ਬੋਧੀ ਭਿਕਸ਼ੂਆਂ ਦੇ ਹਥੌੜੇ ਛੈਣੀਆਂ ਕਈ ਸਦੀਆਂ ਪੱਥਰ ਤਰਾਸ਼ਦੇ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹੋਂਦ ਵਿਚ ਆਈਆਂ ਬਰਾਬਰ ਦੀਆਂ ਗੁਫ਼ਾਵਾਂ.....

Buddhist monks hammer designes the stones from centuries

ਸੰਸਾਰ ਨੂੰ ਬੁਧਮਤ ਦੀ ਅਦੁਤੀ ਦਾਤ ਦੇਣ ਵਾਲੇ ਬਿਹਾਰ ਪ੍ਰਦੇਸ਼ ਦੇ ਮਾਣਮੱਤੇ ਇਤਿਹਾਸ ਵਿਚ ਚੰਦਰ ਗੁਪਤ ਮੌਰੀਆ, ਚੰਦਗੁਪਤ ਵਿਕ੍ਰਮਾਦਿਤਿਆ, ਬਿੰਬੀਮਾਰ, ਅਜਾਤਸ਼ਤਰੂ ਤੇ ਮਹਾਨ ਅਸ਼ੋਕ ਆਦਿ ਪਰਜਾ ਪਾਲਕ ਸ਼ਾਸਕਾਂ ਦੀ ਨਿਵੇਕਲੀ ਥਾਂ ਹੈ। ਇਸ ਪਾਵਨ ਧਰਤੀ ਉਤੇ ਹੀ ਬਾਬੇ ਨਾਨਕ ਪਾਤਸ਼ਾਹ, ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਅਤੇ ਸਿੱਖ ਪੰਥ ਦੇ ਬਾਨੀ ਦਸਮੇਸ਼ ਜੀ ਨੇ ਅਵਤਾਰ ਧਾਰਿਆ। ਬੋਧੀ ਸਾਹਿਤ ਦੀਘ ਨਿਕਾਏ, ਅਗੁੰਤਰ ਨਿਕਾਏ ਤੇ ਮੰਝਮ ਨਿਕਾਏ ਵਿਚ ਬੋਧੀ ਮੱਠ, ਸਤੂਪ, ਚੈਤਿਆ ਤੋਂ ਛੁੱਟ ਗੁਫ਼ਾਵਾਂ ਦਾ ਹਵਾਲਾ ਥਾਂ-ਥਾਂ ਤੇ ਆਉਂਦਾ ਹੈ

ਕਿਉਂਕਿ ਅਡੰਬਰੀ, ਕਰਮਕਾਂਡੀ ਸ਼ਹਿਰੀ ਪੰਡਿਆਂ-ਬ੍ਰਾਹਮਣਾਂ ਦੇ ਰਹਿਣ-ਸਹਿਣ ਤੋਂ ਉਲਟ ਬੋਧੀ ਭਿਖਸ਼ੂ ਆਮ ਤੌਰ ਉਤੇ ਇਕਾਂਤਵਾਸ (ਪਹਾੜੀ ਖ਼ਿੱਤੇ ਵਿਚ) ਰਹਿੰਦੇ ਸਨ। ਇਹ ਭਿਖਸ਼ੂ ਵਿਹਲੜ ਨਾ ਰਹਿ ਕੇ ਕਿਸੇ ਨਾ ਕਿਸੇ ਕੰਮਕਾਰ ਵਿਚ ਰੁਝੇ ਰਹਿਣ ਨੂੰ ਤਰਜੀਹ ਦਿੰਦੇ ਸਨ। ਨਤੀਜਤਨ ਕੋਈ ਨਾ ਕੋਈ ਨਵੀਂ ਕਾਢ ਸਾਹਮਣੇ ਆਉਂਦੀ ਰਹੀ। ਬੋਧੀ ਭਿਖਸ਼ੂਆਂ ਦੀ ਦੇਣ, ਅਜੰਤਾ-ਅਲੋਰਾ ਦੀਆਂ ਜਗਤ ਪ੍ਰਸਿੱਧ ਗੁਫ਼ਾਵਾਂ, ਤੋਂ ਕੌਣ ਮੁਨਕਰ ਹੋ ਸਕਦਾ ਹੈ? ਮਗਧ ਦੇ ਸਮੇਂ ਦੇ ਸ਼ਾਸਕ ਵਿਸ਼ੇਸ਼ਕਰ ਬਿੰਬੀਮਾਰ ਜਾਂ ਬਿੰਦੂਮਾਰ (293-268 ਈ. ਪੂ.) ਤੇ ਅਜਾਤਸ਼ਤਰੂ ਨੇ ਰਾਜਗੀਰ ਦੀ ਸੁਰੱਖਿਆ ਲਈ ਚਾਰ ਦੀਵਾਰੀ ਦਾ ਨਿਰਮਾਣ ਕਰਵਾਇਆ।

ਚੀਨੀ ਬੋਧ ਭਿਖਸ਼ੂ ਯਾਤਰੀ ਫ਼ਾਹਿਯਾਨ (ਯਾਤਰਾ ਸਮਾਂ 399-414 ਈ.) ਤੇ ਹਿਊਨਸਾਂਗ (ਯਾਤਰਾ ਸਮਾਂ 629-645 ਈ.) ਨੇ ਚਾਰ ਦੀਵਾਰੀ ਨੂੰ ਰਾਜਗੀਰ ਦਾ ਅਜੂਬਾ ਹੀ ਨਹੀਂ, ਸਗੋਂ ਅਪਣੇ ਦੇਸ਼ ਦੀ ਸ਼ੁਗ-ਸ਼ਾਂਗ ਕਾਲ ਦੀ ਅਠਾਰਾਂ ਸੌ ਸੀਲ ਲੰਮੀ ਮਹਾਨ ਦੀਵਾਰ ਤੋਂ ਵੀ ਵੱਧ ਪ੍ਰਭਾਵੀ ਦਿੱਖ ਵਾਲੀ ਦੀਵਾਰ ਕਿਹਾ ਸੀ। ਉਪਰੋਕਤ ਸ਼ਾਸਕਾਂ ਦੇ ਸਮੇਂ ਰਾਜਗੀਰ, ਗਯਾ, ਨਾਲੰਦਾ, ਵੈਸ਼ਾਲੀ ਆਦਿ ਵਿਚ ਕਈ ਗੁਫ਼ਾਵਾਂ ਹੋਂਦ ਵਿਚ ਆਈਆਂ। ਇਨ੍ਹਾਂ ਵਿਚੋਂ ਇਕ ਸੀ ਰਾਜਗੀਰ ਦੀ ਸਪਤਾਪ੍ਰਣੀ ਗੁਫ਼ਾ, ਜਿਥੇ ਬੁਧ ਦੇ ਮਹਾਪਰੀਵਾਨ (486 ਈ. ਪੂ.) ਤੋਂ ਬਾਅਦ ਬੋਧੀ ਸੰਘ ਨੇ ਪਹਿਲੀ ਮਹਾਸਭਾ ਬੁਲਾਈ ਸੀ।

ਹਿਊਨਸਾਂਗ ਨੇ ਰਾਜਗੀਰ ਦੀਆਂ ਪਿੱਪਲਾਂ ਇਨਟਰਾਮਲਾ ਨਾਂ ਦੀਆਂ ਗੁਫ਼ਾਵਾਂ ਦਾ ਜ਼ਿਕਰ ਵੀ ਸੀ-ਯੂ-ਕੀ ਵਿਚ ਕੀਤਾ ਹੈ। ਮਹਾਨ ਅਸ਼ੋਕ (268-232 ਈ. ਪੂ.) ਨੇ ਅਪਣੀ ਪੁੱਤਰੀ ਤੇ ਪੁੱਤਰ ਨੂੰ ਬੁਧ ਮਤ ਦੇ ਪ੍ਰਚਾਰ ਹੇਤ ਦੇਸ਼-ਵਿਦੇਸ਼ ਵਿਚ ਭੇਜਿਆ, ਨਾਲ ਹੀ ਨਾਲ ਬੋਧੀ ਮੱਠ, ਸਤੂਪ, ਰੈਤਿਆ ਬਣਵਾਏ, ਸ਼ਿਲਾਲੇਖ ਸਥਾਪਤ ਕੀਤੇ। ਇਸ ਕਾਲ ਦੀਆਂ ਅਜੀਬੋ-ਗ਼ਰੀਬ  ਗੁਫ਼ਾ ਤਰਾਸ਼ਣ ਦੀ ਲੜੀ ਹੇਠ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੀਆਂ ਸੱਤ ਗੁਫ਼ਾਵਾਂ ਦਾ ਬੁਧਮਤ ਵਿਚ ਵਿਸ਼ੇਸ਼ ਸਥਾਨ ਹੈ। ਨਾਲੰਦਾ ਬੋਧੀ ਮਹਾਵਿਹਾਰ ਵਿਚ ਪੜ੍ਹੇ ਦੇਸ਼-ਵਿਦੇਸ਼ ਦੇ ਬੋਧੀ ਭਿਖਸ਼ੂਆਂ ਦੁਆਰਾ

ਇਨ੍ਹਾਂ ਤਰਾਸ਼ੀਆਂ ਗਈਆਂ ਗੁਫ਼ਾਵਾਂ ਨੂੰ ਗ਼ੈਰਬੋਧੀ (ਅਜੀਵਕ ਫ਼ਿਰਕੇ) ਨੂੰ ਭੇਟ ਕਰਨਾ ਅਸ਼ੋਕ ਦੀ ਧਰਮ ਨਿਰਪੇਖ ਨੀਤੀ ਦਾ ਸਬੂਤ ਇਤਿਹਾਸ ਵਿਚ ਦਰਜ ਤਾਂ ਹੈ ਹੀ, ਨਾਲ ਹੀ ਅੱਜ ਦੇ ਲੋਕਰਾਜੀ ਹੱਕਮਾਰ (ਲੋਟੂ) ਲੀਡਰਾਂ ਦੇ ਮੂੰਹ ਤੇ ਵੱਜੀ ਚਪੇੜ ਵੀ ਹੈ। ਦੂਜੇ ਪਾਸੇ ਕਾਰ ਸੇਵਾ ਦੇ ਨਾਂ ਉਤੇ ਪੁਰਾਤਨ ਵਿਰਾਸਤਾਂ ਨੂੰ ਪੱਥਰਾਂ ਦੀ ਚਮਕ ਹੇਠ ਦਬਾਉਣ ਵਾਲੇ ਸਾਧਾਂ ਨੂੰ ਨਸੀਹਤ ਵੀ ਕਿ ਨਵੀਂ ਪੀੜ੍ਹੀ ਨੂੰ ਮਾਣਮੱਤੇ ਇਤਿਹਾਸ ਤੋਂ ਵਾਂਝਿਆਂ ਨਾ ਕਰੋ। ਕਿਹਾ ਜਾਂਦਾ ਹੈ ਕਿ ਰਾਜਗੀਰ ਤੋਂ ਵੈਸ਼ਾਲੀ ਜਾਂਦੇ ਹੋਏ ਬੁਧ ਜਿਸ ਪਹਾੜੀ ਖ਼ਿੱਤੇ ਵਿਚ ਠਹਿਰੇ ਸਨ, ਉਸ ਨੂੰ ਬਰਾਬਰ ਦਾ ਖ਼ਿੱਤਾ ਜਾਂ ਸਾਰਿਆਂ ਦਾ ਸਾਂਝਾ ਅਸਥਾਨ ਕਿਹਾ ਗਿਆ ਹੈ।

ਲਗਭਗ ਪੰਦਰਾਂ ਮੀਲ ਘੇਰੇ ਦਾ ਇਹ ਅਸਥਾਨ ਸੱਤ ਪਹਾੜੀਆਂ ਨਾਲ ਸੁਸ਼ੋਭਿਤ ਤੇ ਸੱਤ ਹੀ ਬਰਾਬਰ ਦੀਆਂ ਗੁਫ਼ਾਵਾਂ ਵੀ ਸੋਭਾਏਮਾਨ ਹਨ। ਬੁਧ ਤੋਂ ਕੋਈ ਢਾਈ ਸਦੀਆਂ ਬਾਅਦ ਆਏ ਜ਼ਬਰਦਸਤ ਭੂਚਾਲ ਨੇ ਇਨ੍ਹਾਂ ਅਸਮਾਨ ਨਾਲ ਜੱਫੀਆਂ ਪਾ ਰਹੀਆਂ ਪਹਾੜੀਆਂ ਨੂੰ ਅਜਿਹਾ ਨੇਸਤੋ-ਨਾਬੂਦ ਕੀਤਾ ਕਿ ਹਜ਼ਾਰਾਂ ਟਨ ਵਜ਼ਨੀ ਹਜ਼ਾਰਾਂ ਪੱਥਰ ਇਧਰ-ਉੱਧਰ ਖਿਲਰੇ ਅਜਬ ਨਜ਼ਾਰਾ ਪੇਸ਼ ਕਰਦੇ ਹਨ। ਬਿਹਾਰ ਵਿਚ ਅਕਸਰ ਭੂਚਾਲ ਤਬਾਹੀ ਮਚਾਉਂਦੇ ਆਏ ਹਨ। ਪਾਟਲੀ ਪੁੱਤਰ (ਅੱਜ ਦਾ ਪਟਨਾ), ਵੈਸ਼ਾਲੀ, ਮੋਤੀਹਾਰੀ, ਗਯਾ, ਸੀਤਾਮੜ੍ਹੀ ਆਦਿ ਖ਼ਿੱਤੇ ਭੂਚਾਲ ਨੇ ਦੇ ਕੇਂਦਰ ਰਹੇ ਹਨ।

ਈਸਾ ਪੂਰਵ ਛੇਵੀਂ, ਚੌਥੀ ਤੇ ਤੀਜੀ ਸਦੀ ਦੇ ਭੂਚਾਲ ਬੜੇ ਮਾਰੂ ਸਨ। ਫ਼ਾਇਯਾਨ ਅਨੁਸਾਰ ਈਸਾ ਪੂਰਬ ਡੇਢ ਸਦੀ ਦੇ ਭੂਚਾਲ ਵਿਚ ਪਾਟਲੀ ਪੁੱਤਰ ਸਥਿਤ ਅਸ਼ੋਕ ਦਾ ਰਾਜ ਮਹਿਲ (ਕਿਲ੍ਹਾ) ਖੰਡਰਾਤ ਵਿਚ ਤਬਦੀਲ ਹੋਇਆ, ਉਸ ਨੇ ਆਪ ਡਿੱਠਾ ਸੀ।  ਗੰਗਾ ਕਿਨਾਰੇ ਇਹ ਖੰਡਰਾਤ ਅੱਜ ਵੀ ਵੇਖੇ ਜਾ ਸਕਦੇ ਹਨ। ਅਸ਼ੋਕ ਕਾਲ ਵਿਚ ਬੋਧੀ ਭਿਖਸ਼ੂਆਂ ਦੁਆਰਾ ਪੱਥਰ ਤਰਾਸ਼ਣ ਦਾ ਸ਼ੁਰੂ ਹੋਇਆ ਸਿਲਸਿਲਾ ਉਸ ਦੇ ਪੜਪੋਤੇ ਦਸ਼ਰਥ ਦੇ ਸਮੇਂ ਨੇਪਰੇ ਚੜ੍ਹਿਆ। ਪ੍ਰੰਤੂ ਗੁਫ਼ਾਵਾਂ ਦੀ ਚਮਕ-ਦਮਕ ਦਾ ਕੰਮ ਭਿਖਸ਼ੂ ਨਿਜੀ ਤੌਰ ਉਤੇ ਸਦੀਆਂ ਬਾਅਦ (ਸ਼ੁੰਗ ਵੰਸ਼ 180-65 ਈ. ਪੂ.) ਵੀ ਕਰਦੇ ਰਹੇ।

ਗੁਫ਼ਾ ਨੰ. 1 ਦਾ ਪੱਥਰ ਲਗਭਗ ਦੋ ਲੱਖ ਟਨ ਵਜ਼ਨੀ, ਤਿੰਨ ਸੌ ਫ਼ੁੱਟ ਲੰਬਾਈ ਅੱਧ ਵਿਚਾਲਾ ਹਿੱਸਾ, 80 ਫ਼ੁੱਟ ਚੌੜਾਈ, ਜਦੋਂ ਕਿ ਸਿਰੇ ਕੇਵਲ ਢਾਈ ਫ਼ੁੱਟ ਹਨ। ਲਾਲ, ਪੀਲੇ, ਕਾਲੇ, ਸਫ਼ੈਦ ਭਾਅ ਮਾਰਦੇ ਗ੍ਰੈਨਾਈਟ ਪੱਥਰਾਂ ਦੀਆਂ ਚਮਕਦਾਰ ਗੁਫ਼ਾਵਾਂ ਦੇ ਨਾਂ ਹਨ। (1) ਨਾਗਾਅਰਜੁਨ ਗੁਫ਼ਾ (2) ਲਾਮਾ ਸ੍ਰੀ ਗੁਫ਼ਾ (3) ਵਿਸ਼ਵ ਝੌਂਪੜ ਗੁਫ਼ਾ (4) ਸੁਦਾਮਾ ਗੁਫ਼ਾ (5) ਵਿਦਾਨਿਕ ਜਾਂ ਕਰਣ ਚੌਪਾਰ ਗੁਫ਼ਾ। 

ਨਾਗਾਅਰਜੁਨ ਗੁਫ਼ਾ ਦਾ ਸ਼ਿਲਾਲੇਖ ਬ੍ਰਾਹਮਣੀ ਲਿਪੀ ਵਿਚ ਉਕਰਿਆ ਹੋਇਆ ਹੈ। ਇਸ ਸ਼੍ਰੇਣੀ ਦੀਆਂ ਸਾਰੀਆਂ ਗੁਫ਼ਾਵਾਂ ਚਮਕਦਾਰ ਹੋਣ ਦੇ ਬਾਵਜੂਦ ਸਾਦਗੀ ਦੀਆਂ ਜ਼ਿੰਦਾ ਮਿਸਾਲ ਵੀ ਹਨ। ਸੈਂਕੜੇ ਸਦੀਆਂ ਬੀਤਣ ਉਤੇ ਵੀ ਇਨ੍ਹਾਂ ਦੀ ਦਿਖ ਨੂੰ ਰੱਤੀ ਭੋਰਾ ਵੀ ਨੁਕਸਾਨ ਨਹੀਂ ਪਹੁੰਚਿਆ। ਕਰਣ ਚੌਪਾਰ ਗੁਫ਼ਾ ਵੇਹਲ ਮੱਛੀ ਦੇ ਅਕਾਰ ਦੀ ਹੈ। ਇਹ ਲੰਬਾਈ ਵਿਚ 33 ਫ਼ੁਟ ਤੇ ਸਾਢੇ 6 ਇੰਚ, ਕੰਧਾਂ ਦੀ ਉਚਾਈ 6 ਫ਼ੁੱਟ ਤੇ 11 ਇੰਚ, ਵਿਚਕਾਰੋਂ ਉੱਚਾਈ 10 ਫ਼ੁੱਟ , ਨਿਰਮਾਣ ਕਾਲ 245 ਈਸਾ ਪੂਰਵ ਭਾਵ ਕਿ ਅਸ਼ੋਕ ਕਾਲ ਦਾ ਆਖ਼ਰੀ ਸਮਾਂ ਸੀ।

ਇਸ ਦਾ ਸ਼ਿਲਾਲੇਖ ਵੀ ਬ੍ਰਹਮੀ ਲਿਪੀ ਦਾ ਹੈ ਜਿਸ ਦੇ ਸ਼ਬਦ ਹਨ ਬੁਧੀ ਮੂਲ (ਸਿਆਣਪ ਵਰਤੋ), ਮੁਕਤੀ (ਭੈੜੇ ਕੰਮਾਂ ਤੋਂ ਪ੍ਰਹੇਜ਼), ਲਜਿਨਾ (ਰਾਜਾ ਅਸ਼ੋਕ), ਚੰਚਲਾ (ਕਲੇਸ਼ ਕਟਣਾ) ਆਦਿ। ਚੀਨੀ ਭਿਖਸ਼ੂ ਯਾਤਰੀਆਂ ਫਾਹਿਯਾਨ, ਹਿਊਨਸਾਂਗ, ਇਤਸਿੰਗ, ਤਿੱਬਤੀ ਤਾਰਾਚੰਦ ਤੇ ਭਾਰਤੀ ਰਾਹੁਲ ਸਾਂਸਕ੍ਰਿਤਯਾਨ ਨੇ ਬੋਧੀ ਕਲਾਕਾਰਾਂ ਦੀ ਕਲਾ ਨੂੰ ਸਲਾਮ ਕਰਦੇ ਹੋਏ ਕਿਹਾ ਸੀ, ''ਬੋਧੀ ਕਲਾਕਾਰਾਂ ਦੇ ਹਥੌੜਿਆਂ ਤੇ ਛੈਣੀਆਂ ਨੇ ਕੁਦਰਤ ਨੂੰ ਇਸ ਅਸਥਾਨ ਵਿਚ ਬੰਨ੍ਹ ਕੇ ਬਿਠਾ ਦਿਤਾ ਹੈ ਕਿ ਉਹ ਇਥੋਂ ਜਾਣ ਦਾ ਨਾਂ ਹੀ ਨਹੀਂ ਲੈ ਰਹੀ।'' 

ਜਿਵੇਂ ਪਹਿਲਾਂ ਵੀ ਉਲੇਖ ਹੋਇਆ ਹੈ ਕਿ ਬੁਧ ਤੋਂ ਢਾਈ ਸਦੀਆਂ ਪਿਛੇ ਆਏ ਭੂਚਾਲ ਨੇ ਇਨ੍ਹਾਂ ਪਹਾੜੀਆਂ ਨੂੰ ਤਹਿਸ-ਨਹਿਸ ਕੀਤਾ। ਇਧਰ-ਉਧਰ ਖਿਲਰੇ ਤੇ ਇਕ ਦੂਜੇ ਉਤੇ ਟਿਕੇ ਹਜ਼ਾਰਾਂ ਟਨ ਵਜ਼ਨੀ ਪੱਥਰ ਇੰਜ ਪ੍ਰਤੀਤ ਹੁੰਦੇ ਹਨ ਜਿਵੇਂ ਛੋਟੇ-ਛੋਟੇ ਬੱਚਿਆਂ ਨੇ ਖੇਡਣ ਤੋਂ ਬਾਅਦ ਅਪਣੇ ਖਿਡੌਣੇ ਖਿਲਾਰ ਦਿਤੇ ਹੋਣ ਜਾਂ ਆਸੇ-ਪਾਸੇ ਸੁੱਟ ਦਿਤੇ ਹੋਣ। ਇਸ ਵਾਪਰੀ ਕੁਦਰਤੀ ਤਬਾਹੀ ਦੇ ਬਾਵਜੂਦ ਵੀ ਗੁਫ਼ਾ ਨੰ. 1 (ਨਾਗਾਅਰਜੁਨ) ਤੋਂ ਸੌ ਕੁ ਗ਼ਜ਼ ਦੂਰ ਬੁਧ ਸਿੱਧ (ਜਿਸ ਨੂੰ ਬਾਅਦ ਵਿਚ ਸਿੱਧ ਨਾਥ ਦਾ ਨਾਂ ਦਿਤਾ ਗਿਆ ਤੇ ਸਿੱਧ ਨਾਥ ਮੰਦਰ ਨਿਰਮਾਣ ਹੋਇਆ) ਗੁਫ਼ਾ ਵਾਲੀ ਪਹਾੜੀ ਦੀ ਚੋਟੀ ਅਸਮਾਨ ਨਾਲ ਗੱਲਾਂ ਕਰਦੀ ਪ੍ਰਤੀਤ ਹੁੰਦੀ ਹੈ।

ਇਸ ਦੀ ਉੱਚਾਈ ਦਾ ਅੰਦਾਜ਼ਾ ਇਸ ਦੀਆਂ 1200 ਪੌੜੀਆਂ ਤੋਂ ਛੁੱਟ ਸੌ ਫ਼ੁੱਟ ਦੇ ਲਗਭਗ ਦੂਜੀ ਚੜ੍ਹਾਈ ਵੀ ਹੈ ਜੋ ਆਏ ਗਏ ਯਾਤਰੀ ਨੂੰ ਨਾਨੀ ਯਾਦ ਕਰਵਾ ਦੇਂਦੀ ਹੈ। 'ਰੋਜ਼ਾਨਾ ਸਪੋਕਸਮੈਨ' ਵਿਚ ਮੇਰਾ ਪ੍ਰਕਾਸ਼ਿਤ ਹੋਇਆ 24 ਅਗੱਸਤ 2016 ਦਾ ਲੇਖ 'ਬਾਬੇ ਨਾਨਕ ਦੀ ਯਾਦ ਵਿਚ ਬਣੇ ਗਯਾ ਦੇ ਗੁਰਦਵਾਰੇ ਵਿਚ....।' ਇਸ ਦੀ ਫ਼ੋਟੋਸਟੇਟ ਕਾਪੀ ਨਾਗਾਅਰਜੁਨ ਵਾਲੀ ਪਹਾੜੀ ਦੀ ਚੋਟੀ ਤੇ ਸੁਰੱਖਿਅਤ ਰੱਖ ਆਇਆ ਹਾਂ। ਸੱਤ ਸ਼੍ਰੇਣੀ ਦੀਆਂ ਗੁਫ਼ਾਵਾਂ ਗਯਾ ਨਗਰ ਤੋਂ ਕਬੂਤਰ ਉਡਾਰੀ ਮਾਰਗ ਮਹਿਜ਼ 15 ਮੀਲ ਦੂਰ ਹਨ।

ਬੁਧ ਸਿੱਧ ਪਹਾੜੀ ਤੋਂ ਆਸ-ਪਾਸ ਦੇ ਪਿੰਡਾਂ ਵਿਚ ਪਸਰੀ ਗ਼ੁਰਬਤ, ਗਯਾ ਦੀ ਨੀਰ ਤੋਂ ਖਾਲੀ ਨਿਰਜਲਾ ਨਦੀ ਤੇ ਕਰਮਕਾਂਡੀ ਪੰਡਿਆ ਦਾ ਗਯਾ, ਨੰਗੀ ਅੱਖ ਨਾਲ ਵਿਖਾਈ ਦਿੰਦਾ ਹੈ। ਇਸ ਅਸਥਾਨ ਤੇ ਹਰ ਦਿਨ ਸੈਂਕੜੇ ਬੋਧੀ ਭਿਖ਼ਸ਼ੂ 'ਭਵਤੁ ਸੱਭ ਮੰਗਲਮ' ਗਾਉਂਦੇ ਹੋਏ 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਬਾਬੇ ਨਾਨਕ ਦੇ ਸੰਦੇਸ਼ ਦੀ ਤਰਜਮਾਨੀ ਕਰਦੇ ਹੋਏ ਜਾਪਦੇ ਹਨ। ਬਲਿਹਾਰੀ ਕੁਦਰਤ ਵਸਿਆ£ ਤੇਰਾ ਅੰਤ ਨ ਜਾਈ ਲਖਿਆ£੧£ ਰਹਾਉ£ (ਅੰਗ 469) ਪਰ ਇਸ ਲੇਖਕ ਨੇ ਲਖਿਆ (ਵੇਖਿਆ) ਕਿ ਇਸ ਖ਼ਿੱਤੇ ਦੇ ਬਨਵਰੀਆ, ਲੁੱਟ, ਬਜੌਰ ਮਾਰਗ,

ਜੂਬੀਲ ਰੋਡ ਵਿਚ ਲੋਹਗੜ੍ਹ ਤੇ ਸ਼ਾਹਬਾਜ਼ਪੁਰ ਪਿੰਡ ਦੇ ਨਾਂ ਪੰਜਾਬੀ ਸਭਿਅਤਾ ਨਾਲ ਮੇਲ ਖਾਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਦਾ ਲੋਹਗੜ੍ਹ ਕਿਲ੍ਹਾ ਇਤਿਹਾਸਕ ਮਹੱਤਤਾ ਰਖਦਾ ਹੈ। ਲੋਹਗੜ੍ਹ ਪਿੰਡ ਪਹੁੰਚ ਕੇ ਕੁੱਝ ਤੱਥ ਇਕੱਠੇ ਕੀਤੇ, ਜੋ ਤਸੱਲੀ ਬਖ਼ਸ਼ ਨਹੀਂ ਸਨ। ਸਾਹਬਾਜ਼ਪੁਰ ਵਾਸੀ ਨਨੂ ਯਾਦਵ (95) ਤੇ ਹੋਰ ਬਜ਼ੁਰਗਾਂ ਅਨੁਸਾਰ ਸਾਡੇ ਦਾਦੇ-ਪੜਦਾਦੇ ਦਸਿਆ ਕਰਦੇ ਸਨ ਕਿ ਸੈਂਕੜੇ ਸਾਲ ਹੋਏ ਕੁੱਝ ਲੰਮੀਆਂ-ਲੰਮੀਆਂ ਮੁੱਛਾਂ, ਲੰਮੀਆਂ-ਲੰਮੀਆਂ ਤਲਵਾਰਾਂ ਵਾਲੇ, ਲੰਮ-ਸਲੰਮੇ ਘੋੜੇ ਚੜ੍ਹੇ ਲੋਕ ਇਧਰ ਆਏ ਸਨ। ਉਨ੍ਹਾਂ ਕੁੱਝ ਸਾਲ ਇਥੇ ਵਾਸਾ ਕੀਤਾ।

ਉਪਰੰਤ, ਕਿਉਂ ਤੇ ਕਿੱਧਰ ਗਏ, ਇਹ ਸਵਾਲੀਆ ਨਿਸ਼ਾਨ ਹੈ। ਸੋ ਉਪਰੋਕਤ ਤੱਥ ਦਰਸਾਉਂਦੇ ਹਨ ਕਿ ਇਹ ਘੋੜਸਵਾਰ ਸਿੱਖ ਹੀ ਸਨ, ਜਿਨ੍ਹਾਂ ਦਾ ਆਗੂ ਸ਼ਾਹਬਾਜ਼ ਸਿੰਘ ਸੀ ਜਿਸ ਦੇ ਨਾਂ ਤੇ ਪਿੰਡ ਵਸਿਆ ਸਾਹਬਾਜ਼ਪੁਰ। ਮਾਲੂਮ ਹੁੰਦਾ ਹੈ ਕਿ ਇਹ ਸਿੱਖ ਗੁਰੂ ਤੇਗ ਬਹਾਦਰ ਜੀ ਦੇ ਕਾਫ਼ਲੇ ਵਿਚੋਂ ਹੀ ਸਨ। ਗੁਰੂ ਜੀ ਪਟਨਾ (ਸਾਹਿਬ) ਹੁੰਦੇ ਹੋਏ ਆਸਾਮ ਵਲ ਹੋ ਤੁਰੇ। ਉਨ੍ਹਾਂ ਤੋਂ ਨਿਖੜਿਆ ਕਾਫ਼ਲਾ ਰਾਜਗੀਰ, ਗਯਾ ਆਦਿ ਹੁੰਦਾ ਹੋਇਆ ਪਹੁੰਚਿਆ ਹੋਵੇਗਾ ਤੇ ਬਾਬਰ ਦੀਆਂ ਗੁਫ਼ਾਵਾਂ ਵਾਲੀਆਂ ਪਹਾੜੀਆਂ ਦੀ ਛਾਵੇਂ ਛਾਉਣੀ ਪਾਈ ਹੋਵੇਗੀ। 

ਸਿੱਖ ਇਥੇ ਆਏ ਸਨ ਅਤੇ ਲੋਹਗੜ੍ਹ, ਸ਼ਾਹਬਾਜ਼ਪੁਰ ਸਥਾਪਤ ਕਰ ਗਏ ਸਨ

ਇਸ ਖ਼ਿੱਤੇ ਦੇ ਬਨਵਰੀਆ, ਲੁੱਟ, ਬਜੌਰ ਮਾਰਗ, ਜੂਬੀਲ ਰੋਡ ਵਿਚ ਲੋਹਗੜ੍ਹ ਤੇ ਸ਼ਾਹਬਾਜ਼ਪੁਰ ਪਿੰਡ ਦੇ ਨਾਂ ਪੰਜਾਬੀ ਸਭਿਅਤਾ ਨਾਲ ਮੇਲ ਖਾਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਦਾ ਲੋਹਗੜ੍ਹ ਕਿਲ੍ਹਾ ਇਤਿਹਾਸਕ ਮਹੱਤਤਾ ਰਖਦਾ ਹੈ। ਲੋਹਗੜ੍ਹ ਪਿੰਡ ਪਹੁੰਚ ਕੇ ਕੁੱਝ ਤੱਥ ਇਕੱਠੇ ਕੀਤੇ, ਜੋ ਤਸੱਲੀ ਬਖ਼ਸ਼ ਨਹੀਂ ਸਨ। ਸਾਹਬਾਜ਼ਪੁਰ ਵਾਸੀ ਨਨੂ ਯਾਦਵ (95) ਤੇ ਹੋਰ ਬਜ਼ੁਰਗਾਂ ਅਨੁਸਾਰ ਸਾਡੇ ਦਾਦੇ-ਪੜਦਾਦੇ ਦਸਿਆ ਕਰਦੇ ਸਨ ਕਿ ਸੈਂਕੜੇ ਸਾਲ ਹੋਏ ਕੁੱਝ ਲੰਮੀਆਂ-ਲੰਮੀਆਂ ਮੁੱਛਾਂ, ਲੰਮੀਆਂ-ਲੰਮੀਆਂ ਤਲਵਾਰਾਂ ਵਾਲੇ, ਲੰਮ-ਸਲੰਮੇ ਘੋੜੇ ਚੜ੍ਹੇ ਲੋਕ ਇਧਰ ਆਏ ਸਨ।

ਉਨ੍ਹਾਂ ਕੁੱਝ ਸਾਲ ਇਥੇ ਵਾਸਾ ਕੀਤਾ। ਉਪਰੰਤ, ਕਿਉਂ ਤੇ ਕਿੱਧਰ ਗਏ, ਇਹ ਸਵਾਲੀਆ ਨਿਸ਼ਾਨ ਹੈ। ਸੋ ਉਪਰੋਕਤ ਤੱਥ ਦਰਸਾਉਂਦੇ ਹਨ ਕਿ ਇਹ ਘੋੜਸਵਾਰ ਸਿੱਖ ਹੀ ਸਨ, ਜਿਨ੍ਹਾਂ ਦਾ ਆਗੂ ਸ਼ਾਹਬਾਜ਼ ਸਿੰਘ ਸੀ ਜਿਸ ਦੇ ਨਾਂ ਤੇ ਪਿੰਡ ਵਸਿਆ ਸਾਹਬਾਜ਼ਪੁਰ। ਮਾਲੂਮ ਹੁੰਦਾ ਹੈ ਕਿ ਇਹ ਸਿੱਖ ਗੁਰੂ ਤੇਗ ਬਹਾਦਰ ਜੀ ਦੇ ਕਾਫ਼ਲੇ ਵਿਚੋਂ ਹੀ ਸਨ। ਗੁਰੂ ਜੀ ਪਟਨਾ (ਸਾਹਿਬ) ਹੁੰਦੇ ਹੋਏ ਆਸਾਮ ਵਲ ਹੋ ਤੁਰੇ। ਉਨ੍ਹਾਂ ਤੋਂ ਨਿਖੜਿਆ ਕਾਫ਼ਲਾ ਰਾਜਗੀਰ, ਗਯਾ ਆਦਿ ਹੁੰਦਾ ਹੋਇਆ ਪਹੁੰਚਿਆ ਹੋਵੇਗਾ ਤੇ ਬਾਬਰ ਦੀਆਂ ਗੁਫ਼ਾਵਾਂ ਵਾਲੀਆਂ ਪਹਾੜੀਆਂ ਦੀ ਛਾਵੇਂ ਛਾਉਣੀ ਪਾਈ ਹੋਵੇਗੀ। 

ਜਸਵੰਤ ਸਿੰਘ ਨਲਵਾ
ਸੰਪਰਕ : 94669-38792