ ਦੇ ਨਾਮ ਨਾਲ ਸਰਦਾਰ ਅਤੇ ਜੀ ਜ਼ਰੂਰ ਕਿਹਾ ਕਰਦੇ ਸਨ। ਮੈਂ ਫੋਨ ਲਿਆ ਤਾਂ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਜੇਕਰ ਅਰਾਮ ਕਰਨਾ ਹੈ ਤਾਂ ਐੱਨਆਰਆਈ ਨਿਵਾਸ ਕਮਰਾ ਕਹਿ ਦਿੰਦਾ ਹਾਂ ਅਤੇ ਦਰਸ਼ਨ ਲਈ ਉਨ੍ਹਾਂ ਦੀ ਸੁਰੱਖਿਆ ਲਈ ਕੁਝ ਨੌਜਵਾਨ ਤਾਇਨਾਤ ਕਰ ਦਿੰਦਾ ਹਾਂ। ਸੂਚਨਾ ਕੇਂਦਰ ਲੈ ਆਉਣਾ ਬੈਠ ਕੇ ਚਾਹ ਦਾ ਕੱਪ ਪੀ ਲਵਾਗੇ। ਮੈਂ ਸਾਰੀ ਗੱਲਬਾਤ ਸਰਦਾਰ ਸਾਹਿਬ ਨੂੰ ਦੱਸੀ ਤੇ ਉਨ੍ਹਾਂ ਮੇਰੇ ਨਾਲ ਰਾਹ ਵਿਚ ਆਪਣੇ ਤੇ ਡਾਕਟਰ ਰੂਪ ਸਿੰਘ ਦੇ ਨਿੱਜੀ ਸਬੰਧਾਂ ਬਾਰੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਸ੍ਰੀ ਦਰਬਾਰ ਸਾਹਿਬ ਪਲਾਜਾ ਤੱਕ ਗੱਡੀ ਲਿਆਂਦੀ ਗਈ। ਪਲਾਜਾ ਦੇਖ ਕੇ ਸਰਦਾਰ ਸਾਹਿਬ ਨੇ ਮੱਥੇ ਉੱਤੇ ਹੱਥ ਮਾਰਦਿਆਂ ਕਿਹਾ ਕਿ ਇਨ੍ਹਾਂ ਅੰਮ੍ਰਿਤਸਰ ਦੀ ਪੁਰਾਤਨ ਦਿਖ ਖਤਮ ਕਰ ਦਿੱਤੀ।
ਅਕਾਲੀਆਂ ਨੂੰ ਕੌਣ ਅਕਲ ਦੇਵੇ। ਇਹ ਕਹਿ ਕੇ ਤੁਰ ਪਏ ਮੈਂ ਡਰ ਰਿਹਾ ਸੀ ਕਿ ਕੋਈ ਅਣਸੁਖਾਵੀਂ ਘਟਨਾਂ ਨਾ ਵਾਪਰ ਜਾਵੇ ਪਰ ਸਰਦਾਰ ਸਾਹਿਬ ਬੇਪ੍ਰਵਾਹ ਹੋ ਕੇ ਪਲਾਜੇ ਵਿਚ ਘੁੰਮ ਰਹੇ ਸਨ। ਸਵਾਲ ਕਰ ਰਹੇ ਸਨ ਤੇ ਮੈਂ ਆਪਣੀ ਅਕਲ ਮੁਤਾਬਿਕ ਜਵਾਬ ਦੇ ਰਿਹਾ ਸੀ। ਕਹਿੰਦੇ ਜਦ ਸਾਡਾ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਆਇਆ ਸੀ ਤਾਂ ਮੈ ਆਪਣੇ ਨਾਨਾ ਜੀ ਨਾਲ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਲੰਮਾਂ ਸਮਾਂ ਬਤੀਤ ਕਰਦਾ ਹੁੰਦਾ ਸੀ।
ਮੁਢਲੀ ਸਿੱਖਿਆ ਵੀ ਅੰਮ੍ਰਿਤਸਰ ਦੇ ਹੀ ਇਕ ਸਕੂਲ ਵਿਚੋ ਲਈ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਖੜ੍ਹ ਕੇ ਉਹ ਕਿੰਨਾ ਸਮਾਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਵੇਖਦੇ ਰਹੇ। ਡਾਕਟਰ ਰੂਪ ਸਿੰਘ ਦਾ ਫੋਨ ਆਇਆ ਤੇ ਉਨ੍ਹਾਂ ਸਰਦਾਰ ਸਾਹਿਬ ਦੇ ਅਗਲੇਰੇ ਪ੍ਰੋਗਰਾਮ ਬਾਰੇ ਪੁੱਛਿਆ ਮੈਂ ਸਰਦਾਰ ਸਾਹਿਬ ਨੂੰ ਪੁੱਛਿਆ ਤਾਂ ਕਹਿਣ ਲੱਗੇ ਕਿ ਉਨ੍ਹਾਂ ਨੂੰ ਕਹੋ ਕਿ ਕਿਸੇ ਪ੍ਰਕਾਰ ਦੀ ਖੇਚਲ ਨਾ ਕਰਨ। ਮੈ ਪਲਾਜ਼ਾ ਦੇਖਣਾ ਸੀ ਦੇਖ ਰਿਹਾਂ ਫਿਰ ਬਾਅਦ ਵਿਚ ਗੱਲ ਕਰਦਾ ਹਾਂ। ਪਲਾਜ਼ੇ ਦੇ ਹੇਠਾਂ ਕੀ ਹੈ। ਮੈਂ ਦੱਸਿਆ ਕਿ ਹੇਠਾਂ 15 ਮਿੰਟਾਂ ਦੀਆਂ ਚਾਰ ਫਿਲਮਾਂ ਚੱਲਦੀਆਂ ਸਨ। ਸੋਮਵਾਰ ਹੋਣ ਕਾਰਨ ਪਲਾਜ਼ੇ ਦਾ ਹੇਠਲਾ ਹਿੱਸਾ ਬੰਦ ਸੀ ਫਿਰ ਵੀ ਅਸੀ ਹੇਠਾਂ ਚੱਲੇ ਗਏ। ਪਲਾਜ਼ਾ ਦੇ ਅਧਿਕਾਰੀ ਆਨ ਡਿਉਟੀ ਸਨ । ਪਲਾਜ਼ਾ ਦੇ ਅਧਿਕਾਰੀਆਂ ਨੂੰ ਜਦ ਮੈ ਸਰਦਾਰ ਸਾਹਿਬ ਦੀ ਪਹਿਚਾਣ ਦੱਸੀ ਤਾਂ ਉਹ ਖੁਸ਼ੀ ਵਿਚ ਖੀਵੇ ਹੋਏ ਸਾਰੇ ਹੀ ਸਰਦਾਰ ਸਾਹਿਬ ਨੂੰ ਘੇਰ ਕੇ ਉਨ੍ਹਾਂ ਦੀਆਂ ਗੱਲਾਂ ਸੁਨਣ ਲੱਗੇ। ਅਧਿਕਾਰੀ ਕਹਿਣ ਲੱਗੇ ਵੈਸੇ ਤਾਂ ਪਲਾਜਾ ਅੱਜ ਬੰਦ ਹੈ ਪਰ ਤੁਹਾਡੇ ਵਾਸਤੇ ਅਸੀ ਫਿਲਮਾਂ ਚਲਾ ਦਿੰਦੇ ਹਾਂ। ਸਰਦਾਰ ਸਾਹਿਬ ਨੇ ਇਨਕਾਰ ਕਰਦਿਆਂ ਕਿਹਾ ਕਿ ਮੈ ਨਹੀ ਚਾਹੁੰਦਾ ਕਿ ਮੇਰੇ ਕਾਰਨ ਤੁਸੀ ਨਿਯਮ ਤੋੜੋ, ਪਲਾਜ਼ੇ ਤੋਂ ਬਾਹਰ ਆਏ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ, ਭਾਈ ਚਤਰ ਸਿੰਘ ਜੀਵਨ ਸਿੰਘ ਦੀ ਦੁਕਾਨ ਕਿਥੇ ਹੈ, ਸਿੰਘ ਬਰਦਰਜ਼ ਦੀ ਦੁਕਾਨ ਭਾਪੇ ਦੀ ਹੱਟੀ ਆਦਿ ਇਕ ਇਕ ਦੁਕਾਨ ਦਾ ਪੁੱਛਿਆ। ਮੈਂ ਦੱਸਿਆ ਕਿ ਭਾਪੇ ਦੀ ਹਟੀ ਦਾ ਨਾਮ ਸਿੱਖ ਬੁਕ ਕੰਪਨੀ ਹੈ ਤੇ ਰਿੰਦਰਪਾਲ ਸਿੰਘ ਦੀ ਦੁਕਾਨ ਤਾਂ ਸਾਹਮਣੇ ਹੀ ਹੈ ਤੇ ਉਨ੍ਹਾਂ ਦਾ ਸਪੁਤਰ ਦਵਿੰਦਰਪਾਲ ਸਿੰਘ ਬੈਠਾ ਹੈ ਮਿਲਣ ਲਈ ਸਰਦਾਰ ਸਾਹਿਬ ਜਾ ਪਹੁੰਚੇ ਮੈਂ ਕਿਹਾ ਜੀ ਵਾਪਸ ਚੰਡੀਗੜ੍ਹ ਵੀ ਜਾਣਾ ਹੈ, ਕਹਿਣ ਲੱਗੇ ਅੱਜ ਪੁਰਾਣੇ ਸਾਥੀਆਂ ਨੂੰ ਮਿਲ ਲੈਣ ਦਿਓ । ਜਦ ਅਸੀਂ ਸਿੱਖ ਬੁਕ ਕੰਪਨੀ ਤੋਂ ਬਾਹਰ ਨਿਕਲੇ ਤਾਂ ਅਨੇਕਾਂ ਲੋਕ ਖੜ੍ਹੇ ਸਨ ਗੱਲਾਂ ਕਰ ਰਹੇ ਸਨ ਕਿ ਪੁਜਾਰੀਆਂ ਦੇ ਸਾਹਮਣੇ ਹਿੱਕ ਡਾਹ ਕੇ ਖੜਨ ਵਾਲੇ ਇਹ ਹਨ ਜੋਗਿੰਦਰ ਸਿੰਘ ਸਪੋਕਸਮੈਨ।
ਰਿਪੋਰਟ-ਚਰਨਜੀਤ ਸਿੰਘ