ਹਾਂਗਕਾਂਗ ਦੇ ਅੰਦੋਲਨਕਾਰੀਆਂ ਵਿਚ ਕੀ ਖ਼ਾਸ ਹੈ, ਜੋ ਸਾਡੇ ਕਿਸਾਨ ਜੂਝਾਰੂਆਂ ’ਚ ਨਹੀਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਾਂਗਕਾਂਗ ਦਾ ਅੰਦੋਲਨਕਾਰੀ ਭਾਰਤ ਦੇ ਕਿਸਾਨੀ ਅੰਦੋਲਨਕਾਰੀ ਨਾਲੋਂ ਵਧੇਰੇ ਯੋਜਨਾਬੱਧ ਤੇ ਪ੍ਰਭਾਵਸ਼ਾਲੀ ਹੈ।

Farmers Protest

ਲਗਭਗ 75 ਲੱੱਖ ਦੀ ਆਬਾਦੀ ਵਾਲਾ ਹਾਂਗਕਾਂਗ, ਚੀਨ ਦੇ ਦੱਖਣ-ਪੂਰਬੀ ਤਟ ਤੇ ਵਸਿਆ ਇਕ ਛੋਟਾ ਜਿਹਾ ਸ਼ਹਿਰ ਹੈ। ਇਸ ਦਾ ਰਕਬਾ ਪਟਿਆਲਾ ਜ਼ਿਲ੍ਹੇ ਤੋਂ ਵੀ ਘੱੱਟ ਹੈ ਪਰ ਕੁੱਲ ਘਰੇਲੂ ਉਤਪਾਦ ਜਾਂ ਜੀ.ਡੀ.ਪੀ. ਪਾਕਿਸਤਾਨ ਤੋਂ ਡੇਢ ਗੁਣਾ ਜ਼ਿਆਦਾ ਹੈ। 1839-42 ਵਿਚ ਲੜੇ ਗਏ ਪਹਿਲੇ ਅਫ਼ੀਮ ਯੁੱਧ (First Opium war) ਵਿਚ ਬਰਤਾਨੀਆਂ ਦੀ  ਜਿੱਤ ਉਪਰੰਤ ਹੋਏ ‘ਨਾਨਕਿੰਗ ਸਮਝੌਤੇ’ ’ਚ ਹਾਂਗਕਾਂਗ ਬਰਤਾਨੀਆਂ ਨੂੰ ਸੌਂਪ ਦਿੱਤਾ ਗਿਆ।

‘ਕਿੰਗ ਡਾਇਨੈਸਟੀ’ (ਬਾਦਸ਼ਾਹਤ) ਨੇ ਆਪ ਇਸ ਨੂੰ ਪ੍ਰਵਾਨ ਕੀਤਾ। ਦੂਸਰੀ ਸੰਸਾਰ ਜੰਗ ਦੌਰਾਨ ਕੁੱਝ ਸਮੇਂ ਲਈ ਇਹ ਜਾਪਾਨੀ ਸਾਮਰਾਜ ਦਾ ਹਿੱਸਾ ਵੀ ਰਿਹਾ। ਗ੍ਰੇਟ ਲੀਪ ਫ਼ਾਰਵਰਡ ਜੋ ਕਿ ਮਾਉ-ਜ਼ੇ-ਦੌਂਗ ਦਾ ਆਰਥਕ ਪ੍ਰੋਗਰਾਮ ਸੀ, ਦੌਰਾਨ ਹਾਂਗਕਾਂਗ ਦੀ ਚੜ੍ਹਤ ਵੇਖਦਿਆਂ ਹੀ ਬਣਦੀ ਸੀ। ਛੇਤੀ ਹੀ ਚੀਨ ’ਚ ਵੜਨ ਲਈ ਹਾਂਗਕਾਂਗ ਆਰਥਕ ਰਾਹ ਬਣਾ ਕੇ ਦੁਨੀਆਂ ਭਰ ਵਿਚ ਮੁਨਾਫ਼ਾਖ਼ੋਰਾਂ ਦੀ ਖਿੱੱਚ ਦਾ ਕੇਂਦਰ ਬਣ ਗਿਆ।

1984 ਦੇ ਬਰਤਾਨੀਆਂ-ਚੀਨ ਸਮਝੌਤੇ ਸਦਕਾ ਇਸ ਖੇਤਰ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ। ਉਸ ਸਮੇਂ ਦੀ ਬਰਤਾਨੀਆਂ ਦੀ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਨੇ ਸੀਤ ਯੁੱੱਧ ਨੂੰ ਮੱਠਾ ਕਰਨ ਲਈ ਇਹ ਵੱਡਾ ਕਦਮ ਚੁਕਿਆ, 1991 ਵਿਚ ਸੋਵੀਅਤ ਸੰਘ ਦੇ ਟੁੱਟਣ ਨੂੰ ਸਾਹਮਣੇ ਰਖਦਿਆਂ ਹਾਂਗਕਾਂਗ ਨੂੰ ਵੱੱਡੀਆਂ ਭੂ-ਰਾਜਨੀਤਕ ਚਾਲਾਂ ਵਿਚ ਦਾਅ ਤੇ ਲਗਾ ਦਿਤਾ ਗਿਆ। ਅੰਗਰੇਜ਼ੀ ਫ਼ਿਤਰਤ ਵਾਲੇ ਨਾਗਰਿਕਾਂ ਦੀ ਉਥੋਂ ਹਿਜਰਤ ਹੋਣੀ ਸ਼ੁਰੂ ਹੋ ਗਈ ਜੋ ਕਿ ਹੁਣ ਤਕ ਜਾਰੀ ਹੈ।

1987 ਵਿਚ ਚੀਨੀ ਅਰਥ ਵਿਵਸਥਾ ਵਿਚ ਹਾਂਗਕਾਂਗ ਦਾ ਯੋਗਦਾਨ ਲੱੱਗਭਗ 18 ਫ਼ੀ ਸਦੀ ਸੀ ਤੇ 2018 ਵਿਚ ਇਹ ਘੱਟ ਕੇ 3 ਫ਼ੀ ਸਦੀ ਤਕ ਰਹਿ ਗਿਆ ਹੈ। ਸਾਲ 1997 ਵਿਚ ਬਰਤਾਨੀਆਂ ਨੇ ਮੁਢਲਾ ਕਾਨੂੰਨ (ਬੇਸਿਕ ਲਾਅ) ਜਿਸ ਨੂੰ ਛੋਟਾ ਸੰਵਿਧਾਨ ਵੀ ਆਖਿਆ ਜਾਂਦਾ ਹੈ, ਬਣਾ ਕੇ  ਹਾਂਗਕਾਂਗ ਨੂੰ ਚੀਨ ਦੇ ਹਵਾਲੇ ਕੀਤਾ ਸੀ। ਚੀਨ ਵੀ ਇਕ ਮੁਲਕ ਦੋ-ਪ੍ਰਣਾਲੀਆਂ ਨੂੰ ਸਵੀਕਾਰ ਕਰਨ ਲਈ ਵੱੱਚਨਬਧ ਹੋ ਗਿਆ। ਇਸ ਕਾਨੂੰਨ ਵਿਚ 50 ਸਾਲਾਂ ਦਾ ਸਮਝੌਤਾ ਸਿਰੇ ਚੜਿ੍ਹਆ ਤੇ 1997 ਤੋਂ 2047 ਤਕ ਹਾਂਗਕਾਂਗ ਇਕ ਖ਼ਾਸ ਪ੍ਰਬੰਧਨ ਖ਼ਿੱੱਤੇ ਵਜੋਂ ਜਾਣਿਆ ਜਾਣ ਲਗ ਪਿਆ। ਪਰ ਛੇਤੀ ਹੀ ਚੀਨ ਨੇ ਅਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਤੇ ਕਈ ਖ਼ਤਰਨਾਕ ਤੇ ਸਖ਼ਤ ਕਾਨੂੰਨ ਬਣਾ ਕੇ ਆਮ ਲੋਕਾਂ ਦਾ ਜੀਉਣਾ ਦੁਸ਼ਵਾਰ ਕਰ ਕੇ ਰੱੱਖ ਦਿਤਾ।

ਚੀਨ ਦੁਆਰਾ ਜੂਨ 2020 ਵਿਚ ਪਾਸ ਕੀਤੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ 66 ਅਨੁਛੇਦਾਂ ਦਾ ਪੁਲੰਦਾ ਆਮ ਜਨਤਾ ਦੇ ਸਿਰ ਤੇ ਮੜ੍ਹ ਕੇ ਅਤਿਆਚਾਰਾਂ ਦਾ ਨਵਾਂ ਦੌਰ ਸ਼ੁਰੂ ਕਰ ਦਿਤਾ ਹੈ। 2018 ਵਿਚ ਤਾਈਵਾਨ ਵਿਚ ਇਕ ਹਮਉਮਰ ਕੁੜੀ ਦੀ ਹਤਿਆ ਕਰਨ ਤੇ ਉਸ 19 ਸਾਲ ਦੇ ਹਾਂਗਕਾਂਗ ਦੇ ਹਤਿਆਰੇ ਨੌਜਵਾਨ ਦੀ ਹਵਾਲਗੀ (extradition) ਨੂੰ ਲੈ ਕੇ ਬਣੇ ਰਾਸ਼ਟਰੀ ਸੁਰੱਖਿਆ ਕਾਨੂੰਨ ਨੇ ਹਾਂਗਕਾਂਗ ਦੇ ਆਮ ਨਾਗਰਿਕਾਂ ਦਾ ਅਮਨ-ਚੈਨ ਖੋਹ ਲਿਆ। ਲੋਕ ਅੰਦੋਲਨਾਂ ਲਈ ਸੜਕਾਂ ਤੇ ਉਤਰ ਆਏ। ਇਹ ਅੰਦੋਲਨ ਹੁਣ ਤਕ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੇ।

ਭਾਰਤ ਦੀ ਲਗਭਗ 137 ਕਰੋੜ ਵਿਚੋਂ  94 ਕਰੋੜ ਵਸੋਂ (2020) ਪਿੰਡਾਂ ਵਿਚ ਰਹਿੰਦੀ ਹੈ। ਦਿੱੱਲੀ ਦੀਆਂ ਸਰਹੱੱਦਾਂ ’ਤੇ ਚੱੱਲ ਰਹੇ ਕਿਸਾਨੀ ਅੰਦੋਲਨਾਂ ਵਿਚ ਸ਼ਿਰਕਤ ਕਰਨ ਵਾਲਿਆਂ ਵਿਚ ਸਿਰਫ਼ 0.1 ਫੀਸਦੀ (9.4 ਲੱਖ) ਲੋਕ ਹੀ ਸੜਕਾਂ ਤੇ ਉਤਰੇ ਹਨ। ਹਾਂਗਕਾਂਗ ਦੀ 75 ਲੱਖ ਦੀ ਆਬਾਦੀ ਵਿਚੋਂ 12-15 ਲੱਖ ਲੋਕ ਸੜਕਾਂ ਤੇ ਸ਼ਾਂਤੀ ਮਾਰਚ ਕਰਦੇ ਵੇਖੇ ਜਾ ਸਕਦੇ ਹਨ।

ਹਾਂਗਕਾਂਗ ਦੀ ਲੋਕਤੰਤਰ ਦੀ ਲੜਾਈ ਦਾ ਮਿਆਰ ਭਾਰਤੀ ਕਿਸਾਨਾਂ ਦੀ ਰੋਟੀ ਲਈ ਲਾਮਬੰਦ ਹੋਣ ਤੋਂ ਬਹੁਤ ਉੱਚਾ ਤੇ ਸੁੱਚਾ ਨਜ਼ਰ ਆਉਂਦਾ ਹੈ। ਹਾਂਗਕਾਂਗ ਦੇ ਅੰਦੋਲਨਕਾਰੀਆਂ ਵਿਚ ਬਹੁਗਿਣਤੀ 15 ਤੋਂ 25 ਸਾਲਾਂ ਦੇ ਨੌਜੁਆਨ ਹਨ, ਜਿਨ੍ਹਾਂ ਨੇ ਚੀਨ ਦੇ ਤਸ਼ੱਦਦ ਦੇ ਦੌਰ ਵਿਚ ਹੀ ਜਨਮ ਲਿਆ ਤੇ ਬਚਪਨ ਤੋਂ ਹੀ ਹਾਂਗਕਾਂਗ ਦੀ ਆਜ਼ਾਦੀ ਲਈ ਤਤਪਰ ਰਹੇ ਹਨ। ਠੀਕ ਉਸੇ ਤਰ੍ਹਾਂ ਹੀ ਕਸ਼ਮੀਰ ਵਿਚ 30-32 ਸਾਲ ਤਕ ਦੇ ਨੌਜੁਆਨ ਜੋ 1988-89 ਤੋਂ ਹੰਗਾਮੀ ਹਾਲਾਤ ਵਿਚ ਕਸ਼ਮੀਰ ਘਾਟੀ ਵਿਚ ਪੈਦਾ ਹੋਏ ਹਨ, ਵਾਸਤੇ ਪੱਥਰਬਾਜ਼ੀ ਜਾਂ ਹੁਲੜਬਾਜ਼ੀ ਜਾਂ ਅਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਤੇ ਅਹਿਤੇਜਾਜ (ਪ੍ਰਦਰਸ਼ਨ) ਕਰਨਾ ਉਨ੍ਹਾਂ ਦੀ ਆਮ ਜ਼ਿੰਦਗੀ ਦਾ ਹਿੱੱਸਾ ਬਣ ਚੁਕਾ ਹੈ।

ਹਾਂਗਕਾਂਗ ਦਾ ਅੰਦੋਲਨਕਾਰੀ ਭਾਰਤ ਦੇ ਕਿਸਾਨੀ ਅੰਦੋਲਨਕਾਰੀ ਨਾਲੋਂ ਵਧੇਰੇ ਯੋਜਨਾਬੱਧ ਤੇ ਪ੍ਰਭਾਵਸ਼ਾਲੀ ਹੈ। ਉਹ ਜ਼ਿਆਦਾ ਪੜਿ੍ਹਆ-ਲਿਖਿਆ, ਭੀੜ-ਤੰਤਰ ਦੀਆਂ ਤਾਕਤਾਂ ਤੇ ਕਮਜ਼ੋਰੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ। ਉਸ ਦਾ ਸ਼ਕਤੀ ਪ੍ਰਦਰਸ਼ਨ ਲੱਗਭਗ 10 ਕਾਰਨਾਂ ਸਦਕਾ ਜ਼ਿਆਦਾ ਬੇਹਤਰ ਹੈ। ਉਨ੍ਹਾਂ ਵਲੋਂ ਪ੍ਰਦਰਸ਼ਨ ਦੀ ਯੋਜਨਾ ਹਰ ਵਰਗ ਤੇ ਹਰ ਉਮਰ ਦੇ ਲੋਕਾਂ ਤਕ ਠੀਕ ਤਰੀਕੇ ਨਾਲ ਪਹੁੰਚਾਈ ਜਾਂਦੀ ਹੈ। ਉਨ੍ਹਾਂ ਵਲੋਂ ਚਿੰਤਕ ਬੈਠਕਾਂ ਵਿਚ ਮੀਡੀਆ ਦੇ ਖੁਲ੍ਹੇ ਉਪਯੋਗ ਨਾਲ ਆਮ ਤੇ ਖਾਸ ਨੂੰ ਜ਼ਮੀਨੀ ਸੱਚਾਈਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ।

ਚੀਨ ਦੇ ਕਾਨੂੰਨ ਹੱਦ ਤੋਂ ਜ਼ਿਆਦਾ ਮਾੜੇ ਹਨ ਤੇ ਉਨ੍ਹਾਂ ਤੇ ਨਿਸ਼ਾਨਾ ਲਾਉਣ ਲਈ ਮਾਹਰ ਵੀ ਇਨ੍ਹਾਂ ਅੰਦੋਲਨਕਾਰੀਆਂ ’ਚੋਂ ਹੀ ਨਿਕਲਦੇ ਹਨ। ਉਹ ਅਪਣੀਆਂ ਸੇਵਾਵਾਂ ਦੇਣ ਲਈ ਵੱਖੋ-ਵਖਰੇ ਖ਼ਿਤਿਆਂ ਤੇ ਕਿਤਿਆਂ ਦੇ ਮਾਹਰ ਆਪ-ਮੁਹਾਰੇ ਅੱੱਗੇ ਹੋ ਕੇ ਟੋਲੇ ਬਣਾਉਂਦੇ ਹਨ ਤੇ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਪੂਰੀ ਸ਼ਰਧਾ ਤੇ ਇਮਾਨਦਾਰੀ ਨਾਲ ਮਾਇਕ ਯੋਗਦਾਨ ਪਾਉਂਦੇ ਹਨ।

ਉਹ ਆਧੁਨਿਕ ਤਕਨੀਕਾਂ ਦਾ ਪ੍ਰਯੋਗ ਕਰ ਕੇ ਚੀਨੀ ਦਮਨ ਦੀ ਕਾਟ ਲਭਦੇ ਹਨ, ਬਚਾਉ ਦੇ ਬਜਾਏ ਤਕਨੀਕੀ ਘਾਤ ਲਗਾਉਂਦੇ ਹਨ। ਬਹੁਤ ਹੀ ਪ੍ਰਭਾਵਸ਼ਾਲੀ ਸੰਕੇਤਕ ਨਾਹਰੇਬਾਜ਼ੀ ਤੇ ਇਕੋ ਜਿਹੀ ਪੁਸ਼ਾਕ ਪਾ ਕੇ ਏਕਤਾ ਦਾ ਮੁਜ਼ਾਹਰਾ ਕਰਦੇ ਹਨ ਅਤੇ ਪ੍ਰਤੀਕਾਂ ਦੇ ਰੂਪ ਵਿਚ ਕਦੇ ਛੱਤਰੀਆਂ ਤੇ ਕਦੇ ਗੈਸ ਮਾਸਕ ਪਾ ਕੇ ਸੰਸਾਰ ਭਰ ਨੂੰ ਅਚੰਭੇ ਵਿਚ ਪਾਉਂਦੇ ਹਨ। ਸੋਸ਼ਲ ਮੀਡੀਏ ਰਾਹੀਂ ਦੁਨੀਆਂ ਭਰ ਵਿਚ ਵਸਦੇ ਅਪਣੇ ਹਮਦਰਦਾਂ ਤੇ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਕਰਦੇ ਹਨ ਤੇ ਹਾਲਾਤ ਸਾਂਝੇ ਕਰਦੇ ਹਨ।

ਉਹ ਰਾਜਸੀ ਚਾਲਾਂ ਦਾ ਤੁਰਤ ਮੁਲਾਂਕਣ ਕਰਦੇ ਹਨ ਤੇ ਉਥੇ ਕੋਈ ਹਤਾਸ਼ ਜਾਂ ਨਿਰਾਸ਼ ਨਹੀਂ ਹੁੰਦਾ। ਉਹ ਇਕ ਦੂਜੇ ਦਾ ਉਤਸ਼ਾਹ ਵਧਾਉਣ ਲਈ ਕੈਂਟਨੀ ਭਾਸ਼ਾ ’ਚ ਗੀਤ ਗਾਉਂਦੇ ਹਨ। ਸ਼ਾਇਦ ਹੀ ਕੋਈ ਅਜਿਹਾ ਹਾਂਗਕਾਂਗੀ ਵਿਦਿਆਰਥੀ ਹੋਵੇਗਾ ਜਿਸ ਦੇ ਸਰੀਰ ਤੇ ਸਰਕਾਰੀ ਤਸ਼ੱਦਦ ਦਾ ਤਸਦੀਕੀ ਨਿਸ਼ਾਨ ਨਾ ਹੋਵੇ ਪਿਆ ਹੋਵੇ। ਉਹ ਟੁੱੱਟੀਆਂ ਬਾਹਵਾਂ ਤੇ ਲੱੱਤਾਂ ਉਤੇ ਹੋਏ ਪਲਾਸਟਰਾਂ ਤੇ ਵੀ ਸੁਨੇਹੇ ਲਿਖਦੇ ਹਨ।

ਬੰਗਲਾਦੇਸ਼ ਦੇ ਤੁਅੱੱਸਬੀ ਵਾਤਾਵਰਨ ’ਚ ਸਾਹ ਘੁਟਦਾ ਵੇਖ ਕੇ ਬਹੁਤੇ ਅਮੀਰਜ਼ਾਦੇ 40 ਮਿੰਟਾਂ ਦਾ ਹਵਾਈ ਸਫ਼ਰ ਕਰ ਕੇ ਕਲਕੱਤਾ ’ਚ ਆ ਕੇ ਮਨਮਰਜ਼ੀਆਂ ਕਰਦੇ ਹਨ ਤੇ ਸਮਾਜਕ ਖੁਲ੍ਹੇਪਣ ਦਾ ਅਨੰਦ ਲੈਂਦੇ ਹਨ ਅਤੇ ਧਾਰਮਕ ਬੰਦਸ਼ਾਂ ’ਚ ਜ਼ਿੰਦਗੀ ਬਸਰ ਕਰਦੇ ਹਨ। ਠੀਕ ਇਸੇ ਤਰ੍ਹਾਂ, ਹਾਂਗਕਾਂਗ ਦਾ ਸੱਭਿਆਚਾਰ ਦਾ ਖੁੱਲ੍ਹਾਪਨ ਚੀਨ ਲਈ ਘਾਤਕ ਸਾਬਤ ਹੁੰਦਾ ਹੈ। ਲੋਕਤੰਤਰੀ ਪ੍ਰਣਾਲੀ ਲਈ ਪੂਰੇ ਚੀਨੀ ਲੋਕਾਂ ਦੇ ਮਨਾਂ ਵਿਚ ਤਾਂਘ ਉਠਦੀ ਹੈ। ਸਰਕਾਰੀ ਹੋਂਦ ਨੂੰ ਤਰਜੀਹ ਨਾ ਦੇਣਾ, ਜਵਾਬਦੇਹੀ ਲਈ ਉਕਸਾਉਣਾ ਤੇ ਮਨੁੱੱਖੀ ਅਧਿਕਾਰਾਂ ਨੂੰ ਮੁੱਖ ਰਖਣਾ ਚੀਨ ਲਈ ਬਰਦਾਸ਼ਤ ਕਰਨਾ ਔਖਾ ਹੈ।

ਸੁਪਰੀਮ ਲੀਡਰ ਸ਼ੀ-ਜਿੰਨਪਿੰਗ ਹਾਂਗਕਾਂਗ ਦੇ ਵੱਖਰੀ ਪਛਾਣ ਨੂੰ ਬਰਦਾਸ਼ਤ ਕਰਨ ਤੋਂ ਅਸਮਰੱੱਥ ਹੈ। ਪ੍ਰਦਰਸ਼ਨਕਾਰੀਆਂ ਨੇ ਅਪਣਾ ਰਾਜਸੀਕਰਨ ਕੀਤਾ ਹੋਇਆ ਹੈ। ਲੋਕਤੰਤਰੀ ਵਿਚਾਰਧਾਰਾ ਅਧੀਨ ਰਾਜਸੀ ਪਾਰਟੀ ਨੂੰ ਕਾਇਮ ਕੀਤਾ। ਜੋਸ਼ੂਆ-ਵੌਂਗ, 24 ਸਾਲਾਂ ਨੌਜੁਆਨ ਡੈਮਿਸਟੋ ਦਲ ਦਾ ਸੰਚਾਲਕ ਬਣਿਆ ਤੇ ਉਸ ਨੇ ਚੀਨ ਦੇ ਨੱੱਕ ’ਚ ਦਮ ਕਰ ਦਿਤਾ। ਜੇਲ੍ਹ ਦੇ ਤਸ਼ੱੱਦਦ ਤੋਂ ਬਾਅਦ ਸਰੀਰ ਤੇ ਉਕਰੇ ਨਿਸ਼ਾਨ ਉਸ ਦੀ ਨਿੱਕੀ ਉਮਰ ਤੋਂ ਵੀ ਵੱੱਡੇ ਹਨ।

ਕਿਸਾਨ ਕੀ ਕਰਨ ਤਾਕਿ ਸਰਕਾਰ ਅਪਣਾ ਹੰਕਾਰ ਛੱੱਡੇ : ਕਿਸਾਨਾਂ ਨੂੰ ਪੰਜ ਸਹੀ ਕਦਮ ਚੁਕਣੇ ਬਹੁਤ ਜ਼ਰੂਰੀ ਹਨ ਤਾਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਪੜ੍ਹੇ-ਲਿਖੇ ਨੌਜੁਆਨਾਂ ਤੇ ਸਿਆਣੇ ਬਜ਼ੁਰਗ਼ਾਂ ਦੇ ਦਲ ਬਣਾਏ ਜਾਣ ਜੋ ਕਿਸਾਨੀ ਕਾਨੂੰਨਾਂ ਨੂੰ ਸਰਲ ਭਾਸ਼ਾ ’ਚ ਸੱਭ ਤਕ ਪਹੁੰਚਾਉਣ ਤੇ ਸਕੂਲ-ਕਾਲਜਾਂ ’ਚ ਸੱਭ ਤਕ ਸੁਨੇਹਾ ਪਹੁੰਚਾਉਣ  ਲਈ ਮਸ਼ਹੂਰ ਵਿਕਲਪ ਦੀ ਚੋਣ ਕਰਨ।

ਸੰਕੇਤਕ ਮੁਜ਼ਾਹਰਿਆਂ ’ਚ ਨਿਆਰਾਪਣ ਲਿਆਉਣ ਲਈ ਜਦੋਜਹਿਦ ਕੀਤੀ ਜਾਵੇ। ਬਹੁਤ ਹੱਦ ਤਕ ਹਰੀਆਂ ਪੱਗਾਂ, ਭਗਤ ਸਿੰਘ ਦੇ ਤੁਰਲੇ ਤੇ ਬਸੰਤੀ ਚੁੰਨੀਆਂ ਵੀ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ। ਰਾਜੇਵਾਲ ਸਾਹਬ ਵਲੋਂ ਕੀਤੀ ਗਈ ਕਾਨੂੰਨਾਂ ਦੀ ਵਿਆਖਿਆ ਨੂੰ ਲੱਖਾਂ ਲੋਕਾਂ ਨੇ ਸੁਣਿਆ ਹੈ। ਅਜਿਹੀਆਂ  ਹੀ ਵਿਆਖਿਆਵਾਂ ’ਚ ਵਾਧਾ ਕੀਤਾ ਜਾਵੇ।  ਡੇਵਿਡ ਨੇ ਅਪਣੇ ਤੋਂ ਵੱੱਡੇ ਵੈਰੀ ਗੋਲੀਐਥ ਨੂੰ ਮਾਰ ਕੇ ਸੰਭਾਵਤਾ ਤੇ ਸੰਕਲਪਤਾ ਦੇ ਧਰਮ ਦੀ ਨੀਂਹ ਰੱੱਖੀ ਸੀ।

ਅੱਗੇ ਵਧ ਕੇ ਇਹ ਧਰਮ ਯਹੂਦੀਆਂ ਦੀ ਆਸਥਾ ਬਣਿਆ ਅਤੇ ਬਾਕੀ ਕਈ ਧਰਮਾਂ ਦਾ ਜਨਮ ਹੋਇਆ। ਹਰ ਚੀਜ਼ ਵਿਚ ਬਦਲਾਅ ਸਾਹਮਣੇ ਆ ਹੀ ਜਾਂਦੇ ਹਨ ਤੇ ਬਦਲਾਅ ਹੀ ਜ਼ਿੰਦਗੀ ਦਾ ਨਿਯਮ ਹੈ। ਜੇ ਅਜਿਹੇ ਹਾਲਾਤ ਨਹੀਂ ਤਾਂ ਬਦਲਾਅ ਪੈਦਾ ਕੀਤੇ ਜਾ ਸਕਦੇ ਹਨ। ਜਾਗੋ! ਤੇ ਹੋਰਾਂ ਨੂੰ ਜਗਾਉ। ਮਾੜੀ ਸੋਚ ਵਾਲਿਆਂ ਨੂੰ ਇਕਮੱੱਤ ਹੋ ਕੇ ਹਰਾਉ। ਕਿਸਾਨੀ ਅੰਦੋਲਨ ਨੇ ਗੁਰੂਤਾ ਖਿੱੱਚ ਬਣਾਈ ਤਾਂ ਹੈ ਪਰ ਅਜੇ ਸਰਕਾਰ ਦੀ ਹੈਂਕੜ ਭੰਨਣੀ ਬਹੁਤ ਜ਼ਰੂਰੀ ਹੈ। 

- ਭੂ-ਰਾਜਨੀਤਿਕ, ਅੰਦਰੂਨੀ ਸੁਰੱੱਖਿਆ ਅਤੇ ਕੌਮਾਂਤਰੀ ਸੰਬਧਾਂ ਬਾਰੇ ਵਿਸ਼ਲੇਸ਼ਕ, 
ਰਾਜ ਪ੍ਰਤਾਪ ਸਿੰਘ
ਸੰਪਰਕ : 7347639156