ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਲ ਸੱਚ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਉਹ ਕਮੇਟੀ ਜੋ ਗੁਰੂਘਰਾਂ (ਗੁਰਦਵਾਰਿਆਂ) ਦੇ ਪ੍ਰਬੰਧ ਨੂੰ ਸਹੀ ਤੇ ਸੁਚੱਜੇ ਤਰੀਕੇ ਨਾਲ ਚਲਾਵੇ ਉਸ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਖਿਆ ਜਾਂਦਾ ਹੈ।

Shiromani Gurdwara Parbandhak Committee

ਜਿਸ ਤਰ੍ਹਾਂ ਕਿ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਕਮੇਟੀ ਜੋ ਗੁਰੂਘਰਾਂ (ਗੁਰਦਵਾਰਿਆਂ) ਦੇ ਪ੍ਰਬੰਧ ਨੂੰ ਸਹੀ ਤੇ ਸੁਚੱਜੇ ਤਰੀਕੇ ਨਾਲ ਚਲਾਵੇ ਉਸ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਖਿਆ ਜਾਂਦਾ ਹੈ। ਅੱਜ ਦੇ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰੰਬਧਕ ਕਮੇਟੀ ਦਾ ਧਰਮ ਪ੍ਰਚਾਰ, ਗੁਰਦਵਾਰਾ ਪ੍ਰਬੰਧ ਦੇ ਨਾਲ-ਨਾਲ ਸਿੱਖ ਸਿਆਸਤ ਵਿਚ ਵੀ ਅਹਿਮ ਯੋਗਦਾਨ ਹੈ। ਸ਼ਾਇਦ ਬਹੁਤੇ ਸਿੱਖਾਂ (ਸਾਰੇ ਨਹੀਂ) ਨੂੰ ਇਹ ਨਹੀਂ ਪਤਾ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਦੀ ਕਾਇਮੀ ਵਾਸਤੇ ਸੈਂਕੜੇ ਹੀ ਸਿੱਖਾਂ ਨੂੰ ਸ਼ਹੀਦੀਆਂ (ਕੁਰਬਾਨੀਆਂ) ਵੀ ਦੇਣੀਆਂ ਪਈਆਂ। ਅੰਦਾਜ਼ਨ 600 ਸਿੱਖ ਸ਼ਹੀਦ ਹੋਏ।

ਇਕੱਲੇ ਨਨਕਾਣਾ ਸਾਹਿਬ ਤੇ ਜੇਤੋ ਦੇ ਮੋਰਚੇ ਵਿਚ ਹੀ 300 ਦੇ ਕਰੀਬ ਸਿੱਖ ਸ਼ਹੀਦ ਕਰ ਦਿਤੇ ਗਏ ਸਨ (ਇਸ ਸਬੰਧ ਵਿਚ ਪਾਠਕ ਸਾਕਾ-ਨਨਕਾਣਾ ਸਾਹਿਬ ਫ਼ਿਲਮ ਜ਼ਰੂਰ ਵੇਖਣ। ਇਹ ਫ਼ਿਲਮ ਯੂ-ਟਿਊਬ ਤੇ ਵੇਖੀ ਜਾ ਸਕਦੀ ਹੈ) ਹਜ਼ਾਰਾਂ ਹੀ ਸਿੱਖਾਂ ਨੇ ਜੇਲਾਂ ਕੱਟੀਆਂ ਤੇ ਹੋਰ ਵੀ ਕਾਫ਼ੀ ਨੁਕਸਾਨ ਝੱਲਣ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਸ਼੍ਰੋਮਣੀ ਕਮੇਟੀ ਕਿਵੇ ਹੋਂਦ ਵਿਚ ਆਈ ਇਸ ਬਾਰੇ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ। ਇਕ ਗੱਲ ਬੜੀ ਹੀ ਧਿਆਨ ਦੇਣ ਯੋਗ ਹੈ ਕਿ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਉਸ ਸਮੇਂ ਅੰਗਰੇਜ਼ੀ ਹਕੂਮਤ ਦਾ ਰਾਜ ਸੀ।

ਅਸੀ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੰਗਰੇਜ਼ਾਂ ਦਾ ਪੰਜਾਬ ਉਤੇ ਕਬਜ਼ਾ ਛੱਲ ਕਪਟ ਤੇ ਸੋਚੀ ਸਮਝੀ ਸਾਜ਼ਸ਼ ਅਧੀਨ ਹੀ ਹੋਇਆ ਸੀ। ਅੰਗਰੇਜ਼ ਚੰਗੀ ਤਰ੍ਹਾਂ ਜਾਣਦੇ ਸਨ ਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸਿੱਖ ਅਪਣੇ ਗੁਰੂ ਘਰਾਂ ਨੂੰ ਅਪਣੀ ਜਾਨ ਨਾਲੋਂ ਵੀ ਵੱਧ ਪਿਆਰ ਤੇ ਸਤਿਕਾਰ ਦਿੰਦੇ ਹਨ। ਗੁਰਦਵਾਰਾ ਰਕਾਬ ਗੰਜ ਦੀ ਦੀਵਾਰ ਨੂੰ ਢਾਹ ਦੇਣਾ ਸਿੱਖਾਂ ਦੇ ਮੂੰਹ ਉਤੇ ਚਪੇੜ ਮਾਰਨ ਦੇ ਬਰਾਬਰ ਹੀ ਸੀ। ਸਿੰਘ ਸਭਾ ਲਹਿਰ ਦੇ ਉਥਾਨ ਸਮੇਂ ਸਿੱਖ ਆਗੂਆਂ, ਸਿੱਖ ਰਾਜਿਆਂ ਨੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨੂੰ ਇਕ ਕਮੇਟੀ ਬਣਾਉਣ ਬਾਰੇ ਆਖਿਆ। ਗੱਲ ਭਾਰਤ ਦੇ ਵਾਇਸਰਾਏ ਲਾਰਡ ਰਿਪਨ ਤਕ ਵੀ ਪਹੁੰਚ ਗਈ ਸੀ।

ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਆਰ.ਈ.ਈਗਰਟਨ ਨੇ ਵਾਇਸਰਾਏ ਨੂੰ ਚਿੱਠੀ ਲਿਖ ਕੇ ਸਾਵਧਾਨ ਕੀਤਾ ਜੋ ਕਿ ਇਸ ਤਰ੍ਹਾਂ ਹੈ, “ਮੇਰਾ ਖਿਆਲ ਹੈ ਕਿ ਸਿੱਖ ਗੁਰਦਵਾਰਿਆਂ ਦਾ ਇੰਤਜ਼ਾਮ ਇਕ ਅਜਿਹੀ ਕਮੇਟੀ ਜੋ ਸਰਕਾਰੀ ਕੰਟਰੋਲ ਤੋਂ ਆਜ਼ਾਦ ਹੋਵੇ ਦੇ ਹੱਥ ਵਿਚ ਦੇਣਾ, ਸਿਆਸੀ ਪੱਖੋਂ ਖ਼ਤਰਨਾਕ ਹੋਵੇਗਾ।'' ਅੰਗਰੇਜ਼ ਸਰਕਾਰ ਇਹ ਨਹੀਂ ਚਾਹੁੰਦੀ ਸੀ ਕਿ ਗੁਰਦਵਾਰਿਆਂ ਦਾ ਇੰਤਜ਼ਾਮ ਸਿੱਖਾਂ ਦੇ ਹੱਥ ਵਿਚ ਚਲਾ ਜਾਵੇ। ਬ੍ਰਿਟਿਸ਼ ਸਰਕਾਰ ਇਸ ਵਿਚ ਖ਼ੁਸ਼ ਸੀ ਕਿ ਸਿੱਖ ਧਰਮ ਵਿਚ ਮਿਲਾਵਟ ਵਧੇ, ਸਿੱਖੀ ਦਾ ਪ੍ਰਚਾਰ ਘਟੇ ਤਾਕਿ ਈਸਾਈ ਮਿਸ਼ਨਰੀ ਅਪਣੇ ਧਰਮ ਦਾ ਪ੍ਰਚਾਰ ਵੱਧ ਤੋਂ ਵੱਧ ਕਰ ਸਕਣ। ਗੁਰਪ੍ਰਤਾਪ ਸੂਰਜ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀ, ਦਸਮ ਗ੍ਰੰਥ ਆਦਿ ਕੂੜ ਦੀਆਂ ਪੰਡਾ ਅਜਿਹੀ ਹੀ ਸੋਚ ਦੀਆਂ ਉਪਜ ਹਨ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਗੁਰੂਘਰਾਂ ਤੇ ਉਨ੍ਹਾਂ ਬੰਦਿਆਂ ਦਾ ਕਬਜ਼ਾ ਹੋ ਗਿਆ (ਸਾਰੇ ਨਹੀਂ) ਜੋ ਸਿਰੇ ਦੇ ਅਯਾਸ਼, ਲਾਲਚੀ ਤੇ ਗੁਰਮਤ ਤੋਂ ਸਖਣੇ ਸਨ। ਗੁਰਦਵਾਰਿਆਂ ਦੀ ਨਿਘਰਦੀ ਹਾਲਤ ਤੇ ਮਾੜੇ ਪ੍ਰਬੰਧ ਬਾਰੇ ਬਹੁਤ ਸਾਰੇ ਸਿੱਖ ਫ਼ਿਕਰਮੰਦ ਸਨ। ਕਈ ਸਿੱਖ ਜਥੇਬੰਦੀਆਂ ਗੁਰੂਘਰਾਂ ਦੇ ਮਾੜੇ ਪ੍ਰਬੰਧ ਤੇ ਮਹੰਤਾਂ ਦਾ ਵਿਰੋਧ ਵੀ ਕਰ ਰਹੀਆਂ ਸਨ। ਸੋ ਕਹਿਣ ਤੋਂ ਭਾਵ ਗੁਰਦਵਾਰਿਆਂ ਦੀ ਨਿਘਰਦੀ ਹਾਲਤ ਤੇ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਗੁਰਮਰਯਾਦਾ ਅਨੁਸਾਰ ਚਲਾਉਣ ਲਈ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਸਰਬੱਤ ਖ਼ਾਲਸੇ ਦਾ ਇਕੱਠ ਕਰ ਕੇ ਬਣਾਈ ਗਈ ਤੇ 30 ਅਪ੍ਰੈਲ 1921 ਨੂੰ ਇਹ ਕਮੇਟੀ ਰਜਿਸਟਰ ਕਰਵਾਈ ਗਈ। 14 ਅਗੱਸਤ 1921 ਦੇ ਦਿਨ ਇਸ ਕਮੇਟੀ ਦੇ ਪ੍ਰਬੰਧਕੀ ਮੇਬਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਬਾਬਾ ਖੜਗ ਸਿੰਘ ਪ੍ਰਧਾਨ, ਮਹਿਤਾਬ ਸਿੰਘ ਮੀਤ ਪ੍ਰਧਾਨ ਤੇ ਸੁੰਦਰ ਸਿੰਘ ਰਾਮਗੜ੍ਹੀਆ ਸੈਕਟਰੀ ਚੁਣੇ ਗਏ। ਇਸ ਇਕੱਠ ਵਿਚ ਵੱਖ-ਵੱਖ ਜਥੇਬੰਦੀਆਂ ਦੇ 150 ਮੈਂਬਰ ਚੁਣੇ ਗਏ। 1925 ਦੇ ਗੁਰਦਵਾਰਾ ਐਕਟ ਦੇ ਅਧੀਨ ਇਸ ਦੀਆਂ ਪਹਿਲੀਆਂ ਸਰਕਾਰੀ ਚੋਣਾਂ 1926 ਵਿਚ ਹੋਈਆਂ।

18 ਜੂਨ 1926 ਦੇ ਦਿਨ ਗੁਰਦਵਾਰਾ ਐਕਟ ਹੇਠ ਇਸ ਦਾ ਨਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰੱਖ ਦਿਤਾ ਗਿਆ। ਜਿਵੇਂ ਕਿ ਅਸੀ ਪਹਿਲਾਂ ਹੀ ਵਿਚਾਰ ਕਰ ਚੁਕੇ ਹਾਂ ਕਿ ਇਹ ਕਮੇਟੀ ਗੁਰਦਵਾਰਿਆਂ ਦੇ ਸੁਧਾਰ ਤੇ ਸੁਚੱਜੇ ਪ੍ਰਬੰਧ ਨੂੰ ਗੁਰ ਮਰਿਯਾਦਾ ਅਨੁਸਾਰ ਚਲਾਉਣ ਲਈ ਹੋਂਦ ਵਿਚ ਆਈ ਸੀ। ਇਸ ਲਈ ਥੋੜੀ ਜਹੀ ਜਾਣਕਾਰੀ ਇਤਿਹਾਸ ਦੀ ਵੀ ਲੈ ਲੈਣੀ ਜ਼ਰੂਰੀ ਹੈ ਕਿ ਕਿਸ ਜਗ੍ਹਾ ਤੇ ਕਿਹੜੀ-ਕਿਹੜੀ ਘਟਨਾ ਵਾਪਰੀ। ਗੁਰਦਵਾਰਾ ਸੁਧਾਰ ਲਹਿਰ ਦਾ ਮੁੱਢ ਭਾਵੇਂ ਕਿ 1920 ਤੋਂ ਮੰਨਿਆ ਜਾਂਦਾ ਹੈ ਪਰ ਇਸ ਤੋਂ ਦੋ ਦਹਾਕੇ ਪਹਿਲਾਂ ਹੀ ਕਿਤੇ-ਕਿਤੇ ਸਿਰੜੀ ਸਿੰਘਾਂ ਨੇ ਇਸ ਦੀ ਸ਼ੁਰੂਆਤ ਕਰ ਦਿਤੀ ਸੀ।

ਗੁਰਦਵਾਰਾ ਸੁਧਾਰ ਲਹਿਰ ਬਾਰੇ ਸਹੀ ਜਾਣਕਾਰੀ ਪ੍ਰਿੰਸੀਪਲ ਤੇਜਾ ਸਿੰਘ, ਸ਼ਮਸ਼ੇਰ ਸਿੰਘ ਤੇ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਲਿਖੀ ਪੁਸਤਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ ਵਿਚੋਂ ਬਹੁਤ ਹੀ ਵਧੀਆ ਜਾਣਕਾਰੀ ਮਿਲ ਜਾਂਦੀ ਹੈ। ਉਨ੍ਹਾਂ ਦਿਨਾਂ ਵਿਚ ਮਹੰਤ ਪੁਜਾਰੀ ਤੇ ਸਰਬਰਾਹ ਦਿਨੋ ਦਿਨ ਆਪ ਹੁਦਰੇ ਹੁੰਦੇ ਜਾ ਰਹੇ ਸਨ। ਮਹੰਤ ਗੁਰਦਵਾਰਿਆਂ ਨੂੰ ਅਪਣੀ ਨਿਜੀ ਜਗੀਰ ਸਮਝਣ ਲੱਗ ਪਏ ਸਨ। ਗੁਰੂ ਕੀ ਗੋਲਕ ਤੇ ਮਹੰਤ ਐਸ਼ ਤੇ ਅਯਾਸ਼ੀ ਕਰਨ ਲੱਗ ਪਏ ਸਨ।

1) ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਗੁਰਦਵਾਰਾ ਚੁਮਾਲਾ ਸਾਹਿਬ ਲਾਹੌਰ ਵਿਖੇ ਮਹੰਤ ਹਰੀ ਸਿੰਘ ਦਾ ਕਬਜ਼ਾ ਸੀ। ਉਸ ਨੇ ਗੁਰੂ ਘਰ ਵਿੱਚ ਬਣੀ ਸਰਾਂ ਦੇ ਕਮਰਿਆਂ ਨੂੰ ਬੁਚੜਾਂ ਤੇ ਮੀਟ ਵੇਚਣ ਵਾਲਿਆਂ ਨੂੰ ਦਿਤਾ ਹੋਇਆ ਸੀ। ਉਹ ਗੁਰੂ ਕੇ ਦਰਸ਼ਨ ਦੀਦਾਰੇ ਕਰਨ ਆਈਆਂ ਸੰਗਤਾਂ ਨੂੰ ਇਸ ਸਰਾਂ ਵਿਚ ਠਹਿਰਨ ਨਹੀਂ ਸੀ ਦਿੰਦਾ। ਸੰਗਤਾਂ ਉਸ ਤੋਂ ਬਹੁਤ ਦੁਖੀ ਸਨ। ਸੁਝਵਾਨ ਸਿੱਖ ਸ. ਸਰਦੂਲ ਸਿੰਘ ਕਵੀਸ਼ਰ ਤੇ ਸਮੁੰਦਰ ਸਿੰਘ ਚਾਵਲਾ ਨੇ ਸੰਗਤਾਂ ਨੂੰ ਉਸ ਮਹੰਤ ਦੀਆਂ ਕਰਤੂਤਾਂ ਤੋਂ ਜਾਣੂ ਕਰਵਾਇਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕੁੱਝ ਚਿਰ ਮਗਰੋਂ 27 ਸਤੰਬਰ 1920 ਨੂੰ ਗੁਰਦਵਾਰਾ ਚੁਮਾਲਾ ਸਾਹਿਬ ਉਤੇ ਸਿੰਘਾਂ ਨੇ ਕਬਜ਼ਾ ਕਰ ਲਿਆ। ਪੰਜਾਬ ਦੇ ਖ਼ੁਫ਼ੀਆ ਮਹਿਕਮੇ ਦੇ ਮੁਖੀ ਵੀ ਡਬਲਯੂ ਸਮਿੱਥ ਨੇ ਇਹ ਸਾਰੀ ਘਟਨਾ 22 ਫ਼ਰਵਰੀ 1922 ਨੂੰ ਬਰਤਾਨਵੀ ਸਰਕਾਰ ਨੂੰ ਲਿਖਤੀ ਚਿੱਠੀ ਰਾਹੀਂ ਭੇਜੀ।

2) ਗੁਰਦਵਾਰਾ ਬਾਬੇ ਦੀ ਬੇਰ ਸਿਆਲਕੋਟ ਦੇ ਇੰਤਜਾਮ ਲਈ ਸਿੰਘ ਸਭਾ ਦੇ ਮੈਂਬਰਾਂ ਨੇ ਸਿਆਲਕੋਟ ਦੇ ਡੀ.ਸੀ. ਨੂੰ ਗੁਰਦਵਾਰੇ ਦਾ ਪ੍ਰਬੰਧ ਸਿੱਖ ਸੰਗਤਾਂ ਨੂੰ ਸੌਂਪਣ ਲਈ ਬੇਨਤੀ ਕੀਤੀ। ਪਰ ਉਨ੍ਹਾਂ ਕਈ ਅੜਚਨਾਂ ਖੜੀਆਂ ਕਰ ਦਿਤੀਆਂ। ਉਥੇ ਦਾ ਪਤਿਤ ਮਹੰਤ ਗੰਡਾ ਸਿਹੁੰ ਸਾਰੀ ਜ਼ਮੀਨ ਆਦਿ ਅਪਣੇ ਨਾਂ ਕਰਵਾਉਣਾ ਚਾਹੁੰਦਾ ਸੀ ਪਰ ਉਸ ਤੋਂ ਪਹਿਲਾਂ ਹੀ 6 ਅਕਤੂਬਰ ਨੂੰ ਗੁਰਦਵਾਰਾ ਬਾਬੇ ਦੀ ਬੇਰ ਤੇ ਸਿੱਖਾਂ ਨੇ ਪ੍ਰਬੰਧ ਸੰਭਾਲ ਲਿਆ।

3) ਦਰਬਾਰ ਸਾਹਿਬ ਦੇ ਪੁਜਾਰੀ ਵੀ ਅਪਣੀਆਂ ਮਨ ਆਈਆਂ ਕਰ ਰਹੇ ਸਨ। ਉਹ ਗੁਰਮਤਿ ਨੂੰ ਨਹੀਂ ਮਨਦੇ ਸਨ ਤੇ ਪਛੜੀਆਂ ਜਾਤਾਂ ਕਹੇ ਜਾਣ ਵਾਲਿਆਂ ਦਾ ਪ੍ਰਸ਼ਾਦ ਵੀ ਕਬੂਲ ਨਹੀਂ ਕਰਦੇ ਸਨ। ਅਜਿਹੇ ਵਤੀਰੇ ਨੂੰ ਵੇਖਦੇ ਹੋਏ ਕਈ ਸਿੱਖ ਆਗੂਆਂ ਨੇ ਫ਼ੈਸਲਾ ਕੀਤਾ ਕਿ ਪਛੜੀਆਂ ਜਾਤਾਂ ਵਾਲਿਆਂ ਨੂੰ ਅੰਮ੍ਰਿਤ ਛਕਾਇਆ ਜਾਵੇ ਤੇ ਇਨ੍ਹਾਂ ਦਾ ਕੜਾਹ ਪ੍ਰਸ਼ਾਦ ਦਰਬਾਰ ਸਾਹਿਬ ਲਿਜਾਇਆ ਜਾਵੇ। ਉਸੇ ਤਰ੍ਹਾ ਕੀਤਾ ਗਿਆ ਪਰ ਪੁਜਾਰੀਆਂ ਨੇ ਪ੍ਰਸ਼ਾਦ ਲੈਣ ਤੋਂ ਸਾਫ਼ ਨਾਂਹ ਕਰ ਦਿਤੀ।

ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਪ੍ਰਸ਼ਾਦ ਲੈ ਲੈਣ ਪਰ ਪੁਜਾਰੀ ਨਾ ਮੰਨੇ। ਇਸੇ ਦੌਰਾਨ ਜਥੇਦਾਰ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁਚਰ ਵੀ ਆ ਗਏ ਅਖ਼ੀਰ ਫ਼ੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ ਜਾਵੇ ਤੇ ਹੁਕਮਨਾਮਾ ਆਇਆ, 'ਨਿਗੁਰਿਆ ਨੋ ਆਪ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ£ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮ ਚਿਤੁ ਲਾਇ£ (ਪੰਨਾ 638)' ਅਖ਼ੀਰ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਤੇ ਪ੍ਰਸ਼ਾਦ ਵਰਤਾਇਆ ਗਿਆ। ਬਾਅਦ ਵਿਚ ਸਿੰਘਾਂ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਵੀ ਸੰਭਾਲ ਲਈ ਇਸ ਵਾਸਤੇ 17 ਸਿੱਖਾਂ ਦੀ ਕਮੇਟੀ ਬਣਾਈ ਗਈ ਤੇ ਇਸ ਕਮੇਟੀ ਦਾ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਬਣਾਇਆ ਗਿਆ।

4) ਦਿੱਲੀ ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਦੀਵਾਰ 14 ਜਨਵਰੀ 1914 ਨੂੰ ਢਾਹ ਦਿਤੀ ਗਈ, ਕਾਰਨ ਸੀ ਵਾਇਸਰਾਏ ਦੀ ਕੋਠੀ ਤਕ ਸਿੱਧੀ ਸੜਕ ਬਣਾਉਣਾ। ਸਿੱਖਾਂ ਵਿਚ ਇਸ ਵਿਰੁਧ ਰੋਸ ਜਾਗ ਪਿਆ। ਅੰਗਰਜ਼ਾਂ ਨੇ ਉਨ੍ਹੀਂ ਦਿਨੀ ਸਿੱਖ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਜੰਗ ਖ਼ਤਮ ਹੋਣ ਤੋਂ ਬਾਅਦ ਕੰਧ ਮੁੜ ਉਸਾਰ ਦੇਣਗੇ। ਨਵੰਬਰ 1918 ਵਿਚ ਜੰਗ ਖ਼ਤਮ ਹੋ ਗਈ ਪਰ ਸਰਕਾਰ ਨੇ ਦੀਵਾਰ ਨਾ ਬਣਵਾਈ। ਅਗੱਸਤ 1920 ਵਿਚ ਇਹ ਮਸਲਾ ਪੁਰਾ ਜ਼ੋਰ ਫੜ ਗਿਆ। ਸਿੱਖ ਆਗੂਆਂ ਨੇ ਸੰਗਤਾਂ ਨੂੰ ਦਿੱਲੀ ਮਾਰਚ ਦਾ ਸੱਦਾ ਦੇ ਦਿਤਾ। ਇਨ੍ਹੀਂ ਦਿਨੀਂ ਨਾਭਾ ਦੇ ਮਹਾਰਾਜੇ ਰਿਪੁਦਮਨ ਸਿੰਘ ਨੇ ਸਰਕਾਰ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਸਿੰਘਾਂ ਦੇ ਜੋਸ਼ ਅੱਗੇ ਸਰਕਾਰ ਨੇ ਗੋਡੇ ਟੇਕ ਦਿਤੇ ਤੇ ਦੀਵਾਰ ਮੁੜ ਉਸਾਰ ਦਿਤੀ ਗਈ।

5) ਗੁਰਦਵਾਰਾ ਪੰਜਾ ਸਾਹਿਬ ਤੇ ਮਹੰਤ ਮਿੱਠਾ ਸਿਹੁੰ ਦਾ ਕਬਜ਼ਾ ਸੀ, ਉਸ ਦੀ ਮੌਤ ਤੋਂ ਬਾਅਦ ਸਿੰਘਾਂ ਨੇ ਗੁਰਦਵਾਰਾ ਪ੍ਰਬੰਧ ਸੰਭਾਲ ਲਿਆ। ਜਥੇਦਾਰ ਕਰਤਾਰ ਸਿੰਘ ਝੱਬਰ ਨੇ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਹਸਨ ਅਬਦਾਲ ਵਲ ਤੁਰ ਪਏ ਉਨ੍ਹਾਂ ਨੂੰ ਰੋਕਣ ਦੇ ਵਿਰੋਧੀਆਂ ਨੇ ਕਈ ਯਤਨ ਕੀਤੇ ਪਰ ਉਹ ਨਾ ਰੁਕੇ। ਉਧਰ ਮਹੰਤ ਮਿੱਠਾ ਸਿਹੁੰ ਦੇ ਭਰਾ ਸੰਤ ਸਿਹੁੰ ਨੇ ਅਪਣੇ ਬਦਮਾਸ਼ਾਂ ਨਾਲ ਕਰਤਾਰ ਸਿੰਘ ਦੇ ਜੱਥੇ ਤੇ ਹਮਲਾ ਕਰਨਾ ਚਾਹਿਆ ਪਰ ਉਹ ਕਾਮਯਾਬ ਨਾ ਹੋ ਸਕਿਆ। ਇਸੇ ਦੌਰਾਨ ਗੁਜਰਖ਼ਾਨ ਤੋਂ ਵੀ ਕਈ ਸਿੰਘ ਆ ਗਏ। ਜਦੋਂ ਸਿੰਘਾਂ ਨੇ ਲੰਗਰ ਵਾਲਾ ਕਮਰਾ ਖੋਲ੍ਹਿਆ ਤਾਂ ਉਸ ਵਿਚੋਂ ਸਿਗਰਟਾਂ ਦੀਆਂ ਡੱਬੀਆਂ, ਤਾਸ਼ ਦੇ ਪੱਤੇ ਕੁੱਕੜਾਂ ਦੇ ਖੰਭ ਆਦਿ ਮਿਲੇ। ਅੰਤ ਸਿੰਘਾਂ ਨੇ ਇਸ ਸਾਰੇ ਦੀ ਸਾਫ਼ ਸਫ਼ਾਈ ਕੀਤੀ ਤੇ ਦੀਵਾਨ ਸਜਾਇਆ ਜਿਸ ਵਿਚ ਕਰਤਾਰ ਸਿੰਘ ਝੱਬਰ ਨੇ ਸੰਗਤਾਂ ਨੂੰ ਕੁੱਝ ਬੇਨਤੀਆਂ ਕੀਤੀਆਂ ਤੇ ਗੁਰਦਵਾਰਾ ਪ੍ਰਬੰਧ ਵਾਸਤੇ ਕਮੇਟੀ ਬਣਾਈ ਜਾਵੇ।

6) ਨਨਕਾਣਾ ਸਾਹਿਬ ਪਹਿਲੀ ਪਾਤਸ਼ਾਹੀ ਬਾਬਾ ਨਾਨਕ ਦਾ ਜਨਮ ਸਥਾਨ ਹੈ। ਇਥੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ ਜੋ ਕਿ ਸ਼ਰਾਬ ਪੀਂਦਾ ਸੀ ਤੇ ਸ਼ਬਾਬ ਦਾ ਵੀ ਸ਼ੌਕੀਨ ਸੀ। ਇਸੇ ਕਾਰਨ ਉਹ ਬਿਮਾਰੀ ਲੱਗਣ ਕਰ ਕੇ ਮਰ ਗਿਆ। ਇਸ ਤੋਂ ਬਾਅਦ ਮਹੰਤ ਕਿਸ਼ਨ ਦਾਸ ਆਇਆ, ਉਸ ਦੇ ਇਕ ਵਿਧਵਾ ਔਰਤ ਨਾਲ ਨਾਜਾਇਜ਼ ਸਬੰਧ ਸਨ। ਉਸ ਨੇ ਗੁਰਦਵਾਰੇ ਦੇ ਅੰਦਰ ਕੰਜਰੀਆਂ ਵੀ ਨਚਾਈਆਂ (ਅੱਜ ਦੇ ਸਿੱਖਾਂ ਦੇ ਵਿਆਹਾਂ ਵਿਚ ਇਹ ਆਮ ਜਹੀ ਗੱਲ ਹੈ ਤੇ ਇਨ੍ਹਾਂ ਨੂੰ ਆਰਕੈਸਟਰਾ ਕਿਹਾ ਜਾਂਦਾ ਹੈ) ਇਸ ਤੋਂ ਬਾਅਦ ਮਹੰਤ ਨਰੈਣ ਦਾਸ ਗੁਰੂਘਰ ਉਤੇ ਕਾਬਜ਼ ਹੋ ਗਿਆ ਉਸ ਨੇ ਪੈਸੇ ਦੇ ਜ਼ੋਰ ਨਾਲ ਪੁਲਿਸ ਤੇ ਕਈ ਗੁਡਿਆਂ ਨੂੰ ਅਪਣੇ ਨਾਲ ਰਲਾ ਲਿਆ।

ਅਗੱਸਤ 1917 ਵਿਚ ਨਰੈਣੁ ਨੇ ਵੀ ਗੁਰਦਵਾਰਾ ਨਨਕਾਣਾ ਸਾਹਿਬ ਵਿਖੇ ਸ਼ਰਾਬ ਪੀਤੀ ਤੇ ਕੰਜਰੀਆਂ ਦਾ ਨਾਚ ਕਰਵਾਇਆ। 1918 ਵਿਚ ਇਕ ਸਿੰਧੀ ਪ੍ਰਵਾਰ ਦੀ 13 ਸਾਲਾ ਧੀ ਨਾਲ ਮਹੰਤ ਦੇ ਕਿਸੇ ਗੁੰਡੇ ਨੇ ਬਲਾਤਕਾਰ ਕੀਤਾ ਪਰ ਮਹੰਤ ਨੇ ਉਸ ਨੂੰ ਕੁੱਝ ਨਾ ਕਿਹਾ। ਇਸ ਤੋਂ ਬਾਅਦ ਛੇ ਹੋਰ ਔਰਤਾਂ ਨਾਲ ਜਬਰ ਜਨਾਹ ਕੀਤਾ ਗਿਆ। ਇਸ ਸਾਰੇ ਕਾਸੇ ਨੂੰ ਠੱਲ੍ਹ ਪਾਉਣ ਲਈ ਜਥੇਦਾਰ ਲੱਛਮਣ ਸਿੰਘ ਧਾਰੋਵਾਲੀ ਨੇ ਸ਼ਹੀਦੀ ਜਥਾ ਬਣਾ ਕੇ ਨਨਕਾਣਾ ਸਾਹਿਬ ਵਲ ਚਾਲੇ ਪਾ ਦਿਤੇ। ਨਰੈਣੁ ਮਹੰਤ ਨੇ ਉਨ੍ਹਾਂ ਨੂੰ ਜਿਊਂਦੇ ਹੀ ਜੰਡ ਨਾਲ ਬੰਨ੍ਹ ਕੇ ਸਾੜ ਦਿਤਾ।

7) ਚਾਬੀਆਂ ਦਾ ਮੋਰਚਾ : ਸਰਕਾਰ ਨੇ 7 ਨਵੰਬਰ 1921 ਨੂੰ ਇਹ ਐਲਾਨ ਕਰ ਦਿਤਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ। ਉਸ ਨੇ ਸੁੰਦਰ ਸਿੰਘ ਰਾਮਗੜ੍ਹੀਆ ਤੋਂ ਦਰਬਾਰ ਸਾਹਿਬ ਦੇ ਤੋਸ਼ੇਖ਼ਾਨੇ ਦੀਆਂ ਤੇ ਹੋਰ ਚਾਬੀਆਂ ਜਬਰੀ ਲੈ ਲਈਆਂ। ਇਸ ਮਗਰੋਂ ਸ਼੍ਰੋਮਣੀ ਕਮੇਟੀ ਦੀ ਅਕਾਲ ਤਖ਼ਤ ਸਾਹਿਬ ਤੇ ਇਕੱਤਰਤਾ ਹੋਈ ਤੇ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੇਲ ਜੋਲ ਨਾ ਰਖਿਆ ਜਾਵੇ, ਪਿੰ੍ਰਸ ਆਫ਼ ਵੇਲਜ਼ ਦਾ ਅੰਮ੍ਰਿਤਸਰ ਆਉਣ ਤੇ ਵਿਰੋਧ ਕੀਤਾ ਜਾਵੇ। ਅਜਿਹੇ ਕਈ ਮਹੱਤਵਪੂਰਨ ਫ਼ੈਸਲਿਆਂ ਸਦਕਾ  ਸਰਕਾਰ ਨੇ ਸਿੱਖਾਂ ਅੱਗੇ ਗੋਡੇ ਟੇਕ ਦਿਤੇ।

ਗੁਰਦਵਾਰਾ ਤਰਨਤਾਰਨ ਸਾਹਿਬ ਦੇ ਮਹੰਤਾਂ ਨੇ ਵੀ ਕਈ ਆਉਣ ਜਾਣ ਵਾਲੀਆਂ ਸੰਗਤਾਂ ਨਾਲ ਦੁਰ-ਵਿਹਾਰ ਕੀਤਾ ਤੇ ਔਰਤਾਂ ਦੀ ਇਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ। ਲਛਮਣ ਸਿੰਘ ਧਾਰੋਵਾਲੀ ਨਾਲ ਵੀ ਮਾੜਾ ਸਲੂਕ ਕੀਤਾ ਗਿਆ ਤੇ ਬਾਅਦ ਵਿਚ ਕਰਤਾਰ ਸਿੰਘ ਝੱਬਰ ਦੇ ਜਥੇ ਵਿਚੋਂ ਦੋ ਸਿੰਘ ਸ਼ਹੀਦ ਵੀ ਹੋਏ।

ਇਸੇ ਤਰ੍ਹਾਂ ਜੇਤੋਂ ਦਾ ਮੋਰਚਾ, ਖਡੂਰ ਸਾਹਿਬ ਦਾ ਪ੍ਰਬੰਧ, ਗੁਰੂ ਕਾ ਬਾਗ਼, ਖ਼ਾਲਸਾ ਕਾਲਜ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਬੜੀਆਂ ਹੀ ਕੁਰਬਾਨੀਆਂ ਤੇ ਮੁਸੀਬਤਾਂ ਝਲਦੇ ਹੋਏ ਅਪਣੇ ਅਧੀਨ ਲਿਆ। ਲੇਖ ਦੇ ਬਹੁਤ ਹੀ ਜ਼ਿਆਦਾ ਵੱਡੇ ਹੋਣ ਦੇ ਕਾਰਨ ਇਥੇ ਸੰਖੇਪ ਜਹੀ ਵਿਚਾਰ ਹੀ ਕੀਤੀ ਗਈ ਹੈ। ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੀ ਮੌਜੂਦਾ ਸਥਿਤੀ ਭਾਵੇਂ ਜੋ ਵੀ ਹੋਵੇ ਪਰ ਇਸ ਦਾ ਭੁਤਕਾਲ ਬਹੁਤ ਹੀ ਲਾਸਾਨੀ ਤੇ ਕੁਰਬਾਨੀਆਂ ਭਰਿਆ ਸੀ ਜਿਸ ਨੂੰ ਪੜ੍ਹ ਕੇ ਸੁਣ ਕੇ ਵੇਖ ਕੇ ਰੌਂਗਟੇ ਖੜੇ ਹੋ ਜਾਂਦੇ ਹਨ। ਸਾਡੇ ਪੁਰਵਜਾਂ ਨੇ ਅਪਣੀਆਂ ਜਾਨਾਂ ਵਾਰ ਕੇ ਗੁਰੂਘਰਾਂ ਦੀ ਮਾੜੀ ਸਥਿਤੀ ਨੂੰ ਸੁਧਾਰਿਆ ਤੇ ਗੁਰਮਤਿ ਲਾਗੂ ਕੀਤੀ।

ਸੰਪਰਕ : 88475-46903