Diwali Special Article 2025 : ਆਉ ਇਸ ਵਾਰ ਦੀਵਾਲੀ ਸੋਚ ਸਮਝ ਕੇ ਮਨਾਈਏ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦੀਵਾਲੀ ਦਾ ਤਿਉਹਾਰ ਸਾਡੇ ਦੇਸ਼ ਵਿਚ ਮਨਾਏ ਜਾਂਦੇ ਤਿਉਹਾਰਾਂ ਵਿਚੋਂ ਸਭ ਤੋਂ ਉੱਤਮ ਤਿਉਹਾਰ ਹੈ

Diwali Special Article 2025 in punjabi

Diwali Special Article 2025 in punjabi : ਦੀਵਾਲੀ ਦਾ ਤਿਉਹਾਰ ਸਾਡੇ ਦੇਸ਼ ਵਿਚ ਮਨਾਏ ਜਾਂਦੇ ਤਿਉਹਾਰਾਂ ਵਿਚੋਂ ਸਭ ਤੋਂ ਉੱਤਮ ਤਿਉਹਾਰ ਹੈ। ਕਿਉਂਕਿ ਇਸ ਤਿਉਹਾਰ ਨੂੰ ਸਾਰੇ ਧਰਮਾਂ ਦੇ, ਮਜ਼੍ਹਬਾਂ ਦੇ, ਫ਼ਿਰਕਿਆਂ ਦੇ, ਵੱਖ ਵੱਖ-ਵੱਖ ਖ਼ਿੱਤਿਆਂ ਦੇ ਅਤੇ ਵੱਖ-ਵੱਖ ਕਿੱਤਿਆਂ ਵਾਲੇ ਦੇਸ਼ ਵਾਸੀ, ਬਗ਼ੈਰ ਕਿਸੇ ਭੇਦਭਾਵ ਦੇ ਇਕੋ ਦਿਨ ਇਕੱਠੇ ਖ਼ੁਸ਼ੀਆਂ ਭਰੇ ਮਨ ਲੈ ਕੇ ਮਨਾਉਂਦੇ ਹਨ। ਪਰ ਇਸ ਸਾਲ ਪੰਜਾਬ ਦੇ ਲੋਕਾਂ ਦੇ ਸੁਪਨਿਆਂ ਨੂੰ, ਲੋਕਾਂ ਦੀਆਂ ਖ਼ੁਸ਼ੀਆਂ ਨੂੰ ਵਕਤ ਦੀ ਮਾਰ ਹੜ੍ਹਾ ਕੇ ਲੈ ਗਈ ਹੈ।

ਪੰਜਾਬ ਦੇ ਵੱਡੇ ਹਿੱਸੇ ਵਿਚ ਆਏ ਹੜ੍ਹਾਂ ਨੇ ਲੋਕਾਂ ਦੇ ਘਰ, ਘਰਾਂ ਦਾ ਕੀਮਤੀ ਸਮਾਨ, ਪਸ਼ੂ ਡੰਗਰ, ਖੇਤੀ ਮਸ਼ੀਨਰੀ, ਜ਼ਰਖੇਜ਼ ਜ਼ਮੀਨ ਬਰਬਾਦ ਕਰ ਕੇ ਰੱਖ ਦਿਤੀ ਹੈ। ਹੜ੍ਹਾਂ ਦੇ ਪਾਣੀ ਨੇ ਅਨਾਜ ਦੇ ਭਰੇ ਹੋਏ ਭੜੋਲੇ ਮਿੱਟੀ ਵਿਚ ਮਿਲਾ ਦਿਤੇ ਹਨ। ਰੱਜੇ ਪੁੱਜੇ ਲੋਕ, ਦੋ ਵਕਤ ਦੀ ਰੋਟੀ ਨੂੰ ਤਰਸਣ ਲੱਗ ਪਏ ਹਨ। ਭਾਵੇਂ ਕਿ ਅਮੀਰ ਵਿਰਸੇ ਦੇ ਵਾਰਸ ਪੰਜਾਬੀਆਂ ਨੇ ਪੀੜਤ ਲੋਕਾਂ ਦੀ ਝੱਟ ਬਾਂਹ ਜਾ ਫੜੀ। ਹਰ ਤਰ੍ਹਾਂ ਦੀ ਲੋੜੀਂਦੀ ਮਦਦ ਕਰਨ ਵਿਚ ਕੋਈ ਢਿੱਲ ਨਹੀਂ ਕੀਤੀ, ਕੋਈ ਕਸਰ ਨਹੀਂ ਛੱਡੀ। ਇਥੋਂ ਤਕ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਵੀ ਹੜ੍ਹ ਪੀੜਤਾਂ ਦੀ ਬਹੁਤ ਮਦਦ ਕੀਤੀ ਹੈ।

ਕਈ ਲੋਕ ਤਾਂ ਬਾਹਰੋਂ ਅਪਣੇ ਕੰਮ ਕਾਰ ਛੱਡ ਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਪੰਜਾਬ ਪਹੁੰਚ ਗਏ ਸਨ। ਸਾਰਿਆਂ ਨੇ ਰਲ ਮਿਲ ਕੇ ਹੜ੍ਹ ਪੀੜਤਾਂ ਨੂੰ ਬਹੁਤ ਹੌਂਸਲਾ ਦਿਤਾ ਹੈ  ਪਰ ਫਿਰ ਵੀ ਇਕ ਹੋਰ ਸੋਚਣ ਵਿਚਾਰਨ ਲਈ ਮਸਲਾ ਸਾਡੇ ਬੂਹੇ ਆਣ ਖਲੋਤਾ ਹੈ। ਇਕ ਕਹਾਵਤ ਹੈ ਕਿ ਕਿਸੇ ਦੀ ਦੁੱਖ ਦੀ ਘੜੀ ਵਿਚ ‘ਜੇ ਰੋਣਾ ਨਾ ਵੀ ਆਉਂਦਾ ਹੋਵੇ, ਤਾਂ ਰੋਣ ਵਰਗਾ ਮੂੰਹ ਹੀ ਬਣਾ ਲੈਣਾ ਚਾਹੀਦਾ ਹੈ’। ਅੱਜ ਜਦੋਂ ਕੁੱਝ ਇਕ-ਦੋ ਦਿਨਾਂ ਬਾਅਦ ਦੀਵਾਲੀ ਦਾ ਤਿਉਹਾਰ ਮਨਾਇਆ ਜਾਣਾ ਹੈ। ਹਰ ਸਾਲ ਇਸ ਤਿਉਹਾਰ ਦੌਰਾਨ ਅਸੀਂ ਲੱਖਾਂ ਕਰੋੜਾਂ ਰੁਪਇਆ ਮਠਿਆਈਆਂ ਵੰਡਣ, ਆਤਿਸ਼ਬਾਜ਼ੀ ਕਰਨ, ਪਟਾਕੇ ਚਲਾਉਣ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਰਸਮਾਂ ਕਰ ਕੇ ਖ਼ਰਚ ਕਰ ਦਿੰਦੇ ਹਾਂ।

ਪਰ ਸਾਡੀਆਂ ਧੂਮ ਧੜੱਕੇ ਨਾਲ ਖ਼ੁਸ਼ੀਆਂ ਮਨਾਉਣੀਆਂ ਕੀ ਅਰਥ ਰਖਦੀਆਂ ਹਨ, ਜਦੋਂ ਸਾਡੇ ਹੜ੍ਹਾਂ ਮਾਰੇ ਅੱਧੇ ਪੰਜਾਬ ਦੇ ਪੰਜਾਬੀਆਂ ਦੀ ਜ਼ਿੰਦਗੀ ਅਜੇ ਤਕ ਲੀਹ ਉੱਤੇ ਹੀ ਨਹੀਂ ਆਈ। ਇਸ ਲਈ ਮੇਰੀ ਆਪ ਸਭ ਅੱਗੇ ਬੇਨਤੀ ਹੈ ਕਿ ਇਸ ਵਾਰ ਆਪਾਂ ਬਗ਼ੈਰ ਸ਼ੋਰ ਸ਼ਰਾਬਾ ਕੀਤਿਆਂ, ਬਗ਼ੈਰ ਆਤਿਸ਼ਬਾਜ਼ੀ ਕਰਨ ਤੋਂ, ਬਗ਼ੈਰ ਵੱਡੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਪਟਾਕੇ ਚਲਾਉਣ ਤੋਂ ਸ਼ਾਂਤਮਈ ਢੰਗ ਨਾਲ, ਬਗੈਰ ਖੜਕਾ-ਦੜਕਾ ਕਰਨ ਤੋਂ ਖਾਮੋਸ਼ ਦੀਵਾਲੀ ਮਨਾ ਕੇ ਅਪਣੇ ਦੁਖੀ ਹੜ੍ਹ ਪੀੜਤ ਭਾਈਚਾਰੇ ਨੂੰ ਸਮਰਥਨ ਦੇ ਕੇ, ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਹੌਸਲੇ ਵਧਾਈਏ।
- ਬਲਵਿੰਦਰ ਸਿੰਘ ਰੋਡੇ, 
ਜ਼ਿਲ੍ਹਾ ਮੋਗਾ। 
ਈਮੇਲ : balwindersinghbrar59 0gmail.com