ਚੀਨ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਨਾਇਬ ਸੂਬੇਦਾਰ ਮਨਦੀਪ ਸਿੰਘ ਨੂੰ ਯਾਦ ਕਰਦਿਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

15-16 ਜੂਨ 20 ਦੀ ਰਾਤ ਨੂੰ ਜੋ ਚੀਨੀ ਫ਼ੌਜੀਆਂ ਨੇ ਸਾਡੀ ਭਾਰਤੀ ਫ਼ੌਜ ਨਾਲ ਵਿਸ਼ਵਾਸਘਾਤ ਕੀਤਾ,

Naib Subedar Mandeep Singh

15-16 ਜੂਨ 20 ਦੀ ਰਾਤ ਨੂੰ ਜੋ ਚੀਨੀ ਫ਼ੌਜੀਆਂ ਨੇ ਸਾਡੀ ਭਾਰਤੀ ਫ਼ੌਜ ਨਾਲ ਵਿਸ਼ਵਾਸਘਾਤ ਕੀਤਾ, ਉਹ ਅਸੀ ਸੱਭ ਚੰਗੀ ਤਰ੍ਹਾਂ ਜਾਣਦੇ ਹਾਂ। ‘ਇਕ ਤਾਂ ਚੋਰੀ ਉਪਰੋਂ ਸੀਨਾ ਜ਼ੋਰੀ’ ‘ਸਾਡੀ ਹੀ ਜ਼ਮੀਨ ਉਤੇ ਆ ਕੇ ਫਿਰ ਸਾਨੂੰ ਹੀ ਧਮਕੀਆਂ ਕਿ ਪਿੱਛੇ ਹੱਟ ਜਾਉ, ਇਹ ਕਿਵੇਂ ਹੋ ਸਕਦਾ ਸੀ? ਜਿਨ੍ਹਾਂ ਯੋਧਿਆਂ ਨੇ ਸ਼ੇਰਨੀਆਂ ਮਾਵਾਂ ਦਾ ਦੁਧ ਪੀਤਾ ਹੋਵੇ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ, ਗ਼ੈਰਾਂ ਦੀਆਂ ਗਿੱਦੜ ਭਬਕੀਆਂ?

ਦੁੱਖ ਇਸ ਗੱਲ ਦਾ ਹੈ ਕਿ ਸਾਡੇ ਸੂਰਬੀਰਾਂ ਨੂੰ ਕਿਹਾ ਗਿਆ ਕਿ ਉਥੇ ਸਿਰਫ਼ ਗੱਲਬਾਤ ਰਾਹੀਂ ਹੀ ਮਸਲਾ ਹੱਲ ਕਰਨਾ ਹੈ ਕਿਸੇ ਅਸਲੇ ਦੀ ਜ਼ਰੂਰਤ ਨਹੀਂ ਜਿਸ ਕਰ ਕੇ ਸਾਡੇ ਫ਼ੌਜੀ ਜਵਾਨ ਨਿਹੱਥੇ ਹੀ ਚਲੇ ਗਏ ਤੇ ਚੀਨ ਵਾਲੇ ਪਹਿਲਾਂ ਹੀ ਪੂਰੇ ਸਾਜ਼ੋ ਸਮਾਨ ਨਾਲ ਲੈਸ ਹੋ ਕੇ ਤਿਆਰ ਬੈਠੇ ਸਨ। ਬਸ ਉਨ੍ਹਾਂ ਨੇ ਐਵੇਂ ਇਕ ਲੜਾਈ ਦਾ ਬਹਾਨਾ ਹੀ ਬਣਾ ਲਿਆ ਤੇ ਨਿਹੱਥਿਆਂ ਉਤੇ ਵਾਰ ਕਰਨੇ ਸ਼ੁਰੂ ਕਰ ਦਿਤੇ।

ਸਾਡੇ ਫ਼ੌਜੀਆਂ ਨੇ ਫਿਰ ਵੀ ਬੜੇ ਹੋਸ਼ ਤੋਂ ਕੰਮ ਲਿਆ ਪਰ ਜਦੋਂ ਪਾਣੀ ਸਿਰ ਤੋਂ ਲੰਘਦਾ ਦਿਸਿਆ ਫਿਰ ਇਨ੍ਹਾਂ ਨੇ ਖ਼ਾਲਸੇ ਵਾਲਾ ਜੌਹਰ ਵਿਖਾਉਣਾ ਸ਼ੁਰੂ ਕਰ ਦਿਤਾ। ਸਾਡੇ ਸੂਰਬੀਰਾਂ ਨੇ ਚਮਗਿੱਦੜ ਖਾਣੀ ਫ਼ੌਜ ਨੂੰ ਦਿਨੇ ਹੀ ਤਾਰੇ ਵਿਖਾ ਦਿਤੇ। ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ। ਅਖ਼ੀਰ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਸਾਡੇ ਦੇਸ਼ ਦੇ ਜਾਂਬਾਜ਼ ਇਕ ਕਰਨਲ ਤੇ ਵੀਹ ਯੋਧੇ ਸ਼ਹਾਦਤ ਦਾ ਜਾਮ ਪੀ ਗਏ ਜਿਨ੍ਹਾਂ ਵਿਚੋਂ ਇਕ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਸੀ।

ਨਾਇਬ ਸੂਬੇਦਾਰ ਮਨਦੀਪ ਸਿੰਘ ਦਾ ਪਿੰਡ ਸੀਲ ਜੋ ਜ਼ਿਲ੍ਹਾ ਪਟਿਆਲਾ ਵਿਚ ਪੈਂਦਾ ਹੈ, ਪਟਿਆਲੇ ਤੋਂ 12 ਕਿਲੋਮੀਟਰ ਤੇ ਬਹਾਦਰਗੜ੍ਹ ਦੇ ਨੇੜੇ ਹੈ। ਸੀਲ ਪਿੰਡ ਵਿਚ 20 ਮਾਰਚ 1980 ਨੂੰ ਮਾਤਾ ਸ਼ਕੁੰਤਲਾ ਤੇ ਪਿਤਾ ਸਰਦਾਰ ਲਛਮਣ ਸਿੰਘ ਦੇ ਘਰ ਜਨਮ ਲਿਆ। ਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ। ਮਨਦੀਪ ਸਿੰਘ ਦੇ ਬਚਪਨ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਪਿੰਡ ਦੇ ਸਕੂਲ ਵਿਚ ਦਸਵੀਂ ਤਕ ਦੀ ਪੜ੍ਹਾਈ ਕਰ ਕੇ 24 ਦਸੰਬਰ 1997 ਨੂੰ ਪਟਿਆਲਾ ਦੇ ਭਰਤੀ ਦਫ਼ਤਰ ਵਿਚ ਜਾ ਕੇ ਦਿਲ ਵਿਚ ਦੇਸ਼ ਦੀ ਸੇਵਾ ਭਾਵਨਾ ਲੈ ਕੇ ਫ਼ੌਜ ਵਿਚ ਭਰਤੀ ਹੋ ਗਿਆ।

ਉਸ ਦਿਨ ਤੋਂ ਲੈ ਕੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ, ਦਿਨ-ਬ-ਦਿਨ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਹੀ ਗਿਆ। ਟ੍ਰੇਨਿੰਗ ਆਰਟਿਲੇਰੀ ਸੈਂਟਰ ਨਾਸਕ ਰੋਡ ਮਹਾਰਾਸ਼ਟਰ ਵਿਚ ਕੀਤੀ। ਮਨਦੀਪ ਸਿੰਘ ਨੇ ਟ੍ਰੇਂਨਿੰਗ ਦੌਰਾਨ ਬੈਸਟ ਕੇਡਿਡ ਦਾ ਐਵਾਰਡ ਵੀ ਹਾਸਲ ਕੀਤਾ। ਉਪਰੰਤ ਪਹਿਲੀ  ਪੋਸਟਿੰਗ ਥ੍ਰੀ ਮੀਡੀਅਮ ਰੈਜੀਮੈਂਟ ਵਿਚ ਹੋਈ, ਜੋ ਉਸ ਵਕਤ ਵੀ ਕਸ਼ਮੀਰ ਵੈਲੀ ਵਿਚ ਕਾਰਗਿਲ ਦੀ ਲੜਾਈ ਲੜ ਰਹੀ ਸੀ। ਉਸ ਵਕਤ ਵੀ ਮਨਦੀਪ ਸਿੰਘ ਨੂੰ ਲੜਾਈ ਵਿਚ ਹਿੱਸਾ ਲੈਣ ਦਾ ਬੜਾ ਸ਼ੌਂਕ ਸੀ।

ਇਕ ਤੋਪ ਦਾ ਚੰਗਾ ਮਾਹਰ ਹੋਣ ਕਰ ਕੇ ਇਸ ਨੂੰ ਹਮੇਸ਼ਾ ਤੋਪ ਦੇ ਨਾਲ ਰਖਿਆ ਜਾਂਦਾ ਸੀ। ਮਨਦੀਪ ਸਿੰਘ ਸ੍ਰੀਰਕ ਤੌਰ ਉਤੇ ਬਹੁਤ ਤੰਦਰੁਸਤ ਸੀ ਜਿਸ ਕਰ ਕੇ ਇਸ ਨੇ ਪੁਣੇ ਵਿਚ ਪੀ.ਟੀ.ਆਈ. ਦਾ ਕੋਰਸ ਕੀਤਾ। ਚੰਗਾ ਰਿਜ਼ਲਟ ਹੋਣ ਕਰ ਕੇ ਇਸ  ਨੂੰ ਹੈਦਰਾਬਾਦ ਵਿਚ ਰੰਗਰੂਟਾਂ ਨੂੰ ਟ੍ਰੇਨਿੰਗ ਦੇਣ ਲਈ ਇੰਸਟ੍ਰਕਟਰ ਲਗਾਇਆ ਗਿਆ। 

ਤਿੰਨ ਸਾਲ ਤੋਂ ਬਾਅਦ ਫਿਰ ਥ੍ਰੀ ਮੀਡੀਅਮ ਵਿਚ ਜਦੋਂ ਵਾਪਸ ਆਇਆ ਤੇ ਇਸ ਦੀ ਅਗਲੇਰੀ  ਪੜ੍ਹਾਈ ਵਾਸਤੇ ਤਿਆਰੀ ਕਰਵਾਉਣ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ। ਮੈਂ ਦਿਨ-ਰਾਤ ਮਨਦੀਪ ਸਿੰਘ ਨੂੰ ਤਿਆਰੀ ਕਰਵਾਉਂਦਾ ਰਿਹਾ ਤੇ ਉਹ ਪਹਿਲੀ ਵਾਰ ਵਿਚ ਹੀ ਸਹਾਇਕ ਇੰਸਟਰਕਟਰ ਆਫ਼ ਗਨਰੀ ਵਾਸਤੇ ਸਿਲੈਕਟ ਹੋ ਗਿਆ। ਸਕੂਲ ਆਫ਼ ਅਥਾਰਟੀ ਦੇਵਲਾਲੀ, ਮਹਾਰਾਸ਼ਟਰ ਵਿਚ ਡੇਢ ਸਾਲ ਟ੍ਰੇਨਿੰਗ ਕਰਨ ਉਪਰੰਤ ਫਿਰ ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿਚ ਇੰਸਟਰਕਟਰ ਵਜੋਂ ਸੇਵਾ ਨਿਭਾਉਂਦੇ ਰਹੇ।

ਹੁਣ ਮਨਦੀਪ ਸਿੰਘ ਲੇਹ ਦੇ ਨਿਬੁ ਸਟੇਸ਼ਨ ਤੇ ਤਾਇਨਾਤ ਸਨ। ਥੋੜੇ ਦਿਨ ਪਹਿਲਾਂ ਹੀ ਜਦੋਂ ਚੀਨ ਨਾਲ ਹਾਲਾਤ ਵਿਗੜ ਗਏ ਤਾਂ ਮਨਦੀਪ ਅਪਣੀ ਟੁਕੜੀ ਨਾਲ ਗਲਵਾਨ ਘਾਟੀ ਵਿਚ ਡਿਊਟੀ ਉਤੇ ਪਹੁੰਚ ਗਏ ਜਿਥੇ ਇਨ੍ਹਾਂ ਨੇ  ਅਪਣੇ ਸਾਥੀਆਂ ਸਮੇਤ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਾਮ ਪੀਤਾ। ਸ਼ਹੀਦ ਮਨਦੀਪ ਸਿੰਘ ਅਪਣੇ ਪਿੱਛੇ ਬਜ਼ੁਰਗ 65 ਸਾਲ ਦੀ ਮਾਤਾ, ਤਿੰਨ ਭੈਣਾਂ ਜੋ ਸਾਰੀਆਂ ਵਿਆਹੀਆਂ ਹੋਈਆਂ ਹਨ, ਪਤਨੀ ਗੁਰਦੀਪ ਕੌਰ, ਬੇਟੀ ਮਹਿਕਪ੍ਰੀਤ ਕੌਰ (15) ਬੇਟਾ ਜੋਬਨਪ੍ਰੀਤ ਸਿੰਘ (12) ਛੱਡ ਗਏ। ਪਿੰਡ ਤੇ ਦੇਸ਼ ਨੂੰ ਅਪਣੇ ਮਹਾਨ ਸਪੂਤ ਤੇ ਪੂਰਾ ਫ਼ਖ਼ਰ ਹੈ। ਅੱਜ ਸਾਰਾ ਦੇਸ਼ ਅਪਣੇ ਮਹਾਨ ਸਪੂਤਾਂ ਨੂੰ ਸ਼ਰਧਾਂਜ਼ਲੀਆਂ ਦੇ ਰਿਹਾ ਹੈ। ਦੇਸ਼ ਹਮੇਸ਼ਾ ਇਨ੍ਹਾਂ ਯੋਧਿਆਂ ਦਾ ਸਨਮਾਨ ਕਰਦਾ ਰਹੇਗਾ। ਸੰਪਰਕ : 75891-55501