ਜਥੇਦਾਰ ਦੇ ਬਿਆਨ ਤੋਂ ਬਾਅਦ ਬਾਦਲ ਚੁੱਪ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਪਣੇ ਖ਼ਾਲਿਸਤਾਨ ਦੀ ਹਾਮੀ ਭਰਨ ਵਾਲੇ ਬਿਆਨ ਨੂੰ ਲੈ ਕੇ ਚਰਚਾ

Sukhbir Badal With Parkash Badal

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਪਣੇ ਖ਼ਾਲਿਸਤਾਨ ਦੀ ਹਾਮੀ ਭਰਨ ਵਾਲੇ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ। ਭਾਵੇਂ ਉਨ੍ਹਾਂ ਵਲੋਂ ਦੁਬਾਰਾ ਵੀ ਇਹ ਦਲੀਲ ਦੇ ਕੇ ਅਪਣੇ ਸਟੈਂਡ ਨੂੰ ਦਰੁਸਤ ਕਰਾਰ ਦਿਤਾ ਗਿਆ ਕਿ ਜੇਕਰ ਦੇਸ਼ ਦਾ ਹਿੰਦੂ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਸਕਦਾ ਹੈ ਤਾਂ ਖ਼ਾਲਿਸਤਾਨ ਦੀ ਮੰਗ ਕਰਨਾ ਵੀ ਕੋਈ ਗੁਨਾਹ ਨਹੀਂ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜੂਨ +84 ਦੇ ਘੱਲੂਘਾਰੇ ਦੀ 36ਵੇਂ ਸਲਾਨਾ ਸ਼ਹੀਦੀ ਦਿਹਾੜੇ ਮੌਕੇ ਪੱਤਰਕਾਰਾਂ ਵਲੋਂ ਖ਼ਾਲਿਸਤਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਖ਼ਾਲਿਸਤਾਨ ਦੀ ਭਰੀ ਗਈ ਹਾਮੀ ਨੂੰ ਜਿਥੇ ਸਿਆਸੀ ਰੰਗਤ ਦਿਤੀ ਜਾ ਰਹੀ ਹੈ, ਉਥੇ ਸਿੱਖ ਕੌਮ ਦੇ ਇਸ ਸਰਵੋਤਮ ਰੁਤਬੇ ਨੂੰ ਇਕ ਵਾਰ ਫਿਰ ਢਾਹ ਲਗਾਏ ਜਾਣ ਦੀ ਸਾਜ਼ਸ਼ ਨੂੰ ਅੰਜਾਮ ਦਿਤਾ ਜਾ ਰਿਹਾ ਹੈ।

ਕਾਂਗਰਸ ਪਾਰਟੀ ਦੇ ਆਗੂ ਅਕਾਲੀ ਦਲ ਤੋਂ ਜਵਾਬ ਮੰਗ ਰਹੇ ਹਨ ਤੇ ਕੇਂਦਰੀ ਸਰਕਾਰ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸੰਸਦ ਵਿਚੋਂ ਕਢੇ ਜਾਣ ਦੀ ਮੰਗ ਕਰ ਰਹੇ ਹਨ। ਉਧਰ ਆਪ ਦੀ ਪੰਜਾਬ ਦੀ ਲੀਡਰਸ਼ਿਪ ਇਸ ਮੌਕੇ ਅਪਣੇ ਆਪ ਨੂੰ ਸੈਕੂਲਰ ਸਿੱਧ ਕਰਨ ਦਾ ਮੌਕਾ ਹੱਥੋਂ ਨਹੀਂ ਖੁੰਝਣ ਦੇਣਾ ਚਾਹੁੰਦੀ। ਉਨ੍ਹਾਂ ਨੇ ਵੀ ਜਥੇਦਾਰ ਦੇ ਬਿਆਨ ਤੇ ਅਪਣੇ ਸਿਆਸੀ ਤੀਰ ਛਡਣੇ ਸ਼ੁਰੂ ਕੀਤੇ ਹੋਏ ਹਨ। ਆਪ ਵਿਧਾਇਕਾ ਬੀਬੀ ਬਲਜਿੰਦਰ ਕੌਰ ਜਿਸ ਦਾ ਅਪਣਾ ਪਿਛੋਕੜ ਸਿੱਖ ਖਾੜਕੂ ਲਹਿਰ ਨਾਲ ਜੁੜਿਆ ਹੋਇਆ ਦਸਿਆ ਜਾ ਰਿਹਾ ਹੈ,

ਉਨ੍ਹਾਂ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਇਸ ਵਿਚ ਮੇਰਾ ਕੀ ਕਸੂਰ ਹੈ ਕਿ ਜੇਕਰ ਮੈਂ ਸ਼ਹੀਦ ਪ੍ਰਵਾਰ ਵਿਚ ਜਨਮੀ ਹਾਂ ਪਰ ਮੈਂ ਖ਼ਾਲਿਸਤਾਨ ਦੀ ਮੰਗ ਦਾ ਵਿਰੋਧ ਕਰਦੀ ਹਾਂ। ਇਹ ਬਿਆਨ ਆਉਣ ਤੋਂ ਬਾਅਦ ਸੋਸ਼ਲ ਮੀਡੀਏ ਤੇ ਵਿਧਾਇਕਾ ਬੀਬੀ ਨੂੰ ਸਿੱਖਾਂ ਦੇ ਵੱਡੇ ਹਿੱਸੇ ਵਲੋਂ ਕੀਤੇ ਜਾ ਰਹੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਨੇ ਖੁਲ੍ਹੇ ਰੂਪ ਵਿਚ ਜਥੇਦਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ ਇਸ ਬਿਆਨ ਦੀ ਕਰੜੀ ਨਿੰਦਿਆ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਉਧਰ ਇਸ ਸਾਰੇ ਘਟਨਾਕ੍ਰਮ ਤੇ ਅਕਾਲੀ ਦਲ (ਬਾਦਲ) ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਿਥੇ ਜਥੇਦਾਰ ਸਾਹਬ ਦੇ ਬਿਆਨ ਨੂੰ ਕੌਮ ਦੀ ਭਾਵਨਾ ਕਰਾਰ ਦਿਤਾ ਹੈ, ਉਥੇ ਖ਼ਾਲਿਸਤਾਨ ਦੇ ਮੁੱਦੇ ਤੇ ਉਨ੍ਹਾਂ ਕੋਈ ਢੁਕਵਾਂ ਜਵਾਬ ਨਹੀਂ ਦਿਤਾ। ਹੁਣ ਉਪਰੋਕਤ ਸਾਰੇ ਵਰਤਾਰੇ ਤੋਂ ਜਾਪਦਾ ਹੈ ਕਿ ਜਥੇਦਾਰ ਸਾਹਬ ਵਲੋਂ ਖ਼ਾਲਿਸਤਾਨ ਦੀ ਭਰੀ ਗਈ ਹਾਮੀ ਦਾ ਦੁੱਖ ਦਿੱਲੀ ਦੇ ਗਲਿਆਰਿਆਂ ਤਕ ਵੀ ਪਹੁੰਚ ਗਿਆ ਹੈ।

ਵੱਖ-ਵੱਖ ਪਾਰਟੀਆਂ ਵਲੋਂ ਜਿਸ ਤਰ੍ਹਾਂ ਇਸ ਮਸਲੇ ਨੂੰ ਉਛਾਲਿਆ ਜਾ ਰਿਹਾ ਹੈ, ਜਿਸ ਤਰ੍ਹਾਂ ਸਿੱਖ ਕੌਮ ਇਕ ਵਾਰ ਫਿਰ ਪਾਟੋ ਧਾੜ ਹੁੰਦੀ ਵਿਖਾਈ ਦੇ ਰਹੀ ਹੈ ਤੇ ਜਿਸ ਤਰ੍ਹਾਂ ਜਥੇਦਾਰ ਦੀ ਗੱਲ ਨੂੰ ਤੂਲ ਦਿਤਾ ਜਾ ਰਿਹਾ ਹੈ, ਉਸ ਸਮੁੱਚੇ ਵਰਤਾਰੇ ਲਈ ਸੱਭ ਤੋਂ ਵੱਡਾ ਦੋਸ਼ੀ ਅਕਾਲੀ ਦਲ (ਬਾਦਲ) ਨੂੰ ਹੀ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੀ ਬਦੌਲਤ ਅੱਜ ਸ੍ਰੀ ਅਕਾਲ ਤਖ਼ਤ ਸਾਹਬ ਦੇ ਇਸ ਵਕਾਰੀ ਤੇ ਸਨਮਾਨਯੋਗ ਰੁਤਬੇ ਵਲ ਉਂਗਲਾਂ ਉਠਣ ਲਗੀਆਂ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਆਜ਼ਾਦ ਪ੍ਰਭੂਸੱਤਾ ਦਾ ਪ੍ਰਤੀਕ ਹੈ। ਉਸ ਦਾ ਸੇਵਾਦਾਰ ਭਾਵ ਜਥੇਦਾਰ ਸਿੱਖ ਕੌਮ ਲਈ ਦੁਨਿਆਵੀ ਰੁਤਬਿਆਂ ਤੋਂ ਸੁਪਰੀਮ ਹੈ। ਪਰ ਅਕਾਲੀ ਦਲ ਵਲੋਂ ਅੱਜ ਹਾਲਾਤ ਇਹ ਬਣਾ ਦਿਤੇ ਗਏ ਹਨ ਕਿ ਗ਼ੈਰ ਸਿੱਖ ਵੀ ਜਥੇਦਾਰ ਉਤੇ ਤਨਜ਼ਾਂ ਕਸਦੇ ਵਿਖਾਈ ਦਿੰਦੇ ਹਨ ਜਿਸ ਦਾ ਅਕਾਲੀ ਦਲ (ਬਾਦਲ) ਕੋਈ ਜਵਾਬ ਨਹੀਂ ਦੇ ਰਿਹਾ।

ਭਾਜਪਾ ਆਗੂ ਹਰਜੀਤ ਗਰੇਵਾਲ ਤਾਂ ਜਥੇਦਾਰ ਵਿਰੁਧ ਬੋਲਣ ਸਮੇਂ ਇਥੋਂ ਤਕ ਵੀ ਕਹਿ ਗਿਆ ਹੈ ਕਿ ਜਿਹੜਾ ਖ਼ਾਲਿਸਤਾਨ ਦੀਆਂ ਗੱਲਾਂ ਕਰਦਾ ਹੈ ਤੇ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰਦਾ ਹੈ, ਉਹ ਕਾਹਦਾ ਜਥੇਦਾਰ ਹੈ? ਇਸ ਨੂੰ ਜਥੇਦਾਰੀ ਤੋਂ ਹਟਾਉਣ ਚਾਹੀਦਾ ਹੈ ਤੇ ਗਰੇਵਾਲ ਭਾਜਪਾ ਦੀ ਮਾਨਸਿਕਤਾ ਦੀ ਤਰਜਮਾਨੀ ਕਰਦਾ ਹੋਇਆ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਤਕ ਲਈ ਕਹਿ ਜਾਂਦਾ ਹੈ।

ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਕਿ ਭਾਜਪਾ ਆਗੂ ਨੇ ਅਕਾਲੀ ਦਲ ਵਿਰੁਧ ਇਕ ਵੀ ਸ਼ਬਦ ਨਹੀਂ ਬੋਲਿਆ, ਬਲਕਿ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਸ ਸਬੰਧੀ ਸਵਾਲ ਪੁਛਿਆ ਤਾਂ ਉਥੇ ਉਨ੍ਹਾਂ ਇਸ ਨੂੰ ਅਕਾਲੀ ਦਲ ਦਾ ਨਿਜੀ ਮਾਮਲਾ ਆਖ ਕੇ ਪੱਲਾ ਝਾੜ ਦਿਤਾ। ਇਕ ਪਾਸੇ ਭਾਜਪਾ ਆਗੂ ਜਥੇਦਾਰ ਨੂੰ ਹਟਾਉਣ ਦੀ ਮੰਗ ਕਰਦੇ ਹਨ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਕੁੱਝ ਵੀ ਕਹਿਣ ਤੋਂ ਗੁਰੇਜ਼ ਕਰਦੇ ਹੋਏ ਸਾਰਾ ਗੁੱਸਾ ਜਥੇਦਾਰ ਸਾਹਬ ਉਤੇ ਕਢਦੇ ਵਿਖਾਈ ਦਿੰਦੇ ਹਨ।

ਇਥੇ ਭਾਜਪਾ ਜਾਂ ਉਨ੍ਹਾਂ ਲੋਕਾਂ ਨੂੰ, ਜਿਹੜੇ ਸਿੱਖ ਭਾਵਨਾ ਦੀ ਤਰਜਮਾਨੀ ਕਰਨ ਵਾਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਹੇ ਸ਼ਬਦਾਂ ਤੋਂ ਬੇਹਦ ਦੁਖੀ ਹੁੰਦੇ ਹੋਏ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਸਿੱਧੀ ਦਖ਼ਲਅੰਦਾਜ਼ੀ ਕਰਦੇ ਵੇਖੇ ਗਏ ਹਨ। ਉਨ੍ਹਾਂ ਨੂੰ ਇਹ ਦਸਿਆ ਜਾਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਦਿੱਲੀ ਦਰਬਾਰ ਦਾ ਨਹੀਂ ਹੁੰਦਾ, ਬਲਕਿ ਇਹ ਸਿੱਖ ਕੌਮ ਦੇ ਸਰਬ ਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੇਵਾਦਾਰ ਹੁੰਦਾ ਹੈ ਜਿਹੜਾ ਦਿੱਲੀ ਦਰਬਾਰ ਨੂੰ ਜਵਾਬਦੇਹ ਨਾ ਹੋ ਕੇ ਸਿੱਧਾ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਪਹਿਰਾ ਦਿੰਦਾ ਹੋਇਆ ਅਪਣੀ ਕੌਮ ਨੂੰ ਜਵਾਬਦੇਹ ਹੈ।

ਪਰ ਭਾਜਪਾ ਵਲੋਂ ਅਜਿਹਾ ਕਿਹਾ ਜਾਣਾ ਸੁਭਾਵਕ ਹੈ ਕਿਉਂਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਅਕਾਲੀ ਦਲ (ਬਾਦਲ) ਨੇ ਅਪਣੇ ਨਿਜੀ ਮੁਫ਼ਾਦਾਂ ਖ਼ਾਤਰ ਸਿੱਖੀ ਸਿਧਾਂਤਾਂ ਨੂੰ ਟੇਢੇ ਢੰਗ ਨਾਲ ਕੇਂਦਰੀ ਤਾਕਤਾਂ ਕੋਲ ਗਿਰਵੀ ਰਖਿਆ ਹੋਇਆ ਹੈ। ਇਥੇ ਇਹ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਭਾਵੇਂ ਇਹ ਬਿਆਨ ਜਥੇਦਾਰ ਸਾਹਬ ਨੇ ਪੱਤਰਕਾਰਾਂ ਵਲੋਂ ਪੁੱਛੇ ਜਾਣ ਤੇ ਸੁਭਾਵਕ ਹੀ ਦਿਤਾ ਹੈ ਤੇ ਜਾਂ ਕਿਸੇ ਦੇ ਇਸ਼ਾਰੇ ਉਤੇ ਦਿਤਾ ਹੈ।

ਪਰ ਇਸ ਦਾ ਮੁੱਲ ਸਿੰਘ ਸਾਹਿਬ ਨੂੰ ਦੇਰ ਸਵੇਰ ਅਪਣਾ ਰੁਤਬਾ ਗੁਆ ਕੇ ਚੁਕਾਉਣਾ ਪੈ ਸਕਦਾ ਹੈ ਕਿਉਂਕਿ ਦਿੱਲੀ ਦੀਆਂ ਮੁਤੱਸਬੀ ਤਾਕਤਾਂ ਕਦੇ ਵੀ ਨਹੀਂ ਚਾਹੁਣਗੀਆਂ ਕਿ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਅਜਿਹਾ ਬਿਆਨ ਜਾਰੀ ਹੋਵੇ, ਜਿਹੜਾ ਸਿੱਖ ਮਨਾਂ ਦੀ ਤਰਜਮਾਨੀ ਕਰਦਾ ਹੋਵੇ ਕਿਉਂਕਿ ਉਹ ਜਾਣਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਹੀ ਹੋਈ ਇਹ ਥੋੜੇ ਸ਼ਬਦਾਂ ਦੀ ਗੱਲ ਸਿੱਖ ਕੌਮ ਲਈ ਬਹੁਤ ਵੱਡਾ ਸੰਦੇਸ਼ ਹੋ ਸਕਦੀ ਹੈ।

ਇਸ ਲਈ ਉਹ ਨਹੀਂ ਚਾਹੁਣਗੀਆਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਸਿੱਖਾਂ ਦੀ ਆਜ਼ਾਦ ਹਸਤੀ ਦੀ ਗੱਲ ਕਰਨ ਵਾਲਾ ਵਿਅਕਤੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਜੋਂ ਸੇਵਾ ਨਿਭਾਵੇ। ਅਜਿਹਾ ਵਰਤਾਰਾ ਉਸ ਮੌਕੇ ਹੋਰ ਨਾ ਬਰਦਾਸ਼ਤ ਕਰਨਯੋਗ ਬਣ ਜਾਂਦਾ ਹੈ, ਜਦੋਂ ਕੇਂਦਰੀ ਹਕੂਮਤ ਅਪਣੇ ਹਿੰਦੂ ਰਾਸ਼ਟਰ ਦੇ ਫ਼ਿਰਕੂ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਹਲ ਵਿਚ ਹੋਵੇ ਤੇ ਅਕਾਲੀ ਦਲ ਉਸ ਦੀ ਭਾਈਵਾਲ ਪਾਰਟੀ ਹੋਵੇ। ਉਪਰੋਕਤ ਦੇ ਸੰਦਰਭ ਵਿਚ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਉਨ੍ਹਾਂ ਨੇ ਅਪਣੇ ਹੀ ਨਿਯੁਕਤ ਕੀਤੇ ਜਥੇਦਾਰ ਨੂੰ ਲਾਵਾਰਸ਼ ਕਿਉਂ ਛੱਡ ਦਿਤਾ ਹੈ?

ਕੀ ਅਕਾਲੀ ਦਲ ਜਥੇਦਾਰ ਸਾਹਿਬ ਦੇ ਖ਼ਾਲਿਸਤਾਨ ਪ੍ਰਤੀ ਦਿਤੇ ਵਿਚਾਰਾਂ ਨਾਲ ਸਹਿਮਤ ਹੈ? ਜੇਕਰ ਸਹਿਮਤ ਹੈ ਤਾਂ ਉਹ ਅਪਣੀ ਭਾਈਵਾਲ ਭਾਜਪਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਜ਼ਾਦ ਪ੍ਰਭੂਸੱਤਾ ਦੇ ਸੰਕਲਪ ਤੋਂ ਜਾਣੂ ਕਰਵਾਉਣ ਤੋਂ ਗੁਰੇਜ਼ ਕਿਉਂ ਕਰਦਾ ਹੈ? ਜੇਕਰ ਸਹਿਮਤ ਨਹੀਂ ਤਾਂ ਸਿੱਖ ਕੌਮ ਨੂੰ ਇਹ ਸਪੱਸ਼ਟ ਕਿਉਂ ਨਹੀਂ ਕਰਦਾ ਕਿ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਨਹੀਂ, ਬਲਕਿ ਦਿੱਲੀ ਦਰਬਾਰ ਨੂੰ ਸਰਬਉੱਚ ਮੰਨਦਾ ਹੈ?

ਇਸ ਸੰਵੇਦਨਸ਼ੀਲ ਮੁੱਦੇ ਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਧਾਰੀ ਸਾਜ਼ਸ਼ੀ ਚੁੱਪੀ ਕਈ ਨਵੇਂ ਸੰਕਿਆਂ ਨੂੰ ਜਨਮ ਦਿੰਦੀ ਹੈ, ਜਿਨ੍ਹਾਂ ਨੂੰ ਦੂਰ ਕਰਨਾ ਸਮੇਂ ਦੀ ਲੋੜ ਹੈ। ਸੋ ਅਖ਼ੀਰ ਵਿਚ ਸਿੱਖ ਕੌਮ ਨੂੰ ਇਹ ਅਪੀਲ ਵੀ ਕੀਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਲੱਖ ਵਿਰੋਧ ਹੋ ਸਕਦੇ ਹਨ।

ਉਨ੍ਹਾਂ ਨੂੰ ਕਿਹੜੀ ਧਿਰ ਮਨਤਾ ਦਿੰਦੀ ਹੈ ਤੇ ਕਿਹੜੀ ਨਹੀਂ ਦਿੰਦੀ, ਇਹ ਕੌਮ ਦਾ ਨਿਜੀ ਮਾਮਲਾ ਹੈ, ਇਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੈਅ ਵਿਚ ਰਹਿ ਕੇ ਸੁਲਝਾਇਆ ਜਾ ਸਕਦਾ ਹੈ। ਪਰ ਅਜਿਹੇ ਮਾਮਲਿਆਂ ਵਿਚ ਸਿੱਖ ਵਿਰੋਧੀ ਤਾਕਤਾਂ ਦਾ ਦਾਖਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।
ਸੰਪਰਕ : 99142-58142