Shimla: ਸੈਲਾਨੀਆਂ ਦੀ ਖਿੱਚ ਦਾ ਕੇਂਦਰ ਸ਼ਿਮਲਾ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

9 ਜੁਲਾਈ 2008 ਨੂੰ ਕਾਲਕਾ-ਸ਼ਿਮਲਾ ਰੇਲਲਾਈਨ ਨੂੰ ਸੰਯੁਕਤ ਰਾਸ਼ਟਰ ਦੇ ਸਭਿਆਚਾਰਕ ਸੰਗਠਨ (ਯੂਨੈਸਕੋ) ਦੀ ਵਿਰਾਸਤੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ।

Shimla

ਹਿਮਾਚਲ ਪ੍ਰਦੇਸ਼ ਵਿਚ ਬਹੁਤ ਸਾਰੇ ਖ਼ੂਬਸੂਰਤ ਸੈਲਾਨੀ ਕੇਂਦਰ ਵੇਖਣਯੋਗ ਹਨ ਜਿਨ੍ਹਾਂ ਵਿਚ ਕੁਫ਼ਰੀ, ਧਰਮਸ਼ਾਲਾ, ਡਲਹੌਜ਼ੀ, ਕੁੱਲੂ-ਮਨਾਲੀ ਅਤੇ ਚੈਲ ਆਦਿ ਦੇ ਨਾਂ ਬੜੇ ਪ੍ਰਸਿੱਧ ਹਨ। ਇਨ੍ਹਾਂ ਵਿਚੋਂ ਸ਼ਿਮਲਾ ਅਪਣੀ ਖ਼ੂਬਸੂਰਤੀ ਕਰ ਕੇ ਜ਼ਿਆਦਾ ਪ੍ਰਸਿੱਧ ਹੈ। ਇਥੇ ਬੱਸ ਰਾਹੀਂ ਵੀ ਜਾਇਆ ਜਾ ਸਕਦਾ ਹੈ ਤੇ ਕਾਲਕਾ ਤੋਂ ਛੋਟੀ ਰੇਲਗੱਡੀ ਰਾਹੀਂ ਵੀ ਪਹੁੰਚਿਆ ਜਾ ਸਕਦਾ ਹੈ। ਵੈਸੇ ਤਾਂ ਸ਼ਿਮਲਾ ਜਾਣ ਦਾ ਅਸਲੀ ਮਜ਼ਾ ਰੇਲਗੱਡੀ ਰਾਹੀਂ ਸਫ਼ਰ ਕਰਨ ਵਿਚ ਹੀ ਹੈ। ਸਫ਼ਰ ਦੌਰਾਨ 105 ਸੁਰੰਗਾਂ ਵਿਚੋਂ ਜਦੋਂ ਰੇਲਗੱਡੀ ਲੰਘਦੀ ਹੈ ਤਾਂ ਨਜ਼ਾਰਾ ਵੇਖਣਯੋਗ ਹੁੰਦਾ ਹੈ। ਇਸ ਲਾਈਨ ਦੀ ਸੱਭ ਤੋਂ ਵੱਡੀ ਸੁਰੰਗ 1144 ਮੀਟਰ ਬੜੋਗ ਦੀ ਹੈ।

9 ਜੁਲਾਈ 2008 ਨੂੰ ਕਾਲਕਾ-ਸ਼ਿਮਲਾ ਰੇਲਲਾਈਨ ਨੂੰ ਸੰਯੁਕਤ ਰਾਸ਼ਟਰ ਦੇ ਸਭਿਆਚਾਰਕ ਸੰਗਠਨ (ਯੂਨੈਸਕੋ) ਦੀ ਵਿਰਾਸਤੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਸ਼ਿਮਲਾ ਨੂੰ ਰੇਲ ਮਾਰਗ ਨਾਲ ਜੋੜਨ ਦਾ ਕੰਮ 1 ਨਵੰਬਰ 1903 ਨੂੰ ਚਾਲੂ ਕੀਤਾ ਗਿਆ ਸੀ। 762 ਗੇਜ ਉਪਰ ਇਸ ਦੀ ਲੰਮਾਈ 96 ਕਿਲੋਮੀਟਰ ਦੇ ਲਗਭਗ ਹੈ। ਇਸ ਪਟੜੀ ਨੂੰ ਸ਼ਿਮਲਾ ਨਾਲ ਜੋੜਨ ਲਈ ਸਿਵਲ ਇੰਜੀਨੀਅਰ ਅਤੇ ਇਕ ਆਜੜੀ ਦੀ ਸਹਾਇਤਾ ਨਾਲ ਸਰਵੇਖਣ ਕੀਤਾ ਗਿਆ। ਇਸ ਦੇ ਰਾਹ ਵਿਚ 769 ਪੁਲਾਂ ਦੀ ਉਸਾਰੀ ਕੀਤੀ ਗਈ ਅਤੇ 18 ਰੇਲਵੇ ਸਟੇਸ਼ਨ ਉਸਾਰੇ ਗਏ। ਇਕ ਸੌ ਪੰਜ ਸੁਰੰਗਾਂ ਬਣਾਈਆਂ ਗਈਆਂ। ਇਸ ਦੀ ਗਤੀ ਵੱਧ ਤੋਂ ਵੱਧ 22 ਕਿਲੋਮੀਟਰ ਪ੍ਰਤੀ ਘੰਟਾ ਅਤੇ ਘੱਟ ਤੋਂ ਘੱਟ 8 ਕਿਲੋਮੀਟਰ ਪ੍ਰਤੀ ਘੰਟਾ ਹੈ। 

ਸ਼ਿਮਲਾ ਚੋਣਵੇ ਪਹਾੜੀ ਇਲਾਕਿਆਂ ਵਿਚੋਂ ਇਕ ਹੈ। ਸਮੁੰਦਰ ਤਲ ਤੋਂ ਸ਼ਿਮਲਾ ਦੀ ਉਚਾਈ 2180 ਮੀਟਰ ਹੈ। ਇਥੋਂ ਦਾ ਮੌਸਮ ਜੂਨ-ਜੁਲਾਈ ਦੇ ਮਹੀਨੇ ਵਿਚ ਜਦੋਂ ਸਾਰਾ ਉੱਤਰੀ ਭਾਰਤ ਗਰਮੀ ਨਾਲ ਹਾਲੋ-ਬੇਹਾਲ ਹੁੰਦਾ ਹੈ ਤਾਂ ਇਥੋਂ ਦਾ ਮੌਸਮ ਪੰਜਾਬ-ਹਰਿਆਣਾ ਦੇ ਦਸੰਬਰ ਮਹੀਨੇ ਵਰਗਾ ਹੁੰਦਾ ਹੈ। ਗਰਮੀਆਂ ਵਿਚ ਇਥੋਂ ਦਾ ਤਾਪਮਾਨ ਵੱਧ ਤੋਂ ਵੱਧ 20 ਡਿਗਰੀ ਸੈਲਸੀਅਸ ਹੁੰਦਾ ਹੈ। ਸਰਦੀਆਂ ਵਿਚ ਘੱਟ ਤੋਂ ਘੱਟ 10 ਡਿਗਰੀ ਸੈਲਸੀਅਸ ਅਤੇ ਕਈ ਵਾਰ ਇਸ ਤੋਂ ਵੀ ਹੇਠਾਂ ਆ ਜਾਂਦਾ ਹੈ। ਇਸ ਦੀ ਖੋਜ ਇਕ ਅੰਗਰੇਜ਼ ਸੈਨਾ ਅਧਿਕਾਰੀ ਲੈਫ਼ਟੀਨੈਂਟ ਰੋਸ ਨੇ ਗੋਰਖਾ ਯੁਧ ਦੌਰਾਨ ਕੀਤੀ ਅਤੇ ਇਥੇ ਮਿਲਟਰੀ ਛਾਉਣੀ ਸਥਾਪਤ ਕੀਤੀ। 

ਇਸ ਥਾਂ ’ਤੇ ਜਾਣ ਲਈ ਸੈਲਾਨੀਆਂ ਦਾ ਦਿਲ ਕਾਹਲਾ ਪਿਆ ਰਹਿੰਦਾ ਹੈ। ਇਸ ਸੰਸਥਾ ਨੂੰ ਪਹਿਲਾਂ ‘ਵਾਇਸਰੀਗਲ ਲਾਜ’ ਦੇ ਨਾਂ ਨਾਲ ਅਤੇ ‘ਰਾਸ਼ਟਰਪਤੀ ਨਿਵਾਸ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ। ਇਥੇ ਦੇਸ਼ ਦੀ ਵੰਡ ਨਾਲ ਸਬੰਧਤ ਦਸਤਾਵੇਜ਼ਾਂ ਉਤੇ ਦਸਤਖ਼ਤ ਹੋਏ ਸਨ। ਇਸ ਮੇਜ਼ ਉਪਰ ਬੈਠ ਕੇ ਪੰਡਤ ਜਵਾਹਰ ਲਾਲ ਨਹਿਰੂ, ਮੁਹੰਮਦ ਅਲੀ ਜਿਨਾਹ, ਲਾਰਡ ਮਾਉਂਟ ਬੈਟਨ ਅਤੇ ਬਲਦੇਵ ਸਿੰਘ ਦਰਮਿਆਨ ਦੇਸ਼ ਦੀ ਵੰਡ ਦੇ ਸਵਾਲ ਤੇ ਅਹਿਮ ਗੱਲਬਾਤ ਹੋਈ ਸੀ। ਉਹ ਮੇਜ਼ ਅਜੇ ਵੀ ਇਸ ਸੰਸਥਾ ਵਿਚ ਮੌਜੂਦ ਹੈ।

ਇਹ ਵੀ ਪਤਾ ਲੱਗਾ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਇਸ ਮੇਜ਼ ਦੇ ਵੀ ਦੋ ਟੁਕੜੇ ਕਰ ਦਿਤੇ ਗਏ ਹਨ। ਸ਼ਿਮਲੇ ਤੋਂ 16 ਕਿਲੋਮੀਟਰ ਦੂਰ ਕੁਫ਼ਰੀ ਵੀ ਵੇਖਣਯੋਗ ਸਥਾਨ ਹੈ। ਇਥੇ 28 ਜੂਨ 1972 ਨੂੰ ਸ਼ਿਮਲਾ ਸਮਝੌਤਾ ਹੋਇਆ ਸੀ। ਇਹ ਸਮਝੌਤਾ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨੀ ਰਾਸ਼ਟਰਪਤੀ ਜੁਲੀਫਿਕਾਰ ਅਲੀ ਭੁੱਟੋ ਨੇ ਕੀਤਾ ਸੀ ਜੋ ਕਿ ‘ਸ਼ਿਮਲਾ ਸਮੌਝਤਾ’ ਦੇ ਨਾਂ  ਨਾਲ ਮਕਬੂਲ ਹੋਇਆ।

ਇਸ ਸ਼ਹਿਰ ਦੇ ਵਿਚਕਾਰ ਇਕ ਉੱਚਾ ਸਥਾਨ ਹੈ ਜਿਸ ਨੂੰ ‘ਰਿਜ’ ਕਿਹਾ ਜਾਂਦਾ ਹੈ। ਮਾਲ ਰੋਡ ਦੇ ਰਸਤੇ ਜਾਂ ਲੱਕੜ ਬਜ਼ਾਰ ਦੇ ਰਸਤੇ ਆਰਾਮ ਨਾਲ ਚਲਦੇ ਹੋਏ ਸੈਲਾਨੀ ਰਿਜ ਉਪਰ ਪਹੁੰਚ ਜਾਂਦੇ ਹਨ। ਪਛਮੀ ਕਿਨਾਰੇ ਇਕ ਚਰਚ ਬਣਿਆ ਹੋਇਆ ਹੈ। ਇਸ ਦੇ ਖੱਬੇ ਪਾਸੇ ਹੀ ਇਕ ਪੁਸਤਕ ਭਵਨ ਬਣਿਆ ਹੈ ਜੋ ਰਿਜ ਦੇ ਹੁਸਨ ਵਿਚ ਹੋਰ ਵਾਧਾ ਕਰਦਾ ਹੈ।

ਸ਼ਾਮ ਨੂੰ ਰਿਜ ਉਪਰ ਬਹੁਤ ਚਹਿਲ-ਪਹਿਲ ਹੁੰਦੀ ਹੈ। ਰਿਜ ਉਪਰ ਗੱਡੀਆਂ ਵਗ਼ੈਰਾ ਲਿਜਾਣ ਦੀ ਮਨਾਹੀ ਹੈ ਅਤੇ ਇਥੇ ਗੱਡੀਆਂ ਵਗ਼ੈਰਾ ਦਾ ਰੁਕਣਾ ਜਾਂ ਕੂੜਾ ਕਰਕਟ ਖੁਲੇਆਮ ਸੁਟਣਾ ਮਨ੍ਹਾਂ ਹੈ। ਉਲੰਘਣਾ ਕਰਨ ਵਾਲੇ ਨੂੰ 50 ਤੋਂ 500 ਰੁਪਏ ਤਕ ਜੁਰਮਾਨਾ ਹੋ ਸਕਦਾ ਹੈ। ਇਸ ਲਈ ਕਾਨੂੰਨ ਦੀ ਪਾਲਣਾ ਕਰਨ ਵਿਚ ਹੀ ਭਲਾਈ ਹੈ। ਇਥੇ ਵਿਕਾਸ ਨਿਗਮ ਰਾਹੀਂ ਚਲਾਈ ਗਈ ਯਾਤਰਾ ਲਿਫ਼ਟ ਕੋਰਟ ਰੋਡ, ਮਾਲ ਰੋਡ ਨੂੰ ਜੋੜਦੀ ਹੈ। ਇਥੇ ਕਪੜੇ ਦੀਆਂ ਦੁਕਾਨਾਂ, ਸੁੱਕੇ ਮੇਵੇ ਤੇ ਫ਼ੱਲ ਮਿਲਦੇ ਹਨ।

ਇਥੇ ਰਹਿਣ ਲਈ ਹੋਟਲ ਅਤੇ ਖਾਣ ਪੀਣ ਲਈ ਢਾਬੇ ਮੌਜੂਦ ਹਨ। ਇਸ ਦੇ ਨਾਲ ਸਬਜ਼ੀ ਮੰਡੀ ਅਤੇ ਲੋਅਰ ਬਾਜ਼ਾਰ ਹੈ। ਲੱਕੜ ਬਾਜ਼ਾਰ ਵਿਚ ਲੱਕੜ ਤੋਂ ਬਣਿਆ ਵਧੀਆ ਸਮਾਨ ਬਹੁਤ ਮਸ਼ਹੂਰ ਹੈ। ਖ਼ਾਸ ਕਰ ਕੇ ਵਿਦੇਸੀ ਸੈਲਾਨੀ ਇਥੋਂ ਖ਼ਰੀਦਦਾਰੀ ਕਰਦੇ ਹਨ। ਇਥੋਂ ਦੀਆਂ ਦੁਕਾਨਾਂ ਤੋਂ ਪ੍ਰਸਿੱਧ ਕੁਲੂ ਸ਼ਾਲ ਮਿਲਦੇ ਹਨ। ਸ਼ਿਮਲੇ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਜਾਖੂ ਮੰਦਰ, ਜੋ ਕਿ ਸੱਭ ਤੋਂ ਉੱਚੀ ਚੋਟੀ ਦੀ ਉੱਚਾਈ 2254 ਕਿਲੋਮੀਟਰ ਹੈ। ਇਸ ਚੋਟੀ ਉਪਰ ਹਨੂੰਮਾਨ ਮੰਦਰ ਹੈ। ਇਸ ਚੋਟੀ ਤੋਂ ਸ਼ਿਮਲੇ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲਦਾ ਹੈ।

ਉੱਚਾਈ ਹੋਣ ਕਰ ਕੇ ਹਰਿਆਵਲ ਤੇ ਸੰਘਣੇ ਦਰਖ਼ੱਤਾਂ ਦੇ ਜੰਗਲ ਸਵੇਰ ਵੇਲੇ ਨੀਲੀ ਭਾਅ ਮਾਰਦੇ ਹਨ। ਦੇਵਦਾਰ, ਚੀੜ, ਕੈਲ, ਦਿਆਰ ਦੇ ਦਰਖ਼ੱਤਾਂ ਤੋਂ ਜੂਨ-ਜੁਲਾਈ ਦੇ ਮਹੀਨਿਆਂ ਵਿਚ ਵੱਖੋ ਵੱਖਰੇ ਫੁੱਲ ਖਿੜਦੇ ਹਨ। ਪਹਾੜਾਂ ਵਿਚ ਫੁੱਲਾਂ ਦਾ ਖਿੜਨਾ ਅਚੰਭੇ ਤੋਂ ਘੱਟ ਨਹੀਂ। ਇਸ ਘਾਟੀ ਨੂੰ ਕੁਦਰਤ ਨੇ ਅਥਾਹ ਸੁੰਦਰਤਾ ਬਖ਼ਸ਼ੀ ਹੋਈ ਹੈ। ਇਨ੍ਹਾਂ ਥਾਵਾਂ ’ਤੇ ਸੈਲਾਨੀਆਂ ਨੂੰ ਖ਼ਾਸ ਕਰ ਕੇ ਕੁਦਰਤ ਪ੍ਰੇਮੀਆਂ ਨੂੰ ਇਕ ਵਾਰ ਜ਼ਰੂਰ ਫੇਰਾ ਪਾਉਣਾ ਚਾਹੀਦਾ ਹੈ। ਇਹ ਜਗ੍ਹਾ ਸੈਲਾਨੀਆਂ ਲਈ ਸਵਰਗ ਤੋਂ ਘੱਟ ਨਹੀਂ।

ਮੈਂ ਅਤੇ ਮੇਰੇ ਸਾਥੀ ਗੁਰਜੰਟ ਸਿੰਘ ਖੋਖਰ, ਗੁਰਮੇਲ ਸਿੰਘ ਸਿਸ਼ਾਲ, ਜਗਰੂਪ ਸਿੰਘ ਜੰਡੂ, ਹਰਜਿੰਦਰ ਸਿੰਘ ਸੋਨਾ, ਨਾਹਰ ਸਿੰਘ, ਹਰਵਿੰਦਰ ਸਿੰਘ ਆਦਿ 6 ਦਿਨ ਸ਼ਿਮਲੇ ਦੇ ਆਸਪਾਸ ਦੀਆਂ ਥਾਵਾਂ ਘੁੰਮਣ ਗਏ। ਮੇਰਾ ਮਨ ਦੇਵਦਾਰ ਦੇ ਦਰਖ਼ੱਤਾਂ ਅਤੇ ਉੱਚੇ-ਉੱਚੇ ਪਹਾੜਾਂ, ਝਰਨਿਆਂ ਨੇ ਮੋਹ ਲਿਆ। ਕੁਦਰਤ ਦੀ ਸੁੰਦਰਤਾ ਵੇਖ ਕੇ ਜੀ ਕਰਦਾ ਸੀ ਕਿ ਮੈਂ ਇਥੇ ਹੀ ਵੱਸ ਜਾਵਾਂ ਪਰ... ਸਮੇਂ ਦੀ ਘਾਟ ਹੋਣ ਕਰ ਕੇ ਵਾਪਸ ਘਰ ਨੂੰ ਪਰਤ ਆਏ।
- ਪਿੰਡ ਤੇ ਡਾਕ ਭਾਈ ਰੂਪਾ ਫੂਲ, ਬਠਿੰਡਾ