ਕਿੱਸੇ ਸਿੱਖਾਂ ਦੇ
ਬਹੁਤ ਲੰਮੇ ਸਮੇਂ ਤੋਂ ਅਖ਼ਬਾਰਾਂ ਵਿਚ ਚਰਚਾ ਚਲਦੀ ਆ ਰਹੀ ਹੈ ਕਿ ਸਿੱਖਾਂ ਵਿਚ ਗੁਰੂ ਜੀ ਨੇ ਪੁਜਾਰੀਵਾਦ ਸ਼ਾਮਲ ਨਹੀਂ ਕੀਤਾ.....
ਬਹੁਤ ਲੰਮੇ ਸਮੇਂ ਤੋਂ ਅਖ਼ਬਾਰਾਂ ਵਿਚ ਚਰਚਾ ਚਲਦੀ ਆ ਰਹੀ ਹੈ ਕਿ ਸਿੱਖਾਂ ਵਿਚ ਗੁਰੂ ਜੀ ਨੇ ਪੁਜਾਰੀਵਾਦ ਸ਼ਾਮਲ ਨਹੀਂ ਕੀਤਾ। ਇਥੇ ਸਾਰੇ ਭਰਾ ਭਰਾ ਨੇ, ਇਕਸਾਰ ਬਰਾਬਰ, ਨਾ ਕੋਈ ਵੱਡਾ ਨਾ ਛੋਟਾ। ਭਾਵੇਂ ਗੁਰਬਾਣੀ ਪੁਕਾਰ ਪੁਕਾਰ ਕੇ ਜਗਾ ਰਹੀ ਹੈ ਕਿ ਇਥੇ ਨਾ ਕੋਈ ਜਾਤ ਕਰ ਕੇ ਵੱਡਾ ਹੈ, ਨਾ ਕਿਸੇ ਰੁਤਬੇ ਕਾਰਨ। ਗੱਲਾਂ-ਬਾਤਾਂ ਵਿਚ ਜਾਤਾਂ ਨੂੰ ਰੱਦ ਕਰੀ ਜਾਂਦੇ ਹਨ ਪਰ ਸਿੱਖਾਂ ਦੇ ਘਰ ਵਿਚ ਜਾਤ-ਪਾਤ ਕਾਇਮ ਹੈ। ਗੁਰਦਵਾਰਿਆਂ ਵਿਚ ਕਾਇਮ ਹੈ। ਗੁਰਦਵਾਰੇ ਜਾਤਾਂ ਤੇ ਅਧਾਰਤ ਬਣ ਚੁੱਕੇ ਹਨ। ਬਹੁਤ ਸਾਰੇ ਗੁਰਦਵਾਰਿਆਂ ਵਿਚ ਅਖੌਤੀ ਨੀਵੀਂ ਜਾਤ ਵਾਲੇ ਨੂੰ ਲੰਗਰ ਵੱਖ ਬਿਠਾ ਕੇ ਦਿਤਾ ਜਾਂਦਾ ਹੈ।
ਭੁੱਚੋ ਮੰਡੀ ਸਾਧਾਂ ਦਾ ਇਕ ਡੇਰਾ ਹੈ, ਉਥੇ ਕਿੰਨੀ ਵਾਰ ਰੌਲਾ ਪੈ ਚੁੱਕਿਆ ਹੈ। ਗੱਲ ਅਕਾਲ ਤਖ਼ਤ ਤਕ ਪੁੱਜੀ, ਜਥੇਦਾਰ ਕੁੱਝ ਨਹੀਂ ਕਰ ਸਕਿਆ। ਗੱਲ ਪੁਲਿਸ ਤਕ ਗਈ ਪੁਲਿਸ ਵਾਲਿਆਂ ਨੇ ਕੁੱਝ ਨਹੀਂ ਕੀਤਾ। ਇਸ ਦਾ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਭੁੱਚੋ ਮੰਡੀ (ਜ਼ਿਲ੍ਹਾ ਬਠਿੰਡਾ) ਵਾਲੇ ਸਾਧ ਜਥੇਦਾਰ ਤੋਂ ਵੀ ਨਾਬਰ ਨੇ ਤੇ ਸਰਕਾਰ ਤੋਂ ਵੀ ਬਾਗ਼ੀ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ਾਂ ਤੋਂ ਵੀ ਮੁਨਕਰ ਹਨ। ਭਾਰਤ ਦੇ ਸੰਵਿਧਾਨ ਦੇ ਵੀ ਵਿਰੁਧ ਚੱਲ ਰਹੇ ਹਨ। ਰੋਕਣ ਵਾਲਾ ਕੋਈ ਨਹੀਂ।
ਗਹਿਰਾਈ ਨਾਲ ਪਰਖ ਕਰਨ ਤੇ ਪਤਾ ਲਗਦਾ ਹੈ, ਜਥੇਦਾਰ ਦਾ ਅਹੁਦਾ ਹੀ ਕੋਈ ਨਹੀਂ। ਸਿੱਖ ਰਹਿਤ ਮਰਿਆਦਾ ਵਿਚ, ਗੁਰਦਵਾਰਾ ਐਕਟ ਵਿਚ ਜਥੇਦਾਰ ਦਾ ਜ਼ਿਕਰ ਹੀ ਕੋਈ ਨਹੀਂ। ਸ਼੍ਰੋਮਣੀ ਕਮੇਟੀ ਨੇ ਕੋਈ ਮਤਾ ਪਾਸ ਕਰ ਕੇ ਜਥੇਦਾਰ ਲਾਉਣ ਦਾ ਫ਼ੈਸਲਾ ਲਿਆ ਹੋਵੇ ਅਜਿਹਾ ਵੀ ਕਿਤੇ ਨਹੀਂ ਲਿਖਿਆ ਮਿਲਦਾ। ਜਥੇਦਾਰ ਦੀ ਪੋਸਟ ਕੋਈ ਨਹੀਂ, ਪਰ ਤਨਖਾਹਦਾਰ ਮੁਲਾਜ਼ਮ ਜ਼ਰੂਰ ਹੈ। ਬਿਨਾਂ ਕਿਸੇ ਜ਼ਿੰਮੇਵਾਰੀ ਤੋਂ ਲੱਖਾਂ ਰੁਪਏ ਹਰ ਸਾਲ ਉਡਾ ਦਿੰਦਾ ਹੈ, ਤਨਖਾਹ ਦੇ ਰੂਪ ਵਿਚ। ਗੱਡੀਆਂ ਦਾ ਖ਼ਰਚਾ, ਬਾਡੀਗਾਰਡਾਂ ਦੀ ਤਨਖਾਹ ਕੋਠੀ ਅਤੇ ਹੋਰ ਸਹੂਲਤਾਂ ਵੱਖ। ਆਮ ਲੋਕਾਂ ਨੂੰ ਜਥੇਦਾਰ ਦੀ ਸ਼ਕਤੀ ਬਿਆਨ ਕਰ ਕੇ ਡਰਾਇਆ ਹੋਇਆ ਹੈ।
ਵੈਸੇ ਜਥੇਦਾਰਾਂ ਨੂੰ ਰਾਜਨੀਤਕ ਲੋਕ ਨਿਯੁਕਤ ਕਰਦੇ ਹਨ। ਜਦੋਂ ਦਿਲ ਚਾਹੇ ਘਰ ਦਾ ਰਸਤਾ ਵਿਖਾ ਦਿੰਦੇ ਹਨ। ਸੋਚ ਕੇ ਵੇਖੋ! ਵੱਡਾ ਜਥੇਦਾਰ ਹੈ ਜਾਂ ਰਾਜਸੀ ਆਗੂ ਪਰਕਾਸ਼ ਸਿੰਘ ਬਾਦਲ? ਬਾਦਲ ਵਿਰੋਧੀ ਸਿੱਖਾਂ ਵਿਰੁਧ ਝਟਪਟ ਹੁਕਮਨਾਮੇ ਜਾਰੀ ਹੋ ਜਾਂਦੇ ਹਨ, ਪੰਥ ਵਿਚੋਂ ਛੇਕ ਦਿਤਾ ਜਾਂਦਾ ਹੈ। ਬਾਦਲ ਅਤੇ ਉਸ ਦੀ ਪਾਰਟੀ ਵਾਲੇ ਭਾਵੇਂ ਜੋ ਮਰਜ਼ੀ ਮਨ ਆਈਆਂ ਕਰਦੇ ਜਾਣ, ਜਥੇਦਾਰਾਂ ਨੂੰ ਦਿਸਦੇ ਹੀ ਨਹੀਂ। ਸਿਆਸੀ ਲੋਕਾਂ ਬਾਰੇ ਅਖ਼ਬਾਰਾਂ ਵਿਚ ਨਿੱਤ ਦਿਨ ਕਿੰਨਾ ਕੁੱਝ ਛਪਦਾ ਹੈ, ਜਥੇਦਾਰ ਕੋਈ ਕਾਰਵਾਈ ਨਹੀਂ ਕਰਦੇ। ਬਾਦਲ ਵਿਰੋਧੀ ਬੰਦਾ ਭਾਵੇਂ ਕੋਈ ਗ਼ਲਤੀ ਨਾ ਕਰੇ ਤਾਂ ਵੀ ਵੱਡੀ ਸਜ਼ਾ ਦੇ ਦਿਤੀ ਜਾਂਦੀ ਹੈ।
ਅਸਲ ਵਿਚ ਇਹ ਜਥੇਦਾਰ ਨਾ ਤਾਂ ਪੰਥ ਦੇ ਰਾਖੇ ਹਨ ਨਾ ਗੁਰਬਾਣੀ ਦੇ ਰਾਖੇ ਹਨ। ਬਸ ਇਹ ਤਾਂ ਬਾਦਲ ਦੇ ਵਫ਼ਾਦਾਰ ਹਨ ਅਤੇ ਉਸ ਦੇ ਰਾਖੇ ਹਨ।
ਇਕ ਵਾਰੀ ਸ਼੍ਰੋਮਣੀ ਕਮੇਟੀ ਦਾ ਇਜਲਾਸ ਹੋ ਰਿਹਾ ਸੀ। ਕਿਸੇ ਕਮੇਟੀ ਮੈਂਬਰ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ, ਸਾਰਾ ਕੁੱਝ ਪਹਿਲਾਂ ਹੀ ਲਿਖ ਕੇ ਰਖਿਆ ਹੋਇਆ ਸੀ। ਲੋੜ ਪੈਣ ਤੇ ਮੈਂਬਰਾਂ ਨੇ ਕੇਵਲ ਜੈਕਾਰਾ ਛਡਣਾ ਸੀ। ਪਿੱਛੇ ਬੈਠਾ ਇਕ ਸੱਜਣ ਬੋਲਿਆ, ''ਉਏ ਭਾਈ ਜੈਕਾਰਾ ਵੀ ਵਿਚੇ ਲਿਖ ਲਿਆ ਕਰੋ।''
ਦੂਜਾ ਕਹਿਣ ਲਗਿਆ, ''ਓ ਨਹੀਂ ਭਾਈ, ਜੈਕਾਰਾ ਚੰਡੀਗੜ੍ਹ ਤੋਂ ਆਉਂਦਾ ਹੈ। ਟੈਲੀਫ਼ੋਨ ਤੇ ਹੀ ਛਡਵਾ ਲਿਆ ਕਰੋ।''
ਤੀਜਾ ਬੰਦਾ ਆਖਣ ਲਗਿਆ, ''ਵੇਖੋ ਜਥੇਦਾਰ ਵੀ ਲਿਫ਼ਾਫ਼ੇ ਵਿਚੋਂ ਨਿਕਲਦਾ ਹੈ, ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਲਿਫ਼ਾਫ਼ੇ ਵਿਚੋਂ ਨਿਕਲਦਾ ਹੈ। ਰਹੀ ਗੱਲ ਜੈਕਾਰੇ ਦੀ, ਇਸ ਨੂੰ ਟੇਪ ਰੀਕਾਰਡ ਕਰਵਾ ਕੇ ਰੱਖ ਲਿਆ ਜਾਵੇ। ਇਕ ਦੋ ਨਹੀਂ ਜਿੰਨੇ ਮਰਜ਼ੀ ਜੈਕਾਰੇ ਰੀਕਾਰਡ ਕਰਵਾ ਲਏ ਜਾਣ। ਜਦੋਂ ਲੋੜ ਹੋਵੇ ਟੇਪ ਰੀਕਾਰਡ ਦਾ ਬਟਣ ਦਬਾ ਕੇ ਜਿੰਨੇ ਮਰਜ਼ੀ ਜੈਕਾਰੇ ਛੁਡਵਾ ਲਏ ਜਾਣ। ਇਜਲਾਸ ਵਿਚ ਬੈਠੇ ਮੈਂਬਰ ਤਾਂ ਰੀਮੋਟ ਨਾਲ ਚੱਲਣ ਵਾਲੇ ਖਿਡੌਣੇ ਹਨ।'' ਇਹ ਹੈ ਬੱਬਰ ਸ਼ੇਰਾਂ ਦੀ ਸ਼੍ਰੋਮਣੀ (ਉਤਮ) ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ।
ਵਿਦਵਾਨ ਸਿੱਖਾਂ ਵਲੋਂ ਅਪਣੇ ਧਰਮ ਪ੍ਰਤੀ ਬੇਵਫ਼ਾਈ ਕਾਰਨ ਗੁਰਦਵਾਰਿਆਂ ਦੇ ਪ੍ਰਬੰਧ ਵਿਚ ਧਾਂਦਲੀਆਂ ਹੋਣ ਲੱਗ ਪਈਆਂ। ਭੇਟਾ ਦੇ ਪੈਸੇ ਦੀ ਲੋਕਭਲਾਈ ਵਾਸਤੇ ਵਰਤੋਂ ਹੋਣ ਦੀ ਥਾਂ ਨਿਜੀ ਖਾਤਿਆਂ ਵਿਚ ਜਾਣ ਲੱਗ ਪਿਆ। ਲੋੜਵੰਦਾਂ ਨੂੰ ਪੜ੍ਹਨ ਲਈ ਕਿਤਾਬਾਂ ਨਾ ਮਿਲੀਆਂ, ਇਲਾਜ ਲਈ ਹਸਪਤਾਲ ਨਾ ਖੋਲ੍ਹੇ ਗਏ। ਧਰਮ ਬਾਰੇ ਕੋਈ ਗਿਆਨ ਨਾ ਦਿਤਾ ਗਿਆ। ਗੁਰਬਾਣੀ ਪੜ੍ਹਾਉਣ ਸਿਖਾਉਣ ਵਾਸਤੇ ਚੰਗੇ ਸਿੱਖ ਪ੍ਰਚਾਰਕ ਤਿਆਰ ਨਾ ਕੀਤੇ ਗਏ। ਸਿੱਖ ਇਤਿਹਾਸ ਨੂੰ ਸੋਧ ਕੇ ਨਾ ਲਿਖਿਆ ਗਿਆ। ਗੁਰਬਾਣੀ ਦੀਆਂ ਪੋਥੀਆਂ ਦੁਨੀਆਂ ਦੀਆਂ ਵੱਡੀਆਂ ਭਾਸ਼ਾਵਾਂ ਵਿਚ ਅਨੁਵਾਦ ਨਾ ਕਰਾਈਆਂ ਗਈਆਂ।
ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ (ਅਤੇ ਲੋਕਲ ਕਮੇਟੀਆਂ) ਨੂੰ ਅਪਣੇ ਫ਼ਰਜ਼ਾਂ ਪ੍ਰਤੀ ਅਵੇਸਲੇਪਣ ਤੋਂ ਨਾ ਜਗਾਇਆ। ਅਕਾਲ ਤਖ਼ਤ ਤੇ ਅਰਦਾਸ ਕਰ ਕੇ ਬਣੇ ਅਕਾਲੀ ਦਲ ਨੂੰ ਗੁਰਮਤ ਅਸੂਲਾਂ ਦਾ ਚੇਤਾ ਨਾ ਕਰਾਇਆ। ਅਕਾਲ ਤਖ਼ਤ ਦੇ ਜਥੇਦਾਰ ਨੂੰ ਰਾਜਨੀਤਕ ਕੈਦ ਵਿਚੋਂ ਨਿਕਲ ਕੇ ਪੰਥ ਪ੍ਰਤੀ ਵਫ਼ਾਦਾਰ ਹੋਣ ਦਾ ਸਬਕ ਨਾ ਪੜ੍ਹਾਇਆ। ਵਿਦਵਾਨਾਂ ਨੇ ਖ਼ੁਦ ਧਰਮ ਦਾ ਗਹਿਰਾਈ ਨਾਲ ਅਧਿਐਨ ਨਾ ਕੀਤਾ। ਨਤੀਜਾ ਜੋ ਨਿਕਲਿਆ ਸੱਭ ਦੇ ਸਾਹਮਣੇ ਹੈ। ਅਨਪੜ੍ਹ ਡੇਰੇਦਾਰ ਸਾਧ ਪੂਜਨੀਕ ਮਹਾਂਪੁਰਖਾਂ ਦਾ ਰੂਪ ਧਾਰ ਬੈਠੇ। ਅਣਸਿੱਖੇ ਪ੍ਰਚਾਰਕ ਸਮਾਜ ਨੂੰ ਕੁਰਾਹੇ ਪਾਉਣ ਲੱਗ ਪਏ। ਕੀਤਰਨੀਏ ਮਨ ਆਈਆਂ ਕਥਾਵਾਂ ਸੁਣਾਉਂਦੇ ਰਹੇ।
ਆਮ ਸਿੱਖ ਮਾਈ ਭਾਈ ਕੁਰਾਹੇ ਪੈ ਗਏ। ਨਸ਼ਈ ਬਣ ਗਏ, ਮੜ੍ਹੀਆਂ ਕਬਰਾਂ ਪੂਜਣ ਲੱਗ ਪਏ। ਹਰ ਤਰ੍ਹਾਂ ਦੇ ਮਨਮਤੀ ਕਰਮਕਾਂਡ ਸਿੱਖਾਂ ਵਿਚ ਦਾਖ਼ਲ ਹੋ ਗਏ। ਵਿਦਵਾਨਾਂ ਦਾ ਫ਼ਰਜ਼ ਬਣਦਾ ਸੀ ਕਿ ਇਨ੍ਹਾਂ ਸਾਰੇ ਪੱਖਾਂ ਬਾਰੇ ਜ਼ੋਰਦਾਰ ਆਵਾਜ਼ ਉਠਾਉਂਦੇ। ਵਿਦਵਾਨ ਲੋਕ ਖ਼ੁਦ ਭਾਵੇਂ ਸੁਰਗ (ਕਲਪਤ) ਵਿਚ ਰਹਿਣ ਦਾ ਭਰਮ ਖੜਾ ਕਰ ਲੈਣ, ਪਰ ਉਨ੍ਹਾਂ ਦੇ ਚਾਰੇ ਪਾਸੇ ਤਾਂ ਨਰਕਾਂ ਦੀ ਬਦਬੋ ਅਤੇ ਹਾਅ ਕਲਾਪ ਫੈਲੀ ਹੋਈ ਹੈ। ਅਜਿਹੀ ਹਾਲਤ ਦਾ ਫ਼ਾਇਦਾ ਉਠਾ ਕੇ ਸਟੇਜਾਂ ਤੇ ਕੀ ਕੁੱਝ ਸੁਣਾਇਆ ਜਾ ਰਿਹਾ ਹੈ, ਸੰਖੇਪ ਵਿਚ ਗ਼ੌਰ ਫਰਮਾਉ:
ਸੰਨ 2013 ਵਿਚ ਮਾਨ ਸਿੰਘ ਪਿਹੋਵੇ ਵਾਲੇ ਦੀ ਇਕ ਵੀਡੀਉ ਕਲਿੱਪ ਯੂ-ਟਿਊਬ ਤੇ ਪਈ ਹੋਈ ਸੀ, ਜਿਸ ਵਿਚ ਉਹ ਕਹਿ ਰਿਹਾ ਸੀ, ''ਭੁੱਚੋ ਮੰਡੀ ਡੇਰੇ ਦੇ ਪਹਿਲੇ ਮੁਖੀ ਮਹਾਂ ਹਰਨਾਮ ਸਿੰਘ (ਡੇਰਾ ਰੂਮੀ ਵਾਲਾ) ਕੋਲ ਇਕ ਕੁੱਤੀ ਰੱਖੀ ਹੋਈ ਸੀ। ਰੋਜ਼ਾਨਾ ਬਾਣੀ ਸੁਣਦੀ ਸੀ। ਅਚਨਚੇਤੀ ਪ੍ਰਾਣ ਤਿਆਗ ਗਈ। ਜਦੋਂ ਸੰਤਾਂ ਨੂੰ ਪਤਾ ਲਗਿਆ ਤਾਂ ਉਸ ਨੇ ਸੇਵਕ ਨੂੰ ਕਿਹਾ ਕਿ ਕੁੱਤੀ ਨੂੰ ਨਾਂ ਲੈ ਕੇ ਆਵਾਜ਼ ਮਾਰ। ਉਸ ਨੇ ਆਵਾਜ਼ ਮਾਰੀ ਤੇ ਮਰੀ ਹੋਈ ਕੁੱਤੀ ਜੀਵਤ ਹੋ ਗਈ। ਸੰਤਾਂ ਦਾ ਬਖ਼ਸ਼ਿਆ ਦੁੱਧ ਪਿਲਾਇਆ, ਤੁਰਤ ਫਿਰ ਮਰ ਗਈ। ਭਜਨ ਕੀਰਤਨ ਤੇ ਸਿਮਰਨ ਦੀ ਸ਼ਕਤੀ ਨਾਲ ਇਹ ਕੁੱਤੀ ਅਗਲੇ ਜਨਮ ਵਿਚ ਇੰਗਲੈਂਡ ਦੀ ਮਹਾਰਾਣੀ ਬਣੀ।
ਆਖੋ ਵਾਹਿਗੁਰੂ। ''ਅੱਗੇ ਹੋਰ- ''ਸੰਗਤਾਂ ਨੇ ਮਹਾਂ ਹਰਨਾਮ ਸਿੰਘ ਨੂੰ ਬੇਨਤੀ ਕੀਤੀ ਕਿ ਹਿਟਲਰ ਮਾਰੋਮਾਰ ਕਰਦਾ ਅੱਗੇ ਵਧ ਰਿਹੈ ਕਿਤੇ ਭਾਰਤ ਨੂੰ ਗ਼ੁਲਾਮ ਨਾ ਬਣਾ ਲਵੇ, ਦੇਸ਼ ਨੂੰ ਬਚਾਉ। ਤਾਂ ਸੰਤ ਜੀ ਨੇ ਅਪਣਾ ਤਖ਼ਤਪੋਸ਼ ਪੁੱਠਾ ਕਰਵਾ ਦਿਤਾ, ਸੰਗਤਾਂ ਨੂੰ ਜਪੁਜੀ ਦਾ ਪਾਠ ਕਰਨ ਲਾ ਦਿਤਾ। ਦੂਜੇ ਦਿਨ ਹਿਟਲਰ ਮਰੇ ਦੀ ਖ਼ਬਰ ਆ ਗਈ। ਬੋਲੋ ਵਾਹਿਗੁਰੂ।'' ਟਿਪਣੀ- ਨਾ ਤਾਂ ਅਜਿਹੀਆਂ ਕਰਾਮਾਤਾਂ ਦੀ ਕੋਈ ਸੱਚਾਈ ਹੈ, ਨਾ ਇਨ੍ਹਾਂ ਨੇ ਕਦੀ ਕੁੱਝ ਸੰਵਾਰਿਆ ਹੈ। ਡੇਰਾ ਰੂਮੀ ਵਾਲਿਆਂ ਵਲੋਂ ਛਪੀਆਂ ਕਿਤਾਬਾਂ ਮੁਤਾਬਕ ਸਾਧ ਹਰਨਾਮ ਸਿੰਘ ਦਾ ਜਨਮ 1813 ਵਿਚ ਹੋਇਆ ਅਤੇ ਮੌਤ 1913 ਵਿਚ ਹੋਈ ਜਦਕਿ ਹਿਟਲਰ 1945 ਵਿਚ ਮਰਿਆ ਸੀ।
ਭਾਈ ਹਰਬੰਸ ਸਿੰਘ ਜਗਾਧਰੀ ਵਾਲਾ ਸਾਰੀ ਉਮਰ ਧਰਮ ਦੀ ਆੜ ਵਿਚ ਭੋਲੇ ਸ਼ਰਧਾਲੂਆਂ ਨੂੰ ਲਤੀਫ਼ੇ ਹੀ ਸੁਣਾਉਂਦਾ ਰਿਹਾ। ਕੱਚੀਆਂ ਪਿੱਲੀਆਂ ਕਵਿਤਾਵਾਂ ਦਾ 'ਕੀਰਤਨ' ਕਰਦਾ ਰਿਹਾ। ਉਸ ਦਾ ਪ੍ਰਮੁੱਖ ਚੇਲਾ ਚਮਨਜੀਤ ਸਿੰਘ ਅਜਿਹੇ ਘਟੀਆ ਲਤੀਫ਼ੇ ਸੁਣਾਉਂਦਾ ਰਿਹਾ ਕਿ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਈਦਾ ਸੀ। ਇਕ ਵਾਰੀ ਤਾਂ ਚਮਨਜੀਤ ਸਿੰਘ ਨੇ ਇੱਥੋਂ ਤਕ ਕਹਿ ਦਿਤਾ, ''ਅਨੰਦਪੁਰ ਦੇ ਘੇਰੇ ਸਮੇਂ ਸਿੱਖਾਂ ਦਾ ਅੰਨ ਦਾਣਾ ਖ਼ਤਮ ਹੋ ਗਿਆ। ਭੁੱਖੇ ਮਰਦੇ ਸਿੱਖਾਂ ਨੇ ਘੋੜਿਆਂ ਦੀ ਲਿੱਦ ਵਿਚੋਂ ਦਾਣੇ ਚੁਗੇ। ਬਲਦਾਂ, ਮੱਝਾਂ ਦੇ ਗੋਹੇ ਵਿਚੋਂ ਦਾਣੇ ਚੁਗੇ। ਉਨ੍ਹਾਂ ਨੂੰ ਧੋਇਆ, ਫਿਰ ਸਿੱਖਾਂ ਨੇ ਦਾਣੇ ਖਾਧੇ।
'' ਇਸ ਗੰਦੀ ਸਾਖੀ ਕਾਰਨ ਭਾਈ ਮਨਜੀਤ ਸਿੰਘ ਜਥੇਦਾਰ ਨੇ ਉਸ ਨੂੰ ਫਿਟਕਾਰ ਵੀ ਪਾਈ ਸੀ। ਭਾਈ ਬਲਵਿੰਦਰ ਸਿੰਘ ਰੰਗੀਲਾ ਸਿੱਖਾਂ ਨੂੰ ਸਾਰੀ ਉਮਰ ਉੱਲੂ ਬਣਾਉਂਦਾ ਰਿਹਾ, ਝੂਠੀਆਂ ਕਹਾਣੀਆਂ ਤੇ ਲਤੀਫ਼ੇ ਸੁਣਾ ਕੇ ਮਾਇਆ ਇਕੱਠੀ ਕਰਦਾ ਰਿਹਾ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪ੍ਰਚਾਰਕ ਅਤੇ ਕੀਰਤਨੀਏ ਸਿੱਖਾਂ ਨੂੰ ਬੇਵਕੂਫ਼ ਬਣਾ ਰਹੇ ਨੇ। ਗਿਆਨੀ ਪੂਰਨ ਸਿੰਘ, ਗਿਆਨੀ ਮੋਹਣ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਇਕਬਾਲ ਸਿੰਘ ਪਟਨੇ ਵਾਲਾ ਸਾਰੇ ਇਸੇ ਤਰ੍ਹਾਂ ਦੇ ਲਤੀਫ਼ੇ ਹੀ ਤਾਂ ਸਟੇਜਾਂ ਤੇ ਸੁਣਾਉਂਦੇ ਆ ਰਹੇ ਹਨ।
ਗਿਆਰਾਂ ਨਵੰਬਰ ਤੋਂ ਤੇਰਾਂ ਨਵੰਬਰ 2006 ਨੂੰ ਦਿਆਲਪੁਰਾ ਭਾਈਕਾ (ਬਠਿੰਡਾ) ਵਿਖੇ ਜੋ ਦਸਮ ਗ੍ਰੰਥ ਦਾ ਅਖੰਡ ਪਾਠ ਹੋਇਆ ਸੀ, ਉਸ ਵਿਚ ਸ਼੍ਰੋਮਣੀ ਕਮੇਟੀ, ਸਾਰੇ ਜਥੇਦਾਰ, ਨਿਹੰਗ ਜਥੇਬੰਦੀਆਂ, ਸਾਰੇ ਸਾਧ, ਟਕਸਾਲਾਂ ਅਤੇ ਡੇਰਿਆਂ ਦੇ ਮੁਖੀ ਉਥੇ ਇਕੱਠੇ ਹੋਏ ਸਨ। ਜੋ ਲਤੀਫ਼ੇ ਉਥੇ ਸੁਣਨ-ਵੇਖਣ ਨੂੰ ਮਿਲੇ ਉਹ ਅਤਿਅੰਤ ਸ਼ਰਮਨਾਕ ਹਨ। ਸਾਰੇ ਪ੍ਰੋਗਰਾਮਾਂ ਦੀਆਂ ਸੀ.ਡੀ. ਮੇਰੇ ਕੋਲ ਮੌਜੂਦ ਹਨ। ਜਦੋਂ ਸਿੱਖਾਂ ਦੇ ਆਗੂ ਖ਼ੁਦ ਹੀ ਸਿੱਖਾਂ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਹਨ, ਬਚਾਵੇਗਾ ਕੌਣ? ਅਜਿਹੇ ਮਨਮੁਖਾਂ ਬਾਰੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹੋ-
ਗੁਰਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ।।
ਘਰ ਘਰਿ ਨਾਮੁ ਨਿਰੰਜਨਾ ਸੋ ਠਾਕੁਰ ਮੇਰਾ।।
ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ।।
ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ।। ਰਹਾਉ।।
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ।।
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ।।
ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ।।
ਅੰਧੇ ਕਾ ਨਾਉ ਪੁਰਖੂ, ਕਲੀ ਕਾਲ ਵਿਡਾਣੈ।।
ਸੂਤੇ ਕਉ ਜਾਗਤ ਕਹੈ, ਜਗਤ ਕਉ ਸੂਤਾ।।
ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ।।
ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ
ਪਰ ਕੀ ਕਉ ਆਪਨੀ ਕਹੈ ਆਪਨੋ ਨਹੀ ਭਾਇਆ।।
ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ।।
ਰਾਤੇ ਕੀ ਨਿੰਦਾ ਕਰਹਿ ਐਸਾ ਕਲ ਮਹਿ ਡੀਠਾ।।
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ।।
ਪੋਖਰੁ ਨੀਰੁ ਵਿਰਲੀਐ ਮਾਖਨ ਨਹੀ ਰੀਸੈ।।
ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ।।
ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ।।
ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ।।
ਗੁਰ ਕਿਰਪਾਤੇ ਬੂਝੀਐ ਸਭੁ ਬ੍ਰਹਮੁ ਸਮਾਇਆ।। (229)
ਹੇ ਭਾਈ! ਅਕਾਲ ਪੁਰਖ ਦੀ ਰਹਿਮਤ ਨੂੰ ਸਮਝੋ, ਇਹੀ ਸਹੀ ਨਿਰਣਾ ਹੈ। ਸਾਡਾ ਸਾਰਿਆਂ ਦਾ ਜੀਵਨਦਾਤਾ ਕਿਤੇ ਬਾਹਰ ਨਹੀਂ ਹੈ, ਉਹ ਸਾਰਿਆਂ ਦੇ ਅੰਦਰ ਹੀ ਜੋਤ ਰੂਪ ਵਿਚ ਮੌਜੂਦ ਹੈ। ਗੁਰਬਾਣੀ ਦੇ ਵਿਸ਼ਾਲ ਗਿਆਨ ਤੋਂ ਬਿਨਾ ਅਗਿਆਨਤਾ ਖ਼ਤਮ ਨਹੀਂ ਹੋਵੇਗੀ। ਇਸ ਪੱਖ ਬਾਰੇ ਡੂੰਘੀ ਵਿਚਾਰ ਕਰ ਕੇ ਵੇਖੋ। ਹੋਰ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਉ ਫ਼ਾਇਦਾ ਨਹੀਂ ਹੋਵੇਗਾ। ਅਗਿਆਨਤਾ ਦੇ ਹਨੇਰੇ ਵਿਚ ਠੋਕਰਾਂ ਖਾਂਦੇ ਰਹੋਗੇ। ਜੋ ਲੋਕ ਅਕਲ ਤੋਂ ਸਖਣੇ ਹਨ ਉਨ੍ਹਾਂ ਨੂੰ ਕੁੱਝ ਵੀ ਸਮਝ ਨਹੀਂ ਆਉਂਦਾ। ਗੁਰੂ ਦੇ ਉਪਦੇਸ਼ ਤੋਂ ਬਗ਼ੈਰ ਜ਼ਿੰਦਗੀ ਦਾ ਸਹੀ ਰਾਹ ਸਮਝ ਨਹੀਂ ਆਉਂਦਾ। ਸਹੀ ਜੀਵਨ ਰਾਹ ਤੋਂ ਬਗ਼ੈਰ ਜ਼ਿੰਦਗੀ ਨਿਸਫਲ ਹੈ।
ਮੂਰਖ ਬੰਦੇ ਖੋਟੇ ਨੂੰ ਖਰਾ ਸਮਝਦੇ ਹਨ, ਖਰੇ ਬਾਬਤ ਸਮਝ ਹੀ ਨਹੀਂ। ਅੰਨਿਆਂ ਨੂੰ ਪਾਰਖੂ ਮੰਨੀ ਜਾਂਦੇ ਹਨ। ਇਹ ਤਾਂ ਹਨੇਰਗਰਦੀ ਵਾਲਾ ਜੁੱਗ ਹੈ। ਅਗਿਆਨਤਾ ਵਿਚ ਬਰਬਾਦ ਹੋ ਰਹੇ ਲੋਕਾਂ ਨੂੰ ਚੰਗੇ ਮੰਨੀ ਜਾ ਰਹੇ ਹਨ। ਚੇਤੰਨ ਅਤੇ ਅਕਲਮੰਦਾਂ ਨੂੰ ਕਮਲੇ ਆਖੀ ਜਾਂਦੇ ਹਨ। ਜ਼ਿੰਦਗੀ ਪ੍ਰਤੀ ਸੁਚੇਤ ਬੰਦਿਆਂ ਨੂੰ ਮਰ ਗਏ ਮੰਨੀ ਜਾਂਦੇ ਹਨ। ਜਿਨ੍ਹਾਂ ਦੀ ਆਤਮਾ ਮਰ ਚੁੱਕੀ ਹੈ ਉਨ੍ਹਾਂ ਨੂੰ ਜਿਊਂਦੇ ਕਹਿ ਰਹੇ ਹਨ। ਜੋ ਪਰਮੇਸ਼ਰ ਦੇ ਸੱਚੇ ਰਾਹ ਤੇ ਚਲਦਾ ਹੈ ਉਸ ਨੂੰ ਕਹਿੰਦੇ ਹਨ ਗਿਆ ਕੰਮ ਤੋਂ। ਜੋ ਬੰਦਾ ਵਿਕਾਰਾਂ ਵਿਚ ਡੁੱਬ ਜਾਂਦਾ ਹੈ ਉਸ ਨੂੰ ਵਧੀਆ ਸਮਝਦੇ ਹਨ। ਪਰਾਈ ਭੈੜੀ ਮੱਤ ਨੂੰ ਚੁੱਕੀ ਫਿਰਦੇ ਹਨ, ਅਪਣੀ ਸਹੀ ਮੱਤ ਬਾਰੇ ਪਤਾ ਨਹੀਂ।
ਮਿੱਠੇ ਗੁਣ ਕਉੜੇ (ਬੁਰੇ) ਲਗਦੇ ਹਨ। ਆਉਗੁਣ ਚੰਗੇ ਸਮਝਦੇ ਹਨ। ਪਰਮੇਸ਼ਰ ਦੀ ਯਾਦ ਵਿਚ ਰੱਤੇ ਮਨੁੱਖਾਂ ਨੂੰ ਬੁਰੇ ਆਖ ਰਹੇ ਹਨ, ਇਹੀ ਤਾਂ ਕਲਜੁੱਗ ਹੈ। ਮਾਇਆ ਦੀ ਪੂਜਾ ਕਰਦੇ ਹਨ, ਨਿਰੰਕਾਰ ਬਾਰੇ ਗਿਆਨ ਹੀ ਨਹੀਂ ਹੈ। ਮੂਰਖ ਲੋਕ ਪਾਣੀ ਵਿਚ ਮਧਾਣੀ ਪਾਈ ਬੈਠੇ ਹਨ। ਕਦੀ ਪਾਣੀ ਵਿਚੋਂ ਵੀ ਮੱਖਣ ਨਿਕਲਿਆ ਹੈ? ਜਿਹੜਾ ਸਿਆਣਾ ਪੁਰਖ ਇਨ੍ਹਾਂ ਡੂੰਘੀਆਂ ਰਮਜ਼ਾਂ ਨੂੰ ਸਮਝ ਲਵੇਗਾ, ਉਹ ਬਹੁਤ ਹੀ ਸਤਿਕਾਰਯੋਗ ਹੈ। ਜੋ ਮਨੁੱਖ ਅਪਣੇ ਆਪ ਦੀ ਪਛਾਣ ਕਰ ਲਵੇ, ਠੀਕ ਅਤੇ ਗ਼ਲਤ ਬਾਰੇ ਨਿਰਣਾ ਲੈਣ ਜੋਗਾ ਹੋ ਜਾਵੇ, ਉਹ ਮਹਾਨ ਹੈ, ਧੰਨਤਾ ਯੋਗ ਹੈ।
ਸਾਰੀ ਕਾਇਨਾਤ ਵਿਚ ਅਕਾਲ ਪੁਰਖ ਦਾ ਹੁਕਮ ਵਰਤ ਰਿਹਾ ਹੈ। ਗੁਰੂ ਦੀ ਕ੍ਰਿਪਾ ਨਾਲ ਅਜਿਹੇ ਉੱਤਮ ਵਿਚਾਰਾਂ ਦੀ ਸਮਝ ਆਉਂਦੀ ਹੈ ਕਿ ਪਰਮੇਸ਼ਰ ਤਾਂ ਹਰ ਥਾਂ ਮੌਜੂਦ ਹੈ। ਚੰਗੇ ਇਨਸਾਨ ਬਣਨਾ ਜਰੂਰੀ ਹੈ, ਕਿਸੇ ਕਰਮ ਕਾਂਡ ਦੀ ਜ਼ਰੂਰਤ ਨਹੀਂ ਹੈ। (ਚਲਦਾ)
ਸੰਪਰਕ : 98551-51699