ਹਕੂਮਤ ਨੇ ਜੂਨ '84 ਦੇ ਘਲੂਘਾਰੇ ਨੂੰ 'ਨੀਲਾ ਤਾਰਾ ਉਪਰੇਸ਼ਨ' ਨਾਂ ਕਿਉਂ ਦਿਤਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਦੇ ਰੂਪ ਵਿਚ ਸਥਾਪਤ ਅਕਾਲੀ ਫ਼ੌਜ ਦੀ ਪਛਾਣ ਝੂਲਦਾ ਨੀਲਾ ਨਿਸ਼ਾਨ ਤੇ ਨੀਲੀ ਦਸਤਾਰ ਬਣੀ ਆ ਰਹੀ ਹੈ। ਦਸਮੇਸ਼ ਪਿਤਾ

Ghallughara

ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਦੇ ਰੂਪ ਵਿਚ ਸਥਾਪਤ ਅਕਾਲੀ ਫ਼ੌਜ ਦੀ ਪਛਾਣ ਝੂਲਦਾ ਨੀਲਾ ਨਿਸ਼ਾਨ ਤੇ ਨੀਲੀ ਦਸਤਾਰ ਬਣੀ ਆ ਰਹੀ ਹੈ। ਦਸਮੇਸ਼ ਪਿਤਾ ਦੇ ਸਮਕਾਲੀ ਕਵੀ ਗੁਰਦਾਸ ਵਲੋਂ ਖ਼ਾਲਸੇ ਦੇ ਪ੍ਰਗਾਸ ਦਾ ਜ਼ਿਕਰ ਕਰਦਿਆਂ 'ਯੌਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ' ਲਿਖਣਾ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਨਿਹੰਗ ਸਿੰਘਾਂ ਦੇ ਨੀਲੇ ਬਾਣੇ ਤੇ ਨੀਲੇ ਨਿਸ਼ਾਨ ਉਪਰੋਕਤ ਸਚਾਈ ਦੇ ਜਿਊਂਦੇ ਜਾਗਦੇ ਪ੍ਰਤੱਖ ਪ੍ਰਮਾਣ ਹਨ ।
ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਡਾ. ਦਿਲਗੀਰ ਦੀ ਪੁਸਤਕ 'ਅਨੰਦਪੁਰ ਸਾਹਿਬ' ਵਿਚ ਇਹ ਵੀ ਜ਼ਿਕਰ ਹੈ ਕਿ ਪਹਾੜੀ ਰਾਜੇ ਅਜਮੇਰ ਚੰਦ ਵਲੋਂ ਸ੍ਰੀ ਅਨੰਦਪੁਰ ਸਾਹਿਬ ਤੇ ਕੀਤੇ ਇਕ ਹਮਲੇ ਦਾ ਟਾਕਰਾ ਕਰਦਿਆਂ ਖ਼ਾਲਸਾ ਫ਼ੌਜ ਦੇ ਨਿਸ਼ਾਨਚੀ ਭਾਈ ਮਾਨ ਸਿੰਘ ਜ਼ਖ਼ਮੀ ਹੋ ਕੇ ਡਿੱਗ ਪਏ। ਉਨ੍ਹਾਂ ਦੇ ਹੱਥ ਵਿਚ ਫੜਿਆ ਹੋਇਆ ਭਾਲੇ ਵਾਲਾ ਨਿਸ਼ਾਨ ਸਾਹਿਬ ਵੀ ਟੁੱਟ ਕੇ ਡਿਗ ਪਿਆ। ਜਦੋਂ ਗੁਰੂ ਸਾਹਿਬ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਉਸੇ ਵੇਲੇ ਅਪਣੀ ਇਕ ਛੋਟੀ ਦਸਤਾਰ (ਕੇਸਕੀ) ਤੋਂ ਇਕ ਫ਼ੱਰਰਾ ਲਾਹਿਆ ਅਤੇ ਅਪਣੇ ਸੀਸ ਦੇ ਦੁਮਾਲੇ ਤੇ ਲਗਾ ਲਿਆ। ਉਨ੍ਹਾਂ ਐਲਾਨ ਕੀਤਾ ਕਿ ਅੱਗੇ ਤੋਂ ਖ਼ਾਲਸਾ ਦਾ ਨੀਲਾ ਨਿਸ਼ਾਨ ਸਾਹਿਬ ਕਦੇ ਵੀ ਨਹੀਂ ਟੁੱਟੇਗਾ। ਇਸ ਪੱਖੋਂ ਸਪੱਸ਼ਟ ਹੈ ਕਿ ਨੀਲੀ ਦਸਤਾਰ, ਚਲਦਾ ਫਿਰਦਾ ਕੌਮੀ ਨਿਸ਼ਾਨ ਹੈ।
ਇਸ ਪੱਖੋਂ ਵੀ ਕੋਈ ਦੋ ਰਾਵਾਂ ਨਹੀਂ ਕਿ ਨੀਲੀ ਦਸਤਾਰ ਦੀ ਸ਼ਾਨਾਂਮਤੀ ਦਾਸਤਾਨ ਅਪਣੇ ਗੌਰਵਮਈ ਰੂਹਾਨੀ ਵਿਰਸੇ, ਧਾਰਮਕ ਦ੍ਰਿਸ਼ਟੀਕੋਣ ਤੋਂ ਮਾਨਵਤਾ ਦੇ ਮੁਢਲੇ ਅਧਿਕਾਰਾਂ ਦੀ ਰਾਖੀ, ਧਰਮ, ਦੇਸ਼ ਤੇ ਕੌਮੀ ਆਜ਼ਾਦੀ ਲਈ ਦਿਤੀਆਂ ਕੁਰਬਾਨੀਆਂ ਦੀ ਬਦੌਲਤ ਦੁਨੀਆਂ ਦੇ ਇਤਿਹਾਸਕ ਤਾਰਾ-ਮੰਡਲ (ਅਸਮਾਨ) ਵਿਚ ਨੀਲੀ ਭਾਹ ਮਾਰਦੇ ਧਰੂ ਤਾਰੇ ਵਾਂਗ ਚਮਕਦੀ ਆ ਰਹੀ ਹੈ। ਬਿਪਰਵਾਦੀ ਤੇ ਫ਼ਿਰਕਾਪ੍ਰਸਤ ਤਾਕਤਾਂ ਨੂੰ ਮੁੱਢ ਤੋਂ ਹੀ ਸਿੱਖ ਕੌਮ ਦੇ ਰੂਪ ਵਿਚ ਚਮਕਦਾ ਹੋਇਆ ਇਹ ਨੀਲਾ ਤਾਰਾ ਚੰਗਾ ਨਾ ਲੱਗਾ ਕਿਉਂਕਿ, ਇਸ ਦੇ ਇਲਾਹੀ ਨੂਰ ਦੀ ਰੌਸ਼ਨੀ ਸਾਹਮਣੇ ਇਹ ਸਾਰੇ ਅਪਣੀ ਅਪਣੀ ਵਿਚਾਰਧਾਰਕ ਮਲੀਨਤਾ ਕਾਰਨ ਫਿੱਕੇ ਪੈਂਦੇ ਆ ਰਹੇ ਹਨ। ਇਹੀ ਕਾਰਨ ਹੈ ਕਿ ਜਦੋਂ ਵੀ ਇਹ ਸ਼ਕਤੀਆਂ ਸੱਤਾਧਾਰੀ ਹੋਈਆਂ, ਉਦੋਂ ਹੀ ਉਨ੍ਹਾਂ ਨੇ ਇਸ ਨੀਲੇ-ਤਾਰੇ ਦਾ ਖੋਜ-ਖੁਰਾ ਮਿਟਾਉਣ ਲਈ ਘੱਲੂਘਾਰੇ ਵਰਤਾਏ। ਅਜੇ ਕੁੱਝ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਖੜ ਨੇ ਆਖਿਆ ਹੈ ਕਿ ਬਾਦਲ ਸਰਕਾਰ ਦੇ ਪਿਛਲੇ ਦਸ ਸਾਲਾਂ ਵਿਚ ਪੰਜਾਬ ਦੀ ਅਫ਼ਸਰਸ਼ਾਹੀ ਨੀਲੇ ਰੰਗ ਵਿਚ ਰੰਗੀ ਗਈ ਹੈ, ਇਹ ਨੀਲਾ ਰੰਗ ਉਤਾਰਨਾ ਹੀ ਪਵੇਗਾ।
ਹਰੇ ਰੰਗ ਨਾਲ ਪਛਾਣੀ ਜਾਣ ਵਾਲੀ ਸਰਹਿੰਦੀ ਸੋਚ ਨੇ ਤਾਂ ਹਮਲੇ ਵੇਲੇ ਸਿੱਖਾਂ ਦੀ ਪਛਾਣ ਲਈ ਗੁਪਤ ਕੋਡ 'ਨੀਲਾ ਤਾਰਾ' ਵਰਤਣ ਤੋਂ ਸੰਕੋਚ ਕੀਤਾ ਕਿਉਂਕਿ, ਅਰਬੀ ਵਿਚ ਹਰੇ ਰੰਗ ਨੂੰ ਨੀਲਾ ਆਖਿਆ ਜਾਂਦਾ ਹੈ। ਆਸਾ ਦੀ ਵਾਰ ਵਿਚਲੀ ਗੁਰਬਾਣੀ ਦੀ ਪਾਵਨ ਤੁਕ ''ਨੀਲ ਬਸਤ੍ਰ ਲੈ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ।'' ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਪਰ, ਭਗਵੀਂ ਪਛਾਣ ਵਾਲੀ ਸੋਚ ਦੇ ਹਮਲਾਵਰ ਸਿਪਾਹੀਆਂ ਨੂੰ 'ਨੀਲਾ ਤਾਰਾ' ਨਾਂ ਨਾਲ ਉਪਰੋਕਤ ਕਿਸਮ ਦਾ ਭੁਲੇਖਾ ਲੱਗਣ ਦੀ ਕੋਈ ਸੰਭਾਵਨਾ ਨਹੀਂ ਸੀ ਸਗੋਂ ਉਨ੍ਹਾਂ ਲਈ ਤਾਂ 'ਨੀਲਾ ਤਾਰਾ' ਸਿੱਖ ਪਛਾਣ ਲਈ ਸਪੱਸ਼ਟ ਸੰਕੇਤ ਸੀ। ਅਸਲ ਵਿਚ ਇਹੀ ਕਾਰਨ ਹੈ ਕਿ ਹਿੰਦੋਸਤਾਨ ਦੇ ਹਾਕਮਾਂ ਵਲੋਂ ਜੂਨ 1984 ਵਿਚ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਤਾਂ ਉਸ ਨੂੰ 'ਨੀਲਾ ਤਾਰਾ' (ਉਪਰੇਸ਼ਨ ਬਲਿਊ ਸਟਾਰ) ਦਾ ਨਾਂ ਦਿਤਾ। ਭਾਵੇਂ ਕਿ ਉਹ ਅਪਣੀ ਕੁਟਿਲ ਨੀਤੀ ਤਹਿਤ ਉਦੋਂ ਤਕ ਗੁਰਦਵਾਰਿਆਂ ਤੇ ਝੂਲਦੇ ਨੀਲੇ ਨਿਸ਼ਾਨ ਦਾ ਕੇਸਰੀ ਰੰਗ ਦੇ ਰੂਪ ਵਿਚ ਭਗਵਾਂਕਰਨ ਕਰ ਵੀ ਚੁੱਕੇ ਸਨ। ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਸਿੱਖੀ ਵਿਚ ਪੀਲੇ, ਕੇਸਰੀ ਤੇ ਭਗਵੇਂ ਰੰਗ ਦੀ ਘੁਸਪੈਠ ਉਦਾਸੀਆਂ ਰਾਹੀਂ ਹੋਈ ਹੈ ਅਤੇ ਨਿਸ਼ਾਨ ਸਾਹਿਬ ਦਾ ਭਗਵਾਂਕਰਨ ਡੋਗਰੇ ਗ਼ੱਦਾਰ ਤੇਜਾ ਸਿੰਘ ਬ੍ਰਾਹਮਣ ਨੇ ਅੰਗਰੇਜ਼ਾਂ ਦੀ ਮਿਲੀਭੁਗਤ ਨਾਲ ਕੀਤਾ।
ਇਸ ਲਈ ਬਿਪਰਵਾਦੀ ਸ਼ਕਤੀਆਂ ਨੇ ਹੁਣ ਜਦੋਂ ਦਿੱਲੀ ਦੇ ਤਖ਼ਤ ਤੇ ਵੀ ਭਗਵਾਂ ਨਿਸ਼ਾਨ ਝੁਲਾ ਦਿਤਾ ਹੈ ਤੇ ਉਹ ਸਮੁੱਚੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਉਤਾਵਲੇ ਦਿਸ ਰਹੇ ਹਨ ਤਾਂ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਤੇ ਨੀਲਾ ਨਿਸ਼ਾਨ ਸਾਹਿਬ ਝੁਲਾਉਣ ਅਤੇ ਦਿੱਲੀ ਦੇ ਤਖ਼ਤ ਨੂੰ ਪੈਰਾਂ ਵਿਚ ਰੋਲਣ ਵਾਲੀ ਸਿੱਖ ਕੌਮ ਨੂੰ ਗੰਭੀਰਤਾ ਨਾਲ ਸਿਰ ਜੋੜ ਕੇ ਵਿਚਾਰਨ ਦੀ ਲੋੜ ਹੈ ਕਿ ਸਾਡੀ ਪਛਾਣ ਨੀਲੀ ਦਸਤਾਰ ਦੀ ਰੂਹਾਨੀ ਸ਼ਾਨ ਤੇ ਨੀਲੇ ਨਿਸ਼ਾਨ ਦੀ ਵਿਸ਼ਾਲਤਾ ਤੇ ਉੱਚਾਪਨ ਕਿਵੇਂ ਬਚੇ ਤਾਂ ਜੋ ਅਸੀ ਦੁਨੀਆਂ ਦੇ ਮੰਚ ਤੇ ਅਸੀ ਸਹੀ ਅਰਥਾਂ ਵਿਚ 'ਨੀਲੇ ਤਾਰਾ' ਵਾਂਗ ਚਮਕਦੇ ਰਹਿ ਸਕੀਏ। ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਸਿੱਖ ਰਹਿਤ ਮਰਯਾਦਾ ਵਿਚ ਖ਼ਾਲਸਾਈ ਨਿਸ਼ਾਨ ਦਾ ਰੰਗ ਸੁਰਮਈ (ਗਾੜ੍ਹਾ ਨੀਲਾ) ਲਿਖਿਆ ਹੈ ਨਾਕਿ ਕੇਸਰੀ, ਜਿਸ ਨੂੰ ਸਹਿਜੇ ਸਹਿਜੇ ਭਗਵਾਂ ਬਣਾ ਦਿਤਾ ਗਿਆ ਹੈ। ਸੰਪਰਕ : 516 323 9188
ਈ-ਮੇਲ : jachakji0gmail.com