ਕਿਥੇ ਗਏ ਠੰਢੇ ਬਸਤੇ ਵਿਚ ਪਾਏ ਚਲੇ ਆ ਰਹੇ ਪੰਥਕ ਮੁੱਦੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਿਥੇ ਗਏ ਠੰਢੇ ਬਸਤੇ ਵਿਚ ਪਾਏ ਚਲੇ ਆ ਰਹੇ ਪੰਥਕ ਮੁੱਦੇ?

Sikhs

ਗਣਤੰਤਰ ਦਿਵਸ ਮੌਕੇ ਦਿੱਲੀ ਸਥਿਤ ਗੁ. ਸੀਸਗੰਜ ਦੇ ਸਾਹਮਣੇ ਭਾਈ ਮਤੀਦਾਸ (ਚਾਂਦਨੀ) ਚੌਕ ਵਿਖੇ ਭਾਜਪਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਕ ਲਾਈਟ ਐਂਡ ਸਾਊਂਡ ਸ਼ੋਅ 'ਸਰਬੰਸਦਾਨੀ' ਕੀਤਾ ਗਿਆ। ਇਸ ਸ਼ੋਅ ਵਿਚ ਗੁਰੂ ਸਾਹਿਬ ਦੇ ਜੀਵਨ ਅਤੇ ਕੁਰਬਾਨੀਆਂ ਉਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਸੀ। ਇਸ ਮੌਕੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਡਾ. ਜਤਿੰਦਰ ਸਿੰਘ, ਹਰਦੀਪ ਸਿੰਘ ਪੁਰੀ, ਭਾਜਪਾ ਆਗੂ ਰਾਮ ਲਾਲ, ਅਨਿਲ ਜੈਨ, ਆਰ.ਪੀ. ਸਿੰਘ ਅਤੇ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਆਦਿ ਵੀ ਸ਼ਾਮਲ ਹੋਏ। ਅਮਿਤ ਸ਼ਾਹ ਨੇ ਗੁਰੂ ਸਾਹਿਬ ਪ੍ਰਤੀ ਅਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ 'ਭਾਰਤ ਸਰਕਾਰ ਦੇਸ਼ ਭਰ ਵਿਚ ਗੁਰੂ ਸਾਹਿਬ ਪ੍ਰਤੀ ਸਮਰਪਿਤ ਅਜਿਹੇ 22 ਪ੍ਰੋਗਰਾਮ ਕਰਵਾਉਣ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਜੀਵਨ ਅਤੇ ਕੁਰਬਾਨੀਆਂ ਦਾ ਸੰਦੇਸ਼ ਘਰ ਘਰ ਪਹੁੰਚ ਸਕੇ।' ਅਮਿਤ ਸ਼ਾਹ ਨੇ ਗੁਰੂ ਸਾਹਿਬ ਨੂੰ ਸਮਾਜ ਦੇ ਮਹਾਨ ਪ੍ਰਵਰਤਕ ਕਰਾਰ ਦਿੰਦਿਆਂ ਕਿਹਾ ਕਿ 'ਸਿੱਖ ਅਪਣੀ ਸਮਾਜ ਪ੍ਰਤੀ ਸੇਵਾ ਭਾਵਨਾ ਅਤੇ ਕੁਰਬਾਨੀਆਂ ਦੇ ਸਹਾਰੇ ਦੇਸ਼-ਵਿਦੇਸ਼ ਵਿਚ ਅਪਣੇ ਧਰਮ ਅਤੇ ਗੁਰੂ ਸਾਹਿਬਾਨ ਦਾ ਮਾਣ-ਸਨਮਾਨ ਵਧਾ ਰਹੇ ਹਨ।' ਇਸ ਮੌਕੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬ) ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਮੰਗ ਕੀਤੀ ਕਿ ਸਿੱਖ ਧਰਮ ਦੀ ਆਜ਼ਾਦ ਹੋਂਦ ਨੂੰ ਮਾਨਤਾ ਦੇਣ ਲਈ ਸੰਵਿਧਾਨ ਦੀ ਧਾਰਾ 25(ਬੀ) ਵਿਚ ਸੋਧ ਕੀਤੀ ਜਾਵੇ। ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਉਨ੍ਹਾਂ ਦੀ ਇਸ ਮੰਗ ਦਾ ਪੁਰਜ਼ੋਰ ਸਮਰਥਨ ਕੀਤਾ।ਰਾਜਧਾਨੀ ਵਿਚ ਵਸਦੇ ਆਮ ਸਿੱਖਾਂ ਨੇ ਮਨਜੀਤ ਸਿੰਘ ਜੀ.ਕੇ. ਵਲੋਂ ਸੰਵਿਧਾਨ ਦੀ ਧਾਰਾ 25(ਬੀ) ਵਿਚ ਸੋਧ ਕਰ ਕੇ ਸਿੱਖ ਧਰਮ ਦੀ ਆਜ਼ਾਦ ਹੋਂਦ ਨੂੰ ਮਾਨਤਾ ਦਿਤੇ ਜਾਣ ਦੀ ਕੀਤੀ ਮੰਗ ਅਤੇ ਉਨ੍ਹਾਂ ਦਾ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਸਮਰਥਨ ਦਾ ਸਵਾਗਤ ਕੀਤਾ। ਉਨ੍ਹਾਂ ਸਿੱਖਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਖੀਆਂ ਨੂੰ ਇਹ ਮੰਗ ਕਰਦਿਆਂ ਗੁਰਦਵਾਰਾ ਗਿਆਨ ਗੋਦੜੀ (ਜਿਸ ਮੁੱਦੇ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਗੁਰਦਵਾਰਾ ਕਮੇਟੀ ਪਾਸੋਂ ਖੋਹ ਕੇ ਅਕਾਲ ਤਖ਼ਤ ਕੋਲ ਭੇਜ ਕੇ ਠੰਢੇ ਬਸਤੇ ਵਿਚ ਪੁਆ ਦਿਤਾ ਹੈ), ਗੁਜਰਾਤ ਵਿਚੋਂ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਅਤੇ ਸਿੱਖਾਂ ਨਾਲ ਸਬੰਧਤ ਹੋਰ ਸਮੱਸਿਆਵਾਂ ਦਾ ਸਾਕਾਰਾਤਮਕ ਹੱਲ ਕੱਢਣ ਦੀ ਮੰਗ ਵੀ ਕਰਨੀ ਚਾਹੀਦੀ ਸੀ।
ਸਿੱਖਾਂ ਦੀ ਘੱਟ ਰਹੀ ਅਬਾਦੀ: ਬੀਤੇ ਕੁੱਝ ਸਮੇਂ ਤੋਂ ਸਿੱਖਾਂ ਦੀ ਘਟਦੀ ਜਾ ਰਹੀ ਆਬਾਦੀ ਤੇ ਚਿੰਤਾ ਪ੍ਰਗਟ ਕਰਨ ਦੇ ਸਬੰਧ ਵਿਚ ਜੋ ਵਿਚਾਰ-ਚਰਚਾ ਚਲਦੀ ਰਹੀ ਹੈ, ਉਸ ਉਤੇ ਕੁੱਝ ਸਿੱਖ ਚਿੰਤਕਾਂ ਨੇ ਸਵਾਲ ਉਠਾਏ ਹਨ। ਉਨ੍ਹਾਂ ਪੁਛਿਆ ਕਿ ਕੀ ਸਿੱਖ ਦੀ ਪਛਾਣ ਕੇਵਲ ਕੇਸ ਅਤੇ ਦਸਤਾਰ ਹੀ ਹੋ ਸਕਦੀ ਹੈ? ਕੀ ਉਨ੍ਹਾਂ ਨੂੰ ਸਿੱਖ ਜਾਂ ਸਿੰਘ ਸਵੀਕਾਰ ਕੀਤਾ ਜਾ ਸਕਦਾ ਹੈ ਜੋ ਕੇਸਾਧਾਰੀ ਤਾਂ ਹਨ, ਪਰ ਸਿੱਖ ਇਤਿਹਾਸ, ਉਨ੍ਹਾਂ ਦੀਆਂ ਧਾਰਮਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਤੋਂ ਬਿਲਕੁਲ ਹੀ ਅਨਜਾਣ ਹਨ? ਉਨ੍ਹਾਂ ਚਿੰਤਕਾਂ ਦੀ ਇਹ ਮਾਨਤਾ ਵੀ ਹੈ ਕਿ ਜੇ ਸਿੱਖੀ ਨੂੰ ਖ਼ਤਮ ਹੋਣ ਅਤੇ ਸਿੱਖਾਂ ਦੀ ਅਬਾਦੀ ਨੂੰ ਘਟਣ ਤੋਂ ਬਚਾਉਣਾ ਹੈ, ਤਾਂ ਰਾਜਸੀ ਸਵਾਰਥ ਨੂੰ ਤਿਲਾਂਜਲੀ ਦੇ ਕੇ, ਆਮ ਸਿੱਖਾਂ ਨੂੰ ਸਿੱਖ ਧਰਮ ਅਤੇ ਸਿੱਖ ਇਤਿਹਾਸ ਦੇ ਵਿਰਸੇ ਨਾਲ ਜੋੜਨ ਅਤੇ ਸਿੱਖੀ ਦੀ ਸੰਭਾਲ ਪ੍ਰਤੀ ਗੰਭੀਰ ਹੋਣਾ ਹੋਵੇਗਾ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਸਿਆਸੀ ਸਵਾਰਥ ਦੇ ਚਲਦਿਆਂ ਸਿੱਖਾਂ ਦੀ ਘੱਟ ਰਹੀ ਆਬਾਦੀ ਉਤੇ ਪ੍ਰਗਟ ਕੀਤੀ ਜਾਣ ਵਾਲੀ ਚਿੰਤਾ, ਅਸਲ ਵਿਚ ਸਿੱਖ ਨੌਜੁਆਨਾਂ ਵਿਚ ਅਪਣੇ ਵਿਰਸੇ ਨਾਲ ਜੁੜਨ ਵਿਚ ਆ ਰਹੀ ਘਾਟ ਦੀ ਨਹੀਂ ਸਗੋਂ ਇਹ ਚਿੰਤਾ ਵੋਟ-ਬੈਂਕ ਦੀ ਧਰਾਤਲ ਦੇ ਖਿਸਕਦੇ ਚਲੇ ਜਾਣ ਦੀ ਹੈ। ਉਨ੍ਹਾਂ ਅਨੁਸਾਰ ਇਸ ਸੋਚ ਨੂੰ ਬਦਲ ਕੇ ਹੀ ਸਿੱਖੀ ਸਰੂਪ ਅਤੇ ਸਿੱਖੀ ਨੂੰ ਬਚਾਇਆ ਜਾ ਸਕਦਾ ਹੈ।
ਬਜ਼ੁਰਗਾਂ ਲਈ ਮਨੋਰੰਜਨ ਕੇਂਦਰ: ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ.ਐਸ. ਸੋਢੀ ਦਾ ਕਹਿਣਾ ਹੈ ਕਿ ਉਹ ਸੇਵਾ ਤੋਂ ਮੁਕਤ ਹੋ ਜਾਣ ਤੋਂ ਬਾਅਦ ਦਾ ਅਪਣਾ ਸਮਾਂ ਬਜ਼ੁਰਗਾਂ ਦੀ ਸੇਵਾ ਅਤੇ ਦੇਖ-ਭਾਲ ਕਰ ਕੇ, ਉਨ੍ਹਾਂ ਨੂੰ ਉਨ੍ਹਾਂ ਦੇ ਇਕਲਤਾ ਭਰੇ ਜੀਵਨ ਵਿਚੋਂ ਬਾਹਰ ਕੱਢਣ ਵਿਚ ਸਮਰਪਿਤ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦੀ ਇੱਛਾ ਹੈ ਕਿ ਉਹ ਅਪਣੇ ਬਜ਼ੁਰਗਾਂ ਦੀ ਭੂਮੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ-ਗੁਰੂ ਗੋਬਿੰਦ ਸਿੰਘ ਜੀ ਦੀ ਕਰਮ-ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਵਿਚ ਬਜ਼ੁਰਗਾਂ ਲਈ ਅਜਿਹੇ ਮਨੋਰੰਜਨ ਕੇਂਦਰ ਸਥਾਪਤ ਕਰਨ, ਜਿਥੇ ਉਨ੍ਹਾਂ ਦੀ ਯੋਗ ਦੇਖਭਾਲ ਹੋ ਸਕੇ ਅਤੇ ਉਹ ਮਨੋਰੰਜਨ ਕਰਨ ਦੇ ਨਾਲ ਹੀ ਆਪਸੀ ਸਾਂਝ ਨੂੰ ਮਜ਼ਬੂਤ ਅਤੇ ਗਿਆਨ ਦੀ ਪ੍ਰਾਪਤੀ ਵੀ ਕਰ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਿਸ਼ਾਨੇ ਦੀ ਪੂਰਤੀ ਲਈ ਉਹ ਸਮਾਨ ਸੋਚ ਦੀਆਂ ਧਾਰਨੀ ਸ਼ਖ਼ਸੀਅਤਾਂ ਦੇ ਸਹਿਯੋਗ ਦਾ ਸਵਾਗਤ ਕਰਨਗੇ।
ਪੰਥ ਸਾਹਮਣੇ ਕਈ ਨੇ ਅਣਸੁਲਝੇ ਵਿਵਾਦ: ਅੱਜ ਸਮੁੱਚਾ ਸਿੱਖ ਪੰਥ ਕਈ ਅਣਸੁਲਝੇ ਵਿਵਾਦਾਂ ਦਾ ਸ਼ਿਕਾਰ ਹੋ ਕੇ ਅਜਿਹੀਆਂ ਹਨੇਰੀਆਂ ਗਲੀਆਂ ਵਿਚ ਭਟਕਦਾ ਹੱਥ-ਪੈਰ ਮਾਰ ਰਿਹਾ ਹੈ। ਇਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਉਸ ਨੂੰ ਰਾਹ ਤਕ ਨਹੀਂ ਮਿਲ ਰਿਹਾ ਅਤੇ ਨਾ ਹੀ ਉਸ ਨੂੰ ਅਜਿਹੀ ਕੋਈ ਸ਼ਖ਼ਸੀਅਤ ਹੀ ਨਜ਼ਰ ਆ ਰਹੀ ਹੈ ਜੋ ਸਿੱਖੀ ਨੂੰ ਬਚਾਉਣ ਪ੍ਰਤੀ ਸੁਹਿਰਦ ਹੋ, ਉਸ ਲਈ ਚਾਨਣ-ਮੁਨਾਰਾ ਬਣ ਕੇ, ਇਨ੍ਹਾਂ ਹਨੇਰੀਆਂ ਗਲੀਆਂ ਵਿਚੋਂ ਬਾਹਰ ਨਿਕਲਣ ਵਿਚ ਉਸ ਦਾ ਮਾਰਗਦਰਸ਼ਨ ਕਰ ਸਕੇ। ਉਸ ਦੇ ਇਕ ਪਾਸੇ ਤਾਂ ਉਹ ਸ਼ਕਤੀਆਂ ਹਨ, ਜੋ ਅਪਣੇ ਨਿਜੀ ਸਿਆਸੀ ਸਵਾਰਥ ਦੀ ਪੂਰਤੀ ਲਈ, ਸਥਾਪਤ ਧਾਰਮਕ ਅਤੇ ਇਤਿਹਾਸਕ ਮਾਨਤਾਵਾਂ ਅਤੇ ਮਰਿਆਦਾਵਾਂ ਨੂੰ ਦਾਅ ਤੇ ਲਾ ਰਹੀਆਂ ਹਨ ਅਤੇ ਦੂਜੇ ਪਾਸੇ ਉਹ ਹਨ ਜੋ ਸਿੱਖੀ ਦੀਆਂ ਸਥਾਪਤ ਮਾਨਤਾਵਾਂ ਅਤੇ ਮਰਿਆਦਾਵਾਂ ਨੂੰ ਰਾਜਨੀਤਕ ਸਵਾਰਥ ਦੇ ਸ਼ਿਕਾਰ ਲੋਕਾਂ ਦੇ ਪੰਜੇ ਵਿਚੋਂ ਆਜ਼ਾਦ ਕਰਾਉਣ ਦੇ ਨਾਂ ਤੇ ਭਟਕੇ ਲੋਕਾਂ ਦੀ ਸਰਪ੍ਰਸਤੀ ਕਰਨ ਲੱਗ ਪਈਆਂ ਹਨ ਤਾਕਿ ਵਿਵਾਦ ਪੈਦਾ ਕਰ ਕੇ ਅਪਣੀ ਦੁਕਾਨਦਾਰੀ ਚਮਕਾਈ ਜਾ ਸਕੇ।ਜਾਤਾਂ ਦਾ ਕੋਹੜ ਘੁਣ ਬਣ ਚਿਪਕਿਆ: ਗੁਰੂ ਸਾਹਿਬਾਨ ਨੇ ਦਸਾਂ ਜਾਮਿਆਂ ਵਿਚ ਲਗਭਗ ਢਾਈ ਸਦੀਆਂ ਦੀ ਜੱਦੋ-ਜਹਿਦ ਕਰ ਕੇ ਮਨੁਖਾਂ ਸਮਾਜ ਵਿਚੋਂ ਜਾਤ-ਪਾਤ ਦੇ ਕੋਹੜ ਨੂੰ ਖ਼ਤਮ ਕਰਨ ਲਈ 'ਖ਼ਾਲਸੇ' ਦੀ ਸਿਰਜਣਾ ਕੀਤੀ ਸੀ ਅਤੇ ਗੁਰੂ ਗੋਬਿੰਦ ਸਿੰਘ ਨੇ ਪਹਾੜੀ ਰਾਜਿਆਂ ਨੂੰ ਸਿਰਫ਼ ਇਸ ਕਰ ਕੇ ਸਿੱਖੀ ਵਿਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿਤਾ ਸੀ, ਕਿਉਂਕਿ ਉਹ ਜਾਤ-ਅਭਿਮਾਨੀ ਦੂਜੀਆਂ ਜਾਤਾਂ ਵਾਲਿਆਂ ਨੂੰ ਨਾਲ ਬਿਠਾਉਣ ਜਾਂ ਆਪ ਉਨ੍ਹਾਂ ਨਾਲ ਬੈਠਣ ਲਈ ਤਿਆਰ ਨਹੀਂ ਸਨ। ਅੱਜ ਉਸੇ ਹੀ ਜਾਤ-ਪਾਤ ਦਾ ਕੋਹੜ 'ਮਹਾਂਮਾਰੀ' ਬਣ ਕੇ, ਸਿੱਖੀ ਵਿਚ ਅਪਣੇ ਪੈਰ ਫੈਲਾਉਂਦਾ ਚਲਿਆ ਜਾ ਰਿਹਾ ਹੈ।ਗੁਰੂ ਗੋਬਿੰਦ ਸਿੰਘ ਜੀ ਵਲੋਂ ਜਾਤ-ਪਾਤ ਨੂੰ ਖ਼ਤਮ ਕਰ ਕੇ, ਬਰਾਬਰੀ ਦਾ ਸਨਮਾਨ ਦੇਣ ਲਈ, ਬਖਸ਼ੇ ਗਏ 'ਅੰਮ੍ਰਿਤ' ਦੇ ਧਾਰਨੀ, ਅੰਮ੍ਰਿਤਧਾਰੀ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ 'ਦਲਿਤ ਸਿੱਖਾਂ' ਨੂੰ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦਾ ਹੱਕ ਦੇਣ ਲਈ ਤਿਆਰ ਨਹੀਂ ਹੁੰਦੇ। ਇਥੋਂ ਤਕ ਕਿ ਉਹ ਗੁਰੂ ਸਾਹਿਬਾਨ ਵਲੋਂ ਸਮਾਜ ਵਿਚ ਬਰਾਬਰੀ ਲਿਆਉਣ ਲਈ ਅਰੰਭੀ 'ਪੰਗਤ' ਦੀ ਪਰੰਪਰਾ ਦਾ ਪਾਲਣ ਕਰਨ ਤੋਂ ਵੀ ਇਨਕਾਰੀ ਹੋ ਰਹੇ ਹਨ।
ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਦੇਸ਼-ਵਿਦੇਸ਼ ਵਿਚ ਜਾਤਾਂ ਦੇ ਆਧਾਰ ਤੇ ਗੁਰਦਵਾਰੇ ਉਸਾਰੇ ਜਾ ਰਹੇ ਹਨ ਜਿਨ੍ਹਾਂ ਦੇ ਮੁੱਖ ਦਰਵਾਜ਼ਿਆਂ ਉਤੇ ਬਹੁਤ ਹੀ ਸੁੰਦਰ ਅਤੇ ਸਜਾਵਟੀ ਅੱਖਰਾਂ ਵਿਚ 'ਗੁਰਦਵਾਰਾ ਰਾਮਗੜ੍ਹੀਆਂ', 'ਗੁਰਦਵਾਰਾ ਪਿਸ਼ੌਰੀਆਂ', 'ਗੁਰਦਵਾਰਾ ਜੱਟਾਂ', 'ਗੁਰਦਵਾਰਾ ਭਾਪਿਆਂ', 'ਗੁਰਦਵਾਰਾ ਰਾਮਦਾਸੀਆਂ' ਆਦਿ ਲਿਖਿਆ ਹੁੰਦਾ ਹੈ, ਜਿਸ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਇਹ ਗੁਰਦਵਾਰੇ ਹੁਣ ਸਤਿਗੁਰਾਂ ਦੇ ਸਰਬਸਾਂਝੇ ਨਾ ਰਹਿ ਕੇ ਵੱਖ ਵੱਖ ਜਾਤਾਂ ਦੇ ਬਣ ਗਏ ਹਨ। ਪਰ ਕੋਈ ਵੀ ਇਸ ਗੱਲ ਤੋਂ ਨਾ ਤਾਂ ਚਿੰਤਤ ਜਾਪਦਾ ਹੈ ਅਤੇ ਨਾ ਹੀ ਪ੍ਰੇਸ਼ਾਨ।ਸਿੱਖ ਵਿਦਵਾਨਾਂ ਦੀ ਮਾਨਤਾ ਹੈ ਕਿ ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਵੀ ਸਿੱਖਾਂ ਵਿਚ ਕਈ ਅਜਿਹੀਆਂ ਸੂਝਵਾਨ ਅਤੇ ਸਿੱਖੀ ਜੀਵਨ ਵਿਚ ਪਰਪੱਕ ਤੇ ਵਿਵਾਦਾਂ ਤੋਂ ਨਿਰਲੇਪ ਸ਼ਖ਼ਸੀਅਤਾਂ ਹਨ, ਜੋ ਸਮਰਪਤ ਭਾਵਨਾ ਨਾਲ ਸਿੱਖ ਬੱਚਿਆਂ ਨੂੰ ਸਿੱਖੀ ਜੀਵਨ ਨਾਲ ਜੋੜਨ ਵਿਚ ਪ੍ਰਸੰਸਾਯੋਗ ਭੂਮਿਕਾ ਨਿਭਾ ਰਹੀਆਂ ਹਨ। ਇਹ ਉਹ ਸ਼ਖ਼ਸੀਅਤਾਂ ਹਨ, ਜੋ ਪ੍ਰਚਾਰ ਨਾਲੋਂ ਵੱਧ ਕੰਮ ਕਰਨ ਵਿਚ, ਅਪਣੇ ਮਨੋਰਥ ਦੀ ਸਿੱਧੀ ਸਵੀਕਾਰਦੀਆਂ ਹਨ। ਜਦੋਂ ਇਨ੍ਹਾਂ ਨੂੰ ਕੋਈ ਇਹ ਆਖਦਾ ਹੈ ਕਿ ਉਨ੍ਹਾਂ ਨੂੰ ਕੀਤੀ ਜਾ ਰਹੀ ਅਪਣੀ ਸੇਵਾ ਨੂੰ ਪ੍ਰਚਾਰ ਰਾਹੀਂ ਲੋਕਾਂ ਤਕ ਪਹੁੰਚਾਉਣਾ ਚਾਹੀਦਾ ਹੈ ਤਾਕਿ ਉਨ੍ਹਾਂ ਦੀ ਸੇਵਾ-ਭਾਵਨਾ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਸੱਜਣ ਇਸ ਪਾਸੇ ਅੱਗੇ ਆ ਸਕਣ, ਇਸ ਤੇ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਉਨ੍ਹਾਂ ਦੇ ਕੰਮ ਦੇ ਪ੍ਰਚਾਰ ਤੋਂ ਕਿੰਨੇ-ਕੁ ਲੋਕ ਪ੍ਰੇਰਨਾ ਲੈਣਗੇ, ਇਹ ਤਾਂ ਕਿਹਾ ਨਹੀਂ ਜਾ ਸਕਦਾ, ਪਰ ਜਦੋਂ ਉਨ੍ਹਾਂ ਦੀ ਇਸ ਨਿਮਾਣੀ ਜਿਹੀ ਸੇਵਾ ਦਾ ਪ੍ਰਚਾਰ ਹੋਇਆ ਅਤੇ ਕੁੱਝ ਇਕ ਨੇ ਵੀ ਉਨ੍ਹਾਂ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿਤੀ ਤਾਂ ਉਨ੍ਹਾਂ ਦੇ ਦਿਲ ਵਿਚ ਹੰਕਾਰ ਦੀ ਭਾਵਨਾ ਜ਼ਰੂਰ ਉਜਾਗਰ ਹੋ ਜਾਵੇਗੀ ਅਤੇ ਉਹ ਅਪਣੇ ਆਸ਼ੇ ਅਤੇ ਮਨੋਰਥ ਤੋਂ ਥਿੜਕ ਜਾਣਗੇ।