5 ਸਤੰ ਬਾਬਿਆਂ ਨੂੰ ਮੰਤਰੀ ਦਾ ਦਰਜਾ ਦਿਤਾ ਗਿਆ ਕਿਉਂਕਿ ਆਦਿਵਾਸੀ ਅਪਣੇ ਆਪ ਨੂੰ ਹਿੰਦੂ ਨਹੀਂ ਮੰਨਦੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੱ  ਧ ਪ੍ਰਦੇਸ਼ ਵਿਚ ਆਦਿਵਾਸੀਆਂ ਦੀ ਗਿਣਤੀ  ਸਵਾ ਕਰੋੜ ਤੋਂ ਵੀ ਵੱਧ ਹੈ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਸੂਬੇ ਦੀ ਲਾਇਫ਼ਲਾਈਨ ਆਖੀ ਜਾਣ ਵਾਲੀ ਨਰਮਦਾ ਨਦੀ.....

Computer Baba

ਮੱ ਧ ਪ੍ਰਦੇਸ਼ ਵਿਚ ਆਦਿਵਾਸੀਆਂ ਦੀ ਗਿਣਤੀ  ਸਵਾ ਕਰੋੜ ਤੋਂ ਵੀ ਵੱਧ ਹੈ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਸੂਬੇ ਦੀ ਲਾਇਫ਼ਲਾਈਨ ਆਖੀ ਜਾਣ ਵਾਲੀ ਨਰਮਦਾ ਨਦੀ ਕਿਨਾਰੇ ਰਹਿੰਦੇ ਹਨ। ਕਹਿਣ ਸੁਣਨ ਨੂੰ ਤਾਂ ਇਹ ਆਦਿਵਾਸੀ ਬੜੇ ਸਰਲ ਅਤੇ ਸਹਿਜ ਹਨ ਪਰ ਇਨ੍ਹਾਂ ਦਾ ਇਕ ਵੱਡਾ ਐਬ ਅਪਣੇ ਆਪ ਨੂੰ ਹਿੰਦੂ ਨਾ ਮੰਨਣ ਦੀ ਜ਼ਿੱਦ ਹੈ। ਪਿਛਲੇ ਸਾਲ ਫ਼ਰਵਰੀ ਵਿਚ ਆਰ.ਐਸ.ਐਸ ਪ੍ਰਧਾਨ ਮੋਹਨ ਭਾਗਵਤ ਆਦਿਵਾਸੀ ਬਹੁਗਿਣਤੀ ਵਾਲੇ ਜ਼ਿਲ੍ਹੇ ਬੈਤੂਲ ਗਏ ਸਨ, ਤਾਂ ਉਥੋਂ ਦੇ ਆਦਿਵਾਸੀਆਂ ਨੇ ਸਾਫ਼ ਤੌਰ ਉਤੇ ਇਤਰਾਜ਼ ਇਹ ਜਤਾਇਆ ਸੀ ਕਿ ਉਹ ਹਿੰਦੂ ਕਿਸੇ ਵੀ ਕੀਮਤ ਉਤੇ ਨਹੀਂ ਹਨ।

ਪਰ ਸੰਘ ਨਾਲ ਜੁੜੇ ਲੋਕ ਰੋਜ਼ਾਨਾ ਉਨ੍ਹਾਂ ਨੂੰ ਹਿੰਦੂ ਬਣਾਉਣ ਤੇ ਸਾਬਤ ਕਰਨ ਉਤੇ ਉਤਾਰੂ ਰਹਿੰਦੇ ਹਨ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਤਦ ਆਦਿਵਾਸੀ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਇਕ ਆਦਿਵਾਸੀ ਅਧਿਆਪਕ ਕਗੂ ਸਿੰਘ ਉਇਕੇ ਨੇ ਇਸ ਪ੍ਰਤੀਨਿਧ ਨੂੰ ਦਸਿਆ ਸੀ ਕਿ ਆਦਿਵਾਸੀ ਹਿੰਦੂਆਂ ਵਾਂਗ ਪਾਖੰਡੀ ਨਹੀਂ ਹਨ ਅਤੇ ਨਾ ਹੀ ਮੂਰਤੀਪੂਜਾ ਵਿਚ ਵਿਸ਼ਵਾਸ ਕਰਦੇ ਹਨ। ਅਜਿਹੀਆਂ ਕਈ ਉਦਾਹਰਣਾਂ ਇਸ ਆਦਿਵਾਸੀ ਲੀਡਰ ਨੇ ਗਿਣਾਈਆਂ ਸਨ, ਜਿਹੜੇ ਇਹ ਸਾਬਤ ਕਰਦੀਆਂ ਹਨ ਕਿ ਸਚਮੁੱਚ ਆਦਿਵਾਸੀ ਹਿੰਦੂ ਨਹੀਂ ਹਨ, ਇਥੋਂ ਤਕ ਕਿ ਵਿਆਹ ਦੇ ਫੇਰੇ ਵੀ ਇਸ ਸਮੂਹ ਵਿਚ ਉਲਟੇ ਲਏ ਜਾਂਦੇ ਹਨ।

ਇਨ੍ਹਾਂ ਵਿਚ ਲਾਸ਼ ਨੂੰ ਦਫ਼ਨਾਇਆ ਜਾਂਦਾ ਹੈ, ਜਦਕਿ ਹਿੰਦੂ ਧਰਮ ਵਿਚ ਮੁਰਦੇ ਨੂੰ ਸਾੜਨ ਦੀ ਪਰੰਪਰਾ ਹੈ। ਸਾਰੇ ਪੜ੍ਹੇ ਲਿਖੇ ਤੇ ਜਾਗਰੂਕ ਆਦਿਵਾਸੀਆਂ ਨੂੰ ਡਰ ਇਹ ਹੈ ਕਿ ਆਰਐਸਐਸ ਤੇ ਭਾਜਪਾ ਉਨ੍ਹਾਂ ਨੂੰ ਹਿੰਦੂ ਕਰਾਰ ਦੇ ਕੇ ਉਨ੍ਹਾਂ ਦੀ ਮੌਲਿਕਤਾ (ਮੂਲ ਰੂਪ) ਖ਼ਤਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ, ਜਿਸ ਨਾਲ ਆਦਿਵਾਸੀਆਂ ਦੀ ਪਛਾਣ ਖ਼ਤਮ ਕਰਨ ਵਿਚ ਆਸਾਨੀ ਰਹੇ ਅਤੇ ਧਰਮ ਅਤੇ ਰਾਜਨੀਤੀ ਵਿਚ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਉਧਰ, ਸੰਘ ਦਾ ਦੁਖੜਾ ਇਹ ਹੈ ਕਿ ਈਸਾਈ ਜਥੇਬੰਦੀ ਆਦਿਵਾਸੀਆਂ ਨੂੰ ਲਾਲਚ ਤੇ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਅਪਣੇ ਧਰਮ ਵਿਚ ਸ਼ਾਮਲ ਕਰ ਰਹੇ ਹਨ, ਜਿਹੜਾ ਹਿੰਦੁਤਵ ਲਈ ਵੱਡਾ ਖ਼ਤਰਾ ਹੈ। 

ਇਹ ਤਿੰਨ ਗੱਲਾਂ ਸੱਚ ਹਨ ਤੇ ਇਸ ਬਾਰੇ ਕੋਈ ਰੱਤੀਭਰ ਵੀ ਝੂਠ ਨਹੀਂ ਬੋਲ ਰਿਹਾ। ਈਸਾਈ ਮਿਸ਼ਨਰੀਆਂ ਆਜ਼ਾਦੀ ਤੋਂ ਪਹਿਲਾਂ ਹੀ ਇਨ੍ਹਾਂ ਜੰਗਲਾਂ ਵਿਚ ਵੜ ਕੇ ਜਾਨਵਰਾਂ ਜਹੀ ਜ਼ਿੰਦਗੀ ਜੀਅ ਰਹੇ ਆਦਿਵਾਸੀਆਂ ਲਈ ਸਿਹਤ ਅਤੇ ਸਿਖਿਆ ਮੁਹਈਆ ਕਰਵਾਉਂਦੀ ਰਹੀਆਂ ਹਨ। ਹੁਣ ਇਹ ਹਿੰਦੂਆਂ ਦੀ ਕਮਜ਼ੋਰੀ ਜਾਂ ਖ਼ੁਦਗਰਜ਼ੀ ਰਹੀ ਹੈ ਕਿ ਉਹ ਕਦੇ ਵੀ ਆਦਿਵਾਸੀਆਂ ਕੋਲ ਨਹੀਂ ਗਏ, ਉਲਟਾ ਉਨ੍ਹਾਂ ਨੂੰ ਸ਼ੂਦਰ ਤੇ ਜੰਗਲੀ ਕਹਿ ਕੇ ਨਿਰਾਦਰ ਕਰਦੇ ਰਹੇ। ਆਦਿਵਾਸੀ  ਅਪਣੇ ਆਪ ਨੂੰ ਈਸਾਈ ਧਰਮ ਵਿਚ ਜ਼ਿਆਦਾ ਸਹਿਜ ਅਤੇ ਸੌਖੇ ਸਮਝਦੇ ਹਨ

ਤਾਂ ਇਸ ਲਈ ਕਾਰਨ ਵੀ ਹਨ। ਇਕ ਲੰਮਾ ਇਤਿਹਾਸਕ ਤੇ ਧਾਰਮਕ ਝਗੜਾ ਇਨ੍ਹਾਂ ਕਾਰਨਾਂ ਦਾ ਕਾਰਨ ਹੈ। ਇਕ ਝਗੜਾ ਦਰਾਵੜਾਂ ਤੇ ਆਰੀਆਂ ਦਾ ਸੰਘਰਸ਼ ਹੈ, ਜਿਹੜਾ ਹੁਣ ਨਵੇਂ ਨਵੇਂ ਢੰਗ ਨਾਲ ਸਾਹਮਣੇ ਆਉਂਦਾ ਰਹਿੰਦਾ ਹੈ। ਆਦਿਵਾਸੀ ਅਪਣੇ ਆਪ ਨੂੰ ਦੇਸ਼ ਦਾ ਮੂਲ ਨਿਵਾਸੀ ਤੇ ਬਾਕੀਆਂ ਨੂੰ ਬਾਹਰੀ ਮੰਨਦੇ ਹਨ। 
ਇਹ ਕਰਨਗੇ ਕਮਾਲ : ਇਸ ਸਾਰੇ ਫ਼ਸਾਦ ਵਿਚ ਆਰ.ਐਸ.ਐਸ ਦੇ ਕਹਿਣ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 5 ਸੰਤਾਂ ਨੂੰ ਰਾਜਮੰਤਰੀ ਦਾ ਦਰਜਾ ਬਣਾ ਦਿਤਾ ਹੈ। ਚੋਣਾਵੀਂ ਸਾਲ ਦੇ ਲਿਹਾਜ਼ ਨਾਲ ਇਹ ਗ਼ੈਰ ਜ਼ਰੂਰੀ ਨਿਯੁਕਤੀਆਂ ਨਿਸ਼ਚਿਤ ਹੀ ਇਕ ਖ਼ਤਰੇ ਭਰਿਆ ਫ਼ੈਸਲਾ ਹੈ ਜਿਹੜਾ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ ਅਤੇ ਹਰ ਕੋਈ ਅਪਣੇ ਪੱਧਰ ਉਤੇ ਅੰਦਾਜ਼ਾ ਵੀ ਲਗਾ ਰਿਹਾ ਹੈ।

ਸਾਧੂ ਸੰਤਾਂ ਨੂੰ ਰਾਜਮੰਤਰੀ ਦਾ ਦਰਜਾ ਦਿਤੇ ਜਾਣ ਦੀ ਇਕ ਵੱਡੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਇਨ੍ਹਾਂ ਪੰਜਾਂ ਨੇ ਸ਼ਿਵਰਾਜ ਸਿੰਘ ਦੀ ਚਰਚਿਤ ਤੇ ਝਗੜੇ ਵਾਲੀ ਨਰਮਦਾ ਯਾਤਰਾ ਨਾਲ ਜੁੜੇ ਘੋਟਾਲੇ ਉਜਾਗਰ ਕਰਨ ਦੀ ਧਮਕੀ ਦਿਤੀ ਸੀ। ਇਸ ਲਈ ਉਨ੍ਹਾਂ ਦਾ ਮੂੰਹ ਬੰਦ ਕਰਨ ਲਈ ਸ਼ਿਵਰਾਜ ਸਿੰਘ ਕੋਲ ਇਹੀ ਇਕੋ ਇਕ ਰਸਤਾ ਬਚਿਆ ਹੈ। ਗੱਲ ਇਕ ਹੱਦ ਤਕ ਠੀਕ ਵੀ ਹੈ ਕਿ ਬੀਤੀ 28 ਮਾਰਚ ਨੂੰ ਇੰਦੌਰ ਦੇ ਗੋਮਟਗਿਰੀ ਵਿਚ ਸੰਤ ਸਮੂਹ ਦੀ ਇਕ ਅਹਿਮ ਮੀਟਿੰਗ ਵਿਚ ਇਸ ਉਦੇਸ਼ ਦਾ ਫ਼ੈਸਲਾ ਲੈ ਕੇ ਉਸ ਨੂੰ ਜਨਤਕ ਵੀ ਕੀਤਾ ਗਿਆ ਸੀ। ਇਨ੍ਹਾਂ ਸੰਤਾਂ ਨੇ ਐਲਾਨ ਕੀਤਾ ਸੀ ਕਿ ਉਹ ਨਰਮਦਾ ਘੋਟਾਲਾ ਯਾਤਰਾ ਕਢਣਗੇ।

ਇਹ ਧੌਂਸ ਪਹਿਲਾਂ ਤੋਂ ਹੀ ਘੜੀ ਗਈ ਲੱਗ ਰਹੀ ਹੈ ਕਿਉਂਕਿ ਭਾਰੀ ਖ਼ਰਚ ਤੋਂ ਇਲਾਵਾ ਕੋਈ ਘੋਟਾਲਾ ਹੋਇਆ ਹੁੰਦਾ ਤਾਂ ਉਹ ਵਿਰੋਧੀ ਧਿਰ ਅਤੇ ਮੀਡੀਆ ਤੋਂ ਛੁਪਿਆ ਨਹੀਂ ਰਹਿ ਸਕਦਾ ਸੀ। ਜਿਨ੍ਹਾਂ 5 ਸੰਤਾਂ ਨੂੰ ਰਾਜ ਮੰਤਰੀ ਦਾ ਦਰਜਾ ਦਿਤਾ ਗਿਆ ਹੈ ਉਨ੍ਹਾਂ ਵਿਚੋਂ ਸੱਭ ਤੋਂ ਵੱਡਾ ਨਾਂ ਚਾਕਲੇਟੀ ਚਿਹਰੇ ਵਾਲੇ ਨੌਜਵਾਨ ਸੰਤ ਭੱਯੂ ਮਹਾਰਾਜ ਦਾ ਹੈ ਜਿਸ ਨੇ ਹੁਣੇ ਹੁਣੇ ਖ਼ੁਦਕੁਸ਼ੀ ਕਰ ਲਈ ਹੈ ਕਿਉਂਕਿ ਇਕ ਔਰਤ ਨੇ ਉਸ ਉਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਇਨ੍ਹਾਂ ਦੇ ਦਰਬਾਰ ਵਿਚ ਸਾਰੇ ਦੇਸ਼ ਦੇ ਵੱਡੇ ਲੀਡਰ ਆ ਕੇ ਮੱਥਾ ਟੇਕਦੇ ਸਨ। ਦੂਜੇ ਚਾਰ ਹਨ ਕੰਪਿਊਟਰ ਬਾਬਾ, ਨਰਮਦਾਨੰਦ, ਹਰਿ ਹਰਾਨੰਦ ਅਤੇ ਮਹੰਤ ਯੋਗੇਂਦਰ।

ਇਨ੍ਹਾਂ ਪੰਜਾਂ ਵਿਚ ਕਈ ਗੱਲਾਂ ਸਮਾਨ ਹਨ। ਮਿਸਾਲ ਵਜੋਂ, ਇਨ੍ਹਾਂ ਸਭਨਾ ਨੇ ਘੱਟ ਉਮਰ ਵਿਚ ਹੀ ਕਾਫ਼ੀ ਦੌਲਤ ਅਤੇ ਸ਼ੋਹਰਤ ਪ੍ਰਾਪਤ ਕਰ ਲਈ ਹੈ। ਇਨ੍ਹਾਂ ਪੰਜਾਂ ਦਾ ਸਿੱਧਾ ਕੁਨੈਕਸ਼ਨ ਰੱਬ ਨਾਲ ਹੈ ਅਤੇ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਪੰਜਾਂ ਦਾ ਨਰਮਾਦਾ ਨਦੀ ਦੇ ਘਾਟਾਂ ਤੇ ਨੇੜੇ ਦੇ ਇਲਾਕਿਆਂ ਉਤੇ ਚੰਗਾ ਦਬਦਬਾ ਹੈ, ਯਾਨੀਕਿ ਇਨ੍ਹਾਂ ਦਾ ਵੱਡਾ ਭਗਤਵਰਗ ਇਥੇ ਹੈ। ਨਰਮਦਾ ਨਦੀ ਦੇ ਦੁਆਲੇ ਜੇਕਰ ਕੋਈ ਚੱਕਰ ਲਗਾਵੇ ਤਾਂ ਉਹ ਰਾਜ ਦੀਆਂ 230 ਵਿਧਾਨ ਸਭਾ ਸੀਟਾਂ ਵਿਚੋਂ 100 ਦੀ ਨਬਜ਼ ਟੋਹ ਕੇ ਦੱਸ ਸਕਦਾ ਹੈ ਕਿ ਸਿਆਸੀ ਵਹਾਅ ਕਿਹੜੀ ਪਾਰਟੀ ਵਲ ਹੈ।

ਅਪਣੀ ਨਰਮਦਾ ਯਾਤਰਾ ਦੌਰਾਨ ਹੀ ਸ਼ਿਵਰਾਜ ਸਿੰਘ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਦੀ ਇਸ ਧਾਰਮਕ ਤਾਮਝਾਮ ਵਾਲੀ ਯਾਤਰਾ ਵਿਚ ਆਦਿਵਾਸੀਆਂ ਨੇ ਕੋਈ ਦਿਲਚਸਪੀ ਨਹੀਂ ਲਈ ਸੀ। ਇਸ ਦੇ ਬਾਅਦ ਵੀ ਉਹ ਸੰਤੁਸ਼ਟ ਸਨ ਕਿ ਕੁੱਝ ਆਦਿਵਾਸੀ ਤਾਂ ਉਨ੍ਹਾਂ ਵਲ ਝੁਕਣਗੇ ਹੀ।  ਸ਼ਿਵਰਾਜ ਸਿੰਘ ਅਤੇ ਆਰਐਸਐਸ ਦਾ ਉਦੇਸ਼ ਆਦਿਵਾਸੀ ਹੀ ਸਨ ਤੇ ਹਨ, ਜੋ ਇਸ ਵਾਰ ਧਾਰਮਕ ਕਾਰਨਾਂ ਸਦਕਾ ਭਾਜਪਾ ਤੋਂ ਭੜਕਣ ਲੱਗੇ ਹਨ। ਜਦ ਬੈਤੂਲ ਵਿਚ ਮੋਹਨ ਭਾਗਵਤ ਦਾ ਵਿਰੋਧ ਹੋਇਆ ਸੀ, ਤਦੇ ਸਮਝਣ ਵਾਲੇ ਸਮਝ ਗਏ ਸਨ ਕਿ ਇਸ ਸਮੇਂ ਆਦਿਵਾਸੀ ਇਲਾਕਿਆਂ ਵਿਚ ਭਾਜਪਾ ਦੀ ਦਾਲ ਨਹੀਂ ਗਲਣ ਵਾਲੀ।

ਇਸ ਲਈ, ਸੰਘ ਨੇ ਵੀ ਇਨ੍ਹਾਂ ਇਲਾਕਿਆਂ 'ਚੋਂ ਅਪਣੀ ਗਤੀਵਿਧੀਆਂ ਖ਼ਤਮ ਕਰ ਲਈਆਂ ਸਨ। ਰਾਜ ਸਰਕਾਰਾਂ ਨੇ ਨਰਮਦਾ ਕਿਨਾਰੇ ਦੇ ਇਲਾਕਿਆਂ ਵਿਚ ਪੌਦੇ ਲਗਾਉਣ ਅਤੇ ਜਲਸੁਰੱਖਿਆ ਵਰਗੇ ਅਕਾਊ ਮਸਲਿਆਂ ਉਤੇ ਜਾਗਰਤੀ ਲਿਆਉਣ ਲਈ ਇਕ ਵਿਸ਼ੇਸ਼ ਸਮਿਤੀ ਬਣਾ ਕੇ ਇਨ੍ਹਾਂ ਪੰਜਾਂ ਨੂੰ ਉਸ ਦਾ ਮੈਂਬਰ ਬਣਾਉਂਦੇ ਹੋਏ ਰਾਜਮੰਤਰੀ ਦਾ ਦਰਜਾ ਵੀ ਦੇ ਦਿਤਾ। ਕਿਸੇ ਨੂੰ ਇਸ ਦੀ ਵਜ੍ਹਾ ਸ਼ਿਵਰਾਜ ਸਿੰਘ ਦੀ ਡੋਲਦੀ ਕਿਸ਼ਤੀ ਜਾਪੀ, ਤਾਂ ਕਿਸੇ ਨੂੰ ਇਸ ਫ਼ੈਸਲੇ ਪਿੱਛੇ ਉਨ੍ਹਾਂ ਦੀ ਲੜਖੜਾਹਟ ਨਜ਼ਰ ਆਈ।

ਸੰਜੋਗ ਵੱਸ ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਜਦ ਸੁਪਰੀਮ ਕੋਰਟ ਦੇ ਐਸਸੀ/ਐਸਟੀ ਐਕਟ ਵਿਚ ਬਦਲਾਅ ਜਾਂ ਢਿੱਲ ਵਿਰੁਧ ਦਲਿਤਾਂ ਨੇ ਸੜਕਾਂ ਉਤੇ ਆ ਕੇ ਵਿਰੋਧ ਜਤਾਇਆ ਸੀ ਤੇ ਦੇਸ਼ ਵਿਆਪੀ ਹਿੰਸਾ ਵਿਚ ਕੋਈ ਡੇਢ ਦਰਜਨ ਲੋਕ ਮਾਰੇ ਗਏ ਸਨ। ਸੱਭ ਤੋਂ ਵੱਧ ਹਿੰਸਾ ਤੇ ਮੌਤਾਂ ਵੀ ਮੱਧ ਪ੍ਰਦੇਸ਼ ਵਿਚ ਹੀ ਹੋਈਆਂ ਸਨ। ਦਲਿਤਾਂ ਨੇ ਅਦਾਲਤ ਤੋਂ ਵੱਧ ਨਰੇਂਦਰ ਮੋਦੀ ਦੀ ਸਰਕਾਰ ਨੂੰ ਦੋਸ਼ੀ ਕਰਾਰ ਦਿਤਾ ਸੀ। ਅਜਿਹੇ ਵਿਚ ਸਾਰੀ ਭਾਜਪਾ ਡਰ ਨਾਲ ਕੰਬ ਗਈ ਸੀ ਤੇ ਨੁਕਸਾਨੇ ਕੰਟਰੋਲ ਵਿਚ ਜੁਟ ਗਈ ਸੀ। ਇਸ ਹਿੰਸਕ ਪ੍ਰਦਰਸ਼ਨ ਤੋਂ ਇਕ ਅਹਿਮ ਗੱਲ ਇਹ ਵੀ ਉਜਾਗਰ ਹੋਈ ਸੀ ਕਿ ਦਲਿਤਾਂ ਦਾ ਭਾਜਪਾ ਤੋਂ ਮੋਹ ਭੰਗ ਹੋ ਚੁੱਕਾ ਹੈ।

ਇਨ੍ਹਾਂ ਗੱਲਾਂ ਤੋਂ ਫ਼ਿਕਰਮੰਦ ਅਤੇ ਹੈਰਾਨ ਪ੍ਰੇਸ਼ਾਨ ਸ਼ਿਵਰਾਜ ਸਿੰਘ ਨੂੰ ਸਹਾਰਾ ਜੇਕਰ ਆਦਿਵਾਸੀ ਵੋਟਾਂ ਵਿਚ ਦਿਸ ਰਿਹਾ ਹੈ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਅਪਣੇ ਪਾਲੇ ਵਿਚ ਖਿੱਚਣ ਲਈ ਇਨ੍ਹਾਂ ਪਾਂਡਵਾਂ ਨੂੰ ਜ਼ਿੰਮੇਵਾਰੀ ਸੰਭਾਲ ਕੇ ਇਕ ਤੀਰ ਨਾਲ ਚਾਰ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਹੀ ਕੀਤੀ ਹੈ। ਭਾਜਪਾ ਦੀ ਧਰਮ ਦੀ ਰਾਜਨੀਤੀ ਤੋਂ ਹੁਣ ਆਮ ਲੋਕ ਚਿੜਨ ਲੱਗੇ ਹਨ। ਕੀ ਪਹਿਲਾਂ ਤੋਂ ਹੀ ਚਿੜੇ ਬੈਠੇ ਆਦਿਵਾਸੀਆਂ ਨੂੰ ਇਹ ਸੰਤ ਮੋਹਿਤ ਕਰ ਸਕਣਗੇ? ਅਜਿਹਾ ਲੱਗ ਤਾਂ ਨਹੀਂ ਰਿਹਾ। ਭਾਜਪਾ ਦੇ ਰਾਜ ਵਿਚ ਸਾਧੂ ਸੰਤਾਂ ਦੀ ਮੌਜ ਜ਼ਿਆਦਾ ਬਣੀ ਰਹਿੰਦੀ ਹੈ ਤੇ ਉਨ੍ਹਾਂ ਨੂੰ ਦਾਨ ਦੱਛਣਾ ਵੀ ਵੱਧ ਮਿਲਦੀ ਹੈ।

ਹੁਣ ਤਾਂ ਸੰਤ ਮੰਤਰੀ ਬਣ ਗਏ ਹਨ, ਇਸ ਲਈ ਉਨ੍ਹਾਂ ਦਾ ਰੁਤਬਾ ਹੋਰ ਵਧਿਆ ਹੈ। ਹੁਣ ਉਹ ਕਿਸੇ ਘੋਟਾਲੇ ਦੀ ਗੱਲ ਨਹੀਂ ਕਰ ਰਹੇ ਅਤੇ ਨਾ ਹੀ ਸਰਕਾਰ ਤੋਂ ਮਿਲਣ ਵਾਲੀ 7,500 ਰੁਪਏ ਦੀ ਤਨਖ਼ਾਹ ਦੀ ਉਨ੍ਹਾਂ ਨੂੰ ਜ਼ਰੂਰਤ ਹੈ, ਜਿਹੜਾ ਉਨ੍ਹਾਂ ਦਾ ਸ਼ਾਇਦ ਇਕ ਮਿੰਟ ਦਾ ਵੀ ਖ਼ਰਚਾ ਪੂਰਾ ਨਾ ਕਰ ਸਕੇ। ਇਨ੍ਹਾਂ ਸੰਤਾਂ ਨੂੰ ਚਾਹੀਦੇ ਸਨ ਅਫ਼ਸਰਾਂ ਦੇ ਝੁਕੇ ਸਿਰ ਤੇ ਅੱਗੇ ਪਿਛੇ ਹਿਫ਼ਾਜ਼ਤ ਵਿਚ ਲੱਗੀ ਪੁਲਿਸ ਅਤੇ ਇਹ ਸੱਭ ਇਨ੍ਹਾਂ ਨੂੰ ਮਿਲ ਰਿਹਾ ਹੈ ਤਾਂ ਉਹ ਆਦਿਵਾਸੀਆਂ ਨੂੰ ਹਿੰਦੂ ਹੋਣ ਦੇ ਲਾਭ ਵੀ ਸਮਝਾਉਣਗੇ ਤੇ ਇਹ ਵੀ ਦੱਸਣਗੇ ਕਿ ਹਨੂਮਾਨ, ਸ਼ਬਰੀ, ਕੇਵਟ ਮਲਾਹ, ਸੁਗਰੀਵ ਤੇ ਅੰਗਦ ਆਦਿਵਾਸੀ ਹੁੰਦੇ ਹੋਏ

ਵੀ ਰਾਮ ਭਗਤ ਸਨ ਤੇ ਕਿਵੇਂ ਰਾਮ ਨੇ ਉਨ੍ਹਾਂ ਦਾ ਉਧਾਰ ਕੀਤਾ ਸੀ। ਹੁਣ ਨਰਮਦਾ ਕਿਨਾਰੇ ਲਗਾਏ ਗਏ 6 ਕਰੋੜ ਦਰੱਖ਼ਤ ਗਿਣਨ ਦੀ ਬਜਾਏ ਨਰਮਦਾ ਦੇ ਘਾਟਾਂ ਉਤੇ ਪੂਜਾਪਾਠ, ਯੱਗ, ਹਵਨ ਅਤੇ ਆਰਤੀ ਅਤੇ ਪ੍ਰਵਚਨ ਹੋਣਗੇ, ਕਿਉਂਕਿ ਇਨ੍ਹਾਂ ਸੰਤਾਂ ਦਾ ਪੇਸ਼ਾ ਹੀ ਇਹੀ ਹੈ। ਲਪੇਟੇ ਵਿਚ ਜੇਕਰ ਆਇਆ ਤਾਂ ਉਹ ਗ਼ਰੀਬ ਆਦਿਵਾਸੀ ਹੋਵੇਗਾ, ਜੋ ਹਿੰਦੂ ਧਰਮ ਦੇ ਕਰਮਕਾਂਡਾਂ ਤੇ ਪਾਖੰਡਾਂ ਦਾ ਨਾ ਤਾਂ ਆਦੀ ਹੈ, ਨਾ ਹੀ ਪਹਿਲਾਂ ਕਦੇ ਇਸ ਨਾਲ ਸਹਮਿਤ ਹੋਇਆ ਸੀ। 

ਇੰਜ ਖੁੱਲ੍ਹੀ ਸੰਤਾਂ ਦੀ ਪੋਲ : ਅਪਣੇ ਭਗਤਾਂ ਨੂੰ ਲੋਭ, ਮੋਹ, ਵਿਭਚਾਰ ਤੇ ਈਰਖਾ ਤੋਂ ਦੂਰ ਰਹਿਣ ਦੇ ਉਪਦੇਸ਼ ਦੇਂਦੇ ਰਹਿਣ ਵਾਲੇ ਸੰਤ ਸਾਧੂ ਆਪ ਕਿਵੇਂ ਇਨ੍ਹਾਂ ਦੁਰਗੁਣਾਂ ਦੀ ਪਕੜ ਵਿਚ ਰਹਿੰਦੇ ਹਨ, ਇਹ 5 ਸੰਤਾਂ ਨੂੰ ਰਾਜਮੰਤਰੀ ਦਾ ਦਰਜਾ ਦਿਤੇ ਜਾਣ ਤੋਂ ਬਾਦ ਇਕਦਮ ਸਾਬਤ ਹੋ ਗਿਆ। ਬੀਤੀ 5 ਅਪ੍ਰੈਲ ਨੂੰ ਭੋਪਾਲ ਵਿਚ ਸਾਰੇ ਸੂਬੇ ਦੇ ਸਾਧੂ ਸੰਤ ਇਕੱਠੇ ਹੋਏ ਜੋ ਡਟ ਕੇ ਨਵੇਂ ਸੰਤ ਮੰਤਰੀਆਂ ਨੂੰ ਲਤਾੜਦੇ ਨਜ਼ਰ ਆਏ। ਸਾਧੂ ਸੰਤਾਂ ਦੀ ਸੰਸਥਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਸੰਤਾਂ ਨੂੰ ਮੰਤਰੀ ਦਾ ਦਰਜਾ ਦਿਤੇ ਜਾਣ ਉਤੇ ਵਿਰੋਧ ਜਤਾਉਂਦੇ ਹੋਏ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਆਖੀਆਂ।

ਉਦਾਹਰਣ ਵਜੋਂ ਸਾਧੂ ਸੰਤਾਂ ਦਾ ਦਰਜਾ ਤਾਂ ਮੰਤਰੀ ਤੋਂ ਕਿਤੇ ਉਪਰ ਹੁੰਦਾ ਹੈ, ਉਨ੍ਹਾਂ ਨੂੰ ਸਰਕਾਰੀ ਲਾਲਚਾਂ ਵਿਚ ਨਹੀਂ ਆਉਣਾ ਚਾਹੀਦਾ, ਇਸ ਨਾਲ ਸਮਾਜ ਵਿਚ ਸਾਧੂ ਸੰਤਾਂ ਦਾ ਸਨਮਾਨ ਘਟੇਗਾ। ਸਚਾਈ ਤਾਂ ਇਹ ਹੈ ਕਿ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਇਹ ਸਾਧੂ ਖ਼ੁਦ ਇਸ ਚਿੜ ਤੇ ਈਰਖਾ ਦਾ ਸ਼ਿਕਾਰ ਸਨ ਕਿ ਉਨ੍ਹਾਂ ਨੂੰ ਕਿਉਂ ਮੰਤਰੀ ਨਹੀਂ ਬਣਾਇਆ ਗਿਆ। ਉਧਰ, ਮੰਤਰੀ ਬਣੇ ਬਾਬੇ ਲੋਕ ਵੀ ਊਟਪਟਾਂਗ ਹਰਕਤਾਂ ਕਰ ਕੇ ਅਪਣੀ ਖ਼ੁਸ਼ੀ ਜਤਾਉਂਦੇ ਰਹੇ। ਕੰਪਿਊਟਰ ਬਾਬਾ ਸਰਕਾਰੀ ਰੈਸਟ ਹਾਊਸ ਦੀ ਛੱਤ ਉਤੇ ਧੂਣੀ ਲਗਾ ਕੇ ਲੋਕਾਂ ਦਾ ਧਿਆਨ ਖਿੱਚਣ ਵਿਚ ਲਗਿਆ ਰਿਹਾ

ਤਾਂ ਇਕ ਹੋਰ ਸੰਤ ਨਰਮਦਾਨੰਦ ਨੇ ਦਾਅਵਾ ਕਰ ਦਿਤਾ ਕਿ ਉਨ੍ਹਾਂ ਦੇ ਯੱਗ ਕਾਰਨ ਹੀ ਭਾਜਪਾ ਸੱਤਾ ਵਿਚ ਆ ਸਕੀ ਸੀ ਤੇ ਇਸ ਵਾਰ ਵੀ ਉਹ ਯੱਗ ਕਰਨਗੇ। 
ਦੋਫਾੜ ਹੋ ਗਏ ਬਾਬਿਆਂ ਨੇ ਤਾਂ ਖ਼ੂਬ ਹਲਚਲ ਕੀਤੀ, ਪਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਇਸ ਬੇਹੂਦੇ ਫ਼ੈਸਲੇ ਨੂੰ ਲੈ ਕੇ ਮੁਸੀਬਤਾਂ ਨਾਲ ਘਿਰਦੇ ਨਜ਼ਰ ਆ ਰਹੇ ਹਨ। ਇਕ ਨਾਗਰਿਕ ਰਾਮ ਬਹਾਦਰ ਵਰਮਾ ਦੁਆਰਾ ਦਾਇਰ ਬੇਨਤੀ ਉਤੇ ਮੱਧ ਪ੍ਰਦੇਸ਼ ਹਾਈਕੋਰਟ ਨੇ ਉਨ੍ਹਾਂ ਤੋਂ ਇਸ ਸਬੰਧੀ ਸਫ਼ਾਈ ਮੰਗੀ ਤਾਂ 12 ਅਪ੍ਰੈਲ ਨੂੰ ਆਰਐਸਐਸ ਪ੍ਰਧਾਨ ਮੋਹਨ ਭਾਗਵਤ ਨੇ ਵੀ ਉਨ੍ਹਾਂ ਨੂੰ ਨਾਗਪੁਰ ਬੁਲਾ ਕੇ ਝਿੜਕ ਮਾਰੀ ਕਿ ਸਾਧੂ ਸੰਤਾਂ ਨੂੰ ਸੜਕਾਂ ਉਤੇ ਕਿਉਂ ਆਉਣਾ ਪਿਆ?

ਸ਼ਿਵਰਾਜ ਸਿੰਘ ਚੌਹਾਨ ਸੱਚਮੁੱਚ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸਾਧੂ ਸੰਤਾਂ ਦੀ ਪੋਲ ਖੋਲ੍ਹਣ ਵਿਚ ਅਣਜਾਣਪੁਣੇ ਵਿਚ ਹੀ ਸਹੀ ਸਟੀਕ ਭੂਮਿਕਾ ਨਿਭਾਈ ਹਾਲਾਂਕਿ ਮੰਤਰੀ ਦਾ ਦਰਜਾ ਨਾ ਮਿਲਣ ਨਾਲ ਖ਼ਫ਼ਾ ਸਾਧੂ, ਖੁੱਲੇਆਮ ਉਨ੍ਹਾਂ ਦਾ ਤੇ ਭਾਜਪਾ ਦਾ ਵਿਰੋਧ ਕਰਨ ਲੱਗੇ ਹਨ ਅਤੇ ਕਾਂਗਰਸ ਵੀ ਇਨ੍ਹਾਂ ਦੁਖੀ ਅਤੇ ਬੇਚੈਨ ਸੰਤਾਂ ਦੀਆਂ ਇੱਛਾਵਾਂ ਨੂੰ ਖ਼ੂਬ ਹਵਾ ਦੇ ਰਹੀ ਹੈ।  ਚੰਗਾ ਤਾਂ ਇਹ ਹੁੰਦਾ ਕਿ ਸਾਰੇ ਸਾਧੂ ਸੰਤਾਂ ਨੂੰ ਰਾਜ ਮੰਤਰੀ ਦਾ ਦਰਜਾ ਦੇ ਦਿਤਾ ਜਾਂਦਾ। ਇਸ ਨਾਲ ਸਰਵਧਰਮ ਸਮਭਾਵ ਦਾ ਰਾਗ ਅਲਾਪਣ ਵਾਲੇ ਸਾਧੂਸੰਤਾਂ ਵਿਚ ਆਪਸ ਵਿਚ ਫੁੱਟ ਨਾ ਪੈਂਦੀ।

ਸਰਕਾਰੀ, ਖ਼ਜ਼ਾਨੇ ਉਤੇ ਜ਼ਰੂਰ ਬੋਝ ਪੈਂਦਾ, ਜਿਸ ਨੂੰ ਆਮ ਭਗਤਾਂ ਤੋਂ ਵਸੂਲਿਆ ਜਾਣਾ ਨੁਕਸਾਨ ਦੀ ਗੱਲ ਨਹੀਂ ਜੋ ਉਂਜ ਵੀ ਸਾਧੂ ਸੰਤਾਂ ਨੂੰ ਚੜ੍ਹਾਵਾ ਦੇ ਦੇ ਕੇ ਉਨ੍ਹਾਂ ਨੂੰ ਕਰੋੜਪਤੀ ਬਣਾ ਚੁੱਕੇ ਹਨ। ਜਲਦਬਾਜ਼ੀ ਵਿਚ ਸ਼ਿਵਰਾਜ ਸਿੰਘ ਨੂੰ ਇਹ ਧਿਆਨ ਨਾ ਰਿਹਾ ਕਿ ਇਕ ਅੱਧ ਦਲਿਤ ਸੰਤ ਨੂੰ ਵੀ ਇਹ ਦਰਜਾ ਦੇ ਦੇਂਦੇ ਤਾਂ ਸ਼ਾਇਦ ਨਾਰਾਜ਼ ਦਲਿਤ ਵਰਗ ਉਨ੍ਹਾਂ ਵਲ ਨੂੰ ਝੁਕਦਾ।

ਇਹ ਵੇਖਣਾ ਦਿਲਚਸਪ ਹੋਵੇਗਾ ਕਿ 5 ਸੰਤਾਂ ਦੇ ਆਸ਼ੀਰਵਾਦ ਉਤੇ ਸੌ ਪੰਜਾਹ ਸੰਤਾਂ ਦਾ ਸ਼ਰਾਪ ਭਾਰੀ ਪੈਂਦਾ ਹੈ ਜਾਂ ਨਹੀਂ।
ਅਨੁਵਾਦਕ : ਪਵਨ ਕੁਮਾਰ ਰੱਤੋਂ,
ਸੰਪਰਕ : 94173-71455