ਬਰਸੀ 'ਤੇ ਵਿਸ਼ੇਸ਼ : ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ
80 ਸਾਲ ਦੀ ਉਮਰ ਭੋਗ ਕੇ 18 ਸਤੰਬਰ, 1962 ਈ: ਨੂੰ ਦੇ ਗਏ ਸੀ ਸਦੀਵੀ ਵਿਛੋੜਾ
ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਨਿਜਾਤ ਦਿਵਾਉਣ ਲਈ ਅਨੇਕਾਂ ਅਣਖੀ ਯੋਧਿਆਂ ਨੇ ਆਪਣੀ ਜਵਾਨੀ ਦੇ ਬਹੁਕੀਮਤੀ ਵਰ੍ਹੇ ਦੇਸ਼ ਅਤੇ ਵਿਦੇਸ਼ ਦੀਆਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿਚ ਬਤੀਤ ਕੀਤੇ। ਅਜਿਹੇ ਸੂਰਬੀਰ ਯੋਧਿਆਂ ਵਿਚੋਂ ਸ: ਹਰਨਾਮ ਸਿੰਘ ਟੁੰਡੀਲਾਟ ਨੂੰ ਅੱਜ ਵੀ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਇਸ ਅਣਖੀ ਯੋਧੇ ਦਾ ਜਨਮ 1884 ਈ: ਵਿਚ ਸ: ਗੁਰਦਿੱਤ ਸਿੰਘ ਦੇ ਗ੍ਰਹਿ ਵਿਖੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ।
ਪਿਤਾ ਜੀ ਕਿਸਾਨੀ ਦਾ ਧੰਦਾ ਕਰਦੇ ਸਨ। ਸ: ਹਰਨਾਮ ਸਿੰਘ ਨੇ ਮੁਢਲੀ ਸਿੱਖਿਆ ਉਸ ਸਮੇਂ ਦੀ ਪ੍ਰੰਪਰਾ ਮੁਤਾਬਿਕ ਪਿੰਡ ਦੀ ਧਰਮਸ਼ਾਲਾ ਵਿਚੋਂ ਪ੍ਰਾਪਤ ਕੀਤੀ। ਥੋੜ੍ਹਾ ਸਮਾਂ ਫੌਜ ਵਿਚ ਸੇਵਾ ਨਿਭਾਉਣ ਤੋਂ ਪਿੱਛੋਂ ਆਪ 24 ਸਾਲ ਦੀ ਉਮਰ ਵਿਚ 12 ਜੁਲਾਈ, 1906 ਈ: ਨੂੰ ਕੈਨੇਡਾ ਚਲੇ ਗਏ। ਉਥੋਂ 1909 ਈ: ਵਿਚ ਅਮਰੀਕਾ ਦੇ ਪ੍ਰਾਂਤ ਕੈਲੇਫੋਰਨੀਆ ਜਾਣਾ ਪਿਆ।
1912 ਈ: ਦੇ ਸ਼ੁਰੂ ਵਿਚ ਦੇਸ਼-ਵਾਸੀਆਂ ਦੇ ਗੁਲਾਮੀ ਦੇ ਜੂਲੇ ਨੂੰ ਗਲੋਂ ਲਾਹੁਣ ਲਈ ਪੋਰਟਲੈਂਡ ਵਿਚ ਬਾਕੀ ਪ੍ਰਵਾਸੀ ਹਿੰਦੁਸਤਾਨੀਆਂ ਨਾਲ ਮਿਲ ਕੇ ਗ਼ਦਰ ਪਾਰਟੀ ਦੀ ਸਥਾਪਨਾ ਵਿਚ ਯੋਗਦਾਨ ਪਾਇਆ। ਇਹ ਫੈਸਲਾ ਇਨ੍ਹਾਂ ਦਾ ਹੀ ਸੀ ਕਿ 'ਗ਼ਦਰ' ਨਾਂਅ ਦਾ ਹਫਤਾਵਾਰੀ ਪੱਤਰ ਉਰਦੂ, ਪੰਜਾਬੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਕੀਤਾ ਜਾਵੇ। 'ਗ਼ਦਰ' ਅਖ਼ਬਾਰ ਦੇ ਸੰਪਾਦਕੀ ਬੋਰਡ ਨਾਲ ਸ: ਹਰਨਾਮ ਸਿੰਘ ਦਾ ਵੀ ਸਬੰਧ ਸੀ।
ਇਨ੍ਹਾਂ ਸਰਗਰਮੀਆਂ ਅਧੀਨ ਜਦੋਂ 5 ਜੁਲਾਈ, 1914 ਨੂੰ ਸ: ਹਰਨਾਮ ਸਿੰਘ ਵਰਗਾ ਅਣਖੀਲਾ ਗੱਭਰੂ ਬੰਬ ਬਣਾ ਰਿਹਾ ਸੀ ਤਾਂ ਇਸ ਬੰਬ ਦੇ ਫਟਣ ਨਾਲ ਇਸ ਦਾ ਖੱਬਾ ਹੱਥ ਉਡ ਗਿਆ। ਇਸ ਜ਼ਖਮ ਦੇ ਕਾਰਨ ਹੀ ਇਸ ਦੀ ਖੱਬੀ ਬਾਂਹ ਗੁੱਟ ਦੇ ਉੱਪਰੋਂ ਕੱਟਣੀ ਪਈ। ਇਸ ਤੋਂ ਪਿੱਛੋਂ ਇਸ ਦੇ ਨਾਂਅ ਨਾਲ 'ਟੁੰਡੀਲਾਟ' ਪਿਛੇਤਰ ਪੱਕੇ ਤੌਰ 'ਤੇ ਜੁੜ ਗਿਆ। ਅਸਲ ਵਿਚ ਟੁੰਡੀਲਾਟ ਪੰਜਾਬੀਆਂ ਦੇ ਜ਼ਿਹਨ ਵਿਚ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਪਿੱਛੋਂ (1844 ਤੋਂ 1848 ਤੱਕ) ਪੰਜਾਬੀਆਂ ਨੂੰ ਦਿੱਤੇ ਤਸੀਹਿਆਂ ਕਾਰਨ ਜੁੜਿਆ ਹੋਇਆ ਸੀ, ਜਿਸ ਦਾ ਜ਼ਿਕਰ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਕੀਤਾ ਮਿਲਦਾ ਹੈ।
ਇਸ ਗਵਰਨਰ ਜਨਰਲ ਦੀ ਬਾਂਹ ਨੈਪੋਲੀਅਨ ਨਾਲ ਯੁੱਧ ਸਮੇਂ ਕੱਟੀ ਗਈ ਸੀ, ਜਿਸ ਨੂੰ ਪੰਜਾਬੀ 'ਟੁੰਡੀਲਾਟ' ਕਰਕੇ ਹੁਣ ਤੱਕ ਯਾਦ ਕਰਦੇ ਹਨ। 25 ਜੁਲਾਈ, 1914 ਈ: ਨੂੰ ਪਹਿਲਾ ਸੰਸਾਰ ਯੁੱਧ ਅਰੰਭ ਹੋ ਗਿਆ। 'ਗ਼ਦਰ ਪਾਰਟੀ' ਦੇ ਸਾਰੇ ਅਣਖੀ ਯੋਧਿਆਂ ਨੂੰ ਵਾਪਸ ਆਪਣੇ ਦੇਸ਼ ਹਿੰਦੁਸਤਾਨ ਪਹੁੰਚਣ ਲਈ ਹੁਕਮ ਜਾਰੀ ਹੋ ਗਏ। ਗ਼ਦਰੀ ਬਾਬਾ ਸ: ਹਰਨਾਮ ਸਿੰਘ 24 ਦਸੰਬਰ, 1914 ਈ: ਨੂੰ ਵਾਪਸ ਪੰਜਾਬ ਪਰਤ ਆਇਆ। ਇਨ੍ਹਾਂ ਪੰਜਾਬ ਪਹੁੰਚਦਿਆਂ ਹੀ ਰਮਤੇ ਸਾਧੂ ਦੇ ਰੂਪ ਵਿਚ ਹਰ ਪਿੰਡ ਅਤੇ ਸ਼ਹਿਰ ਪਿੰਡ ਗ਼ਦਰ ਪਾਰਟੀ ਦੇ ਪ੍ਰਚਾਰ ਲਈ ਅਣਖ ਜਗਾਈ। ਇਸ ਕੰਮ ਲਈ ਉਨ੍ਹਾਂ ਵਿਸ਼ੇਸ਼ ਕਰਕੇ ਦੁਆਬਾ ਖੇਤਰ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ।
ਇਸ ਤੋਂ ਇਲਾਵਾ ਸ: ਹਰਨਾਮ ਸਿੰਘ ਨੇ ਰਾਵਲਪਿੰਡੀ, ਨੌਸ਼ਹਿਰਾ, ਪਿਸ਼ਾਵਰ ਅਤੇ ਪੰਨੂ ਛਾਉਣੀਆਂ ਵਿਚ ਤਾਇਨਾਤ ਨੌਕਰੀ ਕਰ ਰਹੇ ਫੌਜੀਆਂ ਨਾਲ ਵੀ ਸੰਪਰਕ ਬਣਾ ਲਿਆ, ਤਾਂ ਜੋ ਬਗਾਵਤ ਦਾ ਝੰਡਾ ਬੁਲੰਦ ਕੀਤਾ ਜਾ ਸਕੇ ਪਰ ਜਦੋਂ ਸੂਹੀਆ-ਤੰਤਰ ਨੂੰ ਇਸ ਗੱਲ ਦੀ ਸੂਹ ਲੱਗ ਗਈ ਤਾਂ ਬਾਬਾ ਹਰਨਾਮ ਸਿੰਘ ਅਫ਼ਗਾਨਿਸਤਾਨ ਵੱਲ ਜਾਣ ਵਿਚ ਸਫਲ ਹੋ ਗਿਆ।
ਜਦੋਂ ਉਸ ਨੂੰ ਉਸ ਦੇਸ਼ ਵਿਚੋਂ ਕੋਈ ਸਹਾਇਤਾ ਆਦਿ ਦਾ ਹੁੰਗਾਰਾ ਨਾ ਮਿਲਿਆ ਤਾਂ ਆਪ 2 ਮਾਰਚ, 1915 ਈ: ਸ਼ਾਹਪੁਰ (ਸਰਗੋਧਾ, ਪੱਛਮੀ ਪਾਕਿਸਤਾਨ) ਦੇ ਚੱਕ ਨੰਬਰ 5 ਵਿਖੇ ਕਿਸੇ ਜਾਣਕਾਰ ਦੇ ਘਰ ਵਿਚ ਹੋਰ ਗ਼ਦਰੀ ਪਾਰਟੀ ਦੇ ਸਰਗਰਮ ਸਾਥੀਆਂ ਨਾਲ ਠਹਿਰੇ ਹੋਏ ਸਨ ਤਾਂ ਕਿਸੇ ਸੂਹੀਏ ਦੀ ਖ਼ਬਰ ਨਾਲ ਸਾਰੇ ਸਾਥੀ ਫੜੇ ਗਏ। ਇਸ ਤੋਂ ਪਿੱਛੋਂ 13 ਦਸੰਬਰ, 1915 ਨੂੰ ਲਾਹੌਰ ਸਾਜ਼ਿਸ਼ ਕੇਸ ਦੇ ਅਧੀਨ ਬਾਬਾ ਹਰਨਾਮ ਸਿੰਘ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਬਾਬਾ ਹਰਨਾਮ ਸਿੰਘ ਬਾਕੀ ਸਾਥੀਆਂ ਸਮੇਤ ਅੰਡੇਮਾਨ, ਮਦਰਾਸ, ਪੂਨਾ, ਮੁੰਬਈ, ਮਿੰਟਗੁਮਰੀ ਆਦਿ ਬਹੁਤ ਸਾਰੀਆਂ ਜੇਲ੍ਹਾਂ ਵਿਚ ਤੰਗੀਆਂ-ਤੁਰਸ਼ੀਆਂ ਤੇ ਤਸੀਹੇ ਕੱਟ ਕੇ 1945 ਈ: ਨੂੰ ਜੇਲ੍ਹ ਤੋਂ ਬਾਹਰ ਆਏ। ਇਹ ਅਣਖੀ ਯੋਧਾ 80 ਸਾਲ ਦੀ ਉਮਰ ਭੋਗ ਕੇ 18 ਸਤੰਬਰ, 1962 ਈ: ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ।