ਅੱਜ ਦਾ ਇਤਿਹਾਸ 19 ਦਸੰਬਰ

ਵਿਚਾਰ, ਵਿਸ਼ੇਸ਼ ਲੇਖ

1922 - ਮਹੰਤ ਹਰੀ ਸਿੰਘ ਨੇ ਦਿੱਲੀ ਦੇ ਗੁਰਦੁਆਰੇ ਸ਼ੋਮਣੀ ਕਮੇਟੀ ਨੂੰ ਸੌਂਪ ਦਿੱਤੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਇਮ ਹੋਣ ਤੋਂ ਪਹਿਲਾਂ ਹੀ ਸਿੱਖਾਂ ਨੇ ਗੁਰਦੁਆਰਾ ਚੁਮਾਲਾ ਸਾਹਿਬ ਲਾਹੌਰ, ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ, ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਕਬਜ਼ਾ ਕਰ ਲਿਆ ਸੀ। 15-16 ਨਵੰਬਰ 1920 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਹੋ ਗਈ। ਸ਼੍ਰੋਮਣੀ ਕਮੇਟੀ ਕਾਇਮ ਹੋਣ ਦੇ ਅਗਲੇ ਦਿਨ ਹੀ ਖ਼ਬਰ ਪੁੱਜੀ ਕਿ ਗੁਰਦੁਆਰਾ ਪੰਜਾ ਸਾਹਿਬ ਦਾ ਮਹੰਤ ਮਿੱਠਾ ਸਿੰਹ ਮਰ ਗਿਆ ਹੈ। ਇਸ 'ਤੇ ਕਰਤਾਰ ਸਿੰਘ ਝੱਬਰ ਨੇ 18 ਨਵੰਬਰ ਦੇ ਦਿਨ ਕੁਝ ਸਿੰਘਾਂ ਨੂੰ ਨਾਲ ਲਿਆ ਅਤੇ ਪਿੰਡ ਹਸਨ ਅਬਦਾਲ ਵੱਲ ਚਾਲੇ ਪਾ ਦਿੱਤੇ।ਪੰਜਾ ਸਾਹਿਬ ਗੁਰਦੁਆਰੇ 'ਤੇ ਕਬਜ਼ਾ ਕਰਨ ਵੇਲੇ ਕਰਤਾਰ ਸਿੰਘ ਝੱਬਰ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਤੋਂ ਮਗਰੋਂ ਇਸ ਨੂੰ ਕਾਇਮ ਰੱਖਣ ਵਾਸਤੇ ਇਕ ਪੱਕੇ ਜਥੇ ਦੀ ਜ਼ਰੂਰਤ ਹੈ। ਇਸ ਦੇ ਨਤੀਜੇ ਵਜੋਂ 14 ਦਸੰਬਰ 1920 ਦੇ ਦਿਨ ''ਗੁਰਦੁਆਰਾ ਸੇਵਕ ਦਲ'' (ਮਗਰੋਂ ਅਕਾਲੀ ਦਲ) ਕਾਇਮ ਹੋਇਆ।ਉਨ੍ਹੀਂ ਦਿਨ੍ਹੀਂ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਬਾਬਾ ਅਟੱਲ ਅਤੇ ਦਰਬਾਰ ਸਾਹਿਬ ਤਰਨਤਾਰਨ ਦਾ ਸਰਬਰਾਹ ਇਕੋ ਸੀ ਜਿਸ ਕਰ ਕੇ ਇਨ੍ਹਾਂ ਸਾਰਿਆਂ ਦਾ ਇੰਤਜ਼ਾਮ ਇਕੋ ਥਾਂ ਤੋਂ ਹੁੰਦਾ ਸੀ ਪਰ ਇਨ੍ਹਾਂ ਚੌਹਾਂ ਦੇ ਪੁਜਾਰੀ ਵੱਖਰੇ-ਵੱਖਰੇ ਸਨ। ਉਨ੍ਹੀਂ ਦਿਨ੍ਹੀਂ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਬਾਬਾ ਅਟੱਲ ਅਤੇ ਦਰਬਾਰ ਸਾਹਿਬ ਤਰਨਤਾਰਨ ਦਾ ਸਰਬਰਾਹ ਇਕੋ ਸੀ ਜਿਸ ਕਰ ਕੇ ਇਨ੍ਹਾਂ ਸਾਰਿਆਂ ਦਾ ਇੰਤਜ਼ਾਮ ਇਕੋ ਜਗਹ ਤੋਂ ਹੁੰਦਾ ਸੀ ਪਰ ਇਨ੍ਹਾਂ ਚੌਹਾਂ ਦੇ ਪੁਜਾਰੀ ਵੱਖਰੇ-ਵੱਖਰੇ ਸਨ।ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਤਾਂ ਸਿੱਖਾਂ ਨੇ ਕਬਜ਼ਾ ਕਰ ਲਿਆ ਪਰ ਤਰਨ ਤਾਰਨ ਦਾ ਇੰਤਜ਼ਾਮ ਅਜੇ ਵੀ ਇਕ ਕੁਰਪਟ ਮਹੰਤ ਦੇ ਹੱਥ ਵਿਚ ਸੀ । 25 ਜਨਵਰੀ 1921 ਦੀ ਸਵੇਰ ਦੀ ਪਹਿਲੀ ਗੱਡੀ 'ਤੇ ਭੁੱਚਰ 40 ਸਿੱਖਾਂ ਨੂੰ ਲੈ ਕੇ ਤਰਨ ਤਾਰਨ ਚਲੇ ਗਏ। ਸ਼ਾਮ ਸਾਢੇ ਪੰਜ ਵਜੇ ਤਕ ਇਹ ਸਮਝੌਤਾ ਤੈਅ ਹੋ ਗਿਆ।ਰਾਤ ਸਾਢੇ ਅੱਠ ਵਜੇ ਦੋ ਪੁਜਾਰੀ ਉੱਥੇ ਆਏ ਅਤੇ ਉਨ੍ਹਾਂ ਨੇ ਸਿੱਖ ਆਗੂਆਂ ਨੂੰ ਸਮਝੌਤੇ ਦਾ ਕਾਗ਼ਜ਼ ਲਿਆਉਣ ਵਾਸਤੇ ਆਖਿਆ।ਏਨੇ ਵਿਚ ਹੀ ਇਕ ਦਸਤੀ ਬੰਬ ਉਨ੍ਹਾਂ ਕੋਲ ਆ ਡਿੱਗਾ। ਇਸ ਪਿੱਛੋਂ ਚਾਰ ਪੰਜ ਹੋਰ ਬੰਬ ਉੱਥੇ ਸੁੱਟੇ ਗਏ। ਇਸ ਨਾਲ ਕਈ ਬੰਦੇ ਜ਼ਖ਼ਮੀ ਹੋ ਗਏ। ਇਹ ਗੋਲੇ ਗੁਰਦਿੱਤ ਸਿਘ ਪੁਜਾਰੀ ਦੇ ਮਕਾਨ ਦੇ ਨਾਲ-ਨਾਲ ਦੂਜੇ ਬੁੰਗਿਆਂ ਤੋਂ ਵੀ ਸੁੱਟੇ ਗਏ ਸਨ। 10 ਵਜੇ ਪੁਲਿਸ ਪਹੁੰਚ ਗਈ ਅਤੇ ਵਾਕਿਆ ਵੇਖਿਆ। ਪੁਲੀਸ ਨੇ ਸ਼ਰਾਬੀ ਪੁਜਾਰੀ ਵੀ ਵੇਖੇ। 26 ਜਨਵਰੀ 1921 ਦੇ ਦਿਨ ਐਸ.ਪੀ. ਅੰਮ੍ਰਿਤਸਰ ਆ ਗਿਆ। ਉਸ ਨੇ ਦੋਹਾਂ ਧਿਰਾਂ ਨਾਲ ਗੱਲਬਾਤ ਕੀਤੀ। ਜ਼ਿਲ੍ਹਾ ਮਜਿਸਟਰੇਟ ਨੇ ਮੌਕੇ ਦੀ ਨਜ਼ਾਕਤ ਸਮਝਦਿਆਂ ਮਹੰਤਾਂ ਨੂੰ ਗੁਰਦੁਆਰੇ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ।


26 ਜਨਵਰੀ 1921 ਦੇ ਦਿਨ ਤਰਨ ਤਾਰਨ ਦੇ ਗੁਰਦੁਆਰੇ 'ਤੇ ਕਬਜ਼ੇ ਮਗਰੋਂ ਕੁਝ ਹੋਰ ਗੁਰਦੁਆਰੇ ਵੀ ਸਿੱਖਾਂ ਨੇ ਆਜ਼ਾਦ ਕਰਵਾਏ। ਸਭ ਤੋਂ ਪਹਿਲਾਂ ਗੁਰਦੁਆਰਾ ਖਰਾ ਸੌਦਾ ਦੇ ਦਰਸ਼ਨ ਕਰਨ ਆਈ ਸੰਗਤ ਨੇ, ਗੁਰਦੁਆਰਾ ਕੇਰ ਸਾਹਿਬ ਨੂੰ, 8 ਫਰਵਰੀ 1921 ਦੇ ਦਿਨ ਆਜ਼ਾਦ ਕਰਵਾਇਆ। 10 ਫਰਵਰੀ ਦੇ ਦਿਨ ਭਾਈ ਗੜ੍ਹੀਆ ਦੀ ਯਾਦ ਵਿਚ ਮਾਛੀ ਕੇ ਵਿਚ ਬਣੇ ਗੁਰਦੁਆਰੇ ਨੂੰ ਆਜ਼ਾਦ ਕਰਵਾਇਆ ਗਿਆ। 11 ਫਰਵਰੀ ਦੇ ਦਿਨ ਖਡੂਰ ਸਾਹਿਬ ਗੁਰਦੁਆਰਾ ਦੇ ਮਹੰਤ ਨੇ ਖਰਾ ਸੌਦਾ ਬਾਰ ਦੇ ਅਕਾਲੀ ਜਥੇ ਨਾਲ ਲਿਖਤੀ ਸਮਝੌਤਾ ਕੀਤਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਨੇਮਾਂ ਮੁਤਾਬਿਕ ਚਲੇਗਾ (ਪਰ ਨਾਨਕਾਣਾ ਸਾਹਿਬ ਦੇ ਸਾਕੇ ਮਗਰੋਂ ਉਹ ਫੇਰ ਵਿਟਰ ਗਿਆ। ਅਖ਼ੀਰ ਸਿੱਖਾਂ ਨੇ 18 ਫ਼ਰਵਰੀ 1921 ਦੇ ਦਿਨ ਗੁਰਦੁਆਰਾ ਖਡੂਰ ਸਾਹਿਬ 'ਤੇ ਵੀ ਕਬਜ਼ਾ ਕਰ ਲਿਆ। 17 ਫਰਵਰੀ ਦੀ ਮੀਟਿੰਗ ਵਿਚ ਝੱਬਰ, ਲਛਮਣ ਸਿੰਘ ਤੇ ਬੂਟਾ ਸਿੰਘ ਸ਼ੇਖੂਪੁਰਾ ਨੇ ਯੋਜਨਾ ਬਣਾਈ ਕਿ ਬੂਟਾ ਸਿੰਘ 19 ਫਰਵਰੀ ਨੂੰ ਨਾਨਕਾਣਾ ਸਾਹਿਬ ਪੁਜ ਜਾਵੇ। ਉਸੇ ਰਾਤ ਲਛਮਣ ਸਿੰਘ ਦਾ ਜਥਾ ਚੰਦਰਕੋਟ ਪਹੁੰਚ ਜਾਵੇਗਾ। (ਚੰਦਰਕੋਟ ਨਾਨਕਾਣਾ ਸਾਹਿਬ ਤੋਂ ਕੁਝ ਕੁ ਕਿਲੋਮੀਟਰ ਹੈ)। ਦੂਜੇ ਪਾਸਿਓਂ ਝੱਬਰ ਦਾ ਜਥਾ ਆ ਜਾਵੇਗਾ ਤੇ ਦੋਵੇਂ ਜਥੇ 20 ਫਰਵਰੀ ਦੀ ਸਵੇਰ ਨੂੰ ਨਾਨਕਾਣਾ ਸਾਹਿਬ ਗੁਰਦੁਆਰੇ ਦਾ ਕਬਜ਼ਾ ਲੈ ਲੈਣਗੇ। ਉਧਰ 19 ਫਰਵਰੀ 1921 ਨੂੰ ਬਾਅਦ ਦੁਪਹਿਰ ਮਹੰਤ ਨਨਕਾਣਾ ਸਾਹਿਬ ਸਟੇਸ਼ਨ 'ਤੇ ਪੌਣੇ ਚਾਰ ਵਜੇ ਲਾਹੌਰ ਜਾਣ ਵਾਲੀ ਗੱਡੀ ਫੜਨ ਵਾਸਤੇ ਪਹੁੰਚ ਚੁੱਕਾ ਸੀ। ਇਸ ਮੌਕੇ 'ਤੇ ਇਕ ਮੁਸਲਮਾਨ ਔਰਤ ਉਸ ਕੋਲ ਆਈ ਤੇ ਉਸ ਨੂੰ ਦੱਸਿਆ ਕਿ ਸਿੱਖਾਂ ਦਾ ਇਕ ਜਥਾ ਬੁੱਚੇਆਣਾ ਪਹੁੰਚ ਚੁੱਕਿਆ ਹੈ। ਮਹੰਤ ਨੇ ਲਾਹੌਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਅਤੇ ਵਾਪਿਸ ਆ ਕੇ ਸਾਰੇ ਗੁੰਡਿਆਂ ਨੂੰ ਟਕੂਏ ਤੇ ਹੋਰ ਹਥਿਆਰ ਵੰਡ ਦਿੱਤੇ।ਲਛਮਣ ਸਿੰਘ ਧਾਰੋਵਾਲੀ ਦਾ ਜਥਾ ਸਵੇਰੇ 6 ਵਜੇ ਗੁਰਦੁਆਰਾ ਜਨਮ ਅਸਥਾਨ ਵਿਚ ਪਹੁੰਚਿਆ ਸੀ। ਉਨ੍ਹਾਂ ਅੰਦਰ ਪਹੁੰਚ ਕੇ, ਮੱਥਾ ਟੇਕ ਕੇ, ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਚਿਰ ਕੀਰਤਨ ਜਾਰੀ ਰਿਹਾ। ਏਨੇ ਚਿਰ ਵਿਚ ਮਹੰਤ ਨੇ ਗੁੰਡਿਆਂ ਨੂੰ ਅਸਲਾ ਦੇ ਕੇ ਪੁਜ਼ੀਸ਼ਨਾਂ ਸੰਭਾਲ ਦਿੱਤੀਆਂ। ਮਹੰਤ ਨੇ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਬੰਦ ਕਰ ਦਿੱਤੇ। ਥੋੜ੍ਹੇ ਚਿਰ ਵਿਚ ਹੀ ਮਹੰਤ ਨੇ ਉਨ੍ਹਾਂ ਨੂੰ ਕਤਲੇਆਮ ਦਾ ਹੁਕਮ ਜਾਰੀ ਕਰ ਦਿੱਤਾ। ਹੁਕਮ ਮਿਲਦਿਆਂ ਹੀ ਰਾਂਝਾ, ਰਿਹਾਨਾ ਅਤੇ ਦੋ ਹੋਰ ਕਾਤਿਲਾਂ ਨੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਣਾ ਸ਼ੁਰੂ ਕਰ ਦਿੱਤਾ। ਜਦੋਂ ਸਾਰੇ ਸਿੱਖ ਕਤਲ ਕਰ ਦਿੱਤੇ ਗਏ ਤਾਂ ਮਹੰਤ ਨੇ ਸਾਰੀਆਂ ਲਾਸ਼ਾਂ ਇਕੱਠੀਆਂ ਕਰਨ ਦਾ ਹੁਕਮ ਦਿੱਤਾ।20 ਫ਼ਰਵਰੀ ਸਵੇਰੇ ਕਰਤਾਰ ਸਿੰਘ ਝੱਬਰ ਜਥੇ ਸਮੇਤ ਨਾਨਕਾਣੇ ਪੁੱਜਾ। ਸ:ਬ: ਮਹਿਤਾਬ ਸਿੰਘ ਵਾਪਿਸ ਚਲੇ ਗਏ ਤੇ ਕਮਿਸ਼ਨਰ ਨੂੰ ਸਮਝਾਇਆ ਕਿ ਸਿੱਖਾਂ ਦਾ ਹੜ੍ਹ ਆ ਜਾਣ ਮਗਰੋਂ ਹਾਲਾਤ ਕੰਟਰੋਲ ਹੇਠ ਨਹੀਂ ਆ ਸਕਣਗੇ, ਇਸ ਕਰ ਕੇ ਗੁਰਦੁਆਰੇ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਨੂੰ ਦੇਣਾ ਠੀਕ ਰਹੇਗਾ। ਕੁਝ ਹੀ ਚਿਰ ਵਿਚ ਝੱਬਰ ਦਾ ਜਥਾ ਨਨਕਾਣਾ ਪਹੁੰਚ ਗਿਆ। ਫ਼ੌਜ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਏਨੀਆਂ ਸ਼ਹੀਦੀਆਂ ਮਗਰੋਂ ਮੌਤ ਦਾ ਡਰ ਕਿਸੇ ਸਿੱਖ ਨੂੰ ਰੋਕ ਨਹੀਂ ਸਕਦਾ ਸੀ। ਫ਼ੌਜ ਵੀ ਹਰਗਿਜ਼ ਗੋਲੀ ਚਲਾਉਣ ਜਾਂ ਕਿਸੇ ਹੋਰ ਐਕਸ਼ਨ ਲੈਣ ਦਾ ਖ਼ਤਰਾ ਮੁੱਲ ਲੈਣ ਵਾਸਤੇ ਤਿਆਰ ਨਹੀਂ ਸੀ।ਅਖ਼ੀਰ ਮੌਕੇ ਦੀ ਨਜ਼ਾਕਤ ਨੂੰ ਮਹਿਸੂਸ ਕਰਦਿਆਂ ਸਰਕਾਰ ਨੇ ਇਕ ਸੱਤ-ਮੈਂਬਰੀ ਸਿੱਖ ਕਮੇਟੀ ਨੂੰ ਗੁਰਦੁਆਰੇ ਦੀਆਂ ਚਾਬੀਆਂ ਸੌਂਪ ਦਿੱਤੀਆਂ।ਇਸ ਮਗਰੋਂ ਕੁਝ ਮਹੰਤਾਂ ਨੇ ਅਕਲ ਕਰਦਿਆਂ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ। ਦਿੱਲੀ ਦੇ ਗੁਰਦੁਆਰੇ ਮਹੰਤ ਹਰੀ ਸਿੰਘ ਨੇ 19 ਦਸੰਬਰ 1922 ਦੇ ਦਿਨ ਸ਼ੋਮਣੀ ਕਮੇਟੀ ਨੂੰ ਸੌਂਪ ਦਿੱਤੇ। ਇਸ ਮਗਰੋਂ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਿਆਂ ਜਿਨ੍ਹਾਂ ਉੱਤੇ ਸੋਢੀ ਪਰਿਵਾਰ ਦਾ ਕਬਜ਼ਾ ਸੀ ਨੇ ਵੀ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ।



1924 - ਬੱਬਰ ਅਕਾਲੀ ਸਾਧਾ ਸਿੰਘ ਪੰਡੋਰੀ ਨਿੱਢਰਾਂ ਦੀ ਜੇਲ੍ਹ ਵਿਚ ਮੌਤ ਹੋ ਗਈ।  

ਨਾਨਕਾਣਾ ਸਾਹਿਬ ਦੇ ਸਾਕੇ ਨੇ ਜਿੱਥੇ ਆਮ ਸਿੱਖਾਂ ਵਿਚ ਰੋਸ ਪੈਦਾ ਕੀਤਾ, ਉੱਥੇ ਨੌਜਵਾਨਾਂ, ਸਾਬਕ ਗ਼ਦਰੀ ਆਗੂਆਂ ਅਤੇ ਫ਼ੌਜੀਆਂ ਵਿਚ ਜ਼ਬਰਦਸਤ ਰੋਹ ਵੀ ਪੈਦਾ ਕੀਤਾ।ਇਸ ਸਾਕੇ ਮਗਰੋਂ ਕੁਝ ਖਾੜਕੂ ਨੌਜਵਾਨ ਆਪਸ ਵਿਚ ਮਿਲੇ ਅਤੇ ਸਾਕੇ ਦੇ ਇਨ੍ਹਾਂ ਜ਼ਿੰਮੇਦਾਰ ਸ਼ਖ਼ਸਾਂ ਨੂੰ ਸੋਧਣ (ਕਤਲ ਕਰਨ) ਦਾ ਮਤਾ ਪਾਸ ਕੀਤਾ। ਇਸ ਮਗਰੋਂ ਭਾਈ ਕਿਸ਼ਨ ਸਿੰਘ ਗੜਗੱਜ ਨੇ 'ਚਕਰਵਰਤੀ ਜਥਾ' ਬਣਾ ਲਿਆ। ਇਸ ਜਥੇ ਦਾ ਮਕਸਦ ਪੰਥ ਦੋਖੀਆਂ ਨੂੰ ਸਜ਼ਾ ਦੇਣਾ, ਟਾਊਟਾਂ ਤੇ ਝੋਲੀ ਚੁੱਕਾਂ ਨੂੰ ਸੋਧਣਾ, ਅੰਗਰੇਜ਼ਾਂ ਦੇ ਖ਼ਿਲਾਫ਼ ਪ੍ਰਚਾਰ ਕਰਨਾ ਸੀ। ਉਨ੍ਹੀਂ ਦਿਨੀਂ ਭਾਈ ਕਿਸ਼ਨ ਸਿੰਘ ਤੋਂ ਇਲਾਵਾ ਭਾਈ ਕਰਮ ਸਿੰਘ ਦੌਲਤਪੁਰੀ ਵੀ ਅਜਿਹਾ ਹੀ ਇਕ ਵਖਰਾ ਜਥਾ ਬਣਾ ਕੇ ਕਾਰਵਾਈਆਂ ਕਰ ਰਹੇ ਸਨ। ਕੁਝ ਚਿਰ ਮਗਰੋਂ ਇਸ ਸੋਚ ਦੇ ਸਾਰੇ ਸਿੱਖ ਇਕਠੇ ਹੋ ਗਏ ਤੇ ਉਨ੍ਹਾ ਨੇ ਸਾਂਝੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਇਕ ਖ਼ੁਫੀਆ ਅਖ਼ਬਾਰ ਵੀ ਸ਼ੁਰੂ ਕਰ ਲਿਆ। ਇਸ ਅਖ਼ਬਾਰ ਦਾ ਐਡੀਟਰ ਕਰਮ ਸਿੰਘ ਦੌਲਤਪੁਰੀ ਸੀ। ਉਹ ਆਪਣੇ ਨਾਂ ਨਾਲ 'ਬਬਰ' ਤਖ਼ੱਲੁਸ ਲਿਖਿਆ ਕਰਦਾ ਸੀ। ਹੌਲੀ-ਹੌਲੀ ਇਨ੍ਹਾਂ ਦੇ ਜਥੇ ਦਾ ਨਾਂ ਬਬਰ ਅਕਾਲੀ ਜਥਾ ਮਸ਼ਹੂਰ ਹੋ ਗਿਆ। ਇਸ ਜਥੇ ਦੀ ਅਖ਼ਬਾਰ 'ਗੜਗੱਜ ਅਕਾਲੀ' ਨੇ ਬਹੁਤ ਸਾਰੇ ਖਾੜਕੂਆਂ ਨੂੰ ਆਪਣੇ ਨਾਲ ਜੋੜ ਲਿਆ। ਹੌਲੀ-ਹੌਲੀ ਇਸ ਜਥੇ ਵਿਚ ਬਹੁਤ ਸਾਰੇ ਨੌਜਵਾਨ ਸ਼ਾਮਿਲ ਹੋ ਗਏ। ਬਬਰ ਅਕਾਲੀਆਂ ਨੇ ਬਹੁਤ ਸਾਰੇ ਸਰਕਾਰੀ ਟਾਊਟ, ਸਰਕਾਰੀ ਸੂਹੀਏ ਜਗੀਰਦਾਰ ਤੇ ਹੋਰ ਮੁਜਰਿਮ ਕਤਲ ਕੀਤੇ। ਉਨ੍ਹਾਂ ਨੇ ਕਈ ਥਾਵਾਂ 'ਤੇ ਡਾਕੇ ਮਾਰ ਕੇ ਅਸਲਾ ਤੇ ਦੌਲਤ ਵੀ ਲੁਟੀ। 1922 ਤੋਂ 1924 ਤਕ ਬਬਰ ਅਕਾਲੀ ਲਹਿਰ ਆਪਣੇ ਸਿਖਰ 'ਤੇ ਸੀ। ਇਸ ਲਹਿਰ ਦੇ ਦੌਰਾਨ ਹੀ ਕਈ ਆਗੂ ਗ੍ਰਿਫ਼ਤਾਰ ਕਰ ਲਏ ਗਏ। ਕਰਮ ਸਿੰਘ ਦੌਲਤਪੁਰ, ਬਿਸ਼ਨ ਸਿੰਘ, ਮਹਿੰਦਰ ਸਿੰਘ ਬਬੇਲੀ 'ਚ 1 ਸਤੰਬਰ 1923 ਦੇ ਦਿਨ, ਬੰਤਾ ਸਿੰਘ ਧਾਮੀਆਂ ਤੇ ਜਵਾਲਾ ਸਿੰਘ 12 ਦਸੰਬਰ 1923 ਦੇ ਦਿਨ ਮੰਡੇਰ ਵਿਚ, ਵਰਿਆਮ ਸਿੰਘ ਧੁੱਗਾ 8 ਜੂਨ 1924 ਦੇ ਦਿਨ ਐਕਸ਼ਨ ਦੇ ਦੌਰਾਨ ਸ਼ਹੀਦ ਹੋ ਗਏ। ਧੰਨਾ ਸਿੰਘ ਬਹਿਬਲਪੁਰ ਜਦ ਘਿਰ ਗਿਆ ਤਾਂ ਉਸ ਨੇ ਬੰਬ ਦਾ ਪਿੰਨ ਖਿੱਚ ਕੇ ਕਈ ਗੋਰੇ ਤੇ ਦੇਸੀ ਪੁਲਸੀਏ ਵੀ ਮਾਰ ਦਿੱਤੇ।

ਬੱਬਰਾਂ ਦੇ ਕੇਸ ਵਿਚ 96 ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ 'ਤੇ ਮੁਕਦਮਾ ਚਲਾਇਆ ਗਿਆ। ਕੇਸ ਦੌਰਾਨ ਬਬਰਾਂ ਨੇ ਪੈਰਵੀ ਕਰਨ ਤੋਂ ਨਾਂਹ ਕਰ ਦਿੱਤੀ। ਬਲਕਿ ਕਿਸ਼ਨ ਸਿੰਘ ਗੜਗੱਜ ਨੇ ਤਾਂ ਅਦਾਲਤ ਵਿਚ ਬਿਆਨ ਦੇ ਕੇ ਸ਼ਰੇਆਮ ਐਕਸ਼ਨ ਕਰਨਾ ਕਬੂਲ ਕੀਤਾ ਅਤੇ ਕਿਹਾ ਕਿ ਅਸੀਂ ਅੰਗਰੇਜ਼ੀ ਅਦਾਲਤਾਂ ਨੂੰ ਨਹੀਂ ਮੰਨਦੇ ਅਤੇ ਧਰਮ ਵਾਸਤੇ ਜਾਨਾਂ ਦੇਣ ਵਾਸਤੇ ਹਰ ਵੇਲੇ ਤਿਆਰ ਹਾਂ।

ਗ੍ਰਿਫ਼ਤਾਰ ਬੱਬਰਾਂ ਵਿਚੋਂ ਸੁੰਦਰ ਸਿੰਘ ਹਯਾਤਪੁਰ 13 ਦਸੰਬਰ 1924 ਦੇ ਦਿਨ ਅਤੇ ਸਾਧਾ ਸਿੰਘ ਪੰਡੋਰੀ ਨਿੱਝਰਾਂ 19 ਦਸੰਬਰ 1924 ਦੇ ਦਿਨ ਮੁਕੱਦਮੇ ਦੌਰਾਨ ਜੇਲ੍ਹ ਵਿਚ ਚੜ੍ਹਾਈ ਕਰ ਗਏ।


1952 - ਆਂਧਰਾ ਦਾ ਆਗੂ ਪੋਟੋ ਰੁਮੁਲੂ ਭੁੱਖ ਹੜਤਾਲ ਕਰ ਕੇ ਮਰ ਗਿਆ।  

ਮਈ 1952 ਵਿਚ ਪੰਜਾਬ ਵਿਚ ਭੀਮ ਸੈਨ ਸੱਚਰ ਦੀ ਫ਼ਿਰਕੂ ਹਿੰਦੂ ਅਸਰ ਵਾਲੀ ਕੈਬਨਿਟ ਬਣੀ। ਸਿੱਖਾਂ ਵਿਚ ਇਸ ਦੇ ਖ਼ਿਲਾਫ਼ ਬੜਾ ਰੋਸ ਫੈਲਿਆ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਂਗਰਸ ਦੇ ਚਾਪਲੂਸ ਸਿੱਖਾਂ ਦੇ ਹੱਥਾਂ ਵਿਚ ਸੀ। ਇਸ ਦਾ ਪ੍ਰਧਾਨ ਊਧਮ ਸਿੰਘ ਨਾਗੋਕੇ ਸੀ। ਪੰਜ ਅਕਤੂਬਰ 1952 ਨੂੰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਹੋਈ ਜਿਸ ਵਿਚ ਅਕਾਲੀ ਦਲ ਦੇ ਉਮੀਦਵਾਰ ਪ੍ਰੀਤਮ ਸਿੰਘ ਖੁੜੰਜ 78 ਵੋਟਾਂ ਲੈ ਕੇ ਨਾਗੋਕੇ ਗਰੁਪ ਦੇ ਮਾਸਟਰ ਨਾਹਰ ਸਿੰਘ ਨੂੰ 7 ਵੋਟਾਂ ਤੇ ਹਰਾ ਕੇ ਕਾਮਯਾਬ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਦੇ ਕਬਜ਼ੇ ਵਿਚ ਆਉਣ ਮਗਰੋਂ ਅਕਾਲੀ ਦਲ ਦੀ ਸਟੇਜ ਦਾ ਮਸਲਾ ਹੱਲ ਹੋ ਗਿਆ। ਹੁਣ ਪੰਜਾਬੀ ਸੂਬੇ ਦੀ ਮੰਗ ਵਧੇਰੇ ਜ਼ੋਰ ਨਾਲ ਸ਼ੁਰੂ ਹੋ ਗਈ। ਨਵੰਬਰ 1952 ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖ ਸਟੂਡੈਂਟਜ਼ ਫ਼ੈਡਰੇਸ਼ਨ ਦੀ ਕਨਵੈਨਸ਼ਨ ਵਿਚ ਬੋਲਦਿਆਂ ਪੰਜਾਬੀ ਸੂਬੇ ਦੀ ਮੰਗ ਦੁਹਰਾਈ। ਮਾਸਟਰ ਜੀ ਨੇ 30 ਦਸੰਬਰ 1952 ਦੇ ਦਿਨ ਪਟਨਾ ਸਾਹਿਬ ਵਿਖੇ ਹਿੰਦੂ ਫ਼ਿਰਕਾਪ੍ਰਸਤਾਂ 'ਤੇ ਪੰਜਾਬੀ ਸੂਬੇ ਦੀ ਹੱਕੀ ਮੰਗ ਦੀ ਨਾਜਾਇਜ਼ ਮੁਖ਼ਾਲਫ਼ਤ ਦਾ ਇਲਜ਼ਾਮ ਲਾਇਆ। ਇੰਞ ਹੌਲੀ-ਹੌਲੀ ਹਰ ਪਾਸੇ ਪੰਜਾਬੀ ਸੂਬੇ ਦੀ ਹਿਮਾਇਤ ਦਾ ਮਾਹੌਲ ਸ਼ੁਰੂ ਹੋ ਗਿਆ।ਇਨ੍ਹਾਂ ਦਿਨਾਂ ਵਿਚ, 19 ਦਸੰਬਰ 1952 ਦੇ ਦਿਨ, ਤੇਲਗੂ ਆਗੂ ਪੋਟੀ ਸਰੀ ਰੁਮੂਲੂ, ਬੋਲੀ ਦੇ ਅਧਾਰ 'ਤੇ ਆਂਧਰਾ ਪਰਦੇਸ਼ ਦੀ ਕਾਇਮੀ ਵਾਸਤੇ, ਮਰਨ ਵਰਤ ਰੱਖ ਕੇ ਜਾਨ 'ਤੇ ਖੇਡ ਗਿਆ। ਇਸ ਨਾਲ ਆਂਧਰਾ ਸੂਬਾ ਤਾਂ ਬਣਨਾ ਹੀ ਸੀ ਪਰ ਨਾਲ ਹੀ ਪੰਜਾਬੀ ਸੂਬੇ ਦੀ ਮੰਗ ਦਾ ਬਿਗਲ ਵੀ ਵੱਜ ਗਿਆ। ਇਸ ਦਾ ਪਹਿਲਾ ਪੜਾਅ ਸੀ ਪੈਪਸੂ ਅਕਾਲੀ ਦਲ ਦੇ ਪ੍ਰਧਾਨ ਸੰਪੂਰਨ ਸਿੰਘ ਰਾਮਾ ਦਾ ਮਰਨ ਵਰਤ ਰੱਖਣ ਦਾ ਐਲਾਨ। ਸੰਪੂਰਨ ਸਿੰਘ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਪਰ ਕੁਝ ਦਿਨ ਮਗਰੋਂ ਸਿਹਤ ਖ਼ਰਾਬ ਹੋਣ ਦੀ ਬਿਨਾਅ ਤੇ ਛੁਡਵਾ ਦਿੱਤਾ ਗਿਆ।


1988 - ਕਾਰਜ ਸਿੰਘ ਸਰਪੰਚ ਭੂਰਾ ਕੋਹਨਾ ਅਤੇ ਰੇਸ਼ਮ ਸਿੰਘ ਬੱਗੇ ਕੇ ਖੁਰਦ ਦੀ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦੀ ਹੋਈ।  

19 ਦਸੰਬਰ 1988 ਦੇ ਦਿਨ ਪੰਜਾਬ ਪੁਲਸ ਨੇ ਕਾਰਜ ਸਿੰਘ ਪੁੱਤਰ ਸੂਬਾ ਸਿੰਘ, ਸਰਪੰਚ ਭੂਰਾ ਕੋਹਨਾ, ਅੰਮ੍ਰਿਤਸਰ ਅਤੇ ਰੇਸ਼ਮ ਸਿੰਘ ਉਰਫ਼ ਸ਼ੇਰ ਸਿੰਘ ਪੁੱਤਰ ਜਗੀਰ ਸਿੰਘ, ਵਾਸੀ ਬੱਗੇ ਕੇ ਖੁਰਦ, ਫ਼ੀਰੋਜ਼ਪੁਰ ਨੂੰ ਨਕਲੀ ਪੁਲਿਸ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।