ਸਿੱਖ ਇਤਿਹਾਸ ਦਾ ਅਹਿਮ ਘਟਨਾਕ੍ਰਮ, ਸਾਕਾ ਨਨਕਾਣਾ ਸਾਹਿਬ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਨਰੈਣੂ ਮਹੰਤ ਦੇ ਕਬਜ਼ੇ 'ਚੋਂ ਗੁਰੂ ਘਰ ਦੀ ਅਜ਼ਾਦੀ ਦੌਰਾਨ ਹੋਈਆਂ ਸੀ ਸ਼ਹੀਦੀਆਂ

photo

 

ਸਿੱਖ ਇਤਿਹਾਸ 'ਚ ਇੱਕ ਅਹਿਮ ਘਟਨਾਕ੍ਰਮ ਵਜੋਂ ਦਰਜ ਹੈ 1921 'ਚ ਵਾਪਰਿਆ ਸਾਕਾ ਨਨਕਾਣਾ ਸਾਹਿਬ, ਜੋ ਪਹਿਲੇ ਪਾਤਸ਼ਾਹ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਦੁਰਾਚਾਰੀ ਨਰੈਣੂ ਮਹੰਤ ਦੇ ਕਬਜ਼ੇ 'ਚੋਂ ਅਜ਼ਾਦੀ ਲਈ ਵਿੱਢੇ ਸੰਘਰਸ਼ ਦੌਰਾਨ ਵਾਪਰਿਆ। 

ਨਰੈਣੂ ਮਹੰਤ ਦਾ ਪੂਰਾ ਨਾ ਨਰਾਇਣ ਦਾਸ ਸੀ, ਜਿਸ ਨੇ ਅੰਗਰੇਜ਼ ਹਕੂਮਤ ਦੀ ਸ਼ਹਿ 'ਤੇ ਇਤਿਹਾਸਕ ਗੁਰੂ ਘਰ 'ਚ ਗ਼ੈਰ-ਪ੍ਰਵਾਨਯੋਗ ਤੇ ਬਹੁਤ ਬੁਰੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਨਰੈਣੂ ਤੇ ਉਸ ਦੇ ਚੇਲਿਆਂ ਵੱਲੋਂ ਔਰਤਾਂ ਨਾਲ ਬਦਸਲੂਕੀਆਂ, ਅਤੇ ਨਾਚੀਆਂ ਦਾ ਨਾਚ ਕਰਵਾਏ ਜਾਣ ਕਾਰਨ ਸੰਗਤ 'ਚ ਉਨ੍ਹਾਂ ਵਿਰੁੱਧ ਰੋਹ ਸਿਖਰਾਂ 'ਤੇ ਪਹੁੰਚ ਚੁੱਕਿਆ ਸੀ। 

ਸਿੱਖ ਕੌਮ ਨੇ ਨਰੈਣੂ ਮਹੰਤ ਨੂੰ ਮਰਿਆਦਾ ਤੋਂ ਉਲਟ ਕਾਰਵਾਈਆਂ ਤੋਂ ਰੋਕਣ ਲਈ ਸਿੱਖਾਂ ਨੇ ਸ਼ਾਂਤਮਈ ਤਰੀਕੇ ਦੀ ਵਿਉਂਤਬੰਦੀ ਕੀਤੀ, ਤਾਂ ਇਸ ਦੀ ਸੂਹ ਮਿਲਣ 'ਤੇ ਨਰੈਣੂ ਮਹੰਤ ਨੇ ਹਥਿਆਰਬੰਦ ਗੁੰਡਿਆਂ ਦੀ ਇੱਕ ਫ਼ੌਜ ਤਿਆਰ ਕਰ ਲਈ। 

ਆਪਣੇ ਸਤਿਕਾਰਤ ਗੁਰੂ ਘਰ ਦੀ ਅਜ਼ਾਦੀ ਲਈ ਜੱਥਾ ਲੈ ਕੇ ਪਹੁੰਚੇ ਭਾਈ ਲਛਮਣ ਸਿੰਘ ਤੇ ਉਨ੍ਹਾਂ ਦੇ ਸਾਥੀਆਂ 'ਤੇ ਮਹੰਤ ਨੇ ਆਪਣੇ ਗੁੰਡਿਆਂ ਹੱਥੋਂ ਭਾਰੀ ਹਮਲਾ ਕਰਵਾ ਦਿੱਤਾ। ਕਈ ਸਿੰਘ ਸ਼ਹੀਦ ਹੋ ਗਏ, ਅਤੇ ਅਨੇਕਾਂ ਹੀ ਜ਼ਖ਼ਮੀ ਹੋਏ। ਮਹੰਤ ਦੇ ਗੁੰਡਿਆਂ ਨੇ ਜ਼ਖ਼ਮੀ ਸਿੱਖਾਂ ਨੂੰ ਤੇਲ ਪਾ-ਪਾ ਕੇ ਸਾੜਨਾ ਸ਼ੁਰੂ ਕਰ ਦਿੱਤਾ। ਜ਼ਖ਼ਮੀ ਹੋਏ ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖਤ ਨਾਲ ਪੁੱਠਾ ਲਮਕਾ ਕੇ ਅੱਗ ਨਾਲ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। 

ਇਸ ਸੰਘਰਸ਼ 'ਚ ਸ਼ਹੀਦੀਆਂ ਦੇ ਕੇ ਸਿੱਖਾਂ ਨੇ ਸ੍ਰੀ ਨਨਕਾਣਾ ਸਾਹਿਬ ਨੂੰ ਭੈੜੇ ਆਚਰਣ ਵਾਲੇ ਮਹੰਤ ਤੋਂ ਅਜ਼ਾਦ ਕਰਵਾਇਆ, ਇਸ ਅਸਥਾਨ ਦਾ ਪ੍ਰਬੰਧ ਕੌਮ ਦੇ ਹੱਥਾਂ 'ਚ ਦਿੱਤਾ, ਅਤੇ ਇੱਥੇ ਗੁਰਮਤਿ ਅਨੁਸਾਰ ਪ੍ਰਬੰਧ ਦੀ ਸ਼ੁਰੂਆਤ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਤਿਕਾਰ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸਮੂਹ ਸ਼ਹੀਦਾਂ ਨੂੰ ਤਹਿ ਦਿਲੋਂ ਸਤਿਕਾਰ।