ਮੇਰਾ ਵਿਆਹ ਤੇ ਸਮਾਜ, ਵਿਧਵਾ ਮਨਹੂਸ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੇਰਾ ਵਿਆਹ ਤੇ ਸਮਾਜ, ਵਿਧਵਾ ਮਨਹੂਸ ਕਿਉਂ?

Marriage

ਮੈਂ   ਬ੍ਰਾਹਮਣ ਹਾਂ ਅਤੇ ਮੇਰੀ ਪਤਨੀ ਐਸ.ਸੀ. ਵਰਗ ਨਾਲ ਸਬੰਧਤ ਹੈ। ਇਹ ਗੱਲ ਦਸ ਸਾਲ ਪਹਿਲਾਂ ਦੀ ਹੈ ਜਦੋਂ ਮੈਨੂੰ ਅਧਿਆਪਕ ਵਜੋਂ ਸਰਕਾਰੀ ਨੌਕਰੀ ਮਿਲੀ ਸੀ। ਕਰੀਬ ਦੋ ਸਾਲ ਬਾਅਦ ਮੈਂ ਡੈਪੂਟੇਸ਼ਨ ਤੇ ਕਿਸੇ ਹੋਰ ਸਕੂਲ ਚਲਾ ਗਿਆ। ਮੇਰੇ ਪੁਰਾਣੇ ਅਸਲ ਸਕੂਲ ਵਿਚ ਇਕ ਅਧਿਆਪਕਾ ਨੇ ਹੋਰ ਕਿਸੇ ਥਾਂ ਤੋਂ ਬਦਲੀ ਕਰਵਾ ਕੇ ਨੌਕਰੀ ਜੁਆਇਨ ਕੀਤੀ ਸੀ। ਇਹ ਅਧਿਆਪਕਾ ਵਿਧਵਾ ਸੀ। ਉਸ ਦੀ ਪੰਜਵੀਂ ਜਮਾਤ ਵਿਚ ਪੜ੍ਹਦੀ ਇਕ ਲੜਕੀ ਵੀ ਸੀ। ਮੈਨੂੰ ਉਨ੍ਹਾਂ ਬਾਰੇ ਜਿਹੜੀ ਜਾਣਕਾਰੀ ਪਤਾ ਲੱਗੀ, ਉਸ ਉਪਰ ਮੈਂ ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਜਿਹੜਾ ਮੇਰਾ ਮਨ ਬਣਿਆ, ਮੈਂ ਸੱਭ ਤੋਂ ਪਹਿਲਾਂ ਅਪਣੀ ਬਜ਼ੁਰਗ ਮਾਤਾ ਕੋਲ ਜ਼ਾਹਰ ਕੀਤਾ। ਮੈਂ ਮਾਤਾ ਨੂੰ ਕਿਹਾ, 'ਮੈਂ ਇਸ ਅਧਿਆਪਕਾ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ। ਉਸ ਦੀ ਲੜਕੀ ਨੂੰ ਵੀ ਅਪਣਾ ਲਵਾਂਗਾ।' ਇਹ ਸੁਣ ਕੇ ਮਾਤਾ ਨੇ ਜਵਾਬ ਦੇਣ ਤੋਂ ਪਾਸਾ ਵੱਟ ਲਿਆ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਮਾਪਿਆਂ ਨੇ ਸਹਿਮਤੀ ਨਾ ਦਿਤੀ। ਮੈਂ ਬਾਅਦ ਵਿਚ ਅਪਣੀ ਜਾਣ-ਪਛਾਣ ਦੇ ਧਾਰਮਕ ਅਤੇ ਸਮਾਜ ਸੇਵਾ ਭਾਵਨਾ ਵਾਲੇ ਸਿਆਣੇ ਬੰਦਿਆਂ ਕੋਲ ਜਾ ਕੇ ਇਸ ਮਾਮਲੇ ਬਾਰੇ ਚਰਚਾ ਕੀਤੀ। ਉਨ੍ਹਾਂ ਨੂੰਬੇਨਤੀ ਵੀ ਕੀਤੀ ਕਿ ਉਹ ਉਸ ਅਧਿਆਪਕਾ ਨਾਲ ਵਿਆਹ ਬਾਰੇ ਉਸ ਦੇ ਮਾਪਿਆਂ ਕੋਲ ਗੱਲਬਾਤ ਕਰਨ। ਉਨ੍ਹਾਂ ਨੇ ਪਹਿਲਾਂ ਮੇਰੇ ਫ਼ੈਸਲੇ ਉਪਰ ਹੈਰਾਨੀ ਪ੍ਰਗਟਾਈ, ਪਰ ਮੇਰੇ ਵਲੋਂ ਵਾਰ ਵਾਰ ਜ਼ੋਰ ਪਾਉਣ ਤੇ ਉਹ ਉਸ ਅਧਿਆਪਕਾ ਦੇ ਘਰ ਰਿਸ਼ਤੇ ਦੀ ਗੱਲ ਤੋਰਨ ਵਾਸਤੇ ਚਲੇ ਗਏ। 


ਅਧਿਆਪਕਾ ਕਰੀਬ ਦਸ ਸਾਲ ਤੋਂ ਅਪਣੀ ਲੜਕੀ ਨੂੰ ਨਾ ਛੱਡਣ ਦੀ, ਅਪਣੀ ਸ਼ਰਤ ਹੋਣ ਕਰ ਕੇ ਵਿਧਵਾ ਚਲੀ ਆ ਰਹੀ ਸੀ। ਉਹ ਅਤੇ ਉਸ ਦੇ ਮਾਪੇ ਮੇਰੀ ਪੇਸ਼ਕਸ਼ ਸੁਣ ਕੇ ਹੈਰਾਨ ਹੋ ਗਏ। ਕਾਫ਼ੀ ਸਲਾਹ-ਮਸ਼ਵਰਿਆਂ ਅਤੇ ਸਹਿਮਤੀਆਂ ਬਣਨ ਤੋਂ ਬਾਅਦ ਸਾਡੇ ਵਿਆਹ ਦੀ ਤਰੀਕ ਪੱਕੀ ਹੋ ਗਈ। ਮੇਰੇ ਦੋਸਤ ਅਤੇ ਜਾਣਕਾਰ ਵੀ ਮੇਰੇ ਫ਼ੈਸਲੇ ਤੋਂ ਹੈਰਾਨ ਅਤੇ ਨਾਖ਼ੁਸ਼ ਸਨ। ਪਰ ਮੈਂ ਅਪਣੇ ਨਿਰਣੇ ਉਪਰ ਅਡਿੱਗ ਰਿਹਾ। ਮੈਂ ਬਗ਼ੈਰ ਦਾਜ-ਦਹੇਜ, ਸਾਦੇ ਢੰਗ ਨਾਲ, ਦਸ ਕੁ ਬਰਾਤੀਆਂ ਨੂੰ ਸਾਈਕਲਾਂ ਤੇ ਲਿਜਾ ਕੇ ਸਾਦਾ ਵਿਆਹ ਕਰਵਾ ਲਿਆ ਸੀ ਅਤੇ ਚਾਹ ਪੀ ਕੇ ਪਰਤ ਆਏ। ਮੇਰੇ ਪਿਤਾ ਜੀ ਨੇ ਮੇਰੇ ਵਿਆਹ ਦੀ ਵਿਰੋਧਤਾ ਕਰਦੇ ਹੋਏ ਮੈਨੂੰ ਘਰੋਂ ਕੱਢ ਦਿਤਾ। ਅਸੀ ਕਰੀਬ ਸੱਤ ਸਾਲ ਕਿਰਾਏ ਦੇ ਮਕਾਨ ਵਿਚ ਰਹਿੰਦੇ ਰਹੇ। ਫਿਰ ਕਰਜ਼ਾ ਲੈ ਕੇ ਅਪਣਾ ਘਰ ਬਣਾ ਲਿਆ। ਮੇਰਾ ਭਾਈਚਾਰਾ, ਰਿਸ਼ਤੇਦਾਰ, ਮਾਮੇ, ਚਾਚੇ, ਮਾਸੀਆਂ ਸੱਭ ਮੈਨੂੰ ਲੰਘਦੇ-ਟਪਦੇ ਮਿਹਣੇ ਮਾਰਨ ਲੱਗੇ। ਉਨ੍ਹਾਂ ਦਾ ਇਕੋ ਹੀ ਸ਼ਿਕਵਾ ਹੁੰਦਾ ਸੀ, ''ਅਸੀ ਉੱਚ ਜਾਤੀ ਦੇ ਮਹਾਜਨ (ਬ੍ਰਾਮਣ) ਹਾਂ, ਸਾਡੀਆਂ ਧੀਆਂ-ਭੈਣਾਂ ਦੇ ਤੇਰੇ ਕਰ ਕੇ ਵਿਆਹ ਨਹੀਂ ਹੋਣੇ। ਤੂੰ ਸਾਡੀ ਇੱਜ਼ਤ ਮਿੱਟੀ ਵਿਚ ਰੋਲ ਦਿਤੀ ਏ।'' ਮੇਰੀ ਪਤਨੀ ਬਾਰੇ ਵੀ ਉਨ੍ਹਾਂ ਨੇ ਗ਼ਲਤ ਸ਼ਬਦ ਬੋਲਣ ਵਿਚ ਕੋਈ ਕਸਰ ਨਾ ਛੱਡੀ। ਲੋਕਾਂ ਨੇ ਜਿਹੜੀਆਂ ਮਾੜੀਆਂ ਗੱਲਾਂ ਸਾਡੇ ਬਾਰੇ ਕੀਤੀਆਂ, ਉਹ ਅਸੀ ਸਹਿ ਲਈਆਂ। ਉਨ੍ਹਾਂ ਨੇ ਮੇਰੇ ਮਾਤਾ-ਪਿਤਾ ਦੇ ਜਿਹੜੇ ਕੰਨ ਭਰੇ, ਉਹ ਵਖਰੇ। ਮੈਂ ਕਿਰਾਏ ਤੇ ਰਹਿੰਦੇ ਹੋਏ ਵੀ ਅਪਣੇ ਮਾਪਿਆਂ ਨੂੰ ਹਰ ਮਹੀਨੇ ਛੇ ਹਜ਼ਾਰ ਰੁਪਏ ਦੇਣੇ ਜਾਰੀ ਰੱਖੇ। ਉਨ੍ਹਾਂ ਦੇ ਬੈਂਕ ਦੇ ਕਰਜ਼ੇ ਵਾਪਸ ਕੀਤੇ। ਉਨ੍ਹਾਂ ਦੇ ਮਕਾਨ ਦੀ ਮੁਰੰਮਤ ਕਰਵਾਈ ਅਤੇ ਗਹਿਣੇ ਰੱਖੀ ਹੋਈ ਜ਼ਮੀਨ ਵੀ ਛੁਡਵਾ ਕੇ ਪਿਤਾ ਜੀ ਦੇ ਹਵਾਲੇ ਕਰਵਾਈ। ਭਾਵੇਂ ਮੇਰੇ ਪਿਤਾ ਜੀ ਨੇ ਅੱਜ ਤਕ ਮੈਨੂੰ ਚੰਗੀ ਤਰ੍ਹਾਂ ਨਹੀਂ ਬੁਲਾਇਆ, ਪਰ ਮੈਂ ਅਪਣਾ ਪੁੱਤਰ ਧਰਮ ਪੂਰੀ ਤਰ੍ਹਾਂ ਨਿਭਾ ਰਿਹਾ ਹਾਂ। ਲੋਕ ਦਸ ਸਾਲ ਬੀਤ ਜਾਣ ਬਾਅਦ ਵੀ ਤਾਅਨੇ ਮਾਰਨ ਤੋਂ ਨਹੀਂ ਹਟਦੇ।
ਅਜਿਹੀਆਂ ਅਜ਼ਮਾਇਸ਼ਾਂ ਨੇ ਬਤੌਰ ਪਤੀ-ਪਤਨੀ ਸਾਡੇ ਸਨੇਹ ਤੇ ਸਾਥ ਨੂੰ ਵੱਧ ਪਕੇਰਾ ਬਣਾਇਆ ਅਤੇ ਇਸੇ ਸਾਲ 12 ਮਾਰਚ ਨੂੰ ਅਸੀ ਅਪਣੇ ਵਿਆਹ ਦੀ ਦਸਵੀਂ ਵਰ੍ਹੇਗੰਢ ਮਨਾਈ। ਸਾਡੀ ਵੱਡੀ ਬੱਚੀ ਹੁਣ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਵਿਚ ਗਰੈਜੁਏਸ਼ਨ ਕਰ ਰਹੀ ਹੈ ਅਤੇ ਛੋਟੀ 9 ਸਾਲ ਦੀ ਬੱਚੀ ਨਾਲ ਮੈਂ ਬਹੁਤ ਖ਼ੁਸ਼ ਰਹਿ ਰਿਹਾ ਹਾਂ। ਮੇਰੇ ਲਈ ਮੇਰਾ ਪ੍ਰਵਾਰ ਮੁੱਖ ਤਰਜੀਹ ਹੈ, ਪਰ ਪੁੱਤਰ ਧਰਮ ਨਾਲ ਜੁੜੇ ਫ਼ਰਜ਼ਾਂ ਤੋਂ ਵੀ ਮੈਂ ਕਦੇ ਮੁੱਖ ਨਹੀਂ ਮੋੜਿਆ। ਮੈਂ ਜੇਕਰ ਅਜਿਹੀਆਂ ਅਜ਼ਮਾਇਸ਼ਾਂ ਵਿਚੋਂ ਸਫ਼ਲਤਾਪੂਰਵਕ ਗੁਜ਼ਰਿਆ ਹਾਂ ਜਿਸ ਵਿਚ ਮੇਰੀ ਪਤਨੀ ਦਾ ਵੀ ਯੋਗਦਾਨ ਹੈ ਕਿਉਂਕਿ ਔਖੀਆਂ ਘੜੀਆਂ ਵਿਚ ਵੀ ਉਸ ਦੀ ਉਸਾਰੂ ਸੋਚ ਮੇਰੇ ਲਈ ਦ੍ਰਿੜਤਾ ਦਾ ਆਧਾਰ ਸਾਬਤ ਹੁੰਦੀ ਆਈ ਹੈ।