ਚੰਦ ਗੁੰਡਿਆਂ ਦਾ ਗਰੋਹ ਕਿਸਾਨਾਂ ਨੂੰ ਭੜਕਾ ਰਿਹੈ : ਹਰਜੀਤ ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਵਿਚ ਦਲਿਤਾਂ ਵਿਰੁਧ ਹੁੰਦੇ ਜ਼ੁਲਮ ਬਾਰੇ ਹਰਜੀਤ ਸਿੰਘ ਗਰੇਵਾਲ ਨੇ ਸਪੋਕਸਮੈਨ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਕੀਤਾ ਪ੍ਰਗਟਾਵਾ

Harjeet Grewal

ਚੰਡੀਗੜ੍ਹ (ਸਪੋਕਸਮੈਨ ਟੀ.ਵੀ.): ਪੰਜਾਬ ’ਚ ਸਾਲ 2022 ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਸਿਆਸੀ ਹਲਚਲ ਵਧਦੀ ਜਾ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇਕ-ਦੂਜੇ ’ਤੇ ਵਿਅੰਗ ਕੱਸ ਰਹੇ ਹਨ। ਇਸੇ ਵਿਚਕਾਰ ਭਾਰਤੀ ਜਨਤਾ ਪਾਰਟੀ ਵਲੋਂ ਇਹ ਬਿਆਨ ਦਿਤਾ ਗਿਆ ਸੀ ਕਿ ਜੇਕਰ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਅਗਲਾ ਮੁੱਖ ਮੰਤਰੀ ਦਲਿਤ ਹੋਵੇਗਾ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਉਪ ਮੁੱਖ ਮੰਤਰੀ ਦਲਿਤ ਹੋਵੇਗ। ਇਨ੍ਹਾਂ ਮੁੱਦਿਆਂ ਬਾਰੇ ‘ਰੋਜ਼ਾਨਾ ਸਪੋਕਸਮੈਨ’ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨਾਲ ਵਿਸ਼ੇਸ਼ ਗੱਲਬਾਤ ਕੀਤੀ। 

ਸਵਾਲ : ਕੀ ਭਾਜਪਾ ਪੰਜਾਬ ’ਚ ਸਰਕਾਰ ਬਣਾ ਸਕੇਗੀ?
ਜਵਾਬ: ਬੰਗਾਲ ’ਚ ਸਾਡਾ ਇਸ ਤੋਂ ਵੀ ਬੁਰਾ ਹਾਲ ਸੀ ਪਰ ਉੱਥੇ ਅਸੀ ਅਪਣੀ ਸਰਕਾਰ ਬਣਾਉਣ ਜਾ ਰਹੇ ਹਾਂ। ਪੰਜਾਬ ’ਚ ਸਾਡੀ ਪਾਰਟੀ ਕਾਫ਼ੀ ਮਜ਼ਬੂਤ ਹੈ। ਸੂਬੇ ’ਚ ਇਸ ਵੇਲੇ ਹਿੰਦੂ ਡਰੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਪੰਜਾਬ ’ਚ ਜੇ ਕੋਈ ਪਾਰਟੀ ਅਮਨ ਅਤੇ ਸ਼ਾਂਤੀ ਕਾਇਮ ਕਰ ਸਕਦੀ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ। ਭਾਜਪਾ ਸੂਬੇ ਨੂੰ ਵਿਕਾਸ ਵਾਲੇ ਪਾਸੇ ਲਿਜਾ ਜਾ ਸਕਦੀ ਹੈ। ਸੁਖਬੀਰ ਬਾਦਲ ਨੇ ਇਹ ਐਲਾਨ ਕੀਤਾ ਹੈ ਕਿ ਉਹ ਉਪ ਮੁੱਖ ਮੰਤਰੀ ਦਲਿਤ ਬਣਾਉਣਗੇ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਡਿਪਟੀ ਮੁੱਖ ਮੰਤਰੀ ਕਿਉਂ ਬਣਾਉਣੈ, ਮੁੱਖ ਮੰਤਰੀ ਬਣਾਉ। ਅਸਲ ’ਚ ਅਕਾਲੀ ਅਤੇ ਕਾਂਗਰਸੀ ਰਲੇ ਹੋਏ ਹਨ ਅਤੇ ਇਨ੍ਹਾਂ ’ਚੋਂ ਜਿਹੜੀ ਪਾਰਟੀ ਦੀ ਵੀ ਸਰਕਾਰ ਜਦੋਂ ਸੱਤਾ ’ਚ ਆਉਂਦੀ ਹੈ ਤਾਂ 27 ਪਰਵਾਰ ਹੀ ਰਾਜ ਸੰਭਾਲ ਲੈਂਦੇ ਹਨ।

ਸਵਾਲ : ਕੀ ਤੁਸੀਂ ਪੰਜਾਬ ’ਚ ਵੀ ਹਿੰਦੂ ਵੋਟ ਬੈਂਕ ਦੀ ਸਿਆਸਤ ਦੇ ਮੁੱਦੇ ’ਤੇ ਚੋਣ ਮੈਦਾਨ ’ਚ ਨਿਤਰੋਗੇ? ਕੀ ਹਿੰਦੂ ਸੱਚਮੁੱਚ ਖ਼ਤਰੇ ’ਚ ਹਨ? 
ਜਵਾਬ : ਨਹੀਂ, ਅਸੀਂ ਇਸ ਮੁੱਦੇ ’ਤੇ ਕੋਈ ਸਿਆਸਤ ਨਹੀਂ ਕਰ ਰਹੇ। ਜਦੋਂ ਤੁਸੀਂ ਉਨ੍ਹਾਂ ਦੀਆਂ ਦੁਕਾਨਾਂ ਤੇ ਅਦਾਰੇ ਜ਼ਬਰਦਸਤੀ ਬੰਦ ਕਰਵਾਉਗੇ ਅਤੇ ਸਰਕਾਰ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਇਹ ਕੁੱਝ ਤਾਂ ਹੋਵੇਗਾ ਹੀ।
ਸਵਾਲ : ਦੁਕਾਨਦਾਰਾਂ ’ਚ ਹਿੰਦੂ-ਸਿੱਖ ਸਾਰੇ ਆਉਂਦੇ ਹਨ। ਉਹ ਖ਼ੁਦ ਕਿਸਾਨਾਂ ਦਾ ਸਾਥ ਦੇ ਰਹੇ ਹਨ। ਸਿਆਸੀ ਪਾਰਟੀਆਂ ਕਿਉਂ ਲੋਕਾਂ ਨੂੰ ਭੜਕਾ ਰਹੇ ਹਨ? 
ਜਵਾਬ : ਕਿਸਾਨਾਂ ਨਾਲ ਨਾ ਹਿੰਦੂ ਹੈ, ਨਾ ਸਿੱਖ ਹੈ, ਨਾ ਇਸਾਈ ਹੈ, ਨਾ ਮੁਸਲਮਾਨ ਹੈ, ਇਹ ਤਾਂ ਚੰਦ ਗੁੰਡਿਆਂ ਦਾ ਗਰੋਹ ਹੈ। ਲੀਡਰਾਂ ਦਾ ਕੰਮ ਲੋਕਾਂ ਨੂੰ ਸੇਧ ਦੇਣਾ ਹੁੰਦਾ ਹੈ ਨਾ ਕਿ ਗ਼ਲਤ ਰਾਹ ਪਾਉਣਾ। ਇਨ੍ਹਾਂ ਕਿਸਾਨ ਲੀਡਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਤਾਂ ਕੱਟਾਂਗੇ, ਮਾਰਾਂਗੇ, ਕਪੜੇ ਪਾੜਾਂਗੇ। ਮੈਂ ਜੋਗਿੰਦਰ ਸਿੰਘ ਉਗਰਾਹਾਂ ਨੂੰ ਇਕ ਗੱਲ ਦਸ ਦੇਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਇਕ ਉਂਗਲ ਕਿਸੇ ਵਲ ਕਰੋਗੇ ਤਾਂ ਤਿੰਨ ਤੁਹਾਡੇ ਵਲ ਹੋਣਗੀਆਂ। ਕਪੜੇ ਤੁਹਾਡੇ ਵੀ ਉਤਰਨਗੇ। ਅਜਿਹੀਆਂ ਗੱਲਾਂ ਠੀਕ ਨਹੀਂ ਹਨ।

ਸਵਾਲ : 351 ਕਿਸਾਨ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਉਡੀਕ ’ਚ ਮਾਰੇ ਗਏ। ਜੇ ਕੋਈ ਕਿਸਾਨ ਆਗੂ ਉਸ ਦਰਦ ਕਰ ਕੇ ਕੌੜਾ ਬੋਲ ਜਾਂਦਾ ਹੈ ਤਾਕਿ ਸਰਕਾਰ ਉਸ ਦਰਦ ਨੂੰ ਸਮਝ ਨਹੀਂ ਸਕਦੀ? 
ਜਵਾਬ : ਕਿਸਾਨ ਆਗੂਆਂ ਨੂੰ ਇਨ੍ਹਾਂ ਮੌਤਾਂ ਦਾ ਕੋਈ ਦਰਦ ਨਹੀਂ। ਇਹ ਸੱਭ ਉਨ੍ਹਾਂ ਕਿਸਾਨ ਆਗੂਆਂ ਕਰ ਕੇ ਹੀ ਹੋ ਰਿਹਾ ਹੈ। ਜਦੋਂ ਸਰਕਾਰਾਂ ਨੇ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ, ਜੋ-ਜੋ ਉਨ੍ਹਾਂ ਨੇ ਕਹੀਆਂ ਸਨ। ਸਰਕਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ 5 ਮੈਂਬਰਾਂ ਦੀ ਕਮੇਟੀ ਬਣਾ ਲਉ ਅਤੇ ਜੋ ਕਾਨੂੰਨ ਬਣਾਉਣਾ ਹੈ, ਉਹ ਵੀ ਬਣਾ ਲਉ, ਤਾਂ ਉਸ ਤੋਂ ਬਾਅਦ ਵੀ ਅੰਦੋਲਨ ਖ਼ਤਮ ਨਹੀਂ ਕੀਤਾ ਗਿਆ। ਇਹ ਗੱਲ ਅੰਦੋਲਨਕਾਰੀ ਜਥੇਬੰਦੀਆਂ ਨੂੰ ਸਮਝ ਕਿਉਂ ਨਹੀਂ ਆ ਰਹੀ?

ਸਵਾਲ : ਜੇ ਤੁਸੀਂ ਗੱਲ ਮੰਨ ਗਏ ਸੀ ਤਾਂ ਪੁਰਾਣੇ ਕਾਨੂੰਨ ਨੂੰ ਰੱਦ ਕਰ ਕੇ ਨਵਾਂ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ? 
ਜਵਾਬ : ਕਾਨੂੰਨ ਰੱਦ ਨਹੀਂ ਹੋਵੇਗਾ ਅਤੇ ਨਾ ਹੀ ਅੱਗੇ ਭਵਿੱਖ ’ਚ ਰੱਦ ਹੋਵੇਗਾ। ਸਰਕਾਰ ਨੇ ਪਹਿਲਾਂ ਹੀ ਦਸ ਦਿਤਾ ਹੈ। ਇਹ ਮਾਉਵਾਦੀ ਸਰਕਾਰ ਦੀ ਨੱਕ ਵਢਣਾ ਚਾਹੁੰਦੇ ਹਨ ਪਰ ਉਹ ਵੱਢ ਨਹੀਂ ਸਕਦੇ। ਇਹ ਉਨ੍ਹਾਂ ਦੀ ਬਹੁਤ ਵੱਡੀ ਗ਼ਲਤਫ਼ਹਿਮੀ ਹੈ, ਇਹ ਨਹੀਂ ਹੋ ਸਕਦਾ। 
ਸਵਾਲ : ਜੇ ਤੁਹਾਡੇ ਅਪਣੇ ਸੂਬੇ ਦੇ 200 ਲੋਕ ਮਾਰੇ ਜਾਣ ਅਤੇ ਦੇਸ਼ ਦੇ 351 ਲੋਕ ਮਾਰੇ ਜਾਣ ਤਾਂ ਦਰਦ ਤਾਂ ਤੁਹਾਨੂੰ ਵੀ ਹੁੰਦਾ ਹੋਵੇਗਾ? 
ਜਵਾਬ : ਸਾਨੂੰ ਦਰਦ ਹੈ, ਇਸੇ ਕਰ ਕੇ ਤਾਂ ਸਾਡੇ ਮੰਤਰੀਆਂ ਨੇ ਸਾਰੇ ਕਿਸਾਨਾਂ ਨੂੰ ਸ਼ਰਧਾਂਜਲੀ ਦਿਤੀ ਪਰ ਇਨ੍ਹਾਂ ਕਿਸਾਨ ਆਗੂਆਂ ਦੀ ਜ਼ਿੱਦ ਅਤੇ ਸੋਚ ਕਰ ਕੇ ਹੀ ਇਹ ਸੱਭ ਹੋ ਰਿਹਾ ਹੈ।

ਸਵਾਲ : ਹਰ ਮੰਚ ਤੋਂ ਕਿਹਾ ਜਾਂਦਾ ਹੈ ਕਿ ਕਿਸਾਨ ਆ ਜਾਣ, ਗੱਲ ਕਰ ਲੈਣ, ਅਸੀਂ ਪ੍ਰੈੱਸ ਕਾਨਫ਼ਰੰਸ ਕਰਦੇ ਹਾਂ ਪਰ ਕਿਸਾਨਾਂ ਨੂੰ ਇਕ ਕਾਲ ਕਿਉਂ ਨਹੀਂ ਕੀਤੀ ਜਾਂਦੀ? 
ਜਵਾਬ : ਕਿਸਾਨਾਂ ਨੂੰ 10 ਵਾਰ ਫ਼ੋਨ ਕਰ ਕੇ ਅਸੀਂ ਗੱਲ ਕਰਵਾਈ ਹੈ। ਹੁਣ 15 ਦਿਨ ਪਹਿਲਾਂ ਵੀ ਗੱਲ ਹੋਈ ਹੈ। ਉਨ੍ਹਾਂ ਨੂੰ ਕਿੰਨੀ ਵਾਰ ਕਿਹਾ ਕਿ ਕੋਈ ਵਧੀਆ ਪ੍ਰਸਤਾਵ ਲੈ ਆਉ, ਜਿਸ ’ਤੇ ਰੇੜਕਾ ਖ਼ਤਮ ਹੋ ਜਾਵੇ। ਉਹ ਤਾਂ ਇਹੀ ਕਹਿੰਦੇ ਹਨ ਕਿ ਦੋ ਦਿਨ ਬਾਅਦ ਦਸਦੇ ਹਾਂ ਅਤੇ ਫਿਰ ਕਹਿ ਦਿੰਦੇ ਹਨ ਕਿ ਸਾਡੇ ਨਾਲ ਗੱਲ ਨਹੀਂ ਕਰ ਸਕਦੇ।
ਸਵਾਲ : ਕਈ ਵਾਰ ਅਸੀਂ ਬੱਚੇ ਦੀ ਜ਼ਿੱਦ ’ਤੇ ਕਹਿ ਦਿੰਦੇ ਹਾਂ ਕਿ ਚਲ ਜੋ ਤੂੰ ਕਹਿਨੈਂ ਕਰ ਦਿੰਦਾ ਹਾਂ। ਵੱਡੇ ਦਾ ਇਹੀ ਕੰਮ ਹੁੰਦਾ ਹੈ ਅਤੇ ਜੇ ਪ੍ਰਧਾਨ ਮੰਤਰੀ ਜ਼ਿੱਦ ਸਮਝ ਕੇ ਹੀ ਕਿਸਾਨਾਂ ਦੀ ਗੱਲ ਮੰਨ ਲੈਣ ਤਾਂ ਉਨ੍ਹਾਂ ਦਾ ਵੱਡਾਪਣ ਕੀ ਹੋਰ ਵੱਡਾ ਨਹੀਂ ਹੋ ਜਾਵੇਗਾ? 
ਜਵਾਬ : ਕਲ ਨੂੰ ਕਿਸਾਨ ਕੁੱਝ ਹੋਰ ਵੀ ਕਹਿ ਦੇਣਗੇ, ਇੱਦਾਂ ਨਹੀਂ ਗੱਲ ਬਣਦੀ। ਇਹ ਪੂਰੇ ਦੇਸ਼ ਦੇ ਕਿਸਾਨ ਨਹੀਂ ਹਨ। ਦੇਸ਼ ਦੀ ਆਬਾਦੀ 139 ਕਰੋੜ ਹੈ ਅਤੇ 24 ਕਰੋੜ ਕਿਸਾਨ ਹਨ। ਦੇਸ਼ ’ਚ 800 ਦੇ ਕਰੀਬ ਕਿਸਾਨ ਸੰਗਠਨ ਹਨ। ਇਨ੍ਹਾਂ ’ਚੋਂ 32 ਤੋਂ 40 ਸੰਗਠਨ ਹੀ ਹਨ, ਜੋ ਇਹ ਕਹਿੰਦੇ ਹਨ, ਕਿਹਾ ਕਾਨੂੰਨ ਰੱਦ ਕਰੋ। ਬਾਕੀ ਕਹਿੰਦੇ ਹਨ ਕਿ ਕਾਨੂੰਨ ਬਹੁਤ ਵਧੀਆ ਹਨ। ਉਨ੍ਹਾਂ ਦੀ ਗੱਲ ਨਾ ਸੁਣੀ ਜਾਵੇ। ਉਹ ਕਿਸਾਨ ਨਹੀਂ ਹਨ? ਇਹ ਜ਼ਿਆਦਾ ਵਧੀਆ ਕਿਸਾਨ ਹਨ? ਇਸ ਕਰ ਕੇ ਸਾਰਿਆਂ ਦੀ ਗੱਲ ਸੁਣਨੀ ਪੈਂਦੀ ਹੈ। ਇਸ ਸੱਭ ਦੇ ਬਾਵਜੂਦ ਵੀ ਉਨ੍ਹਾਂ ਵਲੋਂ ਕਿਹਾ ਜਾਂਦਾ ਹੈ ਜੋ ਤੁਸੀਂ ਕਰਨਾ ਹੈ ਕਰ ਲਉ। ਇਹ ਕਮਿਊਨਿਸਟਾਂ ਦੀ ਜ਼ਿੱਦ ਹੈ ਅਤੇ ਕਮਿਊਨਿਸਟ ਜਿਹੜੀ ਫ਼ੈਕਟਰੀ ’ਤੇ ਝੰਡਾ ਲਗਾ ਦਿੰਦੇ ਹਨ, ਉਸ ਨੂੰ ਬੰਦ ਕਰਵਾ ਕੇ ਹੀ ਰਹਿੰਦੇ ਹਨ। ਇਨ੍ਹਾਂ ਨੇ ਕਿਸਾਨ ਦਾ ਨੁਕਸਾਨ ਕਰ ਕੇ ਹੀ ਰਹਿਣਾ ਹੈ।

ਸਵਾਲ : ਤੁਸੀਂ ਜਿਵੇਂ ਕਿਹੈ ਕਿ ਹਿੰਦੂ ਘਬਰਾਇਆ ਹੋਇਆ ਹੈ ਅਤੇ ਤੁਸੀਂ ਹੁਣ ਕੀ ਇਸੇ ਮੁੱਦੇ ’ਤੇ ਫ਼ੋਕਸ ਕਰ ਕੇ ਚੋਣ ਮੈਦਾਨ ’ਚ ਨਿਤਰੋਗੇ?
ਜਵਾਬ : ਅਸੀਂ ਨਾ ਦਲਿਤ ਵੋਟ ’ਤੇ ਰਾਜਨੀਤੀ ਕਰ ਰਹੇ ਹਾਂ ਨਾ ਹਿੰਦੂ ਵੋਟ ’ਤੇ। ਜੋ ਹਾਲਾਤ ਹੁਣ ਪੰਜਾਬ ਦੇ ਹਨ, ਮੈਂ ਤਾਂ ਉਹ ਦਸ ਰਿਹਾ ਹਾਂ। ਅਸੀਂ ਅਜਿਹੀ ਰਾਜਨੀਤੀ ’ਤੇ ਫ਼ੋਕਸ ਨਹੀਂ ਕਰ ਰਹੇ। ਸਾਨੂੰ ਤਾਂ ਸਾਰਿਆਂ ਨੇ ਹੀ ਵੋਟਾਂ ਪਾਉਣੀਆਂ ਹਨ। ਹੁਣ ਪੱਛਮ ਬੰਗਾਲ ’ਚ ਸਾਨੂੰ ਕਿਸਾਨ ਨਹੀਂ ਵੋਟ ਕਰਦਾ ਜਾਂ ਬਾਕੀ ਨਹੀਂ ਕਰਦੇ ਤਾਂ ਸਾਡੀ ਜੋ ਬਹੁਮਤ ਆਉਣੀ ਹੈ, ਉਹ ਤਾਂ ਆਉਣੀ ਹੀ ਹੈ। ਅਜਿਹੀ ਕੋਈ ਰੁਕਾਵਟ ਸਾਨੂੰ ਵਿਖਾਈ ਨਹੀਂ ਦਿੰਦੀ। 
ਸਵਾਲ : ਫਿਰ ਲੋਕਾਂ ਨੇ ਕਹਿਣੈ ਕਿ ਇਹ ਈ.ਵੀ.ਐਮ. ਦੇ ਸਿਰ ’ਤੇ ਆਈ ਹੈ?
ਜਵਾਬ : ਉਹ ਤਾਂ ਕੁੱਝ ਲੋਕਾਂ ਨੇ ਕਹੀ ਹੀ ਜਾਣੈ। ਇਹ ਤਾਂ ਕਮਿਊਨਿਸਟ ਨੇ ਜੋ ਕਾਂਗਰਸ ਨਾਲ ਮਿਲੇ ਹੋਏ ਨੇ ਤੇ ਇਹ ਮੇਰੀ ਗੱਲ ਸੁਣੋ, ਅੱਜ ਰਾਹੁਲ ਗਾਂਧੀ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਤੇ ਤੁਸੀਂ ਦੇਖਣਾ ਕੁੱਝ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਨੇ ਗੰਭੀਰਤਾ ਨਾਲ ਨਹੀਂ ਲੈਣਾ, ਜਿਹੜੇ ਦਲਿਤਾਂ ਦੇ ਮੁੱਦੇ ’ਤੇ ਤੁਸੀਂ ਆਏ ਹੋ ਨਾ ਤੇ ਕਾਂਗਰਸ ਵਿਚੋਂ ਉਨ੍ਹਾਂ ਵਿਚ ਸਿਰਫ਼ 27 ਪਰਵਾਰ ਹੀ ਰਾਜ ਕਰਦੇ ਨੇ ਉਹ ਉਨ੍ਹਾਂ ਪਰਵਾਰਾਂ ਤੋਂ ਬਾਹਰ ਨਾ ਮੁੱਖ ਮੰਤਰੀ ਬਣਾਉਂਦੇ ਨੇ ਤੇ ਨਾ ਹੀ ਮੰਤਰੀ ਤੇ ਵਿਧਾਇਕ ਚਾਹੇ 90 ਬਣਾ ਲਵੋ। ਇਹ ਉਨ੍ਹਾਂ ਪਰਵਾਰਾਂ ਦਾ ਹੀ ਰਾਜ ਹੈ ਪਿਛਲੇ ਲੰਮੇ ਸਮੇਂ ਤੋਂ। 

ਸਵਾਲ : ਤੁਹਾਡੇ ਕੋਲ ਅੱਜ ਬਹੁਤ ਸੂਬੇ ਹਨ, ਪੂਰੇ ਦੇਸ਼ ਵਿਚ ਕਿਹੜੇ ਹੋਰ ਸੂਬੇ ਤੋਂ ਤੁਸੀਂ ਦਲਿਤ ਮੁੱਖ ਮੰਤਰੀ ਲਗਾਇਐ? 
ਜਵਾਬ : ਰੇਸ਼ੋ ਦੇ ਹਿਸਾਬ ਨਾਲ ਸੱਭ ਤੋਂ ਵੱਡੀ ਅਬਾਦੀ ਦਲਿਤਾਂ ਦੀ ਪੰਜਾਬ ਵਿਚ ਰਹਿੰਦੀ ਹੈ ਤੇ ਪਹਿਲਾਂ ਹੱਕ ਵੀ ਪੰਜਾਬੀਆਂ ਦਾ ਹੀ ਹੈ।
ਸਵਾਲ : ਪਰ ਇਹ ਤਾਂ ਨਹੀਂ ਕਿ ਸਿਰਫ਼ ਅਬਾਦੀ ਕਰ ਕੇ ਕਿਉਂਕਿ ਦੇਸ਼ ਵਿਚੋਂ ਜੇ ਤੁਸੀਂ ਇਕ ਉਦਾਹਰਣ ਬਣਾਉਣੀ ਸੀ ਤੇ ਬਾਬਾ ਸਾਹਿਬ ਦੀ ਗੱਲ ਕਰਦੇ ਹਾਂ ਉਹ ਕਹਿੰਦੇ ਸੀ ਕਿ ਮੈਨੂੰ ਬਰਾਬਰੀ ਚਾਹੀਦੀ ਹੈ ਤੇ ਅਜਿਹੀ ਬਰਾਬਰੀ ਜਿਸ ਵਿਚ ਕੋਈ ਜਾਤ-ਪਾਤ ਨਾ ਹੋਵੇ। ਪੂਰੇ ਦੇਸ਼ ਵਿਚ ਸਾਨੂੰ ਅਜਿਹਾ ਕਾਬਲ ਦਲਿਤ ਨਾ ਮਿਲਿਆ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਹਾਂ ਇਥੇ ਕਾਬਲ ਮੁੱਖ ਮੰਤਰੀ ਬਣਾਉਂਦੇ ਹਾਂ? 
ਜਵਾਬ : ਸਾਡੀ ਪਾਰਟੀ ਦੇ ਕੋਈ ਸਪੈਸ਼ਲ ਬੰਦੇ ਨਹੀਂ ਹੁੰਦੇ ਆਮ ਸਾਧਾਰਣ ਪਰਵਾਰਾਂ ’ਚੋਂ ਆਉਂਦੇ ਹਨ ਤੇ ਕੰਮ ਕਰਦੇ-ਕਰਦੇ ਅੱਗੇ ਆਉਂਦੇ ਨੇ, ਜਿਸ ਤਰ੍ਹਾਂ ਹੁਣ ਮੈਨੂੰ 32 ਸਾਲ ਹੋ ਗਏ ਕੰਮ ਕਰਦੇ ਨੂੰ ਕੰਮ ਕਰ ਰਹੇ ਹਾਂ ਤੇ ਜਦੋਂ ਕੋਈ ਹੋਰ ਆਏਗਾ ਮੌਕਾ ਆਏਗਾ।

ਸਵਾਲ : ਕੋਈ ਦਲਿਤ ਅਜਿਹਾ ਅਇਆ ਹੀ ਨਹੀਂ ਜਿਸ ਨੂੰ ਤੁਸੀਂ ਕਹਿ ਸਕੋ? 
ਜਵਾਬ : ਨਹੀਂ, ਹੁਣ ਵਿਜੇ ਸਾਂਪਲਾ, ਸੋਮ ਪ੍ਰਕਾਸ਼ ਜੀ। 
ਸਵਾਲ : ਪਰ ਤੁਸੀਂ ਕਹਿੰਦੇ ਹੋ ਨਾ ਕਿ ਮੰਤਰੀ ਬਣਨ ਨਾਲ ਕੁੱਝ ਨਹੀਂ ਹੁੰਦਾ ਕਲਮ ਚਾਹੀਦੀ ਹੈ ਕਲਮ ਮੁੱਖ ਮੰਤਰੀ ਦੀ? 
ਜਵਾਬ : ਹਾਂ ਕਲਮ ਮੁੱਖ ਮੰਤਰੀ, ਜੇ ਸਾਡੀ ਸਰਕਾਰ ਆਏਗੀ ਤਾਂ ਬਣਾ ਦਿਆਂਗੇ ਅਸੀਂ ਕਹਿ ਤਾਂ ਦਿਤਾ।

ਸਵਾਲ : ਜਿਹੜੀ ਰਿਪੋਰਟ ਆਈ ਹੈ ਐਨਸੀਆਰਬੀ ਦੀ ਉਸ ਵਿਚ ਕਿਹਾ ਗਿਆ ਹੈ ਕਿ ਜਿੰਨੇ ਵੀ ਅਪਰਾਧ ਦਲਿਤਾਂ ਵਿਰੁਧ ਹੋਏ ਨੇ ਉਹ ਸੱਭ ਤੋਂ ਵੱਧ ਉੱਤਰ ਪ੍ਰਦੇਸ਼ ਵਿਚ ਹੋਏ ਨੇ। ਜੋ ਤੁਸੀਂ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਤੋਂ ਬਾਅਦ ਉਹ ਮੁੱਖ ਪ੍ਰਚਾਰਕ ਨੇ ਯੋਗੀ ਅਦਿੱਤਿਆਨਾਥ ਦੇ ਰੇਜ ਵਿਚ ਸੱਭ ਤੋਂ ਵੱਧ ਪੰਜਾਬ ਵਿਚ ਨਹੀਂ ਹੋਏ?
ਜਵਾਬ : ਤੁਸੀਂ ਪਿਛਲੇ ਸਮਾਂ ਦਾ ਰਿਕਾਰਡ ਕੱਢ ਕੇ ਦੇਖ ਲਵੋ, ਸਮਾਜਵਾਦੀ ਪਾਰਟੀ ਦੇ ਮੌਕੇ ਜਿੰਨੇ ਜ਼ੁਲਮ ਹੋਏ ਨੇ ਉਸ ਤੋਂ ਅੱਧ ਤੋਂ ਵੀ ਘੱਟ ਆ ਗਿਆ ਹੈ ਗ੍ਰਾਫ਼। ਯੋਗੀ ਅਦਿੱਤਿਆਨਾਥ ਐਨੇ ਸਖ਼ਤ ਨੇ ਕਿ ਗੁੰਡਾਗਰਦੀ ਵੀ ਖ਼ਤਮ ਕਰ ਦਿਤੀ, ਕੋਈ ਬ੍ਰਾਹਮਣ ਨਹੀਂ ਦਿਖਦਾ, ਅਪਰਾਧ ਵੀ ਖ਼ਤਮ ਕਰ ਦਿਤਾ ਤੇ ਨਾ ਹੀ ਦਲਿਤ ਦੇਖਿਆ ਜਾਂਦਾ ਹੈ ਨਾ ਉੱਥੇ ਕੋਈ ਹੋਰ ਜਾਤ ਪਾਤੀ ਦੇਖੀ ਜਾਂਦੀ ਹੈ ਪਹਿਲਾਂ ਉੱਥੇ ਬਹੁਤ ਅਜਿਹੀ ਵਿਵਸਥਾ ਸੀ। 
ਸਵਾਲ : ਜਿਹੜਾ ਮੈਂ ਅੰਕੜਾ ਕਹਿ ਰਹੀ ਹਾਂ ਉਹ ਉਨ੍ਹਾਂ ਦੇ ਰਾਜ ਦਾ ਕਹਿ ਰਹੀ ਹਾਂ?
ਜਵਾਬ : ਠੀਕ ਹੈ ਅਪਰਾਧ ਹੋ ਰਹੇ ਹਨ ਪਰ ਉਨਾ ਨਹੀਂ ਹੈ ਜਿੰਨਾ ਗ੍ਰਾਫ਼ ਪਹਿਲਾਂ ਸੀ, ਉਹ ਹੁਣ ਨਹੀਂ।
ਸਵਾਲ : ਵਧੇ ਹੀ ਨੇ ਘਟੇ ਤਾਂ ਨਹੀਂ? 
ਜਵਾਬ :
ਨਹੀਂ ਘਟੇ ਹਨ ਉਨ੍ਹਾਂ ਦੇ ਰਾਜ ਵਿਚ।  

ਸਵਾਲ : ਜੇ ਘਟੇ ਹੁੰਦੇ ਤਾਂ ਦੇਸ਼ ਵਿਚੋਂ ਸੱਭ ਤੋਂ ਥੱਲੇ ਹੋਣਾ ਸੀ, ਵਧੇ ਨੇ ਤਾਂ ਹੀ ਤਾਂ ਉਪਰ ਆਏ ਹਨ? 
ਜਵਾਬ : ਉਹ ਠੀਕ ਹੈ ਉੱਤਰ ਪ੍ਰਦੇਸ਼ ਦੀ ਅਬਾਦੀ ਕਿੰਨੀ 20 ਕਰੋੜ ਤੋਂ ਵੱਧ ਹੈ ਤੇ ਬਾਕੀ ਸੂਬਿਆ ਦੀ ਕਿੰਨੀ ਹੈ। ਪੰਜਾਬ ਵਿਚ ਤਾਂ 3 ਕਰੋੜ ਵੀ ਨਹੀਂ ਹੈ ਤੇ ਇਸੇ ਕਰ ਕੇ ਜੇ ਇਨ੍ਹਾਂ ਦਾ ਆਪਸ ਵਿਚ ਮੁਕਾਬਲਾ ਕਰੀਏ ਤਾਂ ਪੰਜਾਬ ਵਿਚ ਤਾਂ ਵੱਧ ਹੋ ਰਹੇ ਹਨ। ਦਲਿਤਾਂ ਵਿਰੁਧ ਜੇ ਅਪਰਾਧ ਹੋ ਰਹੇ ਹਨ ਤਾਂ ਉਹ ਪੰਜਾਬ ਵਿਚ ਵੱਧ ਹੋ ਰਹੇ ਹਨ। 
ਸਵਾਲ : ਸਾਡਾ ਰਾਸ਼ਟਰਪਤੀ ਹੈ ਉਹ ਵੀ ਪਛੜੀ ਜਾਤੀ ਤੋਂ ਹੈ ਤੇ ਉਸ ਤੋਂ ਬਾਅਦ ਯੂਪੀ ਤੇ ਉਹ ਸੁਧਾਰ ਤਾਂ ਨਹੀਂ ਆਇਆ ਤੇ ਸਾਡੇ ਕੋਲ 7 ਸਾਲ? 
ਜਵਾਬ : ਪਛੜੀ ਜਾਤੀ ਦੇ ਨਹੀਂ ਦਲਿਤ ਦੇ ਨੇ ਭਾਜਪਾ ਨੂੰ ਜਦੋਂ ਮੌਕਾ ਮਿਲਿਆ ਉਨ੍ਹਾਂ ਨੇ ਰਾਸ਼ਟਰਪਤੀ ਬਣਾ ਦਿਤਾ। 
ਸਵਾਲ : ਬਦਲਾਅ ਕੀ ਹੈ ਉਨ੍ਹਾਂ ਦੇ ਹੱਥ ਵਿਚ ਕਲਮ ਹੈ?
ਜਵਾਬ :
ਚਲੋ ਉਹ ਤਾਂ ਉਨ੍ਹਾਂ ਨੇ ਕਰਨੈ। ਇਸ ਦਾ ਜਵਾਬ ਤਾਂ ਉਹੀ ਦੇਣਗੇ ਪਰ ਅਸੀਂ ਕੋਈ ਕਮੀ ਨਹੀਂ ਛੱਡੀ। ਜਦੋਂ ਦਲਿਤਾਂ ਦਾ ਮੌਕਾ ਆਇਆ ਅਸੀਂ ਦਿਤਾ। ਰਾਸ਼ਟਰਪਤੀ ਬਣਾਇਆ। 

ਸਵਾਲ : ਅੱਜ ਤੁਹਾਡੇ ਕੋਲ ਪੰਜਾਬ ਵਿਚ ਅਜਿਹੇ ਕਿਹੜੇ ਆਗੂ ਨੇ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਹਾਂ ਅੱਜ ਇਹ ਸਾਡਾ ਮੁੱਖ ਮੰਤਰੀ ਦਾ ਚਿਹਰਾ ਬਣ ਸਕਦਾ ਹੈ? 
ਜਵਾਬ : ਸੋਮ ਪ੍ਰਕਾਸ਼ ਜੀ ਮੰਤਰੀ ਹਨ, ਵਿਜੇ ਸਾਂਪਲਾ ਜੀ ਮੰਤਰੀ ਹਨ ਤੇ ਅੱਜ ਉਹ ਐੱਸਸੀ ਕਮਿਸ਼ਨ ਦੇ ਚੇਅਰਮੈਨ ਵੀ ਹਨ ਤੇ ਉਹ ਐਨਾ ਵਧੀਆ ਕੰਮ ਕਰ ਰਹੇ ਨੇ ਤੇ ਪੰਜਾਬ ਦਾ ਇਹ ਪਹਿਲਾ ਐਸਸੀ ਕਮਿਸ਼ਨ ਦਾ ਚੇਅਰਮੈਨ ਹੈ ਜੋ ਦਲਿਤ ਹੈ। ਸੰਵਿਧਾਨਕ ਸੰਸਥਾ ਤੇ ਐਨਾ ਵਧੀਆ ਕੰਮ ਕਰ ਰਹੇ ਨੇ ਪੂਰੇ ਦੇਸ਼ ਦੇ ਅੰਦਰ। ਲੋਕ ਕਹਿ ਰਹੇ ਕਿ ਕਿੰਨਾ ਚੰਗਾ ਕੰਮ ਕਰ ਰਹੇ ਹਨ ਤੇ ਹੋਰ ਵੀ ਕਈ ਨੇ ਤੇ ਸਾਡੇ ਤਾਂ ਕਰਮਚਾਰੀ ਸਾਧਾਰਣ ਪ੍ਰਵਾਰਾਂ ਵਿਚੋਂ ਹਨ, ਖ਼ਾਸ ਪਰਵਾਰਾਂ ਵਿਚੋਂ ਨਹੀਂ ਹਨ ਸਾਡੇ ਆਗੂ। ਪੰਜਾਬ ਵਿਚ ਤਾਂ ਖ਼ਾਸ ਹਨ। ਇਕ ਪਾਸੇ ਕੈਪਟਨ ਤੋਂ ਬਿਨਾਂ ਕੋਈ ਨਹੀਂ ਆ ਸਕਦਾ ਤੇ ਦੂਜੇ ਪਾਸੇ ਬਾਦਲਾਂ ਤੇ ਉਨ੍ਹਾਂ ਦੇ ਅਪਣਿਆਂ ਤੋਂ ਬਿਨਾਂ ਕੋਈ ਨਹੀਂ ਬਣ ਸਕਦਾ। ਸਾਡੇ ਇਸ ਤਰ੍ਹਾਂ ਦਾ ਕੰਮ ਨਹੀਂ ਚਲਦਾ। 
ਸਵਾਲ : ਐਨਸੀਆਰਬੀ ਦੀ ਰੀਪੋਰਟ ਵਿਚ ਆਦਿਵਾਸੀਆਂ ’ਤੇ ਦੂਜੇ ਨੰਬਰ ’ਤੇ ਮੱਧ ਪ੍ਰਦੇਸ਼ ਵਿਚ ਅਪਰਾਧ ਹੋਏ ਹਨ? 
ਜਵਾਬ
: ਜ਼ਰੂਰ ਹੋਏ ਹੋਣਗੇ। ਆਰਐਸਐਸ ਦਾ ਕੋਈ ਸਬੰਧ ਨਹੀਂ ਹੈ ਅਪਰਾਧਾਂ ਨਾਲ, ਸਾਡਾ ਸਬੰਧ ਤਾਂ ਸੇਵਾ ਨਾਲ ਹੈ, ਸੇਵਾ, ਸਮਰਪਣ, ਵਿਅਕਤੀ ਨਿਰਮਾਣ ਇਹ ਹੈ ਸਾਡਾ ਆਰਐਸਐਸ ਦਾ ਸਬੰਧ। 

ਸਵਾਲ : ਐਸਜੀਪੀਸੀ ਨਾਲ ਤੁਹਾਡੇ ਬਹੁਤ ਗੂੜ੍ਹੇ ਸਬੰਧ ਸਨ ਪਰ ਉਹ ਅੱਜ ਕਹਿੰਦੇ ਹਨ ਕਿ ਹਿੰਦੂ ਰਾਸ਼ਟਰ ਕਰ ਕੇ ਹੀ ਦੇਸ਼ ਵਿਰੁਧ ਜਾ ਰਹੇ ਹਨ, ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? 
ਜਵਾਬ :
ਦੇਖੋ, ਪਹਿਲੀ ਗੱਲ ਤਾਂ ਜੋ ਸੰਸਥਾ ਕੁਰਬਾਨੀਆਂ ਤੋਂ ਬਾਅਦ ਸੰਸਥਾ ਸਥਾਪਤ ਹੋਈ ਹੈ ਉਸ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਵੀ ਹਨ।
ਸਵਾਲ : ਇਕ ਬੀਬੀ ਨੂੰ ਅੱਗੇ ਕਰਨਾ ਚੰਗੀ ਗੱਲ ਰਹੀ ਨਾ? 
ਜਵਾਬ :
ਨਹੀਂ ਬੀਬੀ ਤਾਂ ਅੱਗੇ ਹੋਵੇ ਪਰ ਬੀਬੀ ਸ਼੍ਰੋਮਣੀ ਅਕਾਲੀ ਦਲ ਵਿਚ ਕਿਉਂ ਬੈਠੀ ਹੈ, ਬੀਬੀ ਇਕੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਹੀ ਰਹੇ। ਐਸਜੀਪੀਸੀ ਦਾ ਪ੍ਰਧਾਨ ਸਿਰਫ਼ ਉਸ ਦਾ ਹੀ ਪ੍ਰਧਾਨ ਰਹੇ ਉਸ ਨੂੰ ਕਿਸੇ ਹੋਰ ਰਾਜਨੀਤਕ ਪਾਰਟੀ ਦਾ ਪ੍ਰਮੁੱਖ ਨਹੀਂ ਹੋਣਾ ਚਾਹੀਦਾ। ਹੁਣ ਮੈਨੂੰ ਕਿਤੇ ਵੀ ਬਿਠਾ ਦਿਉ ਪਰ ਮੈਂ ਗੱਲ ਤਾਂ ਭਾਜਪਾ ਦੀ ਹੀ ਕਰਾਂਗਾ ਨਾ। 

ਸਵਾਲ : ਪਰ ਜੋ ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਰਾਸ਼ਟਰਵਾਦ, ਦੇਸ਼ ਦੇ ਤੇ ਘੱਟਗਿਣਤੀਆਂ ਦੇ ਵਿਰੋਧ ਵਿਚ ਹਨ, ਉਨ੍ਹਾਂ ਬਾਰੇ ਤੁਸੀਂ ਕੀ ਕਹਿੰਦੇ ਹੋ? 
ਜਵਾਬ :
ਉਂਜ ਤਾਂ ਦੋਸ਼ ਲਗਾਉਣ ਦੀ ਗੱਲ ਕਰਦੇ ਹਨ, ਡਰਾਉਣ ਧਮਕਾਉਣ ਦੀ ਗੱਲ ਕਰਦੇ ਹਨ ਕਿ ਸਾਡਾ ਕਿਸੇ ਤਰ੍ਹਾਂ ਗਠਜੋੜ ਦੁਬਾਰਾ ਹੋ ਜਾਵੇ ਡਰਾਉਣ ਨਾਲ।
ਸਵਾਲ : ਉਹ ਗਠਜੋੜ ਦੁਬਾਰਾ ਕਰਨਾ ਚਾਹੁੰਦੇ ਹਨ, ਸ਼੍ਰੋਮਣੀ ਅਕਾਲੀ ਦਲ ਭਾਜਪਾ ’ਚ ਆਉਣਾ ਚਾਹੁੰਦੀ ਹੈ? 
ਜਵਾਬ :
ਹਾਂ ਉਹ ਤਾਂ ਚਾਹੁਣਗੇ ਹੀ ਨਹੀਂ ਤਾਂ ਉਨ੍ਹਾਂ ਦੀ ਸਰਕਾਰ ਹੀ ਨਹੀਂ ਬਣਨੀ, ਉਹ ਤਾਂ ਕਦੇ ਬੀਐਸਪੀ ਵਲ ਜਾਂਦੇ ਹਨ, ਕਦੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾ ਦੇਵਾਂਗੇ, ਕਦੇ ਇਹ ਵੋਟ ਬੈਂਕ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਨੂੰ ਖ਼ਤਰਾ ਨਾ ਹੋਵੇ ਉਹ ਇੱਦਾਂ ਦੀਆਂ ਗੱਲਾਂ ਕਿਉਂ ਕਰਨ? 

ਸਾਵਲ : ਕੀ ਅਕਾਲੀ ਦਲ ਵਾਸਤੇ ਭਾਜਪਾ ਦਾ ਦਰਵਾਜ਼ਾ ਖੁੱਲ੍ਹਾ ਹੈ?
ਜਵਾਬ : ਦੇਖੋ ਇਹ ਸਮੇਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਸਮਾਂ ਚਲਾ ਗਿਆ। ਅਸੀਂ 117 ਸੀਟਾਂ ਤੋਂ ਇਕੱਲੇ ਚੋਣ ਲੜ ਰਹੇ ਹਾਂ, ਕਿਸੇ ਨਾਲ ਗਠਜੋੜ ਨਹੀਂ ਕਰ ਰਹੇ ਤੇ ਐਨੇ ਜ਼ੋਰ ਨਾਲ ਲੜਾਂਗੇ ਤੇ 2 ਮਈ ਤੋਂ ਬਾਅਦ ਸਮਝ ਆ ਜਾਵੇਗਾ। ਬਹੁਤ ਸਾਰੇ ਬਦਲਾਅ ਸਾਹਮਣੇ ਆਵੇਗਾ। ਪਾਰਟੀ ਦੇ ਕੰਮ ਕਰਨ ਦਾ ਤਰੀਕਾ ਸਮਝ ਆ ਜਾਵੇਗਾ ਤੇ ਅਮਿਤ ਸ਼ਾਹ ਵੀ ਇਥੇ ਆ ਕੇ ਕਮਾਨ ਸੰਭਾਲ ਰਹੇ ਹਨ ਤੇ ਉਹ ਜਿਥੇ ਵੀ ਕਮਾਨ ਸੰਭਾਲ ਲੈਂਦੇ ਨੇ ਤੇ ਉਥੇ ਹਾਰ ਤਾਂ ਹੁੰਦੀ ਨਹੀਂ। ਤੁਸੀਂ ਯੂਪੀ ਵਿਚ ਵੀ ਦੇਖ ਲਿਆ ਹੋਣੈ।