ਸਕੂਲ ਵੇਲੇ ਦੀਆਂ ਉਹ ਦੋ ਸ਼ਰਾਰਤਾਂ
ਸਕੂਲ ਸਰਟੀਫ਼ੀਕੇਟ ਮੁਤਾਬਕ ਮੇਰਾ ਜਨਮ ਫ਼ਰਵਰੀ 1957 ਦਾ ਹੈ। ਪਰ ਮੇਰੀ ਮਾਂ ਮੈਨੂੰ ਅੱਸੂ (ਸਤੰਬਰ) 'ਚ ਹੋਇਆ ਦਸਦੀ ਹੁੰਦੀ ਸੀ।
ਸਕੂਲ ਸਰਟੀਫ਼ੀਕੇਟ ਮੁਤਾਬਕ ਮੇਰਾ ਜਨਮ ਫ਼ਰਵਰੀ 1957 ਦਾ ਹੈ। ਪਰ ਮੇਰੀ ਮਾਂ ਮੈਨੂੰ ਅੱਸੂ (ਸਤੰਬਰ) 'ਚ ਹੋਇਆ ਦਸਦੀ ਹੁੰਦੀ ਸੀ। ਸਤੰਬਰ 1964 'ਚ ਮੈਨੂੰ ਅਤੇ ਮੇਰੇ ਛੋਟੇ ਭਰਾ ਨੂੰ ਵੱਡਾ ਭਰਾ ਇਕੱਠਿਆਂ ਨੂੰ ਹੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਸਿਆਣਾ 'ਚ ਦਾਖ਼ਲ ਕਰਾ ਆਇਆ। ਪੈਂਤੀ ਅਤੇ ਗਿਣਤੀ ਉਸ ਨੇ ਸਾਨੂੰ ਘਰ 'ਚ ਪਹਿਲਾਂ ਹੀ ਸਿਖਾ ਦਿਤੀ ਸੀ। ਸ਼ੁਰੂ ਤੋਂ ਸੰਗਾਊ ਹੋਣ ਕਰ ਕੇ ਮੇਰੇ ਮਨ 'ਚ ਡਰ ਵੀ ਕਿਤੇ ਨਾ ਕਿਤੇ ਬੈਠਾ ਰਹਿੰਦਾ ਸੀ। ਸਕੂਲ ਵਿਚ ਚਾਰ ਅਧਿਆਪਕਾਵਾਂ, ਜਿਨ੍ਹਾਂ ਨੂੰ ਅਸੀ ਸਾਰੇ ਬੱਚੇ ਭੈਣ ਜੀ ਕਹਿੰਦੇ ਸੀ, ਬਹੁਤ ਪਿਆਰ ਨਾਲ ਪੜ੍ਹਾਉਂਦੀਆਂ ਸਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਕੋਈ ਬੱਚਾ, ਵਾਹ ਲਗਦੀ, ਸਕੂਲ ਛੱਡ ਕੇ ਨਾ ਜਾਵੇ।
ਦੀਵਾਲੀ ਦੇ ਦਿਨ ਆ ਗਏ। ਦੋ ਮੁੰਡੇ ਹੋਰ ਸਾਡੇ ਵਿਹੜੇ 'ਚੋਂ (ਮੇਰੇ ਪਿੰਡ ਵਿਚ ਮੁਹੱਲੇ ਨੂੰ ਵਿਹੜਾ ਹੀ ਕਿਹਾ ਜਾਂਦਾ ਹੈ) ਸਾਡੇ ਹਮਜਮਾਤੀ ਸਨ। ਉਨ੍ਹਾਂ 'ਚੋਂ ਇਕ ਸ਼ਰਾਰਤੀ ਸੁਭਾਅ ਦਾ ਅਤੇ ਦੂਜਾ ਥੋੜ੍ਹਾ ਸਾਊ ਸੀ। ਇਕ ਦਿਨ ਸ਼ਰਾਰਤੀ ਮੁੰਡਾ ਜਮਾਤ 'ਚ ਪਟਾਕੇ ਲੈ ਆਇਆ। ਜਦੋਂ ਭੈਣ ਜੀ ਥੋੜ੍ਹੀ ਦੇਰ ਲਈ ਜਮਾਤ 'ਚੋਂ ਬਾਹਰ ਗਈ ਤਾਂ ਉਹ ਮੈਨੂੰ ਪਟਾਕਾ ਵਿਖਾ ਕੇ ਕਹਿੰਦਾ, ''ਵਜਾ ਦਿਆਂ?'' ਮੈਨੂੰ ਪਟਾਕੇ ਤੋਂ ਡਰ ਲਗਦਾ ਸੀ ਅਤੇ ਭੈਣ ਜੀ ਤੋਂ ਵੀ। ਸੋ ਮੈਂ ਉਸ ਨੂੰ ਪਟਾਕਾ ਨਾ ਚਲਾਉਣ ਦਿਤਾ। ਪਰ ਉਸ ਨੇ ਸਾਊ ਜਿਹੇ ਮੁੰਡੇ ਕੋਲ ਜਾ ਕੇ ਪਟਾਕਾ ਚਲਾ ਦਿਤਾ। ਖੜਕਾ ਸੁਣ ਕੇ ਭੈਣ ਜੀ ਫ਼ਟਾਫ਼ਟ ਜਮਾਤ 'ਚ ਆਈ ਅਤੇ ਪੁਛਿਆ, ''ਕੀਹਨੇ ਚਲਾਇਐ ਪਟਾਕਾ?'' ਸਾਰਿਆਂ ਨੇ ਨੀਵੀਆਂ ਪਾ ਲਈਆਂ। ਪਰ ਸ਼ਰਾਰਤੀ ਮੁੰਡੇ ਨੇ ਸ਼ਾਇਦ ਸਾਊ ਜਿਹੇ ਮੁੰਡੇ ਵਲ ਇਸ਼ਾਰਾ ਕਰ ਦਿਤਾ। ਭੈਣ ਜੀ ਨੇ ਉਸ ਨੂੰ ਖੜਾ ਕਰ ਕੇ ਪੁਛਿਆ। ਉਸ ਨੂੰ ਕੋਈ ਜਵਾਬ ਨਾ ਅਹੁੜਿਆ ਅਤੇ ਭੈਣ ਜੀ ਨੇ ਉਸ ਦੇ ਡੰਡੇ ਲਾ ਦਿਤੇ। ਦੁੱਖ ਤਾਂ ਹੋਇਆ ਕਿ ਚੋਰ ਦੀ ਥਾਂ ਸਾਧ ਕੁਟਿਆ ਗਿਆ ਪਰ ਬੋਲਿਆ ਕੋਈ ਨਾ। ਅਗਲੇ ਦਿਨ ਉਹ ਸਕੂਲ ਨਾ ਆਇਆ। ਭੈਣ ਜੀ ਨੇ ਬੱਚਿਆਂ ਰਾਹੀਂ ਕਈ ਵਾਰੀ ਬੁਲਾਇਆ, ਉਸ ਦੇ ਮਾਂ-ਪਿਉ ਨੂੰ ਵੀ ਸੁਨੇਹੇ ਭੇਜੇ ਪਰ ਉਹ ਮੁੜ ਕੇ ਸਕੂਲ 'ਚ ਆਇਆ ਹੀ ਨਾ। ਵਿਚਾਰਾ ਪੜ੍ਹਾਈ ਤੋਂ ਵਾਂਝਾ ਹੀ ਰਹਿ ਗਿਆ। ਅੱਜ ਵੀ ਕਾਫ਼ੀ ਗ਼ਰੀਬੀ ਦੀ ਹਾਲਤ 'ਚ ਦਿਨਕਟੀ ਕਰ ਰਿਹਾ ਹੈ। ਜੇ ਪੜ੍ਹ ਜਾਂਦਾ ਤਾਂ ਸ਼ਾਇਦ ਉਸ ਦਾ ਜੀਵਨ ਅੱਜ ਨਾਲੋਂ ਬਿਹਤਰ ਹੁੰਦਾ। ਇਕ ਛੋਟੀ ਜਹੀ ਸ਼ਰਾਰਤ ਨੇ ਜ਼ਿੰਦਗੀ ਖ਼ਰਾਬ ਕਰ ਦਿਤੀ। ਥੋੜ੍ਹੇ ਦਿਨਾਂ ਬਾਅਦ ਉਹ ਸ਼ਰਾਰਤੀ ਵੀ ਸਕੂਲ ਛੱਡ ਗਿਆ ਅਤੇ ਉਹ ਵੀ ਅਨਪੜ੍ਹ ਹੀ ਫਿਰਦਾ ਹੈ।
ਦੂਜੀ ਘਟਨਾ ਦਸੰਬਰ ਮਹੀਨੇ ਦੀ ਹੈ। ਸਕੂਲ ਸਾਡੇ ਘਰ ਤੋਂ ਕਾਫ਼ੀ ਦੂਰ ਪਿੰਡ ਦੇ ਦੂਜੇ ਪਾਸੇ ਸੀ। ਸਾਨੂੰ ਸਕੂਲ ਪਹੁੰਚਣ ਲਈ ਗੁਹਾਰੇ, ਪਥਵਾੜਿਆਂ (ਪਾਥੀਆਂ ਪੱਥਣ ਲਈ ਥਾਂ) ਵਿਚੋਂ ਹੋ ਕੇ ਜਾਣਾ ਪੈਂਦਾ ਸੀ। ਇਕ ਦਿਨ ਅਸੀ ਸਕੂਲ ਜਾਂਦੇ ਜਾਂਦੇ ਲੇਟ ਹੋ ਗਏ। ਧੁੱਪ ਉਸ ਦਿਨ ਚੰਗੀ ਨਿਕਲੀ ਹੋਈ ਸੀ। ਸਕੂਲ ਦੇ ਦੁਆਲੇ ਰਿਹਾਇਸ਼ੀ ਮਕਾਨ ਨਾ ਹੋਣ ਕਰ ਕੇ ਮੈਦਾਨ ਵਿਚ ਹੁੰਦੀਆਂ ਗਤੀਵਿਧੀਆਂ ਦੂਰੋਂ ਹੀ ਦਿਸ ਰਹੀਆਂ ਸਨ। ਤਿੰਨ ਸਾਢੇ ਤਿੰਨ ਸੌ ਮੀਟਰ ਦੇ ਫ਼ਾਸਲੇ ਤੋਂ ਅਸੀ ਵੇਖਿਆ ਕਿ ਪ੍ਰਾਰਥਨਾ ਤੋਂ ਬਾਅਦ ਪੀ.ਟੀ. ਸ਼ੁਰੂ ਹੋ ਗਈ। ਮੈਂ ਸਕੂਲ 'ਚ ਡੰਡੇ ਜਾਂ ਥੱਪੜ ਖਾਣ ਨਾਲੋਂ ਇਸ ਤੋਂ ਹੋਣ ਵਾਲੀ ਨਮੋਸ਼ੀ ਨੂੰ ਜ਼ਿਆਦਾ ਮਹਿਸੂਸ ਕਰਦਾ ਸੀ। ਸੋ ਛੋਟੇ ਨੂੰ ਮਨਾ ਲਿਆ ਕਿ ਲੇਟ ਹੋ ਗਏ ਹਾਂ, ਡੰਡੇ ਪੈਣਗੇ ਸਕੂਲ ਨਾ ਹੀ ਜਾਈਏ। ਘਰ ਗਏ ਤਾਂ ਬੇਬੇ ਤੋਂ ਕੁੱਟ ਪੈਣੀ ਸੀ, ਛੋਟੇ ਭਰਾ ਨੇ ਚਿੰਤਾ ਜ਼ਾਹਰ ਕੀਤੀ।
ਅਸੀ ਉਧੇੜ-ਬੁਣ ਵਿਚ ਉਲਝੇ ਹੋਏ ਸੀ ਕਿ ਸਾਨੂੰ ਗੁਹਾਰਿਆਂ ਵਿਚ ਰਸਤੇ ਤੋਂ ਹਟਵਾਂ ਇਕ ਪਥਵਾੜਾ ਨਜ਼ਰੀਂ ਪੈ ਗਿਆ। ਉਸ ਦੇ ਚਾਰੇ ਪਾਸੇ ਕਾਫ਼ੀ ਉੱਚੀਆਂ ਪਥਨਾਲਾਂ (ਪਾਥੀਆਂ ਚਿਣ ਕੇ ਬਣਾਈਆਂ ਓਟਾਂ) ਬਣੀਆਂ ਹੋਈਆਂ ਸਨ। ਇਕ ਪਾਸੇ ਅੰਦਰ ਬਾਹਰ ਆਉਣ ਜਾਣ ਲਈ ਰਸਤਾ ਸੀ। ਸਾਨੂੰ ਉਹ ਪਥਵਾੜਾ ਜੱਚ ਗਿਆ ਅਤੇ ਅਸੀ ਬਸਤੇ ਰੱਖ ਕੇ ਖ਼ਾਲੀ ਥਾਂ 'ਚ ਬੈਠ ਗਏ। ਸਾਨੂੰ ਖ਼ੁਸ਼ੀ ਹੋਈ ਇਸ ਗੱਲ ਦੀ ਕਿ ਖੜੇ ਹੋ ਕੇ ਸਾਨੂੰ ਇਥੋਂ ਸਕੂਲ ਦੀਆਂ ਸਾਰੀਆਂ ਗਤੀਵਿਧੀਆਂ ਸਾਫ਼ ਦਿਸਦੀਆਂ ਸਨ ਅਤੇ ਬਾਹਰੋਂ ਅਸੀ ਘੱਟ ਹੀ ਕਿਸੇ ਨੂੰ ਦਿਸਦੇ ਸੀ। ਪੀ.ਟੀ. ਖ਼ਤਮ ਹੋਣ ਮਗਰੋਂ ਭੈਣ ਜੀ ਅਤੇ ਬੱਚੇ ਅੰਦਰ ਚਲੇ ਗਏ। ਅਸੀ ਵੀ ਬੇਫ਼ਿਕਰੇ ਜਿਹੇ ਹੋ ਗਏ। ਅਪਣੀਆਂ ਕਲਮ ਦਵਾਤਾਂ ਕਢੀਆਂ ਅਤੇ ਫੱਟੀਆਂ ਲਿਖਣ ਲੱਗ ਪਏ। ਫੱਟੀਆਂ ਲਿਖ ਕੇ ਪਾਠ ਯਾਦ ਕਰਨ ਲੱਗੇ। ਅਪਣੇ ਵਲੋਂ ਅਸੀ ਨਿਸ਼ਚਿੰਤ ਸਾਂ ਕਿ ਕਿਸੇ ਨੂੰ ਨਹੀਂ ਦਿਸਦੇ। ਪਰ ਕੁੱਝ ਦੇਰ ਬਾਅਦ ਮੇਰੀ ਜਮਾਤ 'ਚ ਪੜ੍ਹਦਾ ਮੇਰੇ ਚਾਚੇ ਦਾ ਮੁੰਡਾ ਸਕੂਲ ਤੋਂ ਸਾਡੇ ਵਲ ਆਉਂਦਾ ਦਿਸਿਆ। ਅਸੀ ਪਥਨਾਲ ਉਹਲੇ ਹੋ ਗਏ ਪਰ ਉਹ ਤਾਂ ਸਿੱਧਾ ਹੀ ਸਾਡੇ ਕੋਲ ਆ ਕੇ ਕਹਿੰਦਾ, ''ਚਲੋ ਸਕੂਲ 'ਚ। ਭੈਣ ਜੀ ਨੇ ਬੁਲਾਇਐ ਤੁਹਾਨੂੰ।'' ਮੈਂ ਕਿਹਾ, ''ਕੁਟਣਗੀਆਂ ਸਾਨੂੰ। ਅਸੀਂ ਨਹੀਂ ਜਾਂਦੇ।'' ਉਹ ਕਹਿੰਦਾ, ''ਕੁਸ਼ ਨੀ ਕਹਿੰਦੀਆਂ, ਚਲੋ।'' ਉਹ ਸਾਡੇ ਤੋਂ ਵੱਡਾ ਸੀ। ਸਾਡੇ ਬਸਤੇ ਚੁੱਕ ਕੇ ਤੁਰ ਪਿਆ। ਅਸੀ ਮਜਬੂਰੀ ਵੱਸ ਉਸ ਦੇ ਪਿਛੇ ਤੁਰ ਪਏ। ਸਕੂਲ ਤਕ ਜਾਂਦੇ ਉਸ ਨੇ ਦਸਿਆ ਕਿ ਉਸ ਨੇ ਹੀ ਪਥਵਾੜੇ 'ਚ ਸਾਨੂੰ ਬੈਠੇ ਵੇਖ ਕੇ ਵੱਡੀ ਭੈਣ ਜੀ ਨੂੰ ਦਸਿਆ ਸੀ ਅਤੇ ਭੈਣ ਜੀ ਨੇ ਹੀ ਉਸ ਨੂੰ ਸਾਨੂੰ ਬੁਲਾਉਣ ਲਈ ਭੇਜਿਆ ਸੀ।
ਅਸੀ ਨੀਵੀਂ ਜਿਹੀ ਪਾ ਕੇ ਵੱਡੀ ਭੈਣ ਜੀ ਅੱਗੇ ਪੇਸ਼ ਹੋਏ ਤਾਂ ਸਾਡੇ ਅਨੁਮਾਨ ਦੇ ਉਲਟ ਭੈਣ ਜੀ ਨੇ ਬੜੇ ਪਿਆਰ ਨਾਲ ਪੁਛਿਆ, ''ਉਥੇ ਕਿਉਂ ਬੈਠੇ ਸੀ?'' ਅਸੀ ਦਸਿਆ ਕਿ ਲੇਟ ਹੋ ਜਾਣ ਕਰ ਕੇ ਡਰਦੇ ਸਕੂਲ ਨਹੀਂ ਪਹੁੰਚੇ ਤੇ ਮਾਂ-ਪਿਉ ਤੋਂ ਡਰਦੇ ਘਰ ਵੀ ਨਹੀਂ ਗਏ ਤਾਂ ਉਥੇ ਬੈਠੇ ਸੀ। ਤਾਜ਼ੀਆਂ ਫੱਟੀਆਂ ਲਿਖੀਆਂ ਵੇਖ ਕੇ ਸ਼ਾਇਦ ਉਸ ਨੂੰ ਖ਼ੁਸ਼ੀ ਹੋਈ। ਸਾਨੂੰ ਪੁਛਿਆ, ''ਅੱਜ ਲਿਖੀਆਂ ਨੇ?'' ਅਸੀਂ ਹਾਂ 'ਚ ਸਿਰ ਹਿਲਾਏ ਤਾਂ ਕਹਿਣ ਲੱਗੀ, ''ਤੁਸੀ ਤਾਂ ਬੜੇ ਚੰਗੇ ਬੱਚੇ ਹੋ, ਸਕੂਲ ਦਾ ਕੰਮ ਕਰ ਲਿਐ। ਤੁਹਾਨੂੰ ਕੋਈ ਕੁੱਝ ਨਹੀਂ ਕਹਿੰਦਾ।'' ਸਾਨੂੰ ਦਸ ਦਸ ਪੈਸੇ ਦਿਤੇ ਸ਼ਾਇਦ ਸਾਡਾ ਹੌਸਲਾ ਵਧਾਉਣ ਲਈ। ਫਿਰ ਪਿਆਰ ਨਾਲ ਸਾਨੂੰ ਕਿਹਾ, ''ਅੱਗੇ ਨੂੰ ਧਿਆਨ ਰਖਿਉ। ਸਕੂਲ ਤੋਂ ਲੇਟ ਨਹੀਂ ਹੋਣਾ। ਜੇ ਕਦੇ ਹੋ ਵੀ ਜਾਉ ਤਾਂ ਸਿੱਧੇ ਮੇਰੇ ਕੋਲ ਆ ਕੇ ਸੱਚ ਸੱਚ ਦਸਣਾ ਹੈ। ਸਕੂਲ ਆਉਣਾ ਹੀ ਆਉਣਾ ਹੈ। ਸਮਝ ਗਏ ਨਾ? ਹੁਣ ਅਪਣੀ ਕਲਾਸ 'ਚ ਜਾ ਕੇ ਬੈਠੋ।''
ਅਸੀ ਜਾ ਕੇ ਅਪਣੀ ਕਲਾਸ 'ਚ ਬੈਠ ਗਏ। ਵੱਡੀ ਭੈਣ ਜੀ ਦੇ ਇਹੋ ਜਿਹੇ ਪਿਆਰ ਭਰੇ ਸਲੂਕ ਕਰ ਕੇ ਤੇ ਦਸ ਦਸ ਪੈਸੇ ਮਿਲ ਜਾਣ ਕਰ ਕੇ ਸਾਡੇ ਹੌਸਲੇ ਬੁਲੰਦ ਹੋ ਗਏ। ਉਸ ਦਿਨ ਤੋਂ ਬਾਅਦ ਭੈਣ ਜੀ ਦਾ ਡਰ ਮਨ 'ਚੋਂ ਖ਼ਤਮ ਹੁੰਦਾ ਗਿਆ ਅਤੇ ਸਤਿਕਾਰ ਵਧਦਾ ਗਿਆ। ਸ਼ਾਇਦ ਇਸੇ ਕਰ ਕੇ ਮੈਂ ਅਪਣੀ ਜਮਾਤ ਵਿਚੋਂ ਕਦੇ ਪਹਿਲੇ ਅਤੇ ਕਦੇ ਦੂਜੇ ਨੰਬਰ ਤੇ ਆਉਂਦਾ ਰਿਹਾ। ਮੇਰਾ ਛੋਟਾ ਭਰਾ ਪਤਾ ਨਹੀਂ ਕਿਵੇਂ ਮੈਥੋਂ ਇਕ ਸਾਲ ਪਿਛੇ ਰਹਿ ਗਿਆ। ਪਰ ਪਾਸ ਉਹ ਵੀ ਹਰ ਸਾਲ ਹੁੰਦਾ ਰਿਹਾ। ਇਸ ਤਰ੍ਹਾਂ ਭੈਣ ਜੀ ਤੋਂ ਮਿਲੇ ਮਾਵਾਂ ਵਰਗੇ ਪਿਆਰ ਦੀ ਬਦੌਲਤ ਜੀਵਨ ਦੀ ਪੌੜੀ ਦੇ ਡੰਡੇ ਸਫ਼ਲਤਾ ਨਾਲ ਚੜ੍ਹਦੇ ਗਏ। ਅੱਜ ਵੀ ਉਨ੍ਹਾਂ ਰੱਬ ਵਰਗੀਆਂ ਭੈਣ ਜੀ ਦੇ ਸਤਿਕਾਰ ਵਿਚ ਸਿਰ ਅਪਣੇ ਆਪ ਹੀ ਝੁਕ ਜਾਂਦਾ ਹੈ।
ਸੰਪਰਕ : 97795-50811