Punjab News : ਅਕਾਲੀ ਦਲ ਬਾਦਲ ਦੀ ਪਿਤਾ ਪੁਰਖੀ ਪ੍ਰਧਾਨਗੀ ਬਗ਼ਾਵਤਾਂ ਦਾ ਕਾਰਨ ਬਣੀ
Punjab News : 1966-67 ਤਕ ਪੰਜਾਬ ’ਚ ਲਗਾਤਾਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹੀ ਬਣਦੀ ਰਹੀ ਹੈ। 1966 ’ਚ ਮਹਾਂ ਪੰਜਾਬ ਨੂੰ ਤੋੜ ਕੇ ਪੰਜਾਬ ਨੂੰ ਪੰਜਾਬੀ ਸੂਬਾ ਬਣਾਇਆ ਗਿਆ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀ ਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਇਸ ਸੰਸਾਰ ’ਚੋਂ ਤੁਰ ਜਾਣ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਇਲੈਕਟ੍ਰਾਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦੀਆਂ ਸੁਰਖ਼ੀਆਂ ’ਚ ਚਰਚਿਤ ਰਹੇ ਹਨ ਜੋ ਲਗਾਤਾਰ ਅਕਾਲੀ ਦਲ ਬਾਦਲ ਦੀ ਸੂਬਾਈ ਲੀਡਰਸ਼ਿਪ ਦੀਆਂ ਬਗ਼ਾਵਤਾਂ ਦਾ ਸ਼ਿਕਾਰ ਹੁੰਦੇ ਆ ਰਹੇ ਹਨ।
1966-67 ਤਕ ਪੰਜਾਬ ’ਚ ਲਗਾਤਾਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹੀ ਬਣਦੀ ਰਹੀ ਹੈ। 1966 ’ਚ ਮਹਾਂ ਪੰਜਾਬ ਨੂੰ ਤੋੜ ਕੇ ਪੰਜਾਬ ਨੂੰ ਪੰਜਾਬੀ ਸੂਬਾ ਬਣਾਇਆ ਗਿਆ। ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਤੋਂ ਇਲਾਵਾ ਹਿੰਦੂ-ਪੱਖੀ ਜਥੇਬੰਦੀਆਂ ਵੀ ਉਭਰੀਆਂ ਜਿਵੇਂ ਕਿ ਜਨ ਸੰਘ ਤੇ ਭਾਰਤੀ ਜਨਤਾ ਪਾਰਟੀ ਦੇ ਧੜੇ ਬਣ ਗਏ ਸਨ। 1970 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਹਰਾ ਕੇ ਪੰਜਾਬ ’ਚ ਰਾਜ ਸੱਤਾ ’ਤੇ ਕਾਬਜ਼ ਹੋਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਨਾਲ ਪੱਕਾ ਗੱਠਜੋੜ ਕਰ ਲਿਆ। 2007 ਤੋਂ ਲੈ ਕੇ 2017 ਤਕ ਪੰਜਾਬ ’ਚ ਅਕਾਲੀ ਦਲ (ਬਾਦਲ) ਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਰਹੀ। 2015 ’ਚ ਡੇਰਾ ਸੱਚਾ ਸੌਦਾ ਦੇ ਸਾਧ ਗੁਰਮੀਤ ਰਾਮ ਰਹੀਮ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾਉਣ ਤੇ ਮਾਫ਼ੀ ਮੰਗਾਉਣ ਲਈ ਪੰਜਾਬ ਦੀਆਂ ਪੰਥਕ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਕੋਟਕਪੂਰਾ ਦੇ ਇਕ ਚੌਂਕ ’ਚ ਪੁਰ-ਅਮਨ ਬੈਠ ਕੇ ਸ਼ਬਦ ਕੀਰਤਨ ਕੀਤਾ ਜਾ ਰਿਹਾ ਸੀ ਪਰ ਮੌਕੇ ਦੀ ਸੱਤਾਧਾਰੀ, ਪੰਥ ਦੀ ਰਖਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਗਠਜੋੜ ਸਰਕਾਰ ਵਲੋਂ ਮੌਕੇ ਦੇ ਡੀਜੀਪੀ ਸੁਮੇਧ ਸੈਣੀ ਨੂੰ ਹੁਕਮ ਜਾਰੀ ਕਰ ਕੇ ਗੋਲੀ ਚਲਾ ਦਿਤੀ ਗਈ ਤੇ ਦੋ ਸਿੰਘ ਗੋਲੀਆਂ ਨਾਲ ਮਾਰੇ ਗਏ ਸਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਪਣੀ ਭੁੱਲ ਬਖ਼ਸ਼ਾਉਣ ਲਈ ਹਰਮਿੰਦਰ ਸਾਹਿਬ (ਅੰਮ੍ਰਿਤਸਰ) ਵਿਖੇ ਜੁੱਤੇ ਝਾੜਨ ਤੇ ਭਾਂਡੇ ਮਾਂਜਣ ਦੀ ਸੇਵਾ ਕੀਤੀ ਗਈ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣੀ। ਕਾਂਗਰਸ ਸਰਕਾਰ ਵਲੋਂ ਬਹਿਬਲ ਕਾਂਡ ਸਬੰਧੀ ਕਾਰਵਾਈ ਕੀਤੀ ਗਈ। ਜਾਂਚ ਪੜਤਾਲ ਜਨਤਕ ਕਰਦਿਆਂ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਮੌਕੇ ਦੇ ਡੀਜੀਪੀ ਸੁਮੇਧ ਸੈਣੀ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਜਦੋਂ ਡੇਰਾ ਸੱਚਾ ਸੌਦਾ ਸਾਧ ਨਾਲ ਵੀ ਹੋਏ ਗਠਜੋੜ ਦਾ ਪਰਦਾਫ਼ਾਸ਼ ਹੋਇਆ।
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹਾਰ ਤੋਂ ਨਾਰਾਜ਼ ਅਕਾਲੀ ਦਲ ਦੀ ਸੂਬਾਈ ਲੀਡਰਸ਼ਿਪ ਰਣਜੀਤ ਸਿੰਘ ਬ੍ਰਹਮਪੁਰਾ, ਕ੍ਰਿਪਾਲ ਸਿੰਘ ਬੰਡੂਗਰ, ਕੁਲਦੀਪ ਸਿੰਘ ਬਡਾਲਾ, ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਮੁੜ ਜਮਹੂਰੀ ਤੇ ਨਿਰਪੱਖ ਚੋਣ ਕਰਵਾਉਣ ਦੀ ਮੰਗ ਕੀਤੀ ਪਰ ਸੁਖਬੀਰ ਸਿੰਘ ਬਾਦਲ ਆਪ ਪ੍ਰਧਾਨ ਰਹਿਣ ਲਈ ਬਜ਼ਿੱਦ ਸਨ।
ਇਨ੍ਹਾਂ ਗੁੱਸੇ ਹੋਏ ਅਕਾਲੀ ਨੇਤਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੀ ਸਥਾਪਨਾ ਕੀਤੀ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਵਿਰੋਧੀ ਧਿਰ ਦਾ ਆਗੂ ਵੀ ਨਾ ਬਣ ਸਕਿਆ।
2020 ਦੌਰਾਨ ਹਿੰਦੁਸਤਾਨ ਦੀ ਕੇਂਦਰ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨ ਤੇ ਇਕ ਬਿਜਲੀ ਐਕਟ ਲੋਕ ਸਭਾ ਤੇ ਰਾਜ ਸਭਾ ’ਚ ਪਾਸ ਕੀਤੇ। 2020 ਦੌਰਾਨ ਲੋਕ ਸਭਾ ਹਲਕਾ ਬਠਿੰਡਾ ਦੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਵਿਚ ਕੈਬਨਿਟ ਮੰਤਰੀ ਸਨ ਪਰ ਇਨ੍ਹਾਂ ਵਲੋਂ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਪਾਸ ਕਰਨ ਲਈ ਸਮਰਥਨ ਦੇ ਦਿਤਾ ਗਿਆ ਸੀ। ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ 32 ਕਿਸਾਨ ਸਭਾਵਾਂ ਵਲੋਂ ਬਣਾਏ ਗਏ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੌਮੀ ਅੰਦੋਲਨ ਦੀ ਸ਼ੁਰੂਆਤ ਹੋਈ।
2022 ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਸਨ। ਬੀਬਾ ਹਰਸਿਮਰਤ ਕੌਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਤਿੰਨ ਖੇਤੀ ਕਾਨੂੰਨ ਪਾਸ ਕਰਨ ਦੇ ਰੋਸ ਵਜੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿਤਾ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਦੋ ਪੱਖ ਸਨ, ਇਕ ਪਾਸੇ ਪੰਜਾਬ ਦੇ ਕਿਸਾਨ ਤੇ ਦੂਜੇ ਪਾਸੇ ਭਾਜਪਾ ਨਾਲ ਗਠਜੋੜ ਪਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਭਾਜਪਾ ਨਾਲੋਂ ਚੋਣ ਗਠਜੋੜ ਤੋੜਨਾ ਪਿਆ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ।
ਪੰਜਾਬ ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਫਿਰ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਬਲਦੇਵ ਸਿੰਘ ਮਾਨ, ਸੁਖਵਿੰਦਰ ਸਿੰਘ ਔਲਖ, ਸਰੂਪ ਚੰਦ ਸਿੰਗਲਾ ਨੇ ਬਗ਼ਾਵਤ ਕਰਦਿਆਂ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ। ਇਨ੍ਹਾਂ ਵਲੋਂ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਜਿਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਬਣਾਇਆ ਗਿਆ।
2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਯੁਕਤ ਅਕਾਲੀ ਦਲ ਨੇ ਫਿਰ ਸੁਖਬੀਰ ਬਾਦਲ ਨਾਲ ਰਲੇਵਾਂ ਕਰ ਲਿਆ ਪਰ ਜਦੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਟਿਕਟ ਇਕਬਾਲ ਸਿੰਘ ਝੂੰਦਾ ਨੂੰ ਦੇ ਦਿਤੀ ਗਈ ਤਾਂ ਸੁਖਦੇਵ ਸਿੰਘ ਢੀਂਡਸਾ ਦੇ ਸਮਰਥਕਾਂ ਵਲੋਂ ਇਨ੍ਹਾਂ ਦੇ ਉਮੀਦਵਾਰਾਂ ਦਾ ਬਾਈਕਾਟ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਹਾ ਦਾ ਸਮਰਥਨ ਨਾ ਕਰਨ ਤੇ ਸਾਬਕਾ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿਤਾ ਗਿਆ। ਜਲੰਧਰ ਪਛਮੀ ਜ਼ਿਮਨੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੁਰਜੀਤ ਕੌਰ ਨੂੰ ਅਪਣਾ ਉਮੀਦਵਾਰ ਐਲਾਨ ਦਿਤਾ ਸੀ ਪਰ ਬਾਅਦ ਵਿਚ ਬਸਪਾ ਨਾਲ ਸਮਝੌਤਾ ਕਰਦਿਆਂ ਅਪਣੇ ਉਮੀਦਵਾਰ ਨੂੰ ਹਟਾ ਦਿਤਾ ਗਿਆ ਪਰ ਜਲੰਧਰ ਪਛਮੀ ਦੇ ਟਕਸਾਲੀ ਅਕਾਲੀ ਦਲ ਦੇ ਵਰਕਰਾਂ ਤੇ ਸਮਰਥਕਾਂ ਨੇ ਪਾਰਟੀ ਪ੍ਰਧਾਨ ਦੇ ਫ਼ੈਸਲੇ ਨੂੰ ਚੈਲੇਂਜ ਕਰਦਿਆਂ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਗਵਾਈ ਹੇਠ ਸੁਰਜੀਤ ਕੌਰ ਦੇ ਹੀ ਕਾਗ਼ਜ਼ ਦਾਖ਼ਲ ਕੀਤੇ ਗਏ।
ਕਾਸ਼! ਜੇਕਰ ਪੰਜਾਬ ’ਚ ਕਾਂਗਰਸ ਤੇ ਆਮ ਆਦਮੀ ਪਾਰਟੀ ਗਠਜੋੜ ਕਰ ਲੈਂਦੇ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਵੀ ਚੌਥੀ ਵਾਰ ਪਾਰਲੀਮੈਂਟ ਦੀ ਪੌੜੀ ਚੜ੍ਹਨਾ ਮੁਸ਼ਕਲ ਸੀ।