ਮੇਰਾ ਵੈਦ ਗੁਰੂ ਗੋਵਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਰੀ ਦੁਨੀਆਂ ਨੂੰ ਕੋਰੋਨਾ ਨਾਮਕ ਮਹਾਂਮਾਰੀ ਨੇ ਅਪਣੀ ਬੁੱਕਲ ਵਿਚ ਲਪੇਟਿਆ ਹੋਇਆ ਹੈ।

Darbar Sahib

ਅੱਜ ਸਾਰੀ ਦੁਨੀਆਂ ਨੂੰ ਕੋਰੋਨਾ ਨਾਮਕ ਮਹਾਂਮਾਰੀ ਨੇ ਅਪਣੀ ਬੁੱਕਲ ਵਿਚ ਲਪੇਟਿਆ ਹੋਇਆ ਹੈ। ਦੁਨੀਆਂ ਦਾ ਕੋਈ ਵੀ ਹਿੱਸਾ ਇਸ ਦੀ ਦਹਿਸ਼ਤ ਜਾਂ ਪ੍ਰਭਾਵ ਤੋਂ ਬਚ ਨਹੀਂ ਸਕਿਆ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਕਲਯੁਗ ਨੇ ਅਪਣੀ ਹੋਂਦ ਨੂੰ ਹੋਰ ਵੀ ਚਮਕਾ ਲਿਆ ਹੋਵੇ। ਇਸ ਮਹਾਂਮਾਰੀ ਕਰ ਕੇ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਮਹਾਂਮਾਰੀ ਨੇ ਜ਼ਿੰਦਗੀ ਦੇ ਹਰ ਪੱਖ ਨੂੰ ਹਿਲਾ ਕੇ ਰੱਖ ਦਿਤਾ ਹੈ।

ਮਨੁੱਖ ਚਾਹੇ ਕਿਸੇ ਵੀ ਜਾਤ, ਧਰਮ ਜਾਂ ਮੁਲਕ ਦਾ ਹੋਵੇ ਪਰ ਇਸ ਦੇ ਪ੍ਰਕੋਪ ਤੋਂ ਬਚ ਨਹੀਂ ਸਕਿਆ। ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਕਦੇ ਇਸ ਤਰ੍ਹਾਂ ਦੀ ਮਹਾਂਮਾਰੀ ਨਾਲ ਜੀਵਨ ਵਿਚ ਐਨੀ ਉਥਲ-ਪੁਥਲ ਮਚ ਜਾਵੇਗੀ। ਹਰ ਪਾਸੇ ਮਨੁੱਖ ਨੂੰ  ਘੁਟਣ, ਘਬਰਾਹਟ ਜਾਂ ਫਿਰ ਡਰ ਹੀ ਵਿਖਾਈ ਦਿੰਦਾ ਹੈ। ਹਰ ਕੋਈ ਕਿਸੇ ਨਾ ਕਿਸੇ ਮੁਸੀਬਤ ਨਾਲ ਜੂਝ ਰਿਹਾ ਹੈ।

ਜੇ ਸੋਚਿਆ ਜਾਵੇ ਤਾਂ ਇਕ ਪਹਿਲੂ ਇਹ ਵੀ ਸਾਹਮਣੇ ਆਉਂਦਾ ਹੈ ਕਿ ਸਰਬਸ਼ਕਤੀਮਾਨ ਪ੍ਰਮਾਤਮਾ ਨੇ ਇਕ ਵਾਰੀ ਫਿਰ ਮਨੁੱਖ ਨੂੰ ਗ਼ੈਰ ਕੁਦਰਤੀ ਢੰਗ-ਤਰੀਕੇ ਅਪਣਾ ਕੇ ਕੁਦਰਤ ਅਤੇ ਇਸ ਦੇ ਸੋਮਿਆਂ ਨੂੰ ਵਿਗਾੜਨ ਤੋਂ ਵਰਜਦਿਆਂ ਅਪਣੀ ਹੋਂਦ ਦਾ ਲੋਹਾ ਮਨਵਾ ਲਿਆ। ਇਸ ਵਰਤਾਰੇ ਨੇ ਸਚਮੁੱਚ ਹੀ ਮਨੁੱਖ ਨੂੰ ਦਿਨੇ-ਤਾਰੇ ਵਿਖਾ ਦਿਤੇ ਹਨ।

ਇਥੇ ਇਹ ਦਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਅਸੀ ਮਨੁੱਖ ਜਾਤੀ ਨੇ ਅਪਣੀ ਜ਼ਿੰਦਗੀ ਨੂੰ ਸਿਰਫ਼ ਮਸ਼ੀਨ ਵਾਂਗ ਕੰਮ ਕਰਨ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਪੂੰਜੀ ਇਕੱਠੀ ਕਰਨ ਤਕ ਹੀ ਸੀਮਤ ਕਰ ਲਿਆ ਸੀ। ਅੱਜ ਐਨੀ ਦੌੜ ਲੱਗੀ ਹੋਈ ਸੀ ਕਿ ਅਸੀ ਅਪਣੇ ਮੂਲ ਤੋਂ ਹੀ ਦੂਰ ਹੋ ਗਏ ਸੀ। ਮਨੁੱਖੀ ਜੀਵਨ ਜੀਉਣ ਦੇ ਮਾਇਨੇ ਹੀ ਬਦਲ ਗਏ ਸਨ।

ਸਾਨੂੰ ਇਹ ਭਰਮ ਹੋ ਗਿਆ ਸੀ ਕਿ ਸਾਰਾ ਕੁੱਝ ਸਾਡੇ ਅਧੀਨ ਹੀ ਹੈ। ਅਸੀ ਉਸ ਪਰਮਾਤਮਾ ਨੂੰ ਤਾਂ ਉੱਕਾ ਹੀ ਭੁਲਾ ਕੇ ਅਤੇ ਨਾ-ਸ਼ੁਕਰਾ ਜੀਵਨ ਜਿਉਣ ਵਿਚ ਲੱਗੇ ਹੋਏ ਸੀ। ਲੋਕਾਂ ਨੂੰ ਇਕ ਵਾਰੀ ਤਾਂ ਇਸ ਕੋਰੋਨਾ ਨਾਮਕ ਮਹਾਂਮਾਰੀ ਨੇ ਸੋਚਣ ਲਈ ਮਜਬੂਰ ਕਰ ਦਿਤਾ ਕਿ ਕਿਸ ਤਰ੍ਹਾਂ ਤੁਹਾਡੇ ਹੱਥਾਂ ਵਿਚੋਂ ਜ਼ਿੰਦਗੀ ਰੇਤ ਵਾਂਗ ਫ਼ਿਸਲ ਰਹੀ ਹੈ। ਜੇਕਰ ਨਜ਼ਰ ਘੁੰਮਾ ਕੇ ਵੇਖੀਏ ਤਾਂ ਕਈ ਲੋਕਾਂ ਕੋਲ ਖਾਣ ਨੂੰ ਕੁੱਝ ਨਹੀਂ, ਕਿਸੇ ਕੋਲ ਸਿਰ 'ਤੇ ਛੱਤ ਨਹੀਂ, ਕਿਸੇ ਕੋਲ ਅਪਣਾ ਤਨ ਢਕਣ ਲਈ ਕਪੜਾ ਨਹੀਂ।

ਪਰ ਕਈ ਇਸ ਤਰ੍ਹਾਂ ਦੇ ਵੀ ਇਨਸਾਨ ਹਨ ਜਿਨ੍ਹਾਂ ਨੂੰ ਰੋਟੀ, ਪਾਣੀ ਜਾਂ ਮਕਾਨ ਬਾਰੇ ਜ਼ਿਆਦਾ ਸੋਚਣ ਦੀ ਲੋੜ ਨਹੀਂ। ਇਸ ਦੁਨੀਆਂ ਵਿਚ ਵੱਖ-ਵੱਖ ਤਰ੍ਹਾਂ ਦੇ ਲੋਕ ਹੁੰਦੇ ਹਨ। ਕਈਆਂ ਦੀ ਆਰਥਕ ਹਾਲਤ  ਤੁਹਾਡੇ ਤੋਂ ਵੀ ਮਾੜੀ ਹੈ ਪਰ ਕਈ ਤੁਹਾਡੇ ਤੋਂ ਚੰਗੀ ਹਾਲਤ ਵਿਚ ਹੋ ਸਕਦੇ ਹਨ। ਪਰ ਗੱਲ ਜੋ ਮੈਨੂੰ ਸਮਝ ਲਗਦੀ ਹੈ ਕਿ ਤੁਸੀ ਜਿਸ ਵੀ ਹਾਲਤ ਵਿਚ ਰਹੋ ਬਸ ਉਸ ਅਕਾਲ ਪੁਰਖ ਨੂੰ ਅਪਣੇ ਅੰਗ-ਸੰਗ ਸਹਾਈ ਸਮਝੋ ਅਤੇ ਉਸ ਤੋਂ ਹਿੰਮਤ ਮੰਗੋ ਅਤੇ ਗੁਰਬਾਣੀ ਦਾ ਇਹ ਫ਼ੁਰਮਾਨ ਹਮੇਸ਼ਾ ਯਾਦ ਰੱਖੋ।

ਰੁਖੀ ਸੁੱਖੀ ਖਾਇਕੈ ਠੰਢਾ ਪਾਣੀ ਪੀਓ।
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ– ੧੩੭੯)
ਇਹ ਹਾਲਾਤ ਕੋਈ ਆਮ ਬਿਮਾਰੀ ਨਾਲ ਲੜਨ ਵਾਂਗ ਨਹੀਂ ਹਨ। ਕੋਰੋਨਾ ਵਾਇਰਸ ਨੇ ਸਾਡੇ ਹਰ ਪੱਧਰ ਨੂੰ ਇਕ ਵਾਰੀ ਝੰਜੋੜ ਕੇ ਰੱਖ ਦਿਤਾ ਹੈ। ਸਮਾਜਕ ਪੱਧਰ, ਦੁਨਿਆਵੀ ਪੱਧਰ ਅਤੇ ਧਾਰਮਕ ਪੱਧਰ, ਇਨ੍ਹਾਂ ਸਾਰਿਆਂ ਦਾ ਕੀ ਭਵਿੱਖ ਹੋਵੇਗਾ, ਕਿਸੇ ਨੂੰ ਸਮਝ ਨਹੀਂ ਆ ਰਿਹਾ।

ਕੀ ਹੁਣ ਕਿਸੇ ਦੇ ਘਰ ਜਾਣਾ ਜਾਂ ਫਿਰ ਕਿਸੇ ਨੂੰ ਜੱਫੀ ਪਾ ਕੇ ਮਿਲਣਾ ਬੰਦ ਹੋਵੇਗਾ? ਕੀ ਹੁਣ ਲੋਕ ਘਰ ਤੋਂ ਬਾਹਰ ਡਰ-ਡਰ ਕੇ ਨਿਕਲਣਗੇ? ਕੀ ਹੁਣ ਕਿਸੇ ਵੀ ਧਾਰਮਕ ਸਥਾਨ 'ਤੇ ਜਾਣਾ ਸਾਨੂੰ ਔਖਾ ਲੱਗੇਗਾ? ਇਸ ਤਰ੍ਹਾਂ ਦੇ ਕਈ ਸਵਾਲ ਹਨ ਜਿਹੜੇ ਸਾਡੇ ਸਾਰਿਆਂ ਦੇ ਦਿਮਾਗ਼ ਵਿਚ ਚਲ ਰਹੇ ਹਨ। ਪਰ ਜੇ ਸੋਚਿਆ ਜਾਵੇ ਤਾਂ ਇਨ੍ਹਾਂ ਦਾ ਕੋਈ ਪੱਕਾ ਜਵਾਬ ਅਜੇ ਨਹੀਂ ਮਿਲਿਆ। ਸਿਰਫ਼ ਇਕ ਉਹ ਪਰਮਾਤਮਾ ਹੀ ਹੈ ਜੋ ਸਾਨੂੰ ਇਸ ਨਾਸ਼ਵਾਨ ਸਥਿਤੀ ਵਿਚੋਂ ਕੱਢ ਸਕਦਾ ਹੈ।

ਇਸ ਮੁਸ਼ਕਲ ਘੜੀ ਵਿਚ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਨਾ ਹੀ ਇਕ ਮਾਤਰ ਵਾਜਬ ਹਲ ਹੈ। ਇਸੇ ਲਈ ਤਾਂ ਧਾਰਮਕ ਸ਼ਖ਼ਸੀਅਤਾਂ ਕਦਮ-ਕਦਮ ਉਤੇ ਸਾਨੂੰ ਅਧਿਆਤਮਿਕ ਜੀਵਨ ਜਾਚ ਸਮਝਾਉਣ ਲਈ ਅਤੇ ਜ਼ਿੰਦਗੀ ਦੇ ਹਰ ਪੱਖ ਨੂੰ ਬਿਹਤਰ ਢੰਗ ਨਾਲ ਜਿਉਣ ਦੇ ਨਾਲ ਨਾਲ ਪ੍ਰਮਾਤਮਾ ਵਲੋਂ ਬਖਸ਼ੀਆਂ ਹੋਈਆਂ ਅਨਮੋਲ ਦਾਤਾਂ ਲਈ ਉਸ ਦਾ ਸ਼ੁਕਰਾਨਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਗੁਰਬਾਣੀ ਆਸ਼ੇ ਅਨੁਸਾਰ ਹੇਠ ਲਿਖਤ ਪੰਕਤੀਆਂ ਦੀ ਬਖਸ਼ਿਸ਼ ਕੀਤੀ ਹੈ।

ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸ਼ੁਕਰਾਨਾ, ਹਰ ਵੇਲੇ ਸਿਮਰਨ
ਕੁੱਝ ਵੀ ਸਦੀਵੀ ਨਹੀਂ ਹੈ। ਅਸੀ ਕਿੰਨੇ ਨਾਸ਼ੁਕਰੇ ਬਣ ਚੁਕੇ ਹਾਂ। ਵੱਧ ਤੋਂ ਵੱਧ ਲੈਣ ਦੇ ਲਾਲਚ ਨੇ ਸਾਨੂੰ ਅੰਨ੍ਹਾ ਕਰ ਦਿਤਾ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੁੱਝ ਵੀ ਸਾਡੇ ਅਧੀਨ ਨਹੀਂ ਹੈ। ਹਮੇਸ਼ਾ ਉਸ ਅਕਾਲ ਪੁਰਖ ਨੂੰ ਹੀ ਧਿਆਉਣਾ ਚਾਹੀਦਾ ਹੈ, ਜੋ ਪੂਰੇ ਬ੍ਰਹਿਮੰਡ ਦਾ ਪੂਰਕ ਹੈ।

ਇਸੇ ਲਈ ਤਾਂ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੀਆਂ ਹੇਠ ਲਿਖਤ ਪੰਕਤੀਆਂ ਦੁਆਰਾ ਸਮਝਾਉਣਾ ਕੀਤਾ ਹੈ:-
ਜਿਸ ਠਾਕੁਰ ਸਿਉ ਨਾਹੀ ਚਾਰਾ,
ਤਾ ਕਉ ਕੀਜੈ ਸਦੁ ਨਮਸਕਾਰਾ।
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ–੨੬੮)
ਖਾਣ ਜੀਵਣ ਕੀ ਬਹੁਤੀ ਆਸ£ ਲੇਖੈ ਤੇਰੈ ਸਾਸ ਗਿਰਾਸ£ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ–੩੫੪)

ਉਸ ਅੱਗੇ ਤਾਂ ਸਿਰ ਝੁਕਾਉਣਾ ਹੀ ਪੈਣਾ ਹੈ। ਪਰ ਇਹ ਜ਼ਰੂਰ ਧਿਆਨ ਰਖਣਾ ਕਿ ਅਸੀ ਸਿਰ ਝੁਕਾਈਏ ਸ਼ੁਕਰਾਨੇ ਵਾਸਤੇ ਨਾ ਕਿ ਸ਼ਿਕਇਤਾਂ ਦਾ ਪਟਾਰਾ ਸੁਣਾਉਣ ਲਈ। ਅਸੀ ਤਾਂ ਗ਼ਲਤੀਆਂ ਨਾਲ ਭਰੇ ਹੋਏ ਹਾਂ। ਇਸ ਸੰਦਰਭ ਵਿਚ ਗੁਰਬਾਣੀ ਦਾ ਫ਼ੁਰਮਾਨ ਹੈ :
ਤੇਰੇ ਗੁਣ ਬਹੁਤੇ ਮੈ ਏਕ ਨ ਜਾਣਿਆ ਮੈ ਮੂਰਖ ਕਿਛ  ਦੀਜੈ। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ – ੫੯੬)

ਦੋ ਗੱਲਾਂ ਮੈਨੂੰ ਅਪਣੇ ਮਾਪਿਆਂ ਦੀਆਂ ਬਹੁਤ ਯਾਦ ਆ ਰਹੀਆਂ ਹਨ ਜਿਹੜੀਆਂ ਉਨ੍ਹਾਂ ਨੇ ਹਰ ਔਖੀ ਘੜੀ ਵਿਚ ਯਾਦ ਰੱਖਣ ਲਈ ਕਹੀਆਂ ਸਨ ਜੋ ਅੱਜ ਇਸ ਸਮੇਂ ਮੈਨੂੰ ਲਗਦਾ ਹੈ ਕਿ ਇਨ-ਬਿਨ ਲਾਗੂ ਹੁੰਦੀਆਂ ਹਨ। ਇਕ ਤਾਂ ਸਾਨੂੰ ਹਰ ਸਮੇਂ ਉਸ ਪਰਮ ਪਿਤਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਦੂਜਾ ਕਿ ਔਖੇ ਸਮੇਂ ਡਰਨਾ ਨਹੀਂ ਸਗੋਂ ਉਸ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ, ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਹੈ। ਇਹ ਸਮਾਂ ਵੀ ਸਾਡੀ ਸਾਰੀ ਮਨੁੱਖ ਜਾਤੀ 'ਤੇ ਭਾਰੀ ਹੈ।

ਸਿਰਫ਼ ਉਸ ਅਕਾਲ ਪੁਰਖ ਦਾ ਨਾਮ ਹੀ ਹੈ ਜੋ ਸਾਨੂੰ ਇਸ ਦੁਖਦਾਈ ਹਾਲਤ ਵਿਚੋਂ ਕੱਢ ਸਕਦਾ ਹੈ। ਛੋਟੇ ਹੁੰਦੇ ਮੈਂ ਅਪਣੀ ਨਾਨੀ ਕੋਲੋਂ ਸੁਣਦੀ ਸਾਂ ਕਿ ਜਦੋਂ ਵੀ ਕੋਈ ਮੁਸੀਬਤ ਜਾਂ ਕਾਲ ਪੈਂਦਾ ਸੀ ਤਾਂ ਸਾਰੇ ਲੋਕ ਇਕੱਠੇ ਹੋ ਕੇ ਰੱਬ ਅੱਗੇ ਅਰਦਾਸ ਕਰਦੇ ਸੀ ਅਤੇ ਸਰਬੱਤ ਦਾ ਭਲਾ ਮੰਗਦੇ ਸਨ। ਹੁਣ ਵੀ ਸਾਨੂੰ ਉਸ ਰੱਬ ਅੱਗੇ ਰਲ ਕੇ ਗੁਜ਼ਾਰਸ਼ ਕਰਨੀ ਪੈਣੀ ਹੈ ਕਿ ਉਹ ਸਾਡੇ ਮਾੜੇ ਚੰਗੇ ਕਰਮ ਕਾਂਡਾਂ ਨੂੰ ਭੁਲਾ ਕੇ ਸਾਰੀ ਮਨੁੱਖੀ ਜਾਤੀ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਵੇ। ਇਸ ਲਈ ਮੈਨੂੰ ਸੌ ਫ਼ੀ ਸਦੀ ਯਕੀਨ ਹੈ ਕਿ ਅਕਾਲ ਪੁਰਖ ਵਾਹਿਗੁਰੂ ਸਾਡੀਆਂ ਭੁੱਲਾਂ ਬਖ਼ਸ਼ ਕੇ ਸਾਡੇ 'ਤੇ ਹਰ ਵਾਰ ਦੀ ਤਰ੍ਹਾਂ ਮੇਹਰ ਕਰੇਗਾ, ਜਿਵੇਂ ਕਿ ਗੁਰਬਾਣੀ ਦਾ ਫ਼ੁਰਮਾਨ ਹੈ:
ਵਿਚ ਕਰਤਾ ਪੁਰਖ ਖਲੋਆ।
ਵਾਲ ਨਾ ਵਿੰਗਾ  ਹੋਆ। (ਪੰਨਾ– ੬੨੩)

ਇਹ ਜੰਗ ਅਸੀ ਇਕੱਲੇ ਨਹੀਂ ਸਗੋਂ ਇਕੱਠੇ ਹੋ ਕੇ ਹੀ ਜਿੱਤ ਸਕਦੇ ਹਾਂ। ਉਸ ਪ੍ਰਮਾਤਮਾ ਨਾਮ ਹੀ ਹੈ ਜੋ ਸਾਨੂੰ ਤਾਕਤ ਵੀ ਦੇਵੇਗਾ ਅਤੇ ਹੌਂਸਲਾ ਵੀ। ਇਕ ਇਹ ਵੀ ਗੱਲ ਹੈ ਕਿ ਵੈਸੇ ਵੀ ਸਾਡੇ ਗੁਰੂ ਨੇ ਸਾਨੂੰ ਸਰਬੱਤ ਦਾ ਭਲਾ ਮੰਗਣ ਲਈ ਹੀ ਕਿਹਾ ਹੈ। ਸੋ ਮੁਕਦੀ ਗੱਲ ਇਹ ਹੀ ਹੈ ਕਿ ਉਸ ਅਕਾਲ ਪੁਰਖ ਅੱਗੇ ਕੋਈ ਜ਼ੋਰ ਨਹੀਂ, ਉਸ ਅੱਗੇ ਅਰਦਾਸਾਂ ਹੀ ਕਰ ਸਕਦੇ ਹਾਂ ਕਿ ਉਹ ਸਾਡਾ ਬੇੜਾ ਵੀ ਬਾਬਾ ਮੱਖਣ ਸ਼ਾਹ ਵਾਂਗ ਪਾਰ ਲੰਘਾ ਦੇਵੇ। ਹੇ ਅਕਾਲ ਪੁਰਖ, ਤੇਰਾ ਨਾਮ ਹੀ ਮੇਰੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਹੈ। ਸਾਡੀਆਂ ਅਕਲਾਂ 'ਤੇ ਜੋ ਪਰਦੇ ਪਏ ਹਨ ਉਸ ਨੂੰ ਅਸੀ ਅਪਣੇ ਗੁਰੂ ਦੇ ਦਿਤੇ ਹੋਏ ਨਾਮ ਨਾਲ ਹੀ ਚੁੱਕ ਸਕਦੇ ਹਾਂ।

ਪਰ ਅਸੀ ਅਪਣੀ ਜ਼ਿੰਦਗੀ ਵਿਚ ਇਸ ਨੂੰ ਨਹੀਂ ਅਪਣਾਉਂਦੇ। ਇਹ ਕਹਿ ਲਉ ਕਿ ਇਹ ਇਕ ਤਰ੍ਹਾਂ ਦਾ ਗੁਰਮੰਤਰ ਹੈ, ਇਸ ਮਨੁੱਖੀ ਜੀਵਨ ਨੂੰ ਚੰਗੀ ਤਰ੍ਹਾਂ ਹੰਢਾਉਣ ਦਾ। ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀ ਕਿਸ ਦੌੜ ਵਲ ਜਾਣਾ ਹੈ, ਰੱਬ ਦਾ ਸਿਮਰਨ ਕਰਨ ਵੱਲ ਜਾਂ ਫਿਰ ਦੁਨਿਆਵੀ ਸੌਗਾਤਾਂ ਵੱਲ। ਅਸੀ ਉਸ ਨਾਮ ਨੂੰ ਅਪਣਾ ਮੂਲ ਬਣਾਉਣਾ ਹੈ ਜਾਂ ਫਿਰ ਇਨ੍ਹਾਂ ਕਰਮ ਕਾਂਡਾ ਵਿਚ ਹੀ ਫਸੇ ਰਹਿਣਾ ਹੈ। ਅਸੀ ਅਪਣੀ ਆਉਣ ਵਾਲੀ ਪਨੀਰੀ ਨੂੰ ਕੀ ਸਿਖਿਆ ਦੇਣੀ ਹੈ। ਗੁਰਬਾਣੀ ਦਾ ਫ਼ੁਰਮਾਨ  ਹੈ : ਦੂਖ ਦਰਦ ਨ ਭਉ ਬਿਆਪੈ। ਨਾਮ ਸਿਮਰਤ ਸਦ ਸੁਖੀ। (ਪੰਨਾ–੪੫੬)
ਜਹ ਮੁਸਕਲ ਹੋਵੈ ਅਤਿ ਭਾਰੀ।. ਹਰਿ ਕੋ ਨਾਮ ਖਿਨ ਮਾਹਿ ਉਧਾਰੀ। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ-੨੬੪)

ਸੰਪਰਕ : ਡਾਇਰੈਕਟਰ ਆਦੇਸ਼ ਐਡਵਾਂਸਡ ਇਮੈਜਿੰਗ ਐਂਡ ਡਾਇਗਨੋਸਟਿਕ ਸੈਂਟਰ ਆਦੇਸ਼ ਮੈਡੀਕਲ ਕਾਲਜ, ਬਠਿੰਡਾ।