ਕਿੱਥੋਂ ਲੱਭਣੇ ਉਹ ਯਾਰ ਗਵਾਚੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੱਧੀ ਛੁੱਟੀ ਤੇ ਪੂਰੀ ਛੁੱਟੀ ਨੇੜੇ ਆਉਣ ਤੇ ਹੋਰ ਵੀ ਚਾਅ ਚੜ੍ਹ ਜਾਂਦਾ

FRIENDS

ਸਕੂਲ ਜਾਣਾ ਮੈਨੂੰ ਕਦੇ ਵੀ ਚੰਗਾ ਨਹੀਂ ਲੱਗਾ। ਇੰਜ ਸਮਝੋ ਸਕੂਲ ਜਾਣ ਦੇ ਨਾਂ ‚ਤੇ ਜਿਵੇ ਮੇਰੇ ਸਿਰ ਦੇ ਵੱਡੇ ਜੂੜੇ ਵਿਚ ਮਣ-ਮਣ ਪੱਕੀਆਂ ਜੂੰਆਂ ਪੈ ਜਾਂਦੀਆਂ ਹੋਣ। ਮੇਰਾ ਢਿੱਡ ਦਰਦ ਹੋਣਾ ਸ਼ੁਰੂ ਹੋ ਗਿਆ ਤੇ ਮੂੰਹ ਦਾ ਸੁਆਦ ਬੇ -ਸਆਦਾ ਜਿਹਾ ਹੋ ਜਾਂਦਾ ਸੀ। ਖ਼ਾਸ ਕਰ ਕੇ ਜਦੋਂ ਸਕੂਲ ਦਾ ਕੰਮ (ਹੋਮ ਵਰਕ) ਨਾ ਕੀਤਾ ਹੁੰਦਾ। ਉਦੋਂ ਸਕੂਲ ਤੋਂ ਬੜਾ ਡਰ ਲਗਦਾ ਤੇ ਜੀਅ ਚਾਹੁੰਦਾ,‚ਅੱਗ ਲਗਾ ਕੇ ਸਾੜ ਦਿਆਂ ਸਾਰੇ ਸਕੂਲ ਨੂੰ।

ਹਾਲਾਂਕਿ ਮੈਨੂੰ ਚੰਗੇ ਸਕੂਲੇ ਪੜ੍ਹਨੇ ਪਾਇਆ ਗਿਆ ਸੀ, ਸਕੂਲ ਦਾ ਵਾਤਾਵਰਣ ਬਹੁਤ ਸੋਹਣਾ ਸੀ। ਆਲੇ ਦੁਆਲੇ ਬਾਗ਼ ਬਗੀਚੇ ਸਨ। ਅੰਬਾਂ ਤੇ ਜਾਮਣਾਂ ਦੇ ਦਰੱਖ਼ਤ--। ਸੋਹਣੀਆਂ ਸੂਰਤਾਂ ਵਾਲੀਆਂ ਅਧਿਆਪਕਾਂ ਤੇ ਉਨ੍ਹਾਂ ਦੇ ਮੂੰਹਾਂ ਵਿਚੋਂ ਕਿਰਦੇ ਫੁੱਲ, ਕਲੀਆਂ-। ਪਰ ਇਸ ਦੇ ਬਾਵਜੂਦ ਸਕੂਲ ਮੈਨੂੰ ਭਾਉਂਦਾ ਨਹੀਂ ਸੀ। ਸਕੂਲ ਦੇ ਅਧਿਆਪਕ ਅਨੁਸਾਸ਼ਨ ਭੰਗ ਨਹੀਂ ਸੀ ਹੋਣ ਦਿੰਦੇ। ਮੁੱਖ ਅਧਿਆਪਕ ਵੀ ਬਹੁਤ ਸਖ਼ਤ ਸੀ। ਸ਼ਾਇਦ ਇਸੇ ਲਈ ਚੰਗੇ ਤੇ ਸੁੰਦਰ ਸਕੂਲ ਵਿਚ ਵੀ ਮੈਨੂੰ ਘੁਟਣ ਮਹਿਸੂਸ ਹੁੰਦੀ ਸੀ। ਉਦੋਂ ਮੇਰੇ ਸ਼ਹਿਰ ਤਾਂਗੇ ਚਲਦੇ ਸਨ। ਇਕ ਤਾਂਗਾ ਸਾਨੂੰ ਸਕੂਲੇ ਛੱਡਣ ਜਾਂਦਾ ਤੇ ਸਕੂਲੋਂ ਵਾਪਸ ਘਰ ਨੂੰ ਲੈ ਆਉਂਦਾ।

ਪਰ ਫਿਰ ਹੌਲੀ-ਹੌਲੀ ਮੇਰਾ ਸਕੂਲ ਵਿਚ ਦਿਲ ਲੱਗਣ ਲੱਗ ਪਿਆ। ਨਿੱਕੇ-ਨਿੱਕੇ ਹਾਣ ਦੇ ਨਿਆਣੇ ਮੇਰੇ ਦੋਸਤ ਬਣਨ ਲੱਗ ਪਏ। ਪਰ ਸਕੂਲ ਦਾ ਸਖ਼ਤ ਅਨਾਸ਼ਨ ਮੈਨੂੰ ਚੰਗਾ ਨਾ ਲਗਦਾ। ਉਦੋਂ ਮੈ ਲੱਖ-ਲੱਖ ਸ਼ੁਕਰ ਮਨਾਇਆ ਜਦੋਂ ਅੰਗਰੇਜ਼ੀ ਵਿਚੋਂ ਘੱਟ ਨੰਬਰ ਆਉਣ‚ਤੇ ਮੈਨੂੰ ਘਰ ਵਾਲਿਆਂ ਨੇ ਉਸ ਸਕੂਲੋਂ ਹਟਾ ਕੇ ਇਕ ਤੱਪੜਾਂ ਵਾਲੇ ਸਕੂਲ ਵਿਚ ਦਾਖ਼ਲਾ ਦਿਵਾ ਦਿਤਾ। ਬੇਸ਼ਕ ਨਿਕੀਆਂ-ਨਿਕੀਆਂ ਕੁਰਸੀਆਂ ਦੇ ਮੁਕਾਬਲੇ ਪਹਿਲੋ ਪਹਿਲ ਮੈਨੂੰ ‚ਤੱਪੜ ਤੇ ਬੈਠਣਾ ਚੰਗਾ ਨਾ ਲਗਦਾ ਪਰ ਹੌਲੀ-ਹੌਲੀ ਮੈਨੂੰ ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਹੋਣ ਲੱਗਾ ਕਿ ਉਥੇ ਕਾਫ਼ੀ ਖੁੱਲ੍ਹ ਖੇਡਾਂ ਹਨ।

ਮਾਸਟਰਨੀਆਂ ਵੀ ਬਹੁਤਾ ਰੋਹਬ ਨਾ ਪਾਉਂਦੀਆਂ। ਖੇਡਣ-ਕੁੱਦਣ ਲਈ ਵੀ ਇਕ ਵੱਡਾ ਗਰਾਉਂਡ ਸੀ ਤੇ ਭਾਂਤ-ਭਾਂਤ ਦੇ ਬੱਚੇ ਸਨ। ਪੜ੍ਹਾਈ ਵੀ ਮੈਨੂੰ ਔਖੀ ਨਾ ਲਗਦੀ। ਖੇਡਣ ਕੁੱਦਣ ਦੇ ਨਾਲ ਨਾਲ ਮੈਂ ਪੜ੍ਹਾਈ ਵਿਚ ਵੀ ਹੁਸ਼ਿਆਰ ਹੋਣ ਲੱਗਾ। ਪਰ ਪ੍ਰਿੰਸੀਪਲ ਦੇ ਕਮਰੇ ਦੇ ਬਾਹਰ ਖੜੇ ਚਪੜਾਸੀ ਉਤੇ ਮੇਰੀ ਨਿਗਾਹ ਹੁੰਦੀ ਕਿ ਉਹ ਕਦੋਂ ਘੰਟੀ ਵਜਾਏ ਤੇ ਤੇ ਕਦੋਂ ਅਗਲੀ ਕਲਾਸ ਸ਼ੁਰੂ ਹੋਵੇ। ਅੱਧੀ ਛੁੱਟੀ ਤੇ ਪੂਰੀ ਛੁੱਟੀ ਨੇੜੇ ਆਉਣ ਤੇ ਹੋਰ ਵੀ ਚਾਅ ਚੜ੍ਹ ਜਾਂਦਾ। ਖੇਡਾਂ ਤਾਂ ਅਸੀ ਸਾਰੀਆਂ ਹੀ ਖੇਡਦੇ ਸਾਂ।

ਇਕ ਦਿਨ ਤਾਂ ਹੱਦ ਹੀ ਹੋ ਗਈ, ਮੇਰੀ ਅੰਨ੍ਹਾ ਝੋਟਾ ਬਣਨ ਦੀ ਵਾਰੀ ਆਈ ਤੇ ਇਕ ਸਾਥੀ ਨੂੰ ਫੜ ਕੇ ਖ਼ੁਸ਼ੀ ਨਾਲ ਉਛਲਦਿਆਂ ਬੋਲਣ ਲੱਗ ਪਿਆ‚ ਫੜ ਲਿਆ....ਫੜ ਲਿਆ! ਪਰ ਜਦ ਮੈਂ ਅੱਖਾਂ ਤੋਂ ਪੱਟੀ ਲਾਹੀ ਤਾਂ ਮੇਰੇ ਸਾਹਮਣੇ ਮੇਰੀ ਇਕ ਅਧਿਆਪਕਾ ਸੀ।‚'ਆ ਜਾ ਬਣਾਵਾਂ ਤੈਨੂੰ ਅੰਨ੍ਹਾ ਝੋਟਾ... ਦੋ ਮਿੰਟ ਕਲਾਸ ਵਿਚੋਂ ਬਾਹਰ ਕੀ ਗਈ... ਪੜ੍ਹਨਾ ਨੀ, ਲਿਖਣਾ ਨੀ... ਸ਼ਰਾਰਤਾਂ ਜਿੰਨੀਆਂ ਮਰਜ਼ੀ ਕਰਵਾ ਲਉ...।' ਬਾਕੀ ਸਾਰੇ ਬੱਚੇ ਭੱਜ ਕੇ ਆਪੋ ਅਪਣੀਆਂ ਸੀਟਾਂ ਤੇ ਜਾ ਬੈਠੇ, ਸਿਰਫ਼  ਮੈਂ ਹੀ ਕਾਬੂ ਆਇਆ।

ਵਿਚਾਰਾ ਜਿਹਾ ਬਣ ਕੇ ਅਪਣੀ ਅਧਿਆਪਕਾ ਵਲ ਤੱਕਣ ਲਗਾ। ਅਧਿਆਪਕਾ ਨੂੰ ਪਤਾ ਨਹੀਂ ਮੇਰੇ ‚ਤੇ ਕੀ ਤਰਸ ਆਇਆ ਜਾਂ ਹਾਸਾ, ਉਸ ਨੇ ਹਲਕਾ ਜਿਹਾ ਮੁਸਕਰਾਉਂਦਿਆਂ ਮੈਨੂੰ ਹਲਕੀ ਜਹੀ ਚਪੇੜ ਮਾਰਦਿਆਂ ਆਖਿਆ,‚'ਖ਼ਬਰਰਦਾਰ! ਅਗਿਉਂ ਇਨ੍ਹਾਂ ਸ਼ਰਾਰਤੀਆਂ ਨਾਲ ਖੇਡਿਆਂ ਤਾਂ...।'‚ ਪਰ ਖੌਰੇ ਮੈਂ ਕਿਸ ਕਾਠ ਦੀ ਹੱਡੀ ਦਾ ਬਣਿਆ ਹੋਇਆ ਸਾਂ, ਖੇਡਾਂ ਤੇ ਸ਼ਰਾਰਤਾਂ ਤੋਂ ਕਦੇ ਨਾ ਟਲਿਆ। ਇਕ ਦਿਨ ਬਲੌਰੀ ਅੱਖਾਂ ਵਾਲੇ ਮਧਰੇ ਜਹੇ ਮਿੱਤਰ ਘੁੱਦੂ ਨੂੰ ਸਕੂਲ ਦੇ ਹੀ ਇਕ ਦੂਜੇ ਬੱਚੇ ਜੋ ਅਪਣੇ ਆਪ ਨੂੰ ਦਬੰਗ ਅਖਵਾਉਂਦਾ ਸੀ, ਨਾਲ ਲੜਵਾ ਦਿਤਾ।

ਦੋਵੇਂ ਹਾਲੇ ਗੁਥਮਗੁੱਥੀ ਹੋਣ ਹੀ ਲੱਗੇ ਸਨ ਕਿ ਪਹਾੜਪੁਰ ਮੇਰੇ ਨਾਨਕਿਉਂ ਲਗਦੇ ਮਾਮੇ ਨੇ ਸਾਨੂੰ ਲੜਨ ਤੋਂ ਇਕਦਮ ਬਚਾਅ ਲਿਆ ਸੀ। ਪ੍ਰੰਤੂ ਇਸ ਦੇ ਇਵਜ਼ ਸਾਨੂੰ ਸਾਰਿਆਂ ਨੂੰ ਇਕ ਸਜ਼ਾ ਵੀ ਸੁਣਾ ਛੱਡੀ। ਅਸੀ ਸਾਰਿਆਂ ਨੇ ਗਰਾਊਂਡ ਵਿਚੋਂ ਇੱਟਾਂ ਪੱਥਰ ਸਾਫ਼ ਕਰਨੇ ਸਨ ਤੇ 11-11 ਬਾਲਟੀਆਂ ਪਾਣੀ ਦੀਆਂ ਵੀ ਭਰ ਕੇ ਬੂਟਿਆਂ ਨੂੰ ਪਾਣੀਆਂ ਸਨ। ਹਾਲੇ ਇਸ ਘਟਨਾ ਨੂੰ ਹਫ਼ਤਾ ਵੀ ਨਹੀਂ ਬੀਤਿਆ ਕਿ ਮੇਰਾ ਮਧਰਾ ਜਿਹਾ ਗੋਲ ਮਟੋਲ ਯਾਰ ਘੁੱਦੂ, ਮੇਰੇ ਕੋਲ ਆਇਆ ਤੇ ਅਪਣੀਆਂ ਬਲੌਰੀ ਅੱਖਾਂ ਨਾਲ ਉਪਰ ਨੂੰ ਮੇਰੇ ਵੰਨੀ ਝਾਕਦਾ ਹਿੱਕ ਠੋਕ ਕੇ ਬੋਲਣ ਲੱਗਾ,‚'ਸੁੱਖੀ ਵੀਰੇ! ਦੱਸ ਫਿਰ ਅੱਜ ਕੀ ਕੀਤਾ ਜਾਵੇ?' ਅੱਜ ਵੀ ਉਸ ਨੂੰ ਚੇਤੇ ਕਰਦਿਆਂ ਮਨ ਤੜਪ ਉਠਦਾ ਹੈ ਕਿਉਂਕਿ ਪੰਜਾਬ ਦੀਆਂ ਪੁਰਾਣੀਆਂ ਦੁਖਦਾਈ ਘਟਨਾਵਾਂ ਨੇ ਘੁੱਦੂ ਦੀ ਅਚਨਚੇਤ ਤੇ ਅਣਆਈ ਮੌਤ ਨੂੰ ਵੀ ਇਕ ਭੇਦ ਬਣਾ ਦਿਤਾ ਸੀ। ਉਸ ਦੀ ਬੇਵਕਤ ਹੋਈ ਮੌਤ ਅਜੇ ਵੀ ਇਕ ਭੇਦ ਹੀ ਬਣੀ ਹੋਈ ਹੈ।
                                                                                                                                               ਸੁਖਮਿੰਦਰ ਸੇਖੋਂ ਸੰਪਰਕ : 98145-07693