ਸ਼ਾਸਤਰੀ ਸੰਗੀਤ ਦੇ ਮਹਾਂਰਥੀ ਸਨ ਪੰਡਤ ਜਸਰਾਜ, ਪੰਡਤ ਜੀ ਦੇ ਨਾਂ 'ਤੇ ਰੱਖਿਆ ਗਿਆ ਸੀ ਗ੍ਰਹਿ ਦਾ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੰਟਾਰਕਟਿਕਾ 'ਤੇ ਦਿੱਤੀ ਸੀ ਪੇਸ਼ਕਾਰੀ

Pandit Jasraj

ਸ਼ਾਸਤਰੀ ਸੰਗੀਤ ਦੇ ਸਮਰਾਟ ਮੰਨੇ ਜਾਣ ਵਾਲੇ ਪੰਡਤ ਜਸਰਾਜ ਦਾ ਬੀਤੇ ਦਿਨ ਅਮਰੀਕਾ ਦੇ ਨਿਊ ਜਰਸੀ ਵਿਚ ਦੇਹਾਂਤ ਹੋ ਗਿਆ ਸੀ। 90 ਸਾਲਾਂ ਦੇ ਪੰਡਤ ਜਸਰਾਜ ਦਾ ਸਬੰਧ ਮੇਵਾਤੀ ਘਰਾਣੇ ਨਾਲ ਸੀ। ਉਨ੍ਹਾਂ ਦੇ ਜਾਣ ਨਾਲ ਸ਼ਾਸਤਰੀ ਸੰਗੀਤ ਦੀ ਦੁਨੀਆ ਸਮੇਤ ਬਾਲੀਵੁੱਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੰਡਤ ਜਸਰਾਜ ਅਪਣੀ ਅਨੂਠੀ ਗਾਇਕੀ ਜ਼ਰੀਏ ਦੁਨੀਆ ਭਰ ਵਿਚ ਪ੍ਰਸਿੱਧ ਸਨ।

28 ਜਨਵਰੀ 1930 ਨੂੰ ਹਰਿਆਣਾ ਦੇ ਹਿਸਾਰ ਵਿਚ ਜਨਮੇ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਗਾਇਕ ਪੰਡਤ ਜਸਰਾਜ ਦਾ ਪੂਰਾ ਨਾਮ ਸੰਗੀਤ ਮਾਰਤੰਡ ਪੰਡਤ ਜਸਰਾਜ ਸੀ। ਉਨ੍ਹਾਂ ਦਾ ਜਨਮ ਇਕ ਅਜਿਹੇ ਪਰਿਵਾਰ ਵਿਚ ਹੋਇਆ, ਜਿਸ ਨੂੰ 4 ਪੀੜ੍ਹੀਆਂ ਤਕ ਭਾਰਤੀ ਸ਼ਾਸਤਰੀ ਸੰਗੀਤ ਨੂੰ ਇਕ ਤੋਂ ਵਧ ਕੇ ਇਕ ਮਾਣ ਦੇਣ ਦਾ ਗੌਰਵ ਹਾਸਲ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਪੰਡਤ ਮੋਤੀ ਰਾਮ ਸੀ, ਉਹ ਖ਼ੁਦ ਵੀ ਮੇਵਾਤੀ ਘਰਾਣੇ ਦੇ ਇਕ ਪ੍ਰਸਿੱਧ ਸੰਗੀਤਕਾਰ ਸਨ।

ਪੰਡਤ ਜਸਰਾਜ ਦੀ ਗਾਇਕੀ ਦੀ ਅਪਣੀ ਇਕ ਖ਼ਾਸ ਸ਼ੈਲੀ ਸੀ। ਉਮਰ ਢਲ਼ ਜਾਣ ਦੇ ਬਾਵਜੂਦ ਲੋਕ ਉਨ੍ਹਾਂ ਦੀ ਪੇਸ਼ਕਾਰੀ ਦੇਖਣ ਦੇ ਕਾਇਲ ਸਨ। ਇਹੀ ਵਜ੍ਹਾ ਸੀ ਕਿ 82 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਅੰਟਾਰਕਟਿਕਾ ਦੇ ਦੱਖਣੀ ਧਰੁਵ 'ਤੇ ਪੇਸ਼ਕਾਰੀ ਦੇ ਕੇ ਇਕ ਨਵੀਂ ਉਪਲਬਧੀ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਪੰਡਤ ਜਸਰਾਜ ਭਾਰਤ ਦੇ ਇਕਲੌਤੇ ਅਜਿਹੇ ਗਾਇਕ ਸਨ, ਜਿਨ੍ਹਾਂ ਨੇ ਸੱਤੇ ਮਹਾਂਦੀਪਾਂ ਵਿਚ ਪੇਸ਼ਕਾਰੀ ਦਿੱਤੀ ਸੀ।

ਪਦਮ ਵਿਭੂਸ਼ਣ ਨਾਲ ਸਨਮਾਨਿਤ ਮੇਵਾਤੀ ਘਰਾਣੇ ਦੇ ਪੰਡਤ ਜਸਰਾਜ ਨੇ 8 ਜਨਵਰੀ 2012 ਵਿਚ ਅੰਟਾਰਕਟਿਕਾ ਤੱਟ 'ਤੇ 'ਸੀ ਸਪ੍ਰਿਟ' ਨਾਮੀ ਕਰੂਜ਼ 'ਤੇ ਪੇਸ਼ਕਾਰੀ ਦਿੱਤੀ ਸੀ। ਉਸੇ ਸਾਲ 2010 ਵਿਚ ਉਨ੍ਹਾਂ ਨੇ ਅਪਣੀ ਪਤਨੀ ਮਧੁਰਾ ਦੇ ਨਾਲ ਉਤਰੀ ਧਰੁਵ ਵਿਚ ਗਾਇਨ ਪੇਸ਼ ਕੀਤਾ ਸੀ। ਪੰਡਤ ਜਸਰਾਜ ਜੀ ਬਾਰੇ ਇਕ ਖ਼ਾਸ ਗੱਲ ਜੋ ਤੁਹਾਨੂੰ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦੇਵੇਗੀ, ਉਹ ਇਹ ਹੈ ਕਿ ਦੁਨੀਆ ਭਰ ਵਿਚ ਅਪਣੀ ਪੇਸ਼ਕਾਰੀ ਦੇਣ ਵਾਲੇ ਪੰਡਤ ਜਸਰਾਜ ਨੂੰ ਨਾਸਾ ਨੇ ਵੀ ਖ਼ਾਸ ਤੌਰ 'ਤੇ ਸਨਮਾਨ ਦਿੱਤਾ ਸੀ।

ਸਾਲ 2019 ਵਿਚ ਨਾਸਾ ਨੇ ਪੰਡਤ ਜਸਰਾਜ ਦੇ ਨਾਂਅ 'ਤੇ 13 ਸਾਲ ਪੁਰਾਣੇ ਖੋਜੇ ਗਏ ਇਕ ਗ੍ਰਹਿ ਦਾ ਨਾਮ ਰੱਖਿਆ। ਇਸ ਗ੍ਰਹਿ ਦੀ ਖੋਜ ਨਾਸਾ ਅਤੇ ਇੰਟਰਨੈਸ਼ਨਲ ਐਸਟ੍ਰੋਨਾਮਿਕਲ ਯੂਨੀਅਨ ਦੇ ਵਿਗਿਆਨੀਆਂ ਨੇ ਮਿਲ ਕੀਤੀ ਸੀ। ਗ੍ਰਹਿ ਦਾ ਨਾਮ ਪੰਡਤ ਜਸਰਾਜ ਦੀ ਜਨਮ ਮਿਤੀ ਦੇ ਉਲਟ ਰੱਖਿਆ ਗਿਆ ਸੀ। ਉਨ੍ਹਾਂ ਦੀ ਜਨਮ ਮਿਤੀ 28-01-1930 ਹੈ ਅਤੇ ਗ੍ਰਹਿ ਦਾ ਨੰਬਰ 30-01-28 ਹੈ। ਇਸ ਗ੍ਰਹਿ ਦਾ ਨਾਮਕਰਨ ਕਰਦੇ ਸਮੇਂ ਨਾਸਾ ਨੇ ਕਿਹਾ ਸੀ ਕਿ ਪੰਡਤ ਜਸਰਾਜ ਗ੍ਰਹਿ ਸਾਡੇ ਸੌਰ ਮੰਡਲ ਵਿਚ ਗੁਰੂ ਅਤੇ ਮੰਗਲ ਦੇ ਵਿਚਕਾਰ ਰਹਿੰਦੇ ਹੋਏ ਸੂਰਜ ਦੀ ਪ੍ਰਕਰਮਾ ਕਰ ਰਿਹਾ ਹੈ।

ਅੱਜ ਭਾਵੇਂ ਪੰਡਤ ਜਸਰਾਜ ਸਾਡੇ ਵਿਚਕਾਰ ਨਹੀਂ ਰਹੇ ਪਰ ਸ਼ਾਸਤਰੀ ਸੰਗੀਤ ਦੀ ਦੁਨੀਆ ਵਿਚ ਉਨ੍ਹਾਂ ਦਾ ਨਾਮ ਹਮੇਸ਼ਾ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਅਤੇ ਗੁਰੂ ਅਤੇ ਮੰਗਲ ਵਿਚਾਲੇ ਸੂਰਜ ਦੇ ਚੱਕਰ ਲਗਾ ਰਿਹਾ ਉਨ੍ਹਾਂ ਦੇ ਨਾਂਅ ਦਾ ਗ੍ਰਹਿ ਸਾਨੂੰ ਹਮੇਸ਼ਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਯਾਦ ਦਿਵਾਉਂਦਾ ਰਹੇਗਾ।