ਆਉ ਪੰਛੀ ਪ੍ਰੇਮੀ ਬਣੀਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਠਖੇਲੀਆਂ ਕਰਦੇ ਪੰਛੀ ਸਾਨੂੰ ਬੇਹਦ ਪਿਆਰੇ ਲਗਦੇ ਹਨ...........

Birds

ਅਠਖੇਲੀਆਂ ਕਰਦੇ ਪੰਛੀ ਸਾਨੂੰ ਬੇਹਦ ਪਿਆਰੇ ਲਗਦੇ ਹਨ | ਖ਼ਾਸ ਕਰ ਕੇ ਛੋਟੇ-ਛੋਟੇ ਬੱਚਿਆਂ ਨੂੰ ਰੰਗ ਬਿਰੰਗੇ ਪਿਆਰੇ-ਪਿਆਰੇ ਪੰਛੀ ਬੜੇ ਸੁਆਦਲੇ ਤੇ ਸੁਖਦਾਇਕ ਲਗਦੇ ਹਨ | ਜਿਵੇਂ-ਜਿਵੇਂ ਧਰਤੀ ਤੇ ਮਨੁੱਖ ਦੀ ਦਾਅਵੇਦਾਰੀ ਵੱਧ ਰਹੀ ਹੈ | ਕੁਦਰਤ ਸਾਡੇ ਕੋਲੋਂ ਦੂਰ ਹੁੰਦੀ ਜਾ ਰਹੀ ਹੈ | ਦੱਖਣੀ ਦੇਸ਼ਾਂ ਵਿਚ ਅਸੀ ਵੇਖਦੇ ਹਾਂ ਕਿ ਕਿਵੇਂ ਲੋਕ ਪੰਛੀਆਂ ਦੇ ਝੁੰਡਾਂ ਵਿਚ ਹੀ ਘੁੰਮਦੇ ਰਹਿੰਦੇ ਹਨ | ਪਰ ਇਸ ਦੇ ਉਲਟ ਸਾਡੇ ਦੇਸ਼ ਵਿਚ ਪੰਛੀ ਇੰਜ ਦੂਰ ਉੱਡ-ਉੱਡ ਜਾਂਦੇ ਹਨ ਜਿਵੇਂ ਅਸੀ ਹਰ ਵੇਲੇ ਹੱਥਾਂ ਵਿਚ ਮਾਰੂ ਹਥਿਆਰ ਚੁੱਕ ਕੇ ਚਲ ਰਹੇ ਹੋਈਏ |

ਵਜ੍ਹਾ ਇਹ ਕਿ ਅਸੀ ਕੁਦਰਤ ਪ੍ਰਤੀ ਅਜਿਹਾ ਵਹਿਸ਼ੀਆਨਾ ਰੁਖ਼ ਅਖ਼ਤਿਆਰ ਕਰ ਲਿਆ ਹੈ ਕਿ ਇਹ ਧਰਤੀ ਸਿਰਫ਼ ਤੇ ਸਿਰਫ਼ ਸਾਡੇ ਲਈ ਹੈ | ਹੋਰ ਲੱਖਾਂ ਹਜ਼ਾਰਾਂ ਜੀਵਾਂ ਨੂੰ ਅਸੀ ਜਿਊਾਦੇ ਵੇਖਣਾ ਹੀ ਨਹੀਂ ਚਾਹੁੰਦੇ | ਮੁਕਦੀ ਗੱਲ ਇਹ ਹੈ ਕਿ ਸਾਡੀ ਸੋਚ ਹੀ ਮਾਰੂ ਹੋ ਨਿਬੜੀ ਹੈ | ਅਸੀ ਅੰਧਵਿਸਵਾਸੀ ਬਣ ਕੇ ਪੰਛੀਆਂ ਨੂੰ ਚੋਗ ਜ਼ਰੂਰ ਪਾ ਦਿੰਦੇ ਹਾਂ, ਪਰ ਪੰਛੀਆਂ ਨੂੰ ਅਪਣੇ ਬੱਚਿਆਂ ਦੀ ਤਰ੍ਹਾਂ ਪ੍ਰੇਮ ਨਹੀਂ ਕਰਨਾ ਜਾਣਦੇ ਜਾਂ ਫਿਰ ਉਨ੍ਹਾਂ ਦੀ ਭਾਵਨਾ ਨਹੀਂ ਸਮਝ ਸਕਦੇ | ਬਿਲਕੁਲ ਸਾਡੇ ਤਰ੍ਹਾਂ ਪੰਛੀਆਂ ਨੂੰ ਵੀ ਕੁੱਲੀ, ਗੁੱਲੀ, ਜੁੱਲੀ ਦੀ ਜ਼ਰੂਰਤ ਹੁੰਦੀ ਹੈ ਭਾਵ ਰੈਣ ਬਸੇਰਾ | ਕੁਦਰਤੀ ਚੋਗ ਲਈ ਫਲਦਾਰ ਬੂਟੇ ਆਦਿ ਅਸੀ ਉਗਾਈਏ |

ਮਨੁੱਖੀ ਸੋਚ ਵਿਚੋਂ ਮੈਂ ਤੇ ਹੈਾਕੜਬਾਜ਼ੀ ਵਾਲੇ ਕਿਰਮ ਇਸ ਕਦਰ ਪੈਦਾ ਹੋ ਚੁੱਕੇ ਹਨ ਕਿ ਜਿਸ ਦਾ ਇਲਾਜ ਅਸੰਭਵ ਲੱਗ ਰਿਹਾ ਹੈ | ਵਿਗਿਆਨ ਦੀ ਰਿਪੋਰਟ ਮੁਤਾਬਕ ਹਰ ਰੋਜ਼ ਸਾਡੇ ਕੋਲੋਂ ਸੈਂਕੜੇ ਪੰਛੀਆਂ, ਜਾਨਵਰਾਂ ਦੀਆਂ ਦੁਰਲੱਭ ਜਾਤੀਆਂ ਅਲੋਪ ਹੋ ਰਹੀਆਂ ਹਨ, ਜੋ ਮਨੁੱਖ ਦੇ ਮਿੱਤਰ ਹੀ ਨਹੀਂ, ਸਗੋਂ ਕਿਸੇ ਵਕਤ ਕਮਾਊ ਸਾਧਨ ਵਜੋਂ ਵੀ ਵਰਤੇ ਜਾਂਦੇ ਸਨ | 

ਅਜਕਲ ਕਾਫ਼ੀ ਲੋਕ ਅਪਣੀ ਚਲਾਕਬੁਧੀ ਦੀ ਵਰਤੋਂ ਕਰ ਕੇ ਕੁੱਝ ਵਕਤ ਲਈ ਬਣੇ ਪੰਛੀ ਪ੍ਰੇਮੀ, ਇਹ ਕਿਆਸ ਅਰਾਈਆਂ ਲਗਾਉਂਦੇ ਰਹਿੰਦੇ ਹਨ ਕਿ ਸਾਡੇ ਕੋਲੋਂ ਅਲੋਪ ਹੋ ਰਹੇ ਜਾਂ ਹਿਜਰਤ ਕਰ ਚੁਕੇ ਪੰਛੀਆਂ ਨੂੰ ਜਾਂ ਤਾਂ ਦੂਰ ਦੁਰਾਡੇ ਦੇਸ਼ਾਂ ਵਾਲੇ ਅਗਵਾ ਕਰ ਕੇ ਲਿਜਾ ਰਹੇ ਹਨ ਜਾਂ ਫਿਰ ਮੋਬਾਈਲ ਵਿਚੋਂ ਨਿਕਲਣ ਵਾਲੀਆਂ ਤਰੰਗਾਂ ਪੰਛੀ ਜਾਤੀ ਦੇ ਖ਼ਾਤਮੇ ਦੀਆਂ ਜ਼ਿੰਮੇਵਾਰ ਹਨ |

ਇਹ ਵਿਚਾਰ ਬਿਲਕੁਲ ਗ਼ਲਤ ਹਨ ਕਿਉਂਕਿ ਪੂਰੇ ਪੰਛੀ ਜਾਤੀ ਨੂੰ ਅਗਵਾ ਨਹੀਂ ਕੀਤਾ ਜਾ ਸਕਦਾ ਤੇ ਸਾਡੇ ਵਿਗਿਆਨੀਆਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਮੋਬਾਈਲ ਵਿਚੋਂ ਨਿਕਲਣ ਵਾਲੀਆਂ ਰੇਡੀਏਸ਼ਨ ਕਿਰਨਾਂ ਦਾ ਪੰਛੀਆਂ ਉਪਰ ਕੋਈ ਖ਼ਾਸ ਪ੍ਰਭਾਵ ਨਹੀਂ ਵੇਖਿਆ ਗਿਆ | ਚਿੰਤਾ ਦਾ ਵਿਸ਼ਾ ਇਹ ਹੈ ਕਿ ਸਾਡੇ ਵੇਂਹਦੇ, ਵੇਂਹਦੇ, ਦੇਸੀ ਚਿੜੀਆਂ, ਗਿਰਝਾਂ, ਕਾਂ ਤੇ ਕਈ ਹੋਰ ਅਲਬੇਲੇ ਪੰਛੀ ਜੋ ਮਨੁੱਖ ਦੇ ਕੋਲ ਵਸਣ ਨੂੰ ਅਪਣਾ ਮੌਲਿਕ ਅਧਿਕਾਰ ਸਮਝਦੇ ਸਨ, ਕਿਥੇ ਚਲੇ ਗਏ? ਪੰਛੀਆਂ ਦਾ ਲੁਪਤ ਹੋਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਕੁਦਰਤੀ ਰੁੱਖਾਂ ਦੇ ਜੰਗਲਾਂ ਦੀ ਥਾਂ ਅਸੀ ਕੰਕਰੀਟ ਦੇ ਜੰਗਲ ਉਸਾਰ ਲਏ ਹਨ |

ਪੱਧਰੀ ਕੀਤੀ ਜਾ ਰਹੀ ਧਰਤੀ, ਘਰਾਂ ਦੀਆਂ ਪੱਕੀਆਂ ਛੱਤਾਂ ਤੇ ਹਵਾ ਲਈ ਛੱਤਾਂ ਵਾਲੇ ਪੱਖੇ ਵੀ ਪੰਛੀਆਂ ਦੇ ਖ਼ਾਤਮੇ ਦਾ ਕਾਰਨ ਬਣਦੇ ਜਾ ਰਹੇ ਹਨ | ਵੱਧ ਰਹੀ ਮਨੁੱਖੀ ਅਬਾਦੀ ਦੇ ਵੱਧ ਰਹੇ ਚੱਕਰਵਰਤੀ ਤੂਫ਼ਾਨ ਨੂੰ ਕਿਸੇ ਹਾਲਤ ਵਿਚ ਰੋਕਣਾ ਅਸੰਭਵ ਹੈ | ਫਿਰ ਕਾਦਰ ਦੀ ਕੁਦਰਤ ਦਾ ਸਮਤੋਲ ਬਣਾਈ ਰੱਖਣ ਲਈ ਕੀ ਕੀਤਾ ਜਾਵੇ? ਅੱਜ ਇਹ ਗੱਲ ਅਸੰਭਵ ਜਾਪ ਰਹੀ ਹੈ | ਪਰ-

ਬੰਦਾ ਕਰੇ ਤਾਂ ਕੀ ਨੀ ਕਰ ਸਕਦਾ,
ਬੇਸ਼ਕ ਵਕਤ ਤਾਂ ਤੰਗ ਤੋਂ ਤੰਗ ਆਉਂਦਾ |
ਰਾਂਝਾ ਤਖ਼ਤ ਹਜ਼ਾਰਿਉਂ ਤੁਰੇ ਤਾਂ ਸਹੀ, 
ਪੈਰਾਂ ਹੇਠ ਵੇਖ ਕਿਵੇਂ ਝੰਗ ਆਉਂਦਾ |

ਪੂਰੀ ਧਰਤੀ ਦੀ ਅੱਧੀ ਅਬਾਦੀ ਹਰ ਰੋਜ਼ 24 ਘੰਟਿਆਂ ਵਿਚੋਂ ਸਿਰਫ਼ ਅੱਧਾ ਘੰਟਾ ਹੀ ਵਾਤਾਵਰਣ ਦੀ ਸਾਂਭ ਸੰਭਾਲ ਲਈ ਰੱਖੇ ਤਾਂ ਇਹ ਧਰਤੀ ਸਵਰਗ ਬਣ ਸਕਦੀ ਹੈ | ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਲਈ ਸਾਨੂੰ ਕੁਦਰਤ, ਪੰਛੀ, ਪੌਦੇ, ਰੁੱਖਾਂ ਸਮੇਤ ਜਾਨਵਰਾਂ ਨੂੰ ਨਾਲ ਲੈ ਕੇ ਚਲਣਾ ਪਵੇਗਾ | ਨਕਲੀ ਆਲ੍ਹਣੇ, ਅੰਗਰੇਜ਼ੀ ਰੁੱਖ, ਅੰਧ ਵਿਸ਼ਵਾਸੀ ਹੋ ਕੇ ਖਿੰਡਾਇਆ ਚੋਗ, ਕਦੇ ਕੁਦਰਤ ਦੇ ਹੱਕ ਵਿਚ ਨਹੀਂ ਹੋ ਸਕਦਾ | ਜੇਕਰ ਤੁਸੀ ਸੱਚ-ਮੁੱਚ ਪੰਛੀ ਪ੍ਰੇਮੀ ਬਣਨਾ ਚਾਹੰੁਦੇ ਹੋ, ਜਾਂ ਫਿਰ ਤੁਸੀ ਚਾਹੁੰਦੇ ਹੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀ ਕੁੱਝ ਬਚਾ ਕੇ ਛੱਡ ਜਾਈਏ,

ਤੁਸੀ ਚਾਹੁੰਦੇ ਹੋ ਕਿ ਪਿੰਜਰਿਆਂ ਵਿਚ ਕੈਦ ਨਹੀਂ ਆਜ਼ਾਦ ਪੰਛੀ ਸਾਡੇ ਇਰਦ ਗਿਰਦ ਘੁੰਮਦੇ ਰਹਿਣ ਤਾਂ ਵੱਧ ਤੋਂ ਵੱਧ ਰਵਾਇਤੀ ਰੁੱਖ ਤਿਆਰ ਕਰੋ | ਘਰ ਵਿਚ ਕੁੱਝ ਜਗ੍ਹਾ ਕੱਚੀ ਛੱਡ ਕੇ ਘਾਹ ਜਾਂ ਛੋਟੇ-ਵੱਡੇ ਪੌਦੇ ਜ਼ਰੂਰ ਲਗਾਉ | ਅਪਣੇ ਰਹਿਣ ਲਈ ਘਰ (ਆਲ੍ਹਣੇ) ਤੇ ਖ਼ੁਰਾਕ (ਚੋਗ) ਪੰਛੀ ਆਪ ਹਾਸਲ ਕਰ ਕੇ ਵਧੇਰੇ ਖ਼ੁਸ਼ ਹੁੰਦੇ ਹਨ | ਸੋ ਆਉ ਅੱਜ ਤੋਂ ਹੀ ਅਸੀ ਸੱਚੇ ਦਿਲੋਂ ਵਾਤਾਵਰਣ ਪ੍ਰੇਮੀ ਬਣ ਕੇ ਸਾਡੇ ਮਿੱਤਰ ਪੰਛੀਆਂ ਨੂੰ ਕੁਦਰਤੀ ਮਾਹੌਲ ਪ੍ਰਦਾਨ ਕਰੀਏ ਤੇ ਸੱਚੇ ਮਨ ਨਾਲ ਪੰਛੀ ਪ੍ਰੇਮੀ ਬਣ ਕੇ ਵਿਖਾਈਏ |

ਸੰਪਰਕ : 96466-99075