ਪੁਲਿਸ ਦਾ ਕਿਰਦਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੈਂ  ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਅਸੀ ਛੋਟੇ ਸੀ। ਜਦੋਂ ਲਾਲ ਪੱਗਾਂ ਵਾਲੀ ਪੁਲਿਸ ਜਿਸ ਨੂੰ ਸ਼ਾਹੀ ਪੁਲਿਸ ਕਹਿੰਦੇ ਸਨ......

Police

ਮੈਂ  ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਅਸੀ ਛੋਟੇ ਸੀ। ਜਦੋਂ ਲਾਲ ਪੱਗਾਂ ਵਾਲੀ ਪੁਲਿਸ ਜਿਸ ਨੂੰ ਸ਼ਾਹੀ ਪੁਲਿਸ ਕਹਿੰਦੇ ਸਨ, ਪਿੰਡਾਂ ਵਿਚ ਆਉਂਦੀ ਸੀ, ਅਸੀ ਡਰਦੇ ਮਾਰੇ ਘਰਾਂ ਵਿਚ ਲੁੱਕ ਜਾਂਦੇ ਸੀ। ਚੋਰ ਡਾਕੂ ਬਦਮਾਸ਼ ਕਰਾਈਮ ਪੇਸ਼ਾ ਲੋਕ ਪੁਲਿਸ ਦੇ ਡਰ ਤੋਂ ਥਰ-ਥਰ ਕੰਬਦੇ ਸਨ। ਇਕ ਵਾਰੀ ਦੀ ਗੱਲ ਹੈ ਪਿੰਡ ਦੇ ਇਕ ਨੌਜਵਾਨ ਨੇ ਨਜ਼ਦੀਕੀ ਪਿੰਡ ਦੀ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ ਸੀ ਤਾਂ ਥਾਣੇਦਾਰ ਨੇ ਪਿੰਡ ਦੇ ਸਾਹਮਣੇ ਉਸ ਦੀ ਇਹੋ ਜਿਹੀ ਪਿਟਾਈ ਕੀਤੀ ਸੀ ਕਿ ਅਜੇ ਵੀ ਜਦੋਂ ਇਹ ਦ੍ਰਿਸ਼ ਸਾਹਮਣੇ ਆਉਂਦਾ ਹੈ ਤਾਂ ਰੂਹ ਕੰਬ ਜਾਂਦੀ ਹੈ।

ਉਸ ਦਾ ਮੂੰਹ ਕਾਲਾ ਕਰ ਕੇ ਸ਼ਰ੍ਹੇਆਮ ਕੰਧ ਦੇ ਉੱਪਰ ਖੜਾਇਆ ਸੀ ਜਿਸ ਨੇ ਵੀ ਇਹ ਸੀਨ ਵੇਖਿਆ ਉਸ ਦੀ ਜ਼ੁਰਮ ਕਰਨ ਦੀ ਹਿੰਮਤ ਨਹੀਂ ਪਈ ਸੀ।
ਉਦੋਂ ਹਨੇਰਾ ਹੋਣ ਕਾਰਨ ਪੁਲਿਸ ਰਾਤ ਸਰਪੰਚ ਦੀ ਬੈਠਕ ਵਿਚ ਠਹਿਰੀ ਸੀ। ਉਸੇ ਰਾਤ ਪਿੰਡ ਵਿਚ ਬਰਾਤ ਆਈ ਹੋਈ ਸੀ। ਉਸ ਜ਼ਮਾਨੇ ਦਾ ਮਸ਼ਹੂਰ ਤੋਤੀ ਵਾਜੇ ਵਾਲਾ ਸਾਰੀ ਰਾਤ ਸਪੀਕਰ ਨੂੰ ਮੰਜੇ ਉਪਰ ਬੰਨ੍ਹ ਕੇ ਉਸ ਵੇਲੇ ਦੇ ਨਾਮੀ ਕਲਾਕਾਰਾਂ ਦੇ ਰਿਕਾਰਡ ਸੂਈ ਬਦਲ-ਬਦਲ ਕੇ ਲਾਉਂਦਾ ਰਿਹਾ ਸੀ। ਸਵੇਰੇ ਜੋ ਥਾਣੇਦਾਰ ਨੇ ਸਿਪਾਹੀਆਂ ਰਾਹੀਂ ਵਾਜੇ ਵਾਲੇ ਨੂੰ ਬੁਲਾ ਕੇ ਇਹ ਕਹਿ ਕੇ ਕੁਟਿਆ ਸੀ ਕਿ ਤੂੰ ਸਾਰੀ ਰਾਤ ਵਾਜਾ ਲਗਾ ਕੇ ਸਾਨੂੰ ਸੌਣ ਨਹੀਂ ਦਿਤਾ।

ਬੜੀ ਮੁਸ਼ਕਲ ਨਾਲ ਸਰਪੰਚ ਨੇ ਥਾਣੇਦਾਰ ਕੋਲੋਂ ਵਾਜੇ ਵਾਲੇ ਨੂੰ ਛੁਡਾਇਆ ਸੀ। ਪਹਿਲੇ ਜ਼ਮਾਨੇ ਵਿਚ ਲੋਕਾਂ ਨੇ ਵੱਡੇ ਅਫ਼ਸਰਾਂ ਜਾਂ ਉੁੱਚ ਅਦਾਲਤਾਂ ਵਿਚ ਤਾਂ ਕੀ ਜਾਣਾ ਸੀ, ਲੋਕ ਥਾਣੇ ਜਾਣ ਤੋਂ ਵੀ ਡਰਦੇ ਸਨ। ਉਸ ਵੇਲੇ ਨਾ ਤਾਂ ਕੋਈ ਮੀਡੀਆ ਸੀ ਤੇ ਨਾ ਹੀ ਮਨੁੱਖੀ ਅਧਿਕਾਰ ਕਮਿਸ਼ਨ ਸੀ। ਮੁਜਰਮ ਮੁਕੱਦਮਿਆਂ ਤੋਂ ਨਹੀਂ ਪੁਲਿਸ ਦੀ ਮਾਰ ਤੋਂ ਡਰਦੇ ਸਨ। ਹੁਣ ਤਾਂ ਪੁਲਿਸ ਲਈ ਮਾਰਨਾ ਤਾਂ ਕੀ ਹੱਥ ਵੀ ਲਗਾਉਣਾ ਵੀ ਮੁਸ਼ਕਲ ਹੈ।  ਲੋਕਾਂ ਦੇ ਦਿਲ ਵਿਚ ਇਹ ਗ਼ਲਤ ਧਾਰਨਾ ਬਣੀ ਹੋਈ ਹੈ ਕਿ ਪੁਲਿਸ ਨੂੰ ਟ੍ਰੇਨਿੰਗ ਵਿਚ ਗਾਲਾਂ ਸਿਖਾਈਆਂ ਜਾਂਦੀਆਂ ਹਨ। ਆਮ ਸ਼ਰੀਫ਼ ਬੰਦਾ ਥਾਣੇ ਆਉਣ ਤੋਂ ਕੰਨੀ ਕਤਰਾਉਂਦਾ ਹੈ।

ਪੁਲੀਸ ਦੇ ਪਬਲਿਕ ਨਾਲ ਸਬੰਧ ਮਿੱਤਰਤਾ ਪੂਰਨ ਹੋਣੇ ਚਾਹੀਦੇ ਹਨ। ਪੁਲਿਸ ਪਬਲਿਕ ਦੀ ਮਦਦ ਬਗ਼ੈਰ ਕੁੱਝ ਨਹੀਂ ਕਰ ਸਕਦੀ। ਲੋੜ ਹੈ ਪੁਲੀਸ ਤੇ ਪਬਲਿਕ ਦੇ ਇਕੱਠੇ ਸੈਮੀਨਰ ਲਾ ਕੇ ਜੋ ਪਬਲਿਕ ਵਿਚ ਪੁਲੀਸ ਦਾ ਮਾੜਾ ਅਕਸ਼ ਬਣਿਆ ਹੈ, ਉਹ ਗ਼ਲਤਫ਼ਹਿਮੀ ਦੂਰ ਕਰਨ ਦੀ, ਤਾਕਿ ਪੁਲਿਸ ਤੇ ਪਬਲਿਕ ਦੀ ਵਧਦੀ ਦੂਰੀ ਨੂੰ ਰੋਕਿਆ ਜਾ ਸਕੇ।  ਸ਼ਿਕਾਇਤ ਕਰਤਾ ਦੀ ਪਹਿਲ ਦੇ ਅਧਾਰ ਉਤੇ ਫ਼ਰਿਆਦ ਸੁਣੀ ਜਾਵੇ ਤੇ ਜਿਹੜੇ ਖ਼ਤਰਨਾਕ ਮੁਜਰਮ ਹਨ ਜਿਨ੍ਹਾਂ ਦੀਆਂ ਅਦਾਲਤ ਵਲੋਂ ਹਥਕੜੀਆਂ ਮਾਫ਼ ਹਨ, ਜੋ ਪੁਲਿਸ ਦੀ ਕਸਟਡੀ ਵਿਚੋਂ ਆਮ ਤੌਰ ਉਤੇ ਭੱਜ ਜਾਂਦੇ ਹਨ,

ਉਨ੍ਹਾਂ ਦੀਆਂ ਤਰੀਕਾਂ ਜੇਲ ਵਿਚ ਹੀ ਆਨ ਲਾਈਨ ਪਾਈਆਂ ਜਾਣ, ਤਾਕਿ ਜੁਰਮਾਂ ਨੂੰ ਠੱਲ੍ਹ ਪਾਈ ਜਾ ਸਕੇ ਤੇ ਪੁਲਿਸ ਦਾ ਲੋਕਾਂ ਪ੍ਰਤੀ ਵਿਸ਼ਵਾਸ ਬਹਾਲ ਕੀਤਾ ਜਾ ਸਕੇ। ਜੋ ਖ਼ਰਚਾ ਮੁਜਰਮ ਦੀ ਪੇਸ਼ੀ ਤੇ ਸਰਕਾਰ ਕਰਦੀ ਹੈ ਤੇ ਵੀ ਰੋਕ ਲਗਾਈ ਜਾ ਸਕੇ ਤਾਕਿ ਉਹ ਖ਼ਰਚਾ ਲੋਕਾਂ ਦੇ ਵਿਕਾਸ ਲਈ ਲਗਾਇਆ ਜਾ ਸਕੇ।
ਸੰਪਰਕ : 98786-00221