ਸ਼੍ਰੋਮਣੀ ਅਕਾਲੀ ਦਲ ਕਿੱਧਰ ਨੂੰ?
ਸ਼ਾਨਾਮੱਤਾ ਅਜ਼ੀਮ ਕੁਰਬਾਨੀਆਂ ਦਾ ਇਤਿਹਾਸ ਰਖਣ ਵਾਲਾ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦਾ ਰਾਜਨੀਤਕ ਪ੍ਰਤੀਨਿਧ ਦਲ ਸੀ, ਹੈ ਅਤੇ ਰਾਜਨੀਤਕ ਪ੍ਰਤੀਨਿੱਧ ਦਲ ਰਹੇਗਾ।
-‘ਦਰਬਾਰਾ ਸਿੰਘ ਕਾਹਲੋਂ’
ਸ਼ਾਨਾਮੱਤਾ ਅਜ਼ੀਮ ਕੁਰਬਾਨੀਆਂ ਦਾ ਇਤਿਹਾਸ ਰਖਣ ਵਾਲਾ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦਾ ਰਾਜਨੀਤਕ ਪ੍ਰਤੀਨਿਧ ਦਲ ਸੀ, ਰਾਜਨੀਤਕ ਪ੍ਰਤੀਨਿੱਧ ਦਲ ਹੈ ਅਤੇ ਰਾਜਨੀਤਕ ਪ੍ਰਤੀਨਿੱਧ ਦਲ ਰਹੇਗਾ। ਇਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਵਾਧਾਨਿਕ ਤੌਰ ’ਤੇ ਸਿੱਖ ਪੰਥ ਦੀ ਧਾਰਮਿਕ ਪ੍ਰਤੀਨਿੱਧ ਸੰਸਥਾ ਸੀ, ਧਾਰਮਿਕ ਪ੍ਰਤੀਨਿੱਧ ਸੰਸਥਾ ਹੈ ਅਤੇ ਧਾਰਮਿਕ ਪ੍ਰਤੀਨਿੱਧ ਸੰਸਥਾ ਰਹੇਗੀ। ਤਾਮਿਲਾਂ ਦੇ ਤਾਮਿਲਨਾਡੂ ਪ੍ਰਦੇਸ਼ ਅੰਦਰ ਰਾਜਨੀਤਕ ਪ੍ਰਤੀਨਿੱਧ ਦਲ ਡੀ.ਐਮ.ਕੇ ਅਤੇ ਅੰਨਾ ਡੀ.ਐਮ.ਕੇ ਦੀ ਇਹੋ ਪੁਜੀਸ਼ਨ ਹੈ। ਇਵੇਂ ਹੀ ਮਰਾਠਿਆਂ ਦੀ ਮਹਾਂਰਾਸ਼ਟਰ ਅੰਦਰ ਰਾਜਨੀਤਕ ਪ੍ਰਤੀਨਿੱਧ ਪਾਰਟੀ ਸ਼ਿਵ ਸੈਨਾ ਦੀ ਵੀ ਇਹੀ ਪੁਜੀਸ਼ਨ ਹੈ।
ਸਿੱਖ ਰਾਜਨੀਤਿਕ ਆਗੂਆਂ ਦੇ ਆਪਸੀ ਮਤਭੇਦਾਂ, ਨਿੱਜੀ, ਪਰਿਵਾਰਵਾਦੀ ਹਿੱਤਾਂ, ਕੇਂਦਰ ਜਾਂ ਹੋਰ ਸ਼ਕਤੀਆਂ ਦੇ ਪਿੱਠੂ ਪੁਣੇ ਕਰਕੇ ਸ਼੍ਰੋਮਣੀ ਅਕਾਲੀ ਦਲ ਅਕਸਰ ਕਈ ਧੜਿਆਂ ਵਿੱਚ ਵੰਡਿਆ ਜਾਂਦਾ ਰਿਹਾ ਹੈ ਪਰ ਅਸਲ ਤੌਰ ’ਤੇ ਸਿੱਖ ਪੰਥ ਦੀ ਰਾਜਨੀਤਕ ਪ੍ਰਤੀਨਿਧਤਾ ਕਰਨ ਵਾਲਾ ਉਹੀ ਧੜਾ ਮੰਨਿਆ ਜਾਂਦਾ ਰਿਹਾ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਵੇ।
ਸਿੱਖ ਰਾਜਨੀਤੀ ਵਿੱਚ ਧਰਮ ਅਤੇ ਰਾਜਨੀਤੀ ਕੋਈ ਵੱਖਰੇ ਨਹੀਂ, ਭਾਰਤੀ ਸੰਵਿਧਾਨ ਅਧੀਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਭਾਵੇਂ ਲੋੜੀਂਦੇ ਬਦਲਾਅ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਵਿਚ ਕੀਤੇ ਜਾਂਦੇ ਹਨ। ਸਿੱਖ ਧਰਮ,ਧਾਰਮਿਕ ਸੰਸਥਾਵਾਂ, ਮਰਿਯਾਦਾਵਾਂ ਦੀ ਸਰਵਉੱਚਤਾ ਅਟੱਲ ਹੈ। ਸਿੱਖ ਰਾਜਨੀਤੀ ਵਿਚ ਗੁਰੂ, ਸੰਗਤ, ਪੰਥਕ ਵਿਚਾਰਧਾਰਾ ਸੁਪਰੀਮ ਹਨ, ਕੋਈ ਵਿਸ਼ੇਸ਼ ਧਾਰਮਿਕ ਅਤੇ ਰਾਜਨੀਤਕ ਆਗੂ ਕੋਈ ਮਹੱਤਤਾ ਨਹੀਂ ਰਖਦੇ। ਗੁਰੂ, ਬਾਣੀ, ਸਿੱਖ ਸੰਸਥਾਵਾਂ, ਸਿੱਖ ਪੰਥਕ ਵਿਚਾਰਧਾਰਾ ਪਵਿੱਤਰ ਹਨ। ਇਹ ਵੱਖਰੀ ਗੱਲ ਹੈ ਕਿ ਸਿੱਖ ਰਾਜਨੀਤੀਵਾਨ ਪਰਿਵਰਤਿਤ ਸੋਚ, ਨਿੱਜੀ ਅਤੇ ਪਰਿਵਾਰਵਾਦੀ ਹਿੱਤਾਂ ਜਾਂ ਸਵੈ ਪੂਰਕ ਰਾਜਨੀਤਕ ਉੱਚ ਇੱਛਾਵਾਂ ਕਰਕੇ ਇਨ੍ਹਾਂ ਨੂੰ ਅਪਵਿੱਤਰ ਜਾਂ ਇਨ੍ਹਾਂ ਦਾ ਅਨਾਦਰ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ ਵੀ।
ਸ਼੍ਰੋਮਣੀ ਗੁਰੁਦਵਾਰਾ ਪ੍ਰਬੰਧਕ ਕਮੇਟੀ ਜੋ ਸਿੱਖ ਗੁਰਦਵਾਰਿਆਂ, ਮਰਿਯਾਦਾਵਾਂ, ਪੰਥ ਅਤੇ ਧਾਰਮਿਕ ਸੰਸਥਾਵਾਂ ਦੀ ਰਾਖੀ ਲਈ 15 ਨਵੰਬਰ,1920 ਨੂੰ ਗਠਤ ਕੀਤੀ ਗਈ, ਤੇ ਹੁਣ ਤੱਕ ਕਈ ਧਾਰਮਿਕ ਅਤੇ ਰਾਜਨੀਤਕ ਸੋਚ ਅਤੇ ਧੜਿਆਂ ਸਬੰਧਿਤ ਪ੍ਰਧਾਨ ਰਹੇ ਜਿੰਨਾਂ ਵਿਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਉਧਮ ਸਿੰਘ ਨਾਗੋਕੇ, ਸੰਤ ਚੰਨਣ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਕ੍ਰਿਪਾਲ ਸਿੰਘ ਬਡੂੰਗਰ ਆਦਿ ਵਰਨਣਯੋਗ ਹਨ।
ਇਵੇਂ ਸ਼੍ਰੋਮਣੀ ਕਮੇਟੀ ਦੇ ਰਾਜਨੀਤਕ ਹਰਾਵਲ ਦਸਤੇ ਵਜੋਂ ਰਾਜਨੀਤਕ ਪ੍ਰਤੀਨਿਧਤਾ ਲਈ 14 ਦਸੰਬਰ,1920 ਨੂੰ ਸ਼੍ਰੋਮਣੀ ਅਕਾਲੀ ਦਲ ਗਠਤ ਕੀਤਾ ਗਿਆ ਜਿਸਦੇ ਹੁਣ ਤੱਕ ਕਈ ਧਾਰਮਿਕ ਅਤੇ ਰਾਜਨੀਤਕ ਸੋਚ ਅਤੇ ਧੜਿਆਂ ਨਾਲ ਸਬੰਧਿਤ ਪ੍ਰਧਾਨ ਰਹੇ ਜਿੰਨਾਂ ਵਿਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਉੱਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਮੋਹਨ ਸਿੰਘ ਤੁੜ, ਸੰਤ ਫਤਿਹ ਸਿੰਘ, ਜਗਦੇਵ ਸਿੰਘ ਤਲਵੰਡੀ, ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਅਤੇ ਅਜੋਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਦਿ ਵਰਨਣਯੋਗ ਹਨ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਇਸ ਫਾਨੀ ਸੰਸਾਰ ਤੋਂ ਰੁੱਕਸਤ ਹੋਣ ਬਾਅਦ ਸਿੱਖ ਧਰਮ ਦਾ ਸਿੱਖ ਸਿਆਸਤ ਤੇ ਰਹਿੰਦਾ-ਖੂੰਹਦਾ ਕੁੰਡਾ ਵੀ ਟੁੱਟ ਕੇ ਰਹਿ ਗਿਆ। ਮੋਗਾ ਕਾਨਫਰੰਸ ਸੰਨ1996 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਨੰਦਪੁਰ ਮਤੇ ਵਾਲਾ ਰਾਜਨੀਤਕ ਏਜੰਡਾ ਅਤੇ ‘ਹਲੇਮੀ ਰਾਜ’ ਦਾ ਸੰਕਲਪ ਤਿਆਗ ਕੇ ਇਸ ਨੂੰ ਪੰਥਕ ਰਾਜਨੀਤਕ ਪਾਰਟੀ ਦੀ ਥਾਂ ਪੰਜਾਬੀ ਪਾਰਟੀ ਵਜੋਂ ਸਵੀਕਾਰ ਲਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੀ ਜੇਬ ਵਿਚੋਂ ਨਿਕਲੀ ਪਰਚੀ ਅਨੁਸਾਰ ਨਿਕਲਣ ਕਰਕੇ ਇਹ ਸੰਸਥਾ ਏਨੀ ਨੀਰਸ, ਕਮਜ਼ੋਰ, ਭ੍ਰਿਸ਼ਟਾਚਾਰੀ, ਸਿੱਖ ਮਰਿਯਾਦਾਵਾਂ ਦਾ ਘਾਣ ਕਰਨ ਵਾਲੀ ਹੋ ਗਈ ਕਿ ਪਹਿਲਾਂ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਅਤੇ ਫਿਰ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਤੋਂ ਅਜ਼ਾਦ ਤੇ ਵੱਖਰੀਆਂ ਹੋ ਗਈਆਂ।
ਅੱਜ ਤਾਂ ਦਿੱਲੀ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਵੱਖਰਾ ਹੋ ਚੁੱਕਾ ਹੈ। ਸੌਦਾ ਸਾਧ ਸਿਰਸਾ ਨੂੰ ਪੰਥ ਵਿਚੋਂ ਛੇਕਣਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਦੂਸਰੇ ਤਖਤਾਂ ਦੇ ਜੱਥੇਦਾਰਾਂ ਸਮੇਤ ਮੁੱਖ ਮੰਤਰੀ ਦੇ ਨਿਵਾਸ, ਚੰਡੀਗੜ੍ਹ ਤਲਬ ਕਰਕੇ ਉਸ ਨੂੰ ਮੁਆਫੀ ਦੇਣੀ, 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਵਲੋਂ ਦੇਣੇ, ਸੰਗਤ ਦੇ ਦਬਾਅ ਹੇਠ ਮੁਆਫੀਨਾਮੇ ਦੀ ਵਾਪਸੀ, ਸੰਨ 2015 ਵਿਚ ਅਕਾਲੀ-ਭਾਜਪਾ ਰਾਜ ਵਿਚ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ, ਸ਼ਾਂਤੀਪੂਰਵਕ ਵਿਰੋਧ ਕਰ ਰਹੀ ਸਿੱਖ ਸੰਗਤ ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ, ਦੋ ਸਿੱਖਾਂ ਦਾ ਸ਼ਹੀਦ ਅਤੇ ਅਨੇਕਾਂ ਨੂੰ ਜ਼ਖਮੀ ਕਰਨਾ, ਫਿਰ ਇਨਸਾਫ ਨਾ ਦੇਣਾ, ਸਰਕਾਰ ਵਿਚ ਭਾਈ-ਭਤੀਜਾਵਾਦ, ਪਰਿਵਾਰਵਾਦ, ਭ੍ਰਿਸ਼ਟਾਚਾਰ, ਨਸ਼ਾ ਤਸਕਰੀ, ਪੁਲਿਸ ਸਟੇਟ ਕਾਇਮ ਕਰਨ, ਰਾਜਧਾਨੀ ਚੰਡੀਗੜ੍ਹ, ਪਾਣੀਆਂ, ਬੰਦੀ ਸਿੱਖਾਂ ਦੀ ਰਿਹਾਈ ਆਦਿ ਮੁੱਦੇ ਵਿਸਾਰਨ ਕਰਕੇ ਪੰਥ ਅਤੇ ਪੰਜਾਬੀ ਇਸ ਪਾਰਟੀ ਨਾਲੋਂ ਟੁੱਟ ਗਏ।
ਦੋ ਲੋਕ ਸਭਾ, ਦੋ ਵਿਧਾਨ ਸਭਾ ਅਤੇ ਇਕ ਸੰਗਰੂਰ ਉੱਪ ਚੋਣ ਵਿਚ ਇਸ ਪਾਰਟੀ ਦੀ ਜੱਗੋਂ ਤੇਰਵੀਂ ਹੋਈ। ਅੱਜ ਲੋਕ ਸਭਾ ਵਿਚ ਦੋ, ਰਾਜ ਸਭਾ ਵਿਚ ਜ਼ੀਰੋ ਅਤੇ ਵਿਧਾਨ ਸਭਾ ਵਿਚ ਤਿੰਨ ਸੀਟਾਂ ਹੋਣ ਕਰਕੇ ਕਦੇ ਪੰਥ ਅਤੇ ਪੰਜਾਬ ਦੀ ਇਹ ਸਿਰਮੌਰ ਰਾਜਨੀਤਕ ਪਾਰਟੀ ‘ਸਕੂਟਰ ਪਾਰਟੀ’ ਵਜੋਂ ਬਦਨਾਮ ਹੋ ਰਹੀ ਹੈ। ਰਹਿੰਦੀ ਕਸਰ ਦੂਰ ਅੰਦੇਸ਼ੀਹੀਨ ਪ੍ਰਧਾਨ ਚਾਪਲੂਸ-ਪਿੱਠੂ, ਪੰਥਕ, ਪੰਚ ਪ੍ਰਧਾਨੀ ਸਿਧਾਂਤਾਂ ਤੋਂ ਕੋਰੇ ਆਗੂ ਪੂਰੀ ਕਰ ਰਹੇ ਹਨ। ਚਾਪਲੂਸ, ਪਿੱਠੂ, ਅੰਧ-ਭਗਤ ਪਾਰਟੀ, ਪਾਰਟੀ ਪ੍ਰਧਾਨ ਅਤੇ ਆਪਣੀ ਰਾਜਨੀਤਕ ਬਰਬਾਦੀ ਦੀ ਦਾਸਤਾਨ ਖੁਦ ਲਿਖ ਰਹੇ ਹਨ।
ਭਾਰਤ ਅੰਦਰ ਮੋਰੀਆ, ਗੁਪਤ ਵੰਸ਼ਾਂ ਦਾ ਸੁਨਹਿਰੀ ਕਾਲ, ਖਿਲਜੀ, ਤੁਗਲਕ, ਮੁਗਲ, ਸਿੱਖ ਸਲਤਨਤਾਂ ਇਨ੍ਹਾਂ ਦੇ ਕਮਜ਼ੋਰ, ਅਯਾਸ਼, ਦੂਰ ਅੰਦੇਸ਼ੀਹੀਨ ਉੱਤਰਾਧਿਕਾਰੀਆਂ ਕਰਕੇ ਪਤਨ ਦਾ ਸ਼ਿਕਾਰ ਹੋਈਆਂ। ਪਰ ਉਨ੍ਹਾਂ ਨੂੰ ਆਖਰਲਾ ਧੱਕਾ ਮਾਰ ਕੇ ਬਰਬਾਦ ਕਰਨ ਵਿਚ ਅੰਧ ਭਗਤ, ਚਾਪਲੂਸ ਅਤੇ ਪਿੱਠੂ ਦਰਬਾਰੀਆਂ ਨੇ ਸ਼ਰਮਨਾਕ ਅਤੇ ਅਤਿ ਨਿੰਦਾਜਨਕ ਘਿਨਾਉਣਾ ਰੋਲ ਅਦਾ ਕੀਤਾ। ਅੱਜ ਇਹੋ ਕੁਝ ਰਹਿੰਦ-ਖੂੰਹਦ ਕਾਂਗਰਸ ਪਾਰਟੀ ਤੇ ਕਾਬਜ਼ ਗਾਂਧੀ ਪਰਿਵਾਰ ਅਤੇ ਰਹਿੰਦ-ਖੂੰਹਦ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਬਾਦਲ ਪਰਿਵਾਰ ਨਾਲ ਹੋ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ‘ਸਕੂਟਰ ਪਾਰਟੀ’ ਬਣਾਉਣ ਵਾਲੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਪਾਰਟੀ ਦਾ ਸਮੁੱਚਾ ਢਾਂਚਾ ਸਮੇਤ ਵਰਕਿੰਗ ਕਮੇਟੀ ਜੋ ਇਸ ਦੇ ਸੰਵਿਧਾਨ ਅਨੁਸਾਰ ਤੋੜੀ ਨਹੀਂ ਜਾ ਸਕਦੀ, ਪਾਰਟੀ ਦਾ ਇਕ ਅਣਅਧਿਕਾਰਤ ਗੈਰ ਜ਼ਿੰਮੇਵਾਰ ਆਗੂ ਵਿਰਸਾ ਸਿੰਘ ਵਲਟੋਹਾ ਚਾਪਲੂਸੀ ਦੀਆਂ ਹੱਦਾਂ ਐਮਰਜੈਂਸੀ 1975-77 ਕਾਲ ਦੀ ਬੋਲੀ ਤਤਕਾਲੀ ਕਾਂਗਰਸ ਪ੍ਰਧਾਨ ਡੀ.ਕੇ. ਬਰੂਆ ਵਾਂਗ ਤੋੜਦਾ ਕਾਂਗਰਸ ਪਾਰਟੀ ਵਾਂਗ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਕ ਬਰਬਾਦੀ ਦੀ ਦਾਸਤਾਨ ਦੀ ਅਬਾਰਤ ਦਾ ਆਗਾਜ਼ ਕਰਦਾ ਹੈ।
ਉਦੋਂ ਡੀ.ਕੇ. ਬਰੂਆ ਦਾ ਕਹਿਣਾ ਸੀ, ‘ਇੰਦਰਾ ਇੰਡੀਆ ਹੈ ਤੇ ਇੰਡੀਆ ਇੰਦਰਾ ਹੈ।’ ਉਵੇਂ ਹੀ ਵਿਰਸਾ ਸਿੰਘ ਵਲਟੋਹਾ ਇਕ ਪ੍ਰੈੱਸ ਕਾਨਫਰੰਸ ਵਿਚ ਕਹਿੰਦਾ ਹੈ, ‘ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ, ਪ੍ਰਧਾਨ ਹੈ ਅਤੇ ਪ੍ਰਧਾਨ ਰਹੇਗਾ।’ ਇਸ ਤੇ ਅਤਿ ਦੀ ਚਾਪਲੂਸੀ ਅਤੇ ਪਿੱਠੂਪੁਣੇ ਤੋਂ ਗੱਦ-ਗੱਦ ਸੁਖਬੀਰ ਬਾਦਲ ਕੋਈ ਪ੍ਰਤੀਕਰਮ ਨਹੀਂ ਦਿੰਦਾ ਜਿਵੇਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਵੀ ਨਹੀਂ ਸੀ ਦਿਤਾ। ਫਿਰ ਇਸੇ ਪਿੱਠੂਪੁਣੇ ਅਤੇ ਚਾਪਲੂਸਬਾਜ਼ੀ ਦੀ ਅਬਾਰਤ ਲੰਬਾ ਤਜ਼ਰਬਾ ਰਖਣ ਵਾਲੇ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ ਆਦਿ ਪਰਿਵਾਰਵਾਦੀ ਆਗੂ, ਅੱਗੇ ਵਧਾਉਂਦੇ ਹਨ ਭਾਵ ‘ਜਲ ਹਰਨਾਖਸ਼, ਥਲ ਹਰਨਾਖਸ਼, ਹੈ ਭੀ ਹਰਨਾਖਸ਼, ਹੋਸੀ ਭੀ ਹਰਨਾਖਸ਼।’
ਅੰਧ-ਭਗਤ ਅਤੇ ਚਾਪਲੂਸਬਾਜ਼ੀ ਨਾਲ ਅੰਨ੍ਹੇ ਹੋਏ ਇਹ ਆਗੂ ਭਵਿੱਖੀ ਅਕਾਲੀ ਅਤੇ ਪੰਥਕ ਰਾਜਨੀਤੀ ਦੀ ਕੰਧ ਤੇ ਲਿਖਿਆ ਨਹੀਂ ਪੜ੍ਹ ਰਹੇ ਕਿ ਉਹ ਵੀ ਤਾਕਤਵਰ ਸਲਤਨਤਾਂ ਵਾਂਗ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਪਤਨ ਵਾਂਗ ਆਪਣਾ ਰਾਜਨੀਤਕ ਭਵਿੱਖ ਦਫਨ ਕਰ ਰਹੇ ਹਨ। ਸ਼ਾਇਦ ਇਨ੍ਹਾਂ ਅੱਖਾਂ ਤੋਂ ਅੰਨ੍ਹੇ, ਕੰਨਾਂ ਤੋਂ ਬੋਲੇ ਆਗੂਆਂ ਨੂੰ ਇਹ ਦਿੱਸ ਅਤੇ ਸੁਣ ਨਹੀਂ ਰਿਹਾ ਕਿ ਪੰਥ, ਪੰਜਾਬ ਅਤੇ ਪੰਜਾਬੀ ਉਨ੍ਹਾਂ ਨੂੰ ਨਕਾਰ ਚੁੱਕੇ ਹਨ। ਵੇਖੋ! ਜਿਨ੍ਹਾਂ ਬੰਦੀ ਸਿੰਘਾਂ ਨੂੰ ਸੱਤਾ ਵਿਚ ਹੁੰਦੇ ਅਤਿਵਾਦੀ ਕਹਿੰਦੇ ਸਨ ਅੱਜ ਬੇਸ਼ਰਮੀ ਨਾਲ ਉਨ੍ਹਾਂ ਦੀ ਰਿਹਾਈ ਦਾ ਰਾਗ ਅਲਾਪ ਰਹੇ ਹਨ, ਜਿਨ੍ਹਾਂ ਕਿਸਾਨਾਂ ਵਿਰੋਧੀ ਕਾਨੂੰਨਾਂ ਦੀ ਹਮਾਇਤੀ ਕਰਦੇ ਸਨ, ਹੁਣ ਉਨ੍ਹਾਂ ਦੀ ਪਿੱਠ ਤੇ ਖੜ੍ਹਨ ਦਾ ਖੇਖਨ ਕਰ ਰਹੇ ਹਨ।
ਜਿਸ ਭਾਜਪਾ ਨਾਲ ਸੰਨ 1967 ਤੋਂ ਨਹੁੰ-ਮਾਸ ਦਾ ਰਿਸ਼ਤਾ ਗੰਢਿਆ, ਜਿਨ੍ਹਾਂ ਦੀ ਇਕ ਸੈਨਤ ਤੇ ਰਾਸ਼ਟਰਪਤੀ-ਉਪ ਰਾਸ਼ਟਰਪਤੀ ਚੋਣਾਂ ਵੇਲੇ ਵੋਟ ਪਾਉਣ ਦਿੱਲੀ ਨੰਗੇ ਪੈਰੀਂ ਦੌੜੇ, ਅੱਜ ਉਸ ਤੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਅਤੇ ਰਾਜ ਵਿਚ ਕਮਜ਼ੋਰ ਕਰਨ ਦਾ ਦੋਸ਼ ਮੜ੍ਹ ਰਹੇ ਹਨ। ਜਿਸ ਬਿਕਰਮ ਮਜੀਠੀਏ ਕਰਕੇ ਪ੍ਰੋਢ ਅਕਾਲੀ ਆਗੂ ਨਰਾਜ਼ ਹੋਏ, ਪਾਰਟੀ ਬਦਨਾਮ ਹੋਈ, ਚੋਣਾਂ ਵਿਚ ‘ਸਕੂਟਰ ਪਾਰਟੀ’ ਬਣੀ ਉਸ ਨੂੰ ਜਮਾਨਤ ਤੇ ਰਿਹਾਅ ਹੋ ਕੇ ਜੇਲ੍ਹ ਤੋਂ ਬਾਹਰ ਆਉਣ ਤੇ ਇੰਜ ਸਵਾਗਤ ਕੀਤਾ ਚਾਪਲੂਸ ਅੰਧ ਭਗਤਾਂ ਜਿਵੇਂ ਕਿ ਹਰੀ ਸਿੰਘ ਨਲੂਏ ਵਾਂਗ ਪਿਸ਼ਾਵਰ ਦਾ ਕਿਲ੍ਹਾ ਜਿੱਤ ਕੇ ਆਇਆ ਹੋਵੇ।
ਕੈਨੇਡਾ ਅੰਦਰ ਕੰਜ਼ਰਵੇਟਿਵ ਪਾਰਟੀ ਦੋ ਵਾਰ ਹਾਰੀ। ਪਹਿਲੀ ਹਾਰ ਬਾਅਦ ਤੱਤਕਾਲੀ ਪ੍ਰਧਾਨ ਐਂਡਰਿਊ ਸ਼ੀਰ ਅਤੇ ਦੂਜੀ ਵਾਰ ਪ੍ਰਧਾਨ ਐਰਿਨ ਓਟੂਲ ਨੇ ਤੁਰੰਤ ਅਸਤੀਫਾ ਦੇ ਦਿਤਾ। ਇਥੋਂ ਤਕ ਕਿ ਰਾਹੁਲ ਗਾਂਧੀ ਨੇ ਚੋਣਾਂ ਵਿਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਅਸਤੀਫਾ ਦੇ ਦਿਤਾ ਸੀ। ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ, ਪੰਥ ਅਤੇ ਪੰਜਾਬ ਦੇ ਹਿੱਤ ਵਿਚ ਇਵੇਂ ਕਰਨਾ ਚਾਹੀਦਾ ਸੀ। ਸ਼੍ਰੋਮਣੀ ਅਕਾਲੀ ਦਲ ਆਪਣੀ ਨਕਾਰੀ ਲੀਡਰਸ਼ਿਪ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ। ਸਿੱਖ ਕੌਮ ਵਿਸ਼ਵ ਦੀ ਇਕ ਬਹੁਤ ਹੀ ਬਹਾਦਰ, ਖੂਬਸੂਰਤ ਅਤੇ ਆਦਰਯੋਗ ਕੌਮ ਹੈ।
ਉਨ੍ਹਾਂ ਦੀ ਜ਼ਿੱਦ ਅਤੇ ਚਾਪਲੂਸਾਂ ਦੇ ਟੋਲੇ ਕਰਕੇ ਸਿੱਖ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ। ਬਲਾਤਕਾਰੀ, ਭ੍ਰਿਸ਼ਟਾਚਾਰੀ, ਅੱਯਾਸ਼ (ਜਿਵੇਂ ਇਕ ਸਾਬਕਾ ਮੰਤਰੀ, ਸ਼੍ਰੋਮਣੀ ਕਮੇਟੀ ਮੈਂਬਰ, ਅਜੋਕਾ ਇਕ ਤਖਤ ਦਾ ਜਥੇਦਾਰ) ਇਨ੍ਹਾਂ ਤੇ ਕਾਬਜ਼ ਹੋ ਰਹੇ ਹਨ। ਪੰਥਕ ਏਜੰਡੇ ਨੂੰ ਪਿੱਠ ਦੇ ਰਹੇ ਹਨ। ਉਨ੍ਹਾਂ ਨੂੰ ਨਵੀਂ-ਨਰੋਈ ਲੀਡਰਸ਼ਿਪ ਦਾ ਰਸਤਾ ਸਾਫ ਕਰਨਾ ਚਾਹੀਦਾ ਹੈ। ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਾਂਗ ਪੰਥ ਉਨ੍ਹਾਂ ਨੂੰ ਵੀ ਸਣੇ ਕੁਰਸੀ ਪ੍ਰਧਾਨਗੀ ਤੋਂ ਬਾਹਰ ਨਾ ਵਗਾਹ ਮਾਰੇ? ਅੱਜ ਪੰਜਾਬ ਨੂੰ ਮੁੜ ਇਕ ਸ਼ਾਨਾਮਤਾ ਕੁਰਬਾਨੀ ਭਰਿਆ ਸ਼੍ਰੋਮਣੀ ਅਕਾਲੀ ਦਲ ਦਰਕਾਰ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
ਕੈਂਬਲਫੋਰਡ-ਕੈਨੇਡਾ
+1 289 8292929