ਠੱਗ ਦੀ ਪੂਜਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

''ਓ  ਬਾਈ ਦੇ ਰਿਹਾ ਠੱਗ ਦੀ ਫ਼ੋਟੋ ਨੂੰ ਧੂਪ?'' ਜਗੀਰ ਸਿੰਘ ਨੇ ਰਮੇਸ਼ ਨੂੰ ਪੁਛਿਆ.................

Prayer

''ਓ  ਬਾਈ ਦੇ ਰਿਹਾ ਠੱਗ ਦੀ ਫ਼ੋਟੋ ਨੂੰ ਧੂਪ?'' ਜਗੀਰ ਸਿੰਘ ਨੇ ਰਮੇਸ਼ ਨੂੰ ਪੁਛਿਆ। ''ਨਹੀਂ-ਨਹੀਂ ਬਾਬਾ ਜੀ ਇਹ ਬਾਬਾ ਨਾਨਕ ਦੀ ਫੋਟੋ ਹੈ।'' ਰਮੇਸ਼ ਨੇ ਹੈਰਾਨ ਹੋ ਕੇ ਜਵਾਬ ਦਿਤਾ। ''ਓ ਭਾਈ ਇਹ ਬਾਬੇ ਨਾਨਕ ਦੀ ਫ਼ੋਟੋ ਨਹੀਂ, ਇਹ ਤਾਂ ਠੱਗ ਦੀ ਫ਼ੋਟੋ ਹੈ, ਜ਼ਰਾ ਧਿਆਨ ਨਾਲ ਵੇਖੋ।'' ਜਗੀਰ ਸਿੰਘ ਨੇ ਫਿਰ ਕਿਹਾ। ਇਸ ਵਾਰ ਰਮੇਸ਼ ਨੂੰ ਥੋੜਾ ਗੁੱਸਾ ਆ ਗਿਆ ਤੇ ਕਹਿਣ ਲੱਗਾ ਕਿ ਤੁਸੀ ਕਮਾਲ ਕਰੀ ਜਾਂਦੇ ਹੋ ਬਾਬਾ ਜੀ, ਅਪਣੇ ਬਾਬੇ ਨਾਨਕ ਨੂੰ ਠੱਗ ਦੱਸੀ ਜਾਂਦੇ ਹੋ। ਆਹ ਵੇਖੋ ਫ਼ੋਟੋ ਦੇ ਹੇਠ ਲਿਖਿਆ ਹੈ ਬਾਬਾ ਨਾਨਕ ਤੇ ਤੁਸੀ ਕਹਿਦੇ ਹੋ ਕਿ ਇਹ ਠੱਗ ਦੀ ਫ਼ੋਟੋ ਹੈ। ਕਮਾਲ ਕਰ ਦਿਤੀ ਤੁਸੀ।

'' ''ਓ ਬਾਬਾ ਨਾਨਕ ਸਾਹਿਬ ਤੁਹਾਡੇ ਗੁਰੂ, ਤੁਸੀ ਰੋਜ਼ ਉਨ੍ਹਾਂ ਦੀ ਬਾਣੀ ਪੜ੍ਹਦੇ ਹੋ, ਪਾਠ ਕਰਦੇ ਹੋ, ਬਸ ਇਹੀ ਸ਼ਰਧਾ ਹੈ ਤੁਹਾਡੇ ਅੰਦਰ ਬਾਬਾ ਨਾਨਕ ਸਾਹਿਬ ਵਾਸਤੇ? ਸਾਰੀ ਦੁਨੀਆਂ ਉਨ੍ਹਾਂ ਨੂੰ ਮੰਨਦੀ ਹੈ, ਮੱਥੇ ਟੇਕਦੀ ਹੈ ਤੇ ਇਕ ਤੁਸੀਂ ਹੋ ਕਿ ਹੱਦ ਹੀ ਕਰ ਦਿਤੀ ਤੁਸੀ।'' ਰਮੇਸ਼ ਦਾ ਗੁੱਸਾ ਵਧਦਾ ਹੀ ਜਾ ਰਿਹਾ ਸੀ।
ਇਹ ਗੱਲ 2003 ਦੀ ਹੈ। ਉਨ੍ਹੀਂ ਦਿਨੀਂ ਮੇਰਾ ਕੰਮ ਨਾਲਾਗੜ੍ਹ ਵਿਖੇ ਇਕ ਖ਼ੁੰਭਾਂ ਉਗਾਉਣ ਵਾਲੀ ਫ਼ੈਕਟਰੀ ਵਿਚ ਚਲਦਾ ਸੀ। ਉਹ ਪਲਾਂਟ ਕਈ ਸਾਲਾਂ ਤੋਂ ਬੰਦ ਪਿਆ ਸੀ ਤੇ ਅਸੀ ਉਸ ਨੂੰ ਦੁਬਾਰਾ ਚਾਲੂ ਕਰਨਾ ਸੀ।

ਸਾਨੂੰ ਕੰਪਨੀ ਵਿਚ ਹੀ ਰਹਿਣ ਵਾਸਤੇ ਕਮਰੇ ਮਿਲੇ ਹੋਏ ਸਨ ਤੇ ਸਾਡੇ 5-7 ਬੰਦੇ ਉਥੇ ਹੀ ਰਹਿੰਦੇ ਸਨ ਕਿਉਂਕਿ ਦੇਰ ਰਾਤ ਤਕ ਕੰਮ ਕਰਨਾ ਪੈਂਦਾ ਸੀ। ਜਗੀਰ ਸਿੰਘ ਸੱਭ ਤੋਂ ਸੀਨੀਅਰ ਸਨ ਤੇ ਰਮੇਸ਼ ਤੇ ਹੋਰ ਮੁੰਡੇ ਜੁਨੀਅਰ ਸਨ ਤੇ ਉਮਰ ਵਿਚ ਵੀ ਕਾਫ਼ੀ ਛੋਟੇ ਸਨ। ਅੰਮ੍ਰਿਤਧਾਰੀ ਹੋਣ ਕਰ ਕੇ ਜਗੀਰ ਸਿੰਘ ਨੂੰ ਸਾਰੇ ਹੀ ਬਾਬਾ ਜੀ ਕਹਿ ਕੇ ਬੁਲਾਉਂਦੇ ਸਨ। ਨਜ਼ਦੀਕ ਹੋਣ ਕਰ ਕੇ ਮੈਂ ਮੋਹਾਲੀ ਤੋਂ ਰੋਜ਼ਾਨਾ ਆਵਾਜਾਈ ਕਰ ਲੈਂਦਾ ਸੀ, ਜਦ ਕਿ ਬਾਕੀ ਸਾਰੇ ਦੂਰ-ਦੂਰ ਦੇ ਹੋਣ ਕਰ ਕੇ ਉਥੇ ਹੀ ਰਹਿੰਦੇ ਸਨ।

ਜਗੀਰ ਸਿੰਘ ਜੀ ਰੋਜ਼ ਸਵੇਰੇ ਉੱਥੇ ਲੱਗੀ ਮੋਟਰ ਉਤੇ ਇਸ਼ਨਾਨ ਕਰਨ ਤੋਂ ਬਾਅਦ ਕਮਰੇ ਵਿਚ ਬੈਠ ਕੇ ਉੱਚੀ-ਉੱਚੀ ਪਾਠ ਕਰਦੇ ਸਨ ਤੇ ਬਾਕੀ ਬੰਦੇ ਲੰਗਰ-ਪਾਣੀ ਤਿਆਰ ਕਰਦੇ-ਕਰਦੇ ਪਾਠ ਵੀ ਸੁਣਿਆ ਕਰਦੇ ਸਨ। ਇਕ ਦਿਨ ਸਵੇਰੇ-ਸਵੇਰੇ ਜਦੋਂ ਰਮੇਸ਼ ਮਾਰਕੀਟ ਤੋਂ ਦੁਧ ਲੈਣ ਗਿਆ ਤਾਂ ਉਸ ਨੂੰ ਰਸਤੇ ਵਿਚ ਸੜਕ ਦੇ ਕੰਢੇ ਬਾਬੇ ਨਾਨਕ ਦੀ ਮਿੱਟੀ ਵਿਚ ਲਿੱਬੜੀ ਹੋਈ ਫ਼ੋਟੋ ਮਿਲੀ। ਉਸ ਨੇ ਉਹ ਫ਼ੋਟੋ ਚੁੱਕ ਲਈ ਤੇ ਸਤਿਕਾਰ ਨਾਲ ਗਿੱਲੇ ਕਪੜੇ ਨਾਲ ਸਾਫ਼ ਕਰ ਕੇ, ਲਿਆ ਕੇ, ਕਮਰੇ ਵਿਚ ਲਗਾ ਦਿਤੀ ਤੇ ਨਾਲ ਹੀ ਧੂਪ ਵੀ ਕਰ ਦਿਤੀ, ਜੋ ਉਹ ਬਜ਼ਾਰੋਂ ਹੀ ਦੁਧ ਦੇ ਨਾਲ ਹੀਂ ਖਰੀਦ ਲਿਆਇਆ ਸੀ।

ਜਿਉਂ ਹੀ ਉਸ ਨੇ ਧੂਪ ਲਗਾਈ, ਬਸ ਇਹ ਸਾਰੀ ਕਹਾਣੀ ਚਾਲੂ ਹੋ ਗਈ। ਬਾਕੀ ਦੇ ਬੰਦਿਆਂ ਵਾਸਤੇ ਵੀ ਇਹ ਨਾ ਹਜ਼ਮ ਹੋਣ ਵਾਲੀ ਗੱਲ ਸੀ ਤੇ ਉਹ ਵੀ ਰਮੇਸ਼ ਦੀ ਹਾਂ ਵਿਚ ਹਾਂ ਮਿਲਾਉਣ ਲੱਗ ਪਏ। ਜਗੀਰ ਸਿੰਘ ਨੇ ਸੱਭ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਪਣਾ ਹੀ ਰਾਗ ਅਲਾਪੀ ਜਾਣ। ਏਨੇ ਚਿਰ ਨੂੰ ਮੈਂ ਵੀ ਉਥੇ ਪਹੁੰਚ ਗਿਆ ਤੇ ਬਾਕੀ ਦੇ ਸਾਰੇ ਮੇਰੇ ਦੁਆਲੇ ਹੋ ਗਏ ਤੇ ਕਹਿਣ ਲੱਗੇ ''ਇਹ ਵੇਖੋ ਜੀ ਜਗੀਰ ਸਿੰਘ ਬਾਬਾ ਨਾਨਕ ਸਾਹਿਬ ਦੀ ਫ਼ੋਟੋ ਨੂੰ ਠੱਗ ਦੀ ਫ਼ੋਟੋ ਦੱਸੀਂ ਜਾਂਦਾ ਹੈ।'' ਮੈਂ ਸਾਰੀ ਗੱਲ ਧਿਆਨ ਨਾਲ ਸੁਣੀ ਤੇ ਜਗੀਰ ਸਿੰਘ ਵਲ ਵੇਖਿਆ। ਜਗੀਰ ਸਿੰਘ ਜੀ ਮੁਸਕਰਾ ਪਏ।

ਮੈਂ ਰਮੇਸ਼ ਨੂੰ ਤੇ ਬਾਕੀ ਸੱਭ ਨੂੰ ਮੁਖ਼ਾਤਬ ਹੋ ਕੇ ਕਿਹਾ ਕਿ ''ਨਾ ਤੁਸੀਂ ਗ਼ਲਤ ਹੋ, ਨਾ ਜਗੀਰ ਸਿੰਘ ਜੀ ਗ਼ਲਤ ਨੇ। ਆਪੋ ਅਪਣੀ ਜਗ੍ਹਾ ਤੁਸੀਂ ਠੀਕ ਹੋ।'' ਉਹ ਸਾਰੇ ਹੀ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਏ। ਮੈਂ ਕਿਹਾ ''ਹੈਰਾਨ ਹੋਣ ਦੀ ਗੱਲ ਨਹੀਂ ਮੇਰੀ ਗੱਲ ਧਿਆਨ ਨਾਲ ਸੁਣੋ। ''ਜਗੀਰ ਸਿੰਘ ਜੀ ਪੜ੍ਹਦੇ ਨੇ ਗੁਰਬਾਣੀ ਤੇ ਸਿਰਫ ਪੜ੍ਹਦੇ ਹੀ ਨਹੀਂ, ਬਾਣੀ ਨੂੰ ਵਿਚਾਰਦੇ ਵੀ ਹਨ, ਸਮਝਦੇ ਵੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਜਿਸ ਬੰਦੇ ਨੇ ਗੱਲ ਦੇ ਵਿਚ ਮਾਲਾ ਪਾਈ ਹੋਈ ਹੈ, ਹੱਥ ਦੇ ਵਿਚ ਲੋਟੇ ਫੜੇ ਹੋਏ ਹਨ, ਉਹ ਸਾਧ-ਸੰਤ ਨਹੀਂ ਹੋ ਸਕਦਾ, ਉਸ ਨੇ ਤਾਂ ਲੋਕਾਂ ਨੂੰ ਠੱਗਣ ਵਾਸਤੇ ਇਹ ਭੇਖ ਬਣਾ ਲਿਆ ਹੈ।

ਅਜਿਹੇ ਲੋਕ ਬਨਾਰਸੀ ਠੱਗ ਹੁੰਦੇ ਹਨ। ਹੁਣ ਤੁਸੀਂ ਵੇਖੋ ਇਸ ਫ਼ੋਟੋ ਵਿਚ ਗੁਰੂ ਸਾਹਿਬ ਦੇ ਸਿਰ ਉਪਰ ਵੀ ਮਾਲਾ ਹੈ, ਗਲੇ ਵਿਚ ਵੀ ਮਾਲਾ ਹੈ ਤੇ ਹੱਥ ਵਿਚ ਵੀ ਮਾਲਾ ਹੈ ਤੇ ਇਕ ਹੱਥ ਵਿਚ ਲੋਟਾ (ਕਮਡੰਲ) ਵੀ ਹੈ। 
                                                          ''ਗਲੀ ਜਿਨ੍ਹਾ ਜਪਮਾਲੀਆ ਲੋਟੇ ਹਥਿ ਨਿਬਗ। 
                                                  ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ'' (ਅੰਗ 476)

ਅਜਿਹੇ ਲੋਕਾਂ ਨੂੰ ਕਦੇ ਵੀ ਪ੍ਰਮਾਤਮਾ ਦੇ ਭਗਤ ਜਾਂ ਸੰਤ ਨਾ ਕਹੋ। ਇਹ ਤਾਂ ਉਨ੍ਹਾਂ ਨੇ ਲੋਕਾਂ ਨੂੰ ਸ਼ਰਧਾ ਦੇ ਨਾਂ ਉਤੇ ਠੱਗਣ ਦਾ ਇਕ ਢੰਗ ਬਣਾਇਆ ਹੋਇਆ ਹੈ। ਗੁਰਬਾਣੀ ਵਿਚ ਅਜਿਹੇ ਕਾਫ਼ੀ ਸ਼ਬਦ ਹਨ, ਜਿਨ੍ਹਾਂ ਵਿਚ ਅਜਿਹੇ ਵਿਖਾਵੇ ਤੇ ਕ੍ਰਮਕਾਂਡਾਂ ਦਾ ਭੇਖੀਆਂ, ਸਾਧਾਂ, ਸੰਤਾਂ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਗਿਆ ਹੈ। ਕੀ ਗੁਰੂ ਸਾਹਿਬ ਜੋ ਬਾਣੀ ਵਿਚ ਉਪਦੇਸ਼ ਕਰਦੇ ਸਨ, ਉਸ ਦੇ ਉਲਟ ਕੰਮ-ਕਰਦੇ ਸਨ? ਨਹੀਂ ਨਾ। (ਸੱਭ ਨੇ ਸਹਿਮਤੀ ਵਿਚ ਸਿਰ ਹਿਲਾ ਕੇ ਕਿਹਾ, ਨਹੀਂ ਜੀ) ਬਸ ਏਹੀ ਕਾਰਨ ਹੈ ਕਿ ਜਗੀਰ ਸਿੰਘ ਜੀ ਨੇ ਇਸ ਫ਼ੋਟੋ ਨੂੰ ਠੱਗ ਦੀ ਫ਼ੋਟੋ ਕਿਹਾ ਹੈ। ਉਨ੍ਹਾਂ ਨੇ ਬਾਬੇ ਨਾਨਕ ਨੂੰ ਠੱਗ ਨਹੀਂ ਕਿਹਾ, ਇਸ ਗੱਲ ਨੂੰ ਸਮਝੋ।

ਇਹ ਤਾਂ ਹੋਈ ਜਗੀਰ ਸਿੰਘ ਜੀ ਦੀ ਗੱਲ। ਹੁਣ ਤੁਸੀਂ ਕਿਵੇਂ ਠੀਕ ਹੋ? ਆਉ ਇਸ ਗੱਲ ਨੂੰ ਸਮਝੀਏ ਜਿਸ ਚਿੱਤਰਕਾਰ ਨੇ ਗੁਰੂ ਸਾਹਿਬ ਦੀ ਇਹ ਫ਼ੋਟੋ ਬਣਾਈ ਹੈ, ਉਸ ਨੇ ਗੁਰਬਾਣੀ ਨੂੰ ਨਹੀਂ ਪੜ੍ਹਿਆ, ਇਸ ਕਰ ਕੇ ਉਸ ਨੂੰ ਨਹੀਂ ਪਤਾ ਕਿ ਗੁਰੂ ਸਾਹਿਬ ਤਾਂ ਭੇਖ ਦੇ ਸਖ਼ਤ ਵਿਰੁਧ ਨੇ। ਉਸ ਨੇ ਸੋਚਿਆ ਕਿ ਬਾਬਾ ਨਾਨਕ ਵੀ ਇਕ ਮਹਾਂਪੁਰਖ ਹੋਏ ਨੇ, ਜੋ ਥਾਂ-ਥਾਂ ਜਾ ਕੇ ਲੋਕਾਂ ਨੂੰ ਉਪਦੇਸ਼ ਦੇਂਦੇ ਰਹੇ ਨੇ। ਰਹਿਬਰ ਨੇ, ਸੰਤ ਨੇ, ਸਾਧ ਨੇ ਤੇ ਜੋ ਸ਼ਕਲ ਸੂਰਤ ਉਸ ਨੇ ਅੱਜ ਦੇ ਸਾਧਾਂ ਸੰਤਾਂ ਦੀ ਵੇਖੀ ਉਸੇ ਤਰ੍ਹਾਂ ਹੀ ਉਸ ਨੇ ਇਕ ਫ਼ੋਟੋ ਬਣਾਈ ਤੇ ਹੇਠ ਲਿਖ ਦਿਤਾ ''ਗੁਰੂ ਨਾਨਕ''।

ਇਸ ਫ਼ੋਟੋ ਵਿਚ ਉਸ ਨੇ ਉਹੀ ਕੁੱਝ ਵਿਖਾ ਦਿਤਾ, ਉਹੀ ਕੁੱਝ ਬਾਬੇ ਨਾਨਕ ਦੇ ਹੱਥ ਵਿਚ, ਗਲ ਵਿਚ ਪਾ ਦਿਤਾ ਜਿਸ ਤੋਂ ਬਾਬੇ ਨਾਨਕ ਨੇ ਸਾਰੀ ਲੋਕਾਈ ਨੂੰ, ਮਨੁੱਖਤਾ ਨੂੰ ਰੋਕਿਆ ਸੀ ਤੇ ਤੁਹਾਡੇ ਵਾਂਗ ਆਮ ਲੋਕਾਂ ਨੇ ਵੀ ਨਾ ਤਾਂ ਗੁਰਬਾਣੀ ਨੂੰ ਪੜ੍ਹਿਆ, ਨਾ ਸੁਣਿਆ, ਨਾ ਸਮਝਿਆ ਤੇ ਲਿਆ ਕੇ ਫੋਟੋ ਘਰ ਵਿਚ ਲਗਾ ਕੇ ਧੂਪਬੱਤੀ ਸ਼ੁਰੂ ਕਰ ਦਿਤੀ। ਇਸੇ ਲਈ ਮੈਂ ਤੁਹਾਡੇ ਬਾਰੇ ਕਿਹਾ ਕਿ ਤੁਸੀਂ ਵੀ ਅਪਣੀ ਜਗ੍ਹਾ ਠੀਕ ਹੋ ਕਿਉਂਕਿ ਤੁਹਾਨੂੰ ਗੁਰੁਬਾਣੀ ਸਿਧਾਂਤ ਦਾ ਪਤਾ ਨਹੀਂ ਤੇ ਜਗੀਰ ਸਿੰਘ ਨੂੰ ਗੁਰਬਾਣੀ ਸਿਧਾਂਤ ਪਤਾ ਹੈ ਇਸ ਲਈ ਉਹ ਅਪਣੀ ਜਗ੍ਹਾ ਠੀਕ ਨੇ। ਆਈ ਸਮਝ?

ਹੁਣ ਦੱਸੋ ਤੁਸੀਂ ਠੀਕ ਹੋ ਜਾਂ ਜਗੀਰ ਸਿੰਘ? ਸੱਭ ਚੁੱਪ ਰਹੇ ਤੇ ਉਨ੍ਹਾਂ ਦੀ ਚੁੱਪੀ ਸਹਿਮਤੀ ਦਾ ਪ੍ਰਗਟਾਵਾ ਕਰ ਰਹੀ ਸੀ। ਰਮੇਸ਼, ਜੋ ਸਾਰੀ ਗੱਲ ਧਿਆਨ ਨਾਲ ਸੁਣ ਰਿਹਾ ਸੀ, ਚੁੱਪਚਾਪ ਉਠਿਆ ਤੇ ਸੱਭ ਦੇ ਸਾਹਮਣੇ ਹੀ ਬਾਬੇ ਨਾਨਕ ਦੀ ਬਾਹਰੋਂ ਚੁੱਕ ਕੇ ਲਿਆਂਦੀ ਉਸ ਫੋਟੋ ਨੂੰ ਅੱਗ ਲਗਾ ਕੇ, ਸਾੜ ਕੇ ਸੁਆਹ ਕਰ ਦਿਤਾ ਤੇ ਕਹਿਣ ਲੱਗਾ ਕਿ ਅੱਜ ਗੱਲ ਸਮਝ ਆਈ।
ਸੰਪਰਕ : 94633-86747