ਗੁਰਇਤਿਹਾਸ ਦੇ ਪਰਿਪੇਖ ਵਿਚ ਸੂਰਬੀਰ ਮਾਤਾ ਭਾਗ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

'ਪਰਦੇਸੀ ਲੇਖਕ ਸਾਡੀ ਸਭਿਅਤਾ ਅਤੇ ਧਾਰਮਕ ਵਿਚਾਰਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਸਨ।

Mata Bhag Kaur

ਗੁਰਮਤਿ ਫ਼ਿਲਾਸਫ਼ੀ ਅਤੇ ਗੁਰਇਤਿਹਾਸ ਦੇ ਸੱਚ ਦੀ ਸੋਝੀ ਰੱਖਣ ਵਾਲੇ ਲਗਭਗ ਸਾਰੇ ਹੀ ਗੁਰਸਿੱਖ ਵਿਦਵਾਨ ਮੰਨਦੇ ਹਨ ਕਿ ਸਿੱਖ ਇਤਿਹਾਸ ਦੇ ਪੁਰਾਤਨ ਸੋਮਿਆਂ ਵਿਚੋਂ ਹੁਣ ਐਸਾ ਕੋਈ ਵੀ ਦਸਤਾਵੇਜ਼, ਗ੍ਰੰਥ ਜਾਂ ਪੁਸਤਕ ਨਹੀਂ, ਜਿਸ ਨੂੰ ਗੁਰਬਾਣੀ ਦੇ ਚਾਨਣ ਵਿਚ ਸੰਪੂਰਨ ਤੌਰ 'ਤੇ  ਗੁਰਮਤਿ ਅਨੁਸਾਰੀ ਅਤੇ ਗੁਰਸਿੱਖੀ ਅਚਾਰ-ਵਿਹਾਰ ਦੇ ਅਨੁਕੂਲ ਮੰਨਿਆ ਜਾ ਸਕੇ। ਇਸ ਦੇ ਕਾਰਨਾਂ ਸਬੰਧੀ 'ਸਿੱਖ ਇਤਿਹਾਸ ਦੇ ਸੋਮੇ' ਪੁਸਤਕ ਲੜੀ ਦੀ ਭੂਮਿਕਾ ਵਿਚ ਸ. ਸੋਹਣ ਸਿੰਘ 'ਸੀਤਲ' ਲਿਖਦੇ ਹਨ

'ਪਰਦੇਸੀ ਲੇਖਕ ਸਾਡੀ ਸਭਿਅਤਾ ਅਤੇ ਧਾਰਮਕ ਵਿਚਾਰਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਸਨ। ਮੁਸਲਮਾਨਾਂ ਨੇ ਸਾਡੇ ਗੁਣਾਂ ਨੂੰ ਘਟਾ ਕੇ ਕਮਜ਼ੋਰੀਆਂ ਨੂੰ ਵਧਾ ਕੇ ਦਸਿਆ ਹੈ। (ਹਿੰਦੂ ਮਤ ਦੇ ਪ੍ਰਭਾਵ ਹੇਠ ਵਿਚਰਨ ਵਾਲੇ) ਸਨਾਤਨੀ ਸਿੱਖਾਂ ਅਤੇ ਹਿੰਦੂਆਂ ਦੀਆਂ ਲਿਖਤਾਂ ਵਿਚ ਸਾਰਾ ਜ਼ੋਰ ਸਿੱਖਾਂ ਨੂੰ ਹਿੰਦੂਆਂ ਦਾ ਇਕ ਫ਼ਿਰਕਾ ਸਿੱਧ ਕਰਨ ਵਾਸਤੇ ਲਾਇਆ ਗਿਆ ਹੈ। ਪਰ ਇਨ੍ਹਾਂ ਸਾਰੀਆਂ ਲਿਖਤਾਂ ਨੂੰ ਸਾਹਮਣੇ ਰੱਖ ਕੇ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਸੱਚ ਤਕ ਪਹੁੰਚਿਆ ਜਾ ਸਕਦਾ ਹੈ।' ਪੰ. 16, 21ਵੀਂ ਸਦੀ ਦੇ ਅਰੰਭ ਤੋਂ ਸਾਡੇ ਜਾਗਰੂਕ ਅਖਵਾਉਣ ਵਾਲੇ ਕੁੱਝ ਗੁਰਸਿੱਖ ਵਿਦਵਾਨਾਂ ਅਤੇ ਪ੍ਰਚਾਰਕ ਵੀਰਾਂ ਦਾ ਸਾਰਾ ਜ਼ੋਰ ਇਤਿਹਾਸ ਦੇ ਉਪਰੋਕਤ  ਸੋਮਿਆਂ ਵਿਚੋਂ ਸੱਚ ਨੂੰ ਪ੍ਰਗਟਾਉਣ ਦੀ ਥਾਂ ਉਨ੍ਹਾਂ ਨੂੰ ਮੁੱਢੋਂ ਹੀ ਰੱਦ ਕਰਨ 'ਤੇ ਕਿਉਂ ਲੱਗ ਰਿਹਾ ਹੈ, ਸਮਝ ਤੋਂ ਬਾਹਰ ਹੈ।

ਸਾਡੀ ਹਾਲਤ ਉਸ ਵਿਅਕਤੀ ਵਾਲੀ ਹੈ, ਜਿਸ ਨੇ ਇਕ ਦਰਿਆ ਦੇ ਕਿਨਾਰੇ ਚਿੱਕੜ ਨਾਲ ਲਿਬੜੇ ਬੱਚੇ ਨੂੰ ਧੋਂਦਿਆਂ ਅਪਣਾ ਬੱਚਾ ਹੀ ਰੋੜ੍ਹ ਲਿਆ ਸੀ। ਸੀਤਲ ਜੀ ਦੇ ਉਪਰੋਕਤ ਲੇਖ ਵਿਚ ਇਹ ਵੀ ਲਫ਼ਜ਼ ਹਨ: 'ਜੋ ਵੀ ਹੈ, ਇਨ੍ਹਾਂ ਗ੍ਰੰਥਾਂ ਵਿਚੋਂ ਹੀ ਸਾਨੂੰ ਸਹੀ ਮਸਾਲਾ ਲੱਭਣਾ ਪਵੇਗਾ। ਇਨ੍ਹਾਂ ਬਿਨਾਂ ਸਾਡਾ ਗੁਜ਼ਾਰਾ ਵੀ ਨਹੀਂ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ। ਅੱਜ ਇਸ ਗੱਲ ਦੀ ਲੋੜ ਹੈ ਕਿ ਅਸੀਂ ਅਪਣਾ ਸੋਧਿਆ ਹੋਇਆ ਇਤਿਹਾਸ ਲੋਕਾਂ ਸਾਹਮਣੇ ਪੇਸ਼ ਕਰੀਏ।' ਗੁਰਪ੍ਰਤਾਪ ਸੂਰਯ' ਦਾ ਹੀ ਪ੍ਰਚਲਿਤ ਅਤੇ ਸੰਖੇਪ ਪੰਜਾਬੀ ਨਾਂ ਹੈ 'ਸੂਰਜ ਪ੍ਰਕਾਸ਼' ਜੋ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ 'ਨਿਰਮਲੇ' (ਸੰਨ 1788-1843) ਦੀ ਕਿਰਤ ਹੈ।

ਸਾਰੇ ਜਾਣਦੇ ਹਨ ਕਿ ਖ਼ਾਲਸਾ ਰਾਜ ਵੇਲੇ ਉਹ ਵਿਦਿਆਰਥੀ ਰਿਹਾ ਸੀ ਸ੍ਰੀ ਦਰਬਾਰ ਸਾਹਿਬ ਦੇ ਉਸ ਮੁੱਖ ਗ੍ਰੰਥੀ ਗਿਆਨੀ ਸੰਤ ਸਿੰਘ ਨਿਰਮਲੇ ਦਾ, ਜਿਸ ਦੇ ਘਰ ਬਾਹਰਲੇ ਮੁੱਖ ਦਰਵਾਜ਼ੇ ਉੱਤੇ ਗਣੇਸ਼ ਦੀ ਮੂਰਤੀ ਵੀ ਸਥਾਪਤ ਸੀ।  ਭਾਈ ਕਾਨ੍ਹ ਸਿੰਘ ਨਾਭਾ ਨੇ 'ਮਹਾਨ ਕੋਸ਼' ਦੇ ਅੰਦਰਾਜ਼ 'ਸੰਤੋਖ ਸਿੰਘ' ਵਿਚ ਲਿਖਿਆ ਹੈ:
'ਕੈਥਲਪਤਿ ਭਾਈ ਉਦਯ ਸਿੰਘ ਜੀ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ ਕਵੀ ਜੀ ਨੇ ਨੌਂ ਸਤਿਗੁਰਾਂ ਦੀ ਪਵਿਤਰ ਜੀਵਨਕਥਾ 'ਗੁਰਪ੍ਰਤਾਪ ਸੂਰਯ' ਨਾਮਕ ਗ੍ਰੰਥ ਵਿਚ ਲਿਖੀ, ਜੋ ਸੰਮਤ 1900 (ਸੰਨ 1841) ਹੋਇਆ । ਇਸੇ ਸਾਲ ਹੀ ਉਹ (ਗ੍ਰੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥ ਨੂੰ ਸਮਰਪਤ ਕਰਨ ਉਪਰੰਤ) ਕੈਥਲ ਵਿਚ ਹੀ ਗੁਰਪੁਰਿ ਪਧਾਰੇ।'

ਅਸਲ ਵਿਚ ਅਜਿਹੀ ਵਿਊਂਤਬੰਦੀ ਹੀ ਉਹ ਮੁੱਖ  ਸਾਧਨ ਬਣੀ, ਜਿਸ ਕਰ ਕੇ ਗਿ. ਸੰਤ ਸਿੰਘ ਜੀ ਰਾਹੀਂ ਇਸ ਗ੍ਰੰਥ ਦੀ ਗੁਰਦੁਆਰਾ ਸਾਹਿਬਾਨ ਵਿਚ ਕਥਾ ਸ਼ੁਰੂ ਹੋਈ। ਇਸੇ ਹੀ ਅੰਦਰਾਜ਼ ਵਿਚ 'ਨਾਭਾ' ਜੀ ਦੀ ਹੇਠ ਲਿਖੀ ਹੂ-ਬ-ਹੂ ਵਾਰਤਾ ਹੈ : 'ਭਾਈ ਸਾਹਿਬ ਨੂੰ ਗੁਰਮਤਿ ਵਿਚ ਪੂਰੀ ਸ਼ਰਧਾ ਅਤੇ ਪ੍ਰੇਮ ਸੀ, ਪਰ ਪੰਡਤਾਂ ਦੀ ਸੰਗਤ ਅਤੇ ਪ੍ਰੇਰਣਾ ਰਾਹੀਂ ਕਿ ਜੇ ਆਪ ਗੁਰੂਆਂ ਦੀ ਕਥਾ ਨੂੰ ਪੁਰਾਣਰੀਤੀ ਅਨੁਸਾਰ ਅਵਤਾਰਾਂ ਜੇਹੀ ਲਿਖੋਗੇ ਅਤੇ ਸ਼ਾਸਤਰਾਂ ਤੋਂ ਵਿਰੁਧ ਆਪ ਦੇ ਪੁਸਤਕ ਨਹੀਂ ਹੋਣਗੇ, ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਊ ਅਤੇ ਸੱਭ ਆਪ ਦੀ ਰਚਨਾ ਨੂੰ ਆਦਰ ਨਾਲ ਪੜ੍ਹਨਗੇ, ਕਈ ਥਾਈਂ ਟੱਪਲਾ ਖਾ ਗਏ ਹਨ।'

ਸ. ਗੁਰਬਖ਼ਸ਼ ਸਿੰਘ 'ਕਾਲਾ ਅਫ਼ਗਾਨਾ' ਨੇ ਜਦੋਂ ਰੋਜ਼ਾਨਾ ਸਪੋਕਸਮੈਨ ਰਾਹੀਂ 'ਗੁਰਬਿਲਾਸ ਪਾਤਸ਼ਾਹੀ ਛੇਵੀਂ' ਉਤੇ ਅਧਾਰਤ ਸਿੱਖ ਇਤਿਹਾਸ ਦੇ ਮੁਢਲੇ ਸ੍ਰੋਤਾਂ ਵਿਚ ਬਿਪਰਵਾਦ ਦੀ ਮਿਲਾਵਟ ਦਾ ਮਸਲਾ ਉਭਾਰਿਆ ਤਾਂ ਸ. ਮਨਜੀਤ ਸਿੰਘ ਕਲਕੱਤਾ ਦੀ ਸਲਾਹ ਮੰਨ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਰਜ ਪ੍ਰਕਾਸ਼ ਵਿਚੋਂ ਬਿਪਰਵਾਦੀ ਟੱਪਲੇ ਦੂਰ ਕਰਨ ਦੀ ਸੇਵਾ ਪ੍ਰਸਿੱਧ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਹੁਰਾਂ ਨੂੰ ਸੌਂਪੀ ਗਈ, ਕਿਉਂਕਿ ਗੁਰਦੁਆਰਿਆਂ ਵਿਚ ਇਸ ਦੀ ਕਥਾ ਹੋਣ ਕਰ ਕੇ ਸਿੱਖਾਂ ਵਿਚ ਇਸ ਗ੍ਰੰਥ ਦੀ ਬਾਕੀਆਂ ਨਾਲੋਂ ਵਧੇਰੇ ਮਾਨਤਾ ਹੈ।

ਇਸ ਨੂੰ ਅਧਾਰ ਬਣਾ ਕੇ ਹੀ ਬਾਕੀ ਦੇ ਕਈ ਇਤਿਹਾਸ ਲਿਖੇ ਗਏ। ਇਹੀ ਕਾਰਨ ਹੈ ਕਿ ਇਸ ਵਿਚ ਰਲਗਢ ਵੀ ਵਧੇਰੇ ਹੋਈ ਹੈ। ਪਰ ਦੁੱਖ ਦੀ ਗੱਲ ਹੈ ਕਿ ਕਲਕੱਤਾ ਜੀ ਦੀ ਉਪਰੋਕਤ ਰੀਝ ਗੁਰਮਤਿ ਸੂਝ ਦੀ ਸਹਾਇਕ ਘਾਟ ਅਤੇ ਸਿੱਖ ਆਗੂਆਂ ਦੀ ਰਾਜਨੀਤਕ ਸਾਂਝ ਦੇ ਪ੍ਰਭਾਵ ਹੇਠ ਡਾ. ਸਾਹਿਬ ਦੇ ਚਲਾਣੇ ਕਾਰਨ ਪੂਰੀ ਨਾ ਹੋ ਸਕੀ। ਅਠਾਰਵੀਂ ਸਦੀ ਦੇ ਅੰਤ ਅਤੇ ਸਿੱਖ ਮਿਸਲਾਂ ਦੇ ਜ਼ਮਾਨੇ ਪਿੰਡ ਭਾਦਸੋਂ (ਪਰਗਨਾ ਥਨੇਸਰ) ਦੇ ਵਸਨੀਕ ਭਾਈ ਕੇਸਰ ਸਿੰਘ ਭੱਟ ਦੇ ਦੋ ਵਿਦਵਾਨ ਸਪੁੱਤਰ ਸਨ, ਜਿਨ੍ਹਾਂ ਵਿਚੋਂ ਇਕ ਦਾ ਨਾਂ ਸੀ ਭਾਈ ਸਰੂਪ ਸਿੰਘ 'ਕੌਸ਼ਿਸ਼'। ਉਸ ਨੇ ਅਪਣੇ ਬਜ਼ੁਰਗਾਂ ਦੀਆਂ ਗੁਰੂ ਸਾਹਿਬਾਨ ਸਬੰਧੀ ਲਿਖੀਆਂ ਭੱਟ ਵਹੀਆਂ ਦੀ ਫੋਲਾਫਾਲੀ ਕਰ ਕੇ ਭਟਾਖਰੀ ਲਿਪੀ ਵਿਚ ਸੰਨ 1790 'ਚ 'ਗੁਰੂ ਕੀਆਂ ਸਾਖੀਆਂ' ਨਾਂ ਦੀ ਪੁਸਤਕ ਤਿਆਰ ਕੀਤੀ।

 

70-80 ਸਾਲ ਬਾਦ ਭਾਈ ਛੱਜੂ ਸਿੰਘ ਭੱਟ ਨੇ ਉਪਰੋਕਤ ਪੁਸਤਕ ਨੂੰ ਭਟਾਖਰੀ ਤੋਂ ਗੁਰਮੁਖੀ ਲਿਖਤ ਵਿਚ ਲਿਆਂਦਾ। ਚੰਗੇ ਭਾਗਾਂ ਨੂੰ ਸਾਹਿਤਕ ਖੋਜੀ ਪ੍ਰੋ. ਪਿਆਰਾ ਸਿੰਘ 'ਪਦਮ' ਹੁਰਾਂ ਨੂੰ 'ਸ਼ਹੀਦ ਬਿਲਾਸ' ਭਾਈ ਮਨੀ ਸਿੰਘ ਦੇ ਕਰਤਾ ਗਿ. ਗਰਜਾ ਸਿੰਘ ਜੀ ਦੁਆਰਾ 'ਗੁਰੂ ਕੀਆਂ ਸਾਖੀਆਂ' ਦੀ ਕੀਤੀ ਇਕ ਨਕਲ ਉਨ੍ਹਾਂ ਪਾਸੋਂ ਪ੍ਰਾਪਤ ਹੋਈ, ਜੋ ਪਦਮ ਜੀ ਨੇ ਸੰਨ 1986 ਵਿਚ ਸੋਧ-ਸਵਾਰ ਕੇ ਸੰਪਾਦਿਤ ਕੀਤੀ ਤੇ ਛਪਵਾਈ। ਅਜਿਹੀ ਗੌਰਵਤਾ ਭਰਪੂਰ ਪੁਸਤਕ ਨੇ ਹੀ ਸੱਭ ਤੋਂ ਪਹਿਲਾਂ ਪਿੰਡ ਝਬਾਲ (ਪੱਟੀ, ਸ੍ਰੀ ਅੰਮ੍ਰਿਤਸਰ) ਦੀ ਜੰਮਪਲ ਮਾਤਾ ਭਾਗ ਕੌਰ (ਮਾਈ ਭਾਗੋ) ਜੀ ਦਾ ਪਤਾ ਦਿਤਾ ਹੈ।

ਲਿਖਿਆ ਹੈ ਕਿ ਉਹ ਮਾਝੇ ਦੇ ਪੱਟੀ ਨਗਰ ਤੋਂ ਇਕੱਠੇ ਹੋ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸ਼ਹੀਦ ਹੋਣ ਦੀ ਮਾਤਮੀ ਪ੍ਰਚਾਵਨੀ ਲਈ ਅਤੇ ਗੁਰੂ ਜੀ ਦਾ ਹਕੂਮਤ ਨਾਲ ਸਮਝੌਤਾ ਕਰਵਾਉਣ ਦੇ ਇਰਾਦੇ ਨਾਲ ਇਕ ਪੰਚਾਇਤ ਦੇ ਰੂਪ ਜਿਹੜੇ 40 ਸਿੱਖ ਚੱਲੇ, ਮਾਤਾ ਭਾਗ ਕੌਰਾਂ ਉਨ੍ਹਾਂ ਨਾਲ ਨਾਲ ਇਕਤਾਲਵੀਂ ਸੀ।
(ਬਾਕੀ ਅਗਲੇ ਹਫ਼ਤੇ)
ਸੰਪਰਕ : (ਨਿਊਯਾਰਕ) 1-631-455-5164