ਲਾਲੂ ਦੀ ਬੇਟੀ ਦੇ ਵਿਆਹ ’ਚ ਰਿਸ਼ਤੇਦਾਰਾਂ ਨੇ ਮਚਾਈ ਸੀ ਵੱਡੀ ਲੁੱਟ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼ੋਅਰੂਮਾਂ ਤੋਂ ਜ਼ਬਰੀ ਚੁੱਕੀਆਂ ਸੀ 50 ਨਵੀਆਂ ਕਾਰਾਂ

Relatives had caused a huge loot at Lalu's daughter's wedding!

ਪਟਨਾ (ਸ਼ਾਹ) :  ਮੌਜੂਦਾ ਸਮੇਂ ਬਿਹਾਰ ਵਿਚ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਸਿਆਸੀ ਪਰਿਵਾਰ ਵਿਚ ਕਾਫ਼ੀ ਉਥਲ ਪੁਥਲ ਮਚੀ ਹੋਈ ਐ, ਜਿਸ ਕਰਕੇ ਹੁਣ ਲਾਲੂ ਯਾਦਵ ਦੇ ਪਰਿਵਾਰ ਨਾਲ ਜੁੜੇ ਕੁੱਝ ਪੁਰਾਣੇ ਕਿੱਸੇ ਵੀ ਇਕ-ਇਕ ਕਰਕੇ ਸਾਹਮਣੇ ਆ ਰਹੇ ਨੇ। ਇਕ ਕਿੱਸਾ ਲਾਲੂ ਦੀ ਬੇਟੀ ਰੋਹਿਣੀ ਦੇ ਵਿਆਹ ਨਾਲ ਵੀ ਜੁੜਿਆ ਹੋਇਐ,, ਜਦੋਂ ਲਾਲੂ ਦੇ ਰਿਸ਼ਤੇਦਾਰਾਂ ਨੇ ਕਾਰਾਂ ਦੇ ਸ਼ੋਅਰੂਮ ਵਿਚ ਕਥਿਤ ਤੌਰ ’ਤੇ ਲੁੱਟ ਮਚਾਉਂਦਿਆਂ 50 ਕਾਰਾਂ ਲੁੱਟ ਲਈਆਂ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਸੀ ਲਾਲੂ ਦੀ ਧੀ ਦੇ ਵਿਆਹ ਦੌਰਾਨ ਵਾਪਰੀ ਇਹ ਘਟਨਾ?

ਇਹ ਸਾਲ 2002 ਦੀ ਗੱਲ ਐ,, ਜਦੋਂ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਤਤਕਾਲੀਨ ਮੁੱਖ ਮੰਤਰੀ ਰਾਬੜੀ ਦੇਵੀ ਦੀ ਦੂਜੀ ਬੇਟੀ ਰੋਹਿਣੀ ਦਾ ਵਿਆਹ ਹੋ ਰਿਹਾ ਸੀ। ਇਹ ਉਹੀ ਰੋਹਿਣੀ ਐ, ਜਿਸ ਨੇ ਬਿਹਾਰ ਵਿਚ ਗਠਜੋੜ ਦੀ ਹਾਰ ਦੇ ਅਗਲੇ ਦਿਨ ਰਾਜਨੀਤੀ ਅਤੇ ਪਰਿਵਾਰ ਦੋਵੇਂ ਛੱਡਣ ਦਾ ਐਲਾਨ ਕਰ ਦਿੱਤਾ ਅਤੇ ਆਪਣੇ ਭਰਾ ਤੇਜਸਵੀ ਯਾਦਵ ’ਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਰੋਹਿਣੀ ਦਾ ਜਦੋਂ ਵਿਆਹ ਹੋਇਆ ਸੀ, ਉਸ ਸਮੇਂ ਤੇਜਸਵੀ ਮਹਿਜ਼ 12 ਸਾਲਾਂ ਦਾ ਸੀ। ਰੋਹਿਣੀ ਦਾ ਵਿਆਹ ਬਹੁਤ ਹੀ ਸ਼ਾਹੀ ਅੰਦਾਜ਼ ਵਿਚ, ਰਾਜੇ ਮਹਾਰਾਜਿਆਂ ਦੀ ਤਰ੍ਹਾਂ ਕੀਤਾ ਗਿਆ,, ਯਾਨੀ ਕਿ ਰੋਹਿਣੀ ਦਾ ਪਤੀ ਸਮਰੇਸ਼ ਸਿੰਘ ਵੀ ਸ਼ਾਹੀ ਰਥ ’ਤੇ ਸਵਾਰ ਹੋ ਕੇ ਆਇਆ ਸੀ ਅਤੇ ਇਹ ਕੋਈ ਆਮ ਰਥ ਨਹੀਂ ਸੀ,, ਬਲਕਿ ਬਿਹਾਰ ਮਿਲਟਰੀ ਪੁਲਿਸ ਦੀ ਇਕ ਖ਼ਾਸ ਬੱਘੀ ਸੀ। ਬੇਟੀ ਦੇ ਵਿਆਹ ਨੂੰ ਸੂਬੇ ਦਾ ਸਭ ਤੋਂ ਵੱਡੇ ਸਮਾਗਮ ਵਿਚ ਬਦਲਣ ਲਈ ਲਾਲੂ ਪ੍ਰਸਾਦ ਯਾਦਵ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਤਤਕਾਲੀਨ ਸੀਐਮ ਰਾਬੜੀ ਦੇਵੀ ਅਤੇ ਲਾਲੂ ਯਾਦਵ ਦੇ ਦੀਆਂ ਦੋ ਰਿਹਾਇਸ਼ਾਂ ਕਰੀਬ 20 ਏਕੜ ਜ਼ਮੀਨ ਵਿਚ ਰੋਹਿਣੀ ਦੇ ਵਿਆਹ ਦਾ ਪ੍ਰੋਗਰਾਮ ਕੀਤਾ ਗਿਆ। 

ਰੋਹਿਣੀ ਦੇ ਵਿਆਹ ਵਿਚ 25 ਹਜ਼ਾਰ ਤੋਂ ਜ਼ਿਆਦਾ ਮਹਿਮਾਨ ਪੁੱਜੇ..,ਜਸ਼ਨ ਦਾ ਮਾਹੌਲ ਸੀ ਪਰ ਸ਼ਹਿਰ ਦੇ ਦੂਜੇ ਹਿੱਸਿਆਂ ਵਿਚ ਸੜਕਾਂ ’ਤੇ ਇਕ ਦਹਿਸ਼ਤ ਵੀ ਦੇਖੀ ਗਈ। ਦਰਅਸਲ ਲਾਲੂ ਦੇ ਰਿਸ਼ਤੇਦਾਰ, ਉਨ੍ਹਾਂ ਨੂੰ ਖ਼ੁਸ਼ ਕਰਨ ਦੇ ਲਈ ਹਰ ਉਹ ਚੀਜ਼ ਕਰਨਾ ਚਾਹੁੰਦੇ ਸੀ, ਜਿਸ ਨਾਲ ਰੋਹਿਣੀ ਦਾ ਵਿਆਹ ਦਾ ਪੂਰੇ ਬਿਹਾਰ ਦੇ ਇਤਿਹਾਸ ਵਿਚ ਇਕ ਨਾਮ ਹੋ ਜਾਵੇ,, ਇਸ ਦੌਰਾਨ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਵੀ ਉਡੀਆਂ। ਇਲਜ਼ਾਮ ਐ ਕਿ ਲਾਲੂ ਨਾਲ ਜੁੜੇ ਲੋਕਾਂ ਨੇ ਇਸ ਦੌਰਾਨ ਅਜਿਹੇ ਕਈ ਕੰਮ ਕੀਤੇ ਜੋ ਨਾ ਸਿਰਫ਼ ਗੈਰਕਾਨੂੰਨੀ ਸਨ, ਬਲਕਿ ਅਪਰਾਧ ਵੀ ਸਨ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਆਰਜੇਡੀ ਦੇ ਵਫ਼ਾਦਾਰਾਂ ਦੇ ਕਈ ਗਰੁੱਪ ਬਿਹਾਰ ਦੀ ਰਾਜਧਾਨੀ ਪਟਨਾ ਦੀਆਂ ਸੜਕਾਂ ’ਤੇ ਘੁੰਮ ਰਹੇ ਸੀ, ਕਾਰ ਸ਼ੋਅਰੂਮਾਂ ’ਤੇ ਹੱਲਾ ਬੋਲ ਰਹੇ ਸੀ। ਇਲਜ਼ਾਮ ਐ ਕਿ ਇਨ੍ਹਾਂ ਲੋਕਾਂ ਨੇ 50 ਤੋਂ ਜਿਆਦਾ ਨਵੀਂਆਂ ਬਿਨਾਂ ਰਜਿਸਟ੍ਰੇਸ਼ਨ ਕਾਰਾਂ ਸ਼ੋਅਰੂਮ ਤੋਂ ਲੁੱਟੀਆਂ। ਕਿਹਾ ਜਾਂਦੈ ਕਿ ਇਹ ਲੋਕ ਕੋਈ ਪੱਕੇ ਲੁਟੇਰੇ ਜਾਂ ਚੋਰ ਨਹੀਂ ਸਨ,, ਬਲਕਿ ਇਹ ਤਾਂ ਬਿਹਾਰ ਦੀ ਫਸਟ ਫੈਮਲੀ ਯਾਨੀ ਲਾਲੂ ਦੇ ਪਰਿਵਾਰ ਵਿਚ ਆਏ ਵੀਆਈਪੀ ਮਹਿਮਾਨਾਂ ਅਤੇ ਬਰਾਤੀਆਂ ਨੂੰ ਆਰਾਮ ਨਾਲ ਪਹੁੰਚਾਉਣ ਵਾਸਤੇ ਅਜਿਹਾ ਕਰ ਰਹੇ ਸੀ। 

ਇਲਜ਼ਾਮ ਐ ਕਿ ਲਾਲੂ ਨਾਲ ਜੁੜੇ ਇਨ੍ਹਾਂ ਲੁਟੇਰਿਆਂ ਨੇ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜੋ ਬਦਲੇ ਦੀ ਕਾਰਵਾਈ ਦੇ ਡਰੋਂ ਬੋਲਣ ਤੋਂ ਵੀ ਡਰਦੇ ਸੀ। ਸ਼ੋਅਰੂਮ ਤੋਂ ਕਾਰਾਂ ਚੁੱਕਣ ਦੇ ਸਵਾਲ ’ਤੇ ਬੋਰਿੰਗ ਰੋਡ ’ਤੇ ਮੌਜੂਦ ਮਾਰੂਤੀ ਸ਼ੋਅਰੂਮ ਦੇ ਮਾਲਕ ਏਸੀ ਗੁਪਤਾ ਨੇ ਆਖਿਆ ਸੀ,, ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਪੰਜ ਗੱਡੀਆਂ ਦਿੱਤੀਆਂ ਸੀ,,, ਜਦਕਿ ਸ਼ੋਅਰੂਮ ਦੇ ਕਰਮਚਾਰੀ ਇਹ ਆਖ ਰਹੇ ਸੀ ਕਿ ਆਲਟੋ ਅਤੇ ਵੈਗਨ ਆਰ ਸਮੇਤ 10 ਨਵੀਂਆਂ ਏਅਰ ਕੰਡੀਸ਼ਨ ਕਾਰਾਂ ਜ਼ਬਰਦਸਤੀ ਚੁੱਕੀਆਂ ਗਈਆਂ ਸੀ। ਇੱਥੋਂ ਤੱਕ ਕਿ ਪਟਰੌਲ ਪੰਪਾਂ ਤੋਂ ਗੱਡੀਆਂ ਦਾ ਪਟਰੌਲ-ਡੀਜ਼ਲ ਵੀ ਉਧਾਰ ਪਵਾਇਆ ਗਿਆ। ਹੋਰ ਕਾਰ ਕੰਪਨੀਆਂ ਦੇ ਸ਼ੋਅਰੂਮਾਂ ਦੀ ਵੀ ਇਹ ਕਹਾਣੀ ਸੀ। ਜ਼ਿਆਦਾਤਰ ਮਾਮਲਿਆਂ ਵਿਚ ਲੋਕਾਂ ਦੇ ਗਰੁੱਪ ਆਏ, ਜ਼ਬਰਦਸਤੀ ਗੱਡੀਆਂ ’ਤੇ ਕਬਜ਼ਾ ਕੀਤਾ ਅਤੇ ਕਾਰਾਂ ਲੈ ਕੇ ਭੱਜ ਗਏ। ਕਾਰਾਂ ਚੁੱਕਣ ਦੇ ਮਾਮਲੇ ਵਿਚ ਉਸ ਸਮੇਂ ਰਾਬੜੀ ਦੇਵੀ ਦੇ ਭਰਾ ਸੁਭਾਸ਼ ਯਾਦਵ ਨੇ ਇਕ ਇੰਟਰਵਿਊ ਵਿਚ ਆਖਿਆ ਸੀ, ਲਾਲੂ ਜੀ ਦੇ ਕਹਿਣ ’ਤੇ ਕੰਮ ਹੁੰਦਾ ਸੀ। ਅਸੀਂ ਸਮਝਾਇਆ ਸੀ ਕਿ ਇਹ ਸਭ ਨਾ ਕਰੋ,, ਪਰ ਉਨ੍ਹਾਂ ਦੇ ਕੁੜਮ ਕਮਿਸ਼ਨਰ ਸਨ,, ਇਸ ਲਈ ਆਪਣੀ ਧੌਂਸ ਜਮਾ ਰਹੇ ਸੀ।’’

ਪਟਨਾ ਪੁਲਿਸ ਕਥਿਤ ਤੌਰ ’ਤੇ ਇਸ ਉਮੀਦ ਵਿਚ ਅੱਖਾਂ ਬੰਦ ਕਰੀਂ ਬੈਠੀ ਸੀ ਕਿ ਵਿਆਹ ਤੋਂ ਬਾਅਦ ਗੱਡੀਆਂ ਵਾਪਸ ਹੋਣ ’ਤੇ ਇਹ ਬਵਾਲ ਰੁਕ ਜਾਵੇਗਾ। ਹੱਦ ਤਾਂ ਉਦੋਂ ਹੋ ਗਈ ਜਦੋਂ ਹਵਾਈ ਅੱਡੇ ਅਤੇ ਮੁੱਖ ਮੰਤਰੀ ਰਿਹਾਇਸ਼ ਦੇ ਸਾਹਮਣੇ ਖੜ੍ਹੀਆਂ ਕਾਰਾਂ ਨੂੰ ਜ਼ਬਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਇਸ ਦੀ ਬਜਾਏ ਪੁਲਿਸ ਨੇ ਕਥਿਤ ਕਾਰ ਚੋਰਾਂ ਦੀ ਮਰਜ਼ੀ ਨਾਲ ਸ਼ੋਅਰੂਮ ਵਿਚ ਗੱਡੀਆਂ ਵਾਪਸ ਕਰਨ ਦਾ ਇੰਤਜ਼ਾਰ ਕੀਤਾ ਸੀ। ਕਾਫ਼ੀ ਹੰਗਾਮੇ ਮਗਰੋਂ ਇਹ ਗੱਡੀਆਂ ਤਾਂ ਭਾਵੇਂ ਵਾਪਸ ਕਰ ਦਿੱਤੀਆਂ ਗਈਆਂ ਪਰ ਡੀਲਰਾਂ ਦੇ ਲਈ ਇਹ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਗਿਆ। ਕਈ ਮਾਮਲਿਆਂ ਵਿਚ ਜਿਨ੍ਹਾਂ ਗਾਹਕਾਂ ਨੇ ਗੱਡੀਆਂ ਬੁੱਕ ਕੀਤੀਆਂ ਸੀ, ਉਨ੍ਹਾਂ ਨੇ ਪੁਰਾਣੀਆਂ ਕਾਰਾਂ ਦੀ ਡਿਲੀਵਰੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜੋ  ਲੋਕ ਨਵੀਂ ਕਾਰ ਖ਼ਰੀਦਣ ਦੀ ਸੋਚ ਰਹੇ ਸੀ, ਉਨ੍ਹਾਂ ਨੇ ਉਸ ਸਮੇਂ ਦੌਰਾਨ ਖ਼ਰੀਦਣ ਤੋਂ ਪਰਹੇਜ਼ ਕੀਤਾ,,ਉਨ੍ਹਾਂ ਨੂੰ ਡਰ ਸੀ ਕਿ ਕਿਤੇ ਸਾਡੇ ਮੱਥੇ ਪੁਰਾਣੀ ਚੱਲੀ ਹੋਈ ਕਾਰ ਹੀ ਨਾ ਮੜ੍ਹ ਦਿੱਤੀ ਜਾਵੇ। 

ਦੱਸ ਦਈਏ ਕਿ ਕਾਰਾਂ ਵਾਲੇ ਮਾਮਲੇ ਤੋਂ ਇਲਾਵਾ ਵੀ ਰੋਹਿਣੀ ਦੇ ਵਿਆਹ ਵਿਚ ਹੋਰ ਵੀ ਕਾਫ਼ੀ ਕੁੱਝ ਹੋਇਆ। ਰਾਬੜੀ ਦੇਵੀ ਦੇ ਇਕ ਭਰਾ ਨੇ ਕਥਿਤ ਤੌਰ ’ਤੇ ਛੇ ਪੰਡਾਲ ਸਜਾਉਣ ਲਈ ਵੱਖ ਵੱਖ ਫਰਨੀਚਰ ਸ਼ੋਅਰੂਮਾਂ ਤੋਂ 100 ਨਵੇਂ ਸੋਫਾ ਸੋੈੱਟ ਉਠਾਏ। ਲਾੜੇ ਦੇ ਪਿੰਡ ਵਿਚ ਬਿਜਲੀ ਅਤੇ ਟੈਲੀਫ਼ੋਨ ਦੀਆਂ ਲਾਈਨਾਂ ਵਿਛਾਈਆਂ ਗਈਆਂ ਤੇ ਪੱਕੀ ਸੜਕ ਬਣਵਾਈ ਗਈ। ਰਾਜ ਬਿਜਲੀ ਬੋਰਡ ਨੂੰ 25 ਲੱਖ ਰੁਪਏ ਦਾ ਟ੍ਰਾਂਸਮਿਸ਼ਨ ਘਾਟਾ ਹੋਇਆ। ਕਮਾਂਡੋ ਅਤੇ ਐਸਟੀਐਫ ਸਮੇਤ 300 ਤੋਂ ਵੱਧ ਪੁਲਿਸ ਕਰਮੀ ਤਿਲਕ ਸਮਾਰੋਹ ਦੀ ਸੁਰੱਖਿਆ ਲਈ ਲਗਾਏ ਗਏ। ਬੈਂਕਾਕ ਅਤੇ ਹੋਰ ਦੂਜੇ ਦੇਸ਼ਾਂ ਤੋਂ ਫੁੱਲ ਮੰਗਵਾਏ ਸੀ। ਉਸ ਸਮੇਂ ਭਾਜਪਾ ਦੇ ਨੇਤਾ ਸੁਸ਼ੀਲ ਕੁਮਾਰ ਮੋਦੀ ਵੱਲੋਂ ਇਹ ਮਾਮਲਾ ਸਰਗਰਮੀ ਨਾਲ ਉਠਾਇਆ ਗਿਆ ਸੀ,, ਪਰ ਹੋਣਾ ਕੀ  ਸੀ??? ਸਾਰਾ ਸਰਕਾਰੀ ਅਮਲਾ ਤਾਂ ਖ਼ੁਦ ਇਸ ਵਿਚ ਸ਼ਾਮਲ ਸੀ।