ਇਸ ਤੋਂ ਵੱਧ ਕਲਯੁੱਗ ਹੋਰ ਕਿਹੜਾ ਹੋਵੇਗਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੱਤ ਮਹੀਨਿਆਂ ਦੀ ਦੁਧ ਚੁੰਘਦੀ ਨੰਨ੍ਹੀ ਬੱਚੀ ਦਾ ਬਲਾਤਕਾਰ!.............

Sexual Harassment

ਸੱਤ ਮਹੀਨਿਆਂ ਦੀ ਦੁਧ ਚੁੰਘਦੀ ਨੰਨ੍ਹੀ ਬੱਚੀ ਦਾ ਬਲਾਤਕਾਰ! ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੇ ਕਿਸੇ ਪਿੰਡ ਵਿਚ ਅੱਠ ਵਹਿਸ਼ੀਆਂ ਵਲੋਂ ਗਰਭਵਤੀ ਬਕਰੀ ਨਾਲ ਬਲਾਤਕਾਰ। ਕੀ ਬਲਾਤਕਾਰੀ ਬੰਦੇ ਹੋ ਸਕਦੇ ਹਨ? ਨਹੀਂ, ਹਰਗਿਜ਼ ਨਹੀਂ। ਬੰਦੇ ਦੇ ਰੂਪ ਵਿਚ ਭੇੜੀਏ, ਸ਼ੈਤਾਨ ਤੇ ਦੁਨੀਆਂ ਦੇ ਸੱਭ ਤੋਂ ਭੈੜੇ ਮਨੁੱਖ। ਭਾਵੇਂ ਦੱਖਣੀ ਅਫ਼ਰੀਕਾ ਦਾ ਹਰ ਤੀਜਾ ਸ਼ਖ਼ਸ ਬਲਾਤਕਾਰੀ ਦਸਦੇ ਹਨ, ਪ੍ਰੰਤੂ ਫੁੱਲਾਂ ਵਰਗੀ ਬੱਚੀ ਨੂੰ ਨੋਚਣ ਵਾਲਾ 19 ਸਾਲਾਂ ਦਾ ਨੌਜਵਾਨ ਸ਼ਾਇਦ ਦੁਨੀਆਂ ਦਾ ਸੱਭ ਤੋਂ ਗੰਦਾ, ਨਖਿੱਧ ਤੇ ਕਮਜਾਤ ਵਿਅਕਤੀ ਹੋਵੇ ਅਤੇ ਗਰਭਵਤੀ ਬਕਰੀ ਨਾਲ ਖੇਹ ਖਾ ਕੇ ਉਸ ਨੂੰ ਮਾਰ ਮੁਕਾਉਣ ਵਾਲੇ ਪਾਪੀਆਂ ਲਈ ਤਾਂ ਮੇਰੇ ਕੋਲ ਸ਼ਬਦ ਹੀ ਕੋਈ ਨਹੀਂ ।

ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਅਜਿਹਾ ਕਹਿਰ ਅੱਜ ਤਕ ਹੋਰ ਕਿਤੇ ਵੀ ਨਹੀਂ ਪਿਆ ਹੋਣਾ। ਚੰਡੀਗੜ੍ਹ ਦੀ ਸਾਢੇ 9 ਸਾਲ ਦੀ ਬਾਲੜੀ ਦੇ ਮਾਂ ਬਣਨ ਦੀ ਕਹਾਣੀ ਵੀ ਘੱਟ ਸੁੰਨ ਕਰਨ ਵਾਲੀ ਨਹੀਂ ਪ੍ਰੰਤੂ ਅਜਿਹੀਆਂ ਮਿਸਾਲਾਂ ਸੰਸਾਰ ਵਿਚ ਅਕਸਰ ਮਿਲਦੀਆਂ ਰਹੀਆਂ ਹਨ। ਹੁਣ ਤਾਂ ਥਾਂ-ਥਾਂ ਤੋਂ ਡਾ. ਹਰਭਜਨ ਸਿੰਘ (ਕਵੀ) ਦੀ ਕਵਿਤਾ ਦੇ ਬੋਲ ਸੱਚ ਸਿੱਧ ਹੋ ਰਹੇ ਹਨ:- 

                                                                   ਨਗਨ ਯੋਨੀਆਂ ਜੇ ਜਣ ਦਿੱਤੇ ਕੀੜ ਮਕੌੜੇ, 
                                                                    ਨਸਲ ਮਨੁੱਖ ਦੀ ਕੀੜ ਮਕੌੜਾ ਹੋ ਜਾਵੇਗੀ।

ਅਜਿਹੇ 'ਕੀੜ ਮਕੌੜੇ' ਸਾਡੀ ਧਰਤੀ ਉਤੇ ਵੀ ਬਹੁਤਾਤ ਵਿਚ ਪਨਪ ਰਹੇ ਹਨ ਤੇ ਅਜਿਹੇ 'ਕੀੜੇ ਮਕੌੜੇ' ਪੈਦਾ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਇਥੇ! ਅਪਣੇ ਬਜ਼ੁਰਗਾਂ ਨਾਲ ਇਹੋ ਜਿਹੀਆਂ ਘਿਣਾਉਣੀਆਂ ਵਾਰਦਾਤਾਂ ਦੀ ਗੱਲ ਸਾਂਝੀ ਕਰੀਏ ਤਾਂ ਉਨ੍ਹਾਂ ਦੇ ਮੂੰਹੋ ਝੱਟ ਪੱਟ ਨਿਕਲਦੈ, 'ਕਲਯੁੱਗ ਆ ਗਿਐ, ਕਲਯੁੱਗ।' ਇਸ ਬਾਰੇ ਗੁਰੂ ਪਾਤਿਸ਼ਾਹ ਵੀ ਫ਼ਰਮਾਉਂਦੇ ਹਨ:- 

                                                                 ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰ।
                                                           ਪੁਤੁ ਜਿੰਨੂਰ ਧੀਅ ਜਨੂਰੀ, ਜੋਰੂ ਜਿੰਨਾ ਦੀ ਸਿਕਦਾਰੁ।

ਅਰਥਾਤ ਕਲਯੁੱਗ ਵਿਚ ਇਨਸਾਨ ਨਹੀਂ, ਜਿੰਨ ਪੈਦਾ ਹੋ ਰਹੇ ਹਨ। ਪੁੱਤਰ ਤੇ ਧੀ ਵੀ ਜਨੂਰੇ ਹਨ ਪ੍ਰੰਤੂ (ਉਨ੍ਹਾਂ ਬੱਚਿਆਂ ਦੀ ਮਾਂ) ਵੀ ਵੱਡੀ ਜ਼ਿੰਨ ਹੈ ਤੇ ਇਹੋ ਸ਼ੈਤਾਨੀ ਰੁਚੀਆਂ ਕਲਯੁੱਗ ਦੀ ਨਿਸ਼ਾਨੀ ਹੈ। ਇਸ ਕਲਯੁੱਗ ਦਾ ਜ਼ਿਕਰ ਸਾਡੇ ਸੱਥਾਂ-ਪਰ੍ਹਿਆਂ, ਜਨ ਜੀਵਨ ਤੇ ਆਮ ਲੋਕਾਂ ਵਿਚ ਅਕਸਰ ਹੀ ਹੋ ਰਿਹਾ ਹੈ। ਆਉ, ਵਿਚਾਰੀਏ ਕਿ ਗੁਰਮਤ ਅਨੁਸਾਰ ਇਹ ਕਿਸ ਬਲਾ ਦਾ ਨਾਂ ਹੈ। ਸਾਡੇ ਪੁਰਾਣਾਂ (ਪ੍ਰਾਚੀਨ ਸਾਹਿਤ) ਵਿਚ ਚਾਰ ਯੁੱਗਾਂ ਦੀ ਮਾਨਤਾ ਤੁਰੀ ਆਉਂਦੀ ਹੈ- ਸਤਿਯੁਗਿ, ਤ੍ਰੇਤਾ, ਦੁਆਪਰਿ ਤੇ ਕਲਯੁੱਗ। ਭਗਤ ਰਵਿਦਾਸ ਜੀ ਇਨ੍ਹਾਂ ਦੀ ਸੰਖਿਪਤ ਪ੍ਰੀਭਾਸ਼ਾ ਦਿੰਦਿਆਂ ਫ਼ਰਮਾਉਂਦੇ ਹਨ :-

                                                        ਸਤਯੁਗਿ ਸਤ, ਤ੍ਰੇਤਾ ਜਗੀ, ਦੁਆਪਰਿ ਪੂਜਾਚਾਰ,
                                                      ਤੀਨੋ ਜੁਗਿ ਤੀਨੋ ਦਿੜੇ, ਕਲਿ ਕੇਵਲ ਨਾਮ ਆਧਾਰ।

ਮਹਾਨ ਕੋਸ਼ ਵਿਚ ਭਾਈ ਕਾਹਨ ਸਿੰਘ ਨਾਭਾ ਇਸ ਨੂੰ ਵਿਆਖਿਆਉਂਦਿਆਂ ਲਿਖਦੇ ਹਨ ਕਿ ਜਦ ਕਲਯੁੱਗ ਦਾ ਪ੍ਰਭਾਵ ਹੋਇਆ ਤਾਂ ਭਲਾਈ ਕੇਵਲ ਚੌਥਾ ਹਿੱਸਾ ਹੀ ਰਹਿ ਗਈ। ਵੇਦ ਸ਼ਾਸਤਰ ਦੇ ਨੇਮ, ਨੇਕੀ ਦੇ ਕੰਮ ਅਤੇ ਯੱਗ ਹੋਮ ਆਦਿ ਸੱਭ ਬੰਦ ਹੋ ਗਏ। ਮੁਸੀਬਤਾਂ, ਰੋਗ, ਥਕਾਨ, ਕ੍ਰੋਧ, ਸੰਤਾਪ, ਭੁੱਖ ਅਤੇ ਡਰ ਲੋਕਾਂ ਉਤੇ ਭਾਰੂ ਪੈ ਗਿਆ ਹੈ।

ਬਾਬਾ ਨਾਨਕ ਨੇ ਯੁੱਗਾਂ ਦੀ ਵੰਡ ਪੁਰਾਣਾਂ ਵਾਲੀ ਨਹੀਂ ਸਵੀਕਾਰੀ ਤੇ ਨਾ ਹੀ ਯੁੱਗਾਂ ਨੂੰ ਕਰਮਾਂ ਦਾ ਕਾਰਨ ਮੰਨਿਆ ਹੈ। ਗੁਰੂ ਜੀ ਅਨੁਸਾਰ ਕੇਵਲ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਯੁੱਗ ਹੁੰਦਾ ਹੈ, ਅਰਥਾਤ ਜਿਸ ਦੇਸ਼ ਵਿਚ ਨੇਕ ਆਦਮੀ ਜਿਸ ਸਮੇਂ ਵਿਚ ਹੁੰਦੇ ਹਨ, ਉਸ ਵੇਲੇ ਸਤਯੁੱਗ ਵਰਤਦਾ ਹੈ ਤੇ ਜਿਸ ਦੇਸ਼ ਤਥਾ ਸਮੇਂ ਵਿਚ ਨੀਚ ਕਰਮਾਂ ਦੇ ਕਰਨ ਵਾਲੇ ਵਿਚਰਦੇ ਹਨ, ਉਦੋਂ ਕਲਯੁੱਗ ਕਿਹਾ ਜਾਂਦਾ ਹੈ। ਸਮੁੱਚੇ ਦੇਸ਼ ਖ਼ਾਸ ਕਰ ਕੇ ਪੰਜਾਬ ਦਾ ਆਲਮ ਵਿਚਾਰਿਆ ਜਾਵੇ ਤਾਂ ਸਪੱਸ਼ਟ ਹੋ ਜਾਂਦੈ ਕਿ ਗੁਰੂ ਪਾਤਿਸ਼ਾਹੀਆਂ ਦੀ ਚਰਨ ਛੋਹ ਨਾਲ ਚੱਪਾ-ਚੱਪਾ ਨਿਵਾਜੀ, ਪੀਰਾਂ-ਫ਼ਕੀਰਾਂ ਦੀਆਂ ਬਰਕਤਾਂ ਨਾਲ ਰੰਗੀ ਤੇ ਸੰਤਾਂ-ਮਹਾਪੁਰਖਾਂ ਦੀ ਉਦਾਰ ਸਿਖਿਆ ਨਾਲ

ਭਰਪੂਰ ਇਹ ਮਾਂ-ਮਿੱਟੀ ਅੱਜ ਆਤਮਿਕਤਾ, ਰੂਹਾਨੀਅਤ, ਨੇਕੀ, ਚੰਗਿਆਈ, ਸ਼ੁੱਭ ਤੇ ਸ਼ੁੱਧ ਮਨੁੱਖੀ ਗੁਣਾਂ ਤੋਂ ਸੱਖਣੀ ਹੋ ਚੁੱਕੀ ਹੈ ਜਿਸ ਵਿਚ ਨਸ਼ੇੜੀਆਂ, ਬਲਾਤਕਾਰੀਆਂ, ਗੈਂਗਸਟਰਾਂ, ਲੁਟੇਰਿਆਂ, ਕੁੜੀਮਾਰਾਂ ਤੇ ਭ੍ਰਿਸ਼ਟਾਚਾਰੀਆਂ ਦੀ ਅਜਾਰੇਦਾਰੀ ਤੇ ਰਾਜ ਹੈ। ਤਿੰਨ ਸੌ ਸਾਲਾਂ ਵਿਚ ਹੀ ਸਾਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਵੀ ਭੁੱਲ ਗਈ ਹੈ ਤੇ ਗੁਰੂ ਸਾਹਿਬਾਨ ਵਲੋਂ ਦਰਸਾਈ ਤੇ ਦ੍ਰਿੜ੍ਹਾਈ ਬੇਸ਼ਕੀਮਤੀ ਜੀਵਨ ਜਾਚ ਵੀ। ਅਸੀ ਭੁੱਲ ਗਏ ਹਾਂ ਪਹਿਲਾ ਖ਼ਾਲਸਾ ਰਾਜ ਸਥਾਪਤ ਕਰਨ ਵਾਲੇ ਬਹਾਦਰ ਬਾਬਾ ਬੰਦਾ ਸਿੰਘ ਜੀ ਨੂੰ। ਲਾਲ ਕਿਲ੍ਹੇ ਉਤੇ ਕੇਸਰੀ ਝੰਡਾ ਜਾ ਲਹਿਰਾਉਣ ਵਾਲੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਵਰਗੇ ਦੂਜੇ ਮਰਜੀਵੜਿਆਂ

ਨੂੰ। ਕਾਬਲ ਕੰਧਾਰ ਤਕ ਤੇਗਾਂ ਖੜਕਾ ਕੇ ਯਮਨਾ ਪਾਰ ਤਕ ਸਿੱਖ ਰਾਜ ਸਥਾਪਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਸੀ ਕਦੋਂ ਦਾ ਭੁਲਾ ਦਿਤਾ ਹੈ। ਇਨ੍ਹਾਂ ਸਿੰਘ ਸੂਰਮਿਆਂ ਦੀ ਜਾਂਬਾਜ਼ੀ ਦੀ ਗਾਥਾ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿਚ ਵੀ ਪ੍ਰੇਰਣਾਸ੍ਰੋਤ ਹੈ ਪ੍ਰੰਤੂ ਸਾਡੇ ਅਪਣੇ ਬੱਚੇ ਅੱਜ ਸੂਰਬੀਰਤਾ, ਬਹਾਦਰੀ, ਕਰਮਸ਼ੀਲਤਾ, ਸੁਕ੍ਰਿਤ ਤੇ ਬਾਂਝਪਣ ਨੂੰ ਤਿਆਗ ਕੇ ਪੁੱਠੇ ਕੰਮਾਂ ਵਲ ਲੱਗ ਰਹੇ ਹਨ। ਇਸ ਕਲਮ ਨੇ ਅਪਣਾ ਸਫ਼ਰ 1970 ਤੋਂ ਸ਼ੁਰੂ ਕਰ ਦਿਤਾ ਸੀ, ਭਾਵੇਂ ਅਪਣੇ ਨਿਸ਼ਕਾਮ ਕਾਰਜਾਂ ਤੇ ਕੋਸ਼ਿਸ਼ਾਂ ਦਾ ਕਦੇ ਢੰਡੋਰਾ ਨਹੀਂ ਪਿਟਿਆ। ਲਗਭਗ ਅੱਧੀ ਸਦੀ ਦੇ ਕਲਮੀ ਸਫ਼ਰ ਉਪਰੰਤ, ਇਹ ਕਲਮ ਡਾਹਢੀ ਹਤਾਸ਼, ਨਿਰਾਸ਼, ਬੇਆਸ ਤੇ

ਬੇਚੈਨ ਹੈ ਕਿਉਂਕਿ ਸਾਡਾ ਸਮਾਜ ਬੜੀਆਂ ਭਿਅੰਕਰ ਕਲਯੁਗੀ ਤਸਵੀਰਾਂ ਪੇਸ਼ ਕਰਦਾ ਜਾ ਰਿਹਾ ਹੈ। ਨਸ਼ਾ-ਛਡਾਊ ਕੇਂਦਰਾਂ ਵਿਚ ਜਾ ਕੇ ਜੋ ਕੁੱਝ ਨਜ਼ਰੀਂ ਪੈਂਦਾ ਹੈ ਉਹ ਬਿਆਨੋਂ ਬਾਹਰਾ ਹੈ, ਚਿਲਮਾਂ ਵਰਗੇ ਮੂੰਹ, ਪੀਲੀਆਂ ਭੂਕ ਅੱਖਾਂ, ਸ਼ਰਮਸਾਰ ਪਰ ਬੇਕਾਬੂ ਇਹ ਹਨ ਮੇਰੇ ਪੰਜਾਬੀ ਬਾਂਕੇ। ਹੱਦ ਉਦੋਂ ਹੋ ਜਾਂਦੀ ਹੈ ਜਦੋਂ ਧੌਲੀਆਂ ਦਾਹੜੀਆਂ ਵਾਲੇ ਸਰਦਾਰ, ਪੁਤਰਾਂ, ਪੋਤਰਿਆਂ ਵਾਲੇ ਬਜ਼ੁਰਗ, ਕਬਰਾਂ ਵਿਚ ਲੱਤਾਂ ਵਾਲੇ ਵਡੇਰੇ ਨਸ਼ਾ-ਛਡਾਊ ਕੇਂਦਰਾਂ ਵਿਚ ਨਸ਼ਾ ਛੱਡਣ ਆਉਂਦੇ ਹਨ। ਗੁਆਂਢੀ ਮੁਲਕਾਂ ਤੇ ਨਸ਼ਿਆਂ ਦੇ ਸੌਦਾਗਰਾਂ ਨੇ ਸਾਡੇ ਗੱਭਰੂਆਂ ਦੀ ਮੱਤ ਤੇ ਪੱਤ ਦੋਵੇਂ ਲੁੱਟ ਲਈਆਂ ਹਨ। ਇਸ ਤੋਂ ਵੱਧ ਕਲਯੁੱਗ ਹੋਰ ਕਿਹੜਾ ਹੋਵੇਗਾ?

ਤਾਂਤਰਿਕਾਂ, ਪਾਖੰਡੀ ਸਾਧਾਂ ਅਤੇ ਲੁੱਚੇ ਬੰਦਿਆਂ ਨੇ ਸਾਡੀਆਂ ਬੀਬੀਆਂ ਦੀ ਮੱਤ ਮਾਰ ਦਿਤੀ ਹੈ, ਜੋ ਗੁੰਮਰਾਹ ਹੋ ਕੇ ਇਨ੍ਹਾਂ ਦੇ ਚੁੰਗਲ ਵਿਚ ਜਾ ਫਸਦੀਆਂ ਹਨ। ਕੇਡੇ-ਕੇਡੇ ਕਹਿੰਦੇ ਕਹਾਉਂਦੇ ਤੇ ਲੱਖਾਂ ਕਰੋੜਾਂ ਚੇਲਿਆਂ ਬਾਲਕਿਆਂ ਦਾ ਢੰਡੋਰਾ ਪਿਟਦੇ, ਖੇਹ ਖਾਂਦੇ ਰਹਿਣ ਕਰ ਕੇ ਹੀ ਅੱਜ ਸਲਾਖ਼ਾਂ ਪਿੱਛੇ ਡੱਕੇ ਪਏ ਹਨ। ਅੰਨ੍ਹੀ ਸ਼ਰਧਾ ਸਾਡੀਆਂ ਔਰਤਾਂ ਨੂੰ ਡੇਰਿਆਂ ਵਿਚ ਲਿਜਾ ਵਾੜਦੀ ਹੈ ਤੇ ਮਾਵਾਂ ਫਿਰ ਖ਼ੁਦ ਹੀ ਇਨ੍ਹਾਂ ਡੇਰਾਧਾਰੀਆਂ ਕੋਲ ਜਵਾਨ ਜਹਾਨ ਧੀਆਂ ਨੂੰ ਪਹੁੰਚਾ ਆਉਂਦੀਆਂ ਹਨ। ਕੋਈ ਅਧਿਆਤਮਕ ਯੂਨੀਵਰਸਟੀ ਦਾ ਫੱਟਾ ਲਗਾ ਕੇ ਮੁਟਿਆਰਾਂ ਦੀ ਪੱਤ ਲੁੱਟੀ ਜਾਂਦਾ ਹੈ ਤੇ ਕੋਈ ਬੇਸਹਾਰਾ ਤੇ ਅਨਾਥ ਆਸ਼ਰਮਾਂ ਦਾ ਸੰਚਾਲਕ ਬਣ ਕੇ ਇਨ੍ਹਾਂ ਮਾਸੂਮਾਂ

ਦਾ ਸ਼ੋਸ਼ਣ ਕਰਦਾ ਹੈ। ਪਟਨਾ ਸਾਹਿਬ ਲਾਗਲੇ ਮੁਜ਼ੱਫ਼ਰਨਗਰ ਦੇ ਸ਼ੈਲਟਰ ਹੋਮ ਵਿਚ ਕੀ ਹੋਇਆ? ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ 46 ਵਿਚੋਂ 34 ਬੱਚੀਆਂ ਦਾ ਜਤ ਸਤ ਰੋਲ ਦਿਤਾ ਗਿਆ ਤੇ ਜਿਹੜੀਆਂ ਨੇ ਇਨਕਾਰ ਕੀਤਾ, ਉਨ੍ਹਾਂ ਨੂੰ ਮਾਰ ਕੇ ਜ਼ਮੀਨ ਹੇਠ ਦੱਬ ਦਿਤਾ ਗਿਆ। ਮਹੀਨਿਆਂ ਸਾਲਾਂ ਤਕ ਇਹ ਸਿਲਸਿਲਾ ਚਲਿਆ ਤੇ ਹਾਲੇ ਵੀ ਚਲਦਾ ਰਹਿੰਦਾ ਜੇਕਰ ਇਕ ਬੱਚੀ ਇਥੋਂ ਭੱਜ ਕੇ ਇਨ੍ਹਾਂ ਵਹਿਸ਼ੀਆਂ ਨੂੰ ਨੰਗਾ ਨਾ ਕਰਦੀ। ਅਪਣੀ ਹਯਾਤੀ ਦੇ 67 ਸਾਲਾਂ ਵਿਚ ਮੈਂ ਕਦੇ ਸੁਪਨੇ ਵਿਚ ਵੀ ਕਲਪਨਾ ਨਹੀਂ ਸੀ ਕਰ ਸਕਦੀ ਕਿ 40 ਮਰਦ ਇਕ ਔਰਤ ਨੂੰ ਨਿਰੰਤਰ ਚੂੰਡ ਸਕਦੇ ਹਨ। ਮੋਰਨੀ ਵਾਲੀ ਘਟਨਾ ਜਿਹੜੀ ਬਾਅਦ ਵਿਚ ਇਕ ਹੋਰ ਹੀ

ਭਿਆਨਕ ਮੋੜ ਲੈ ਗਈ, ਸਾਡੇ ਸਮਾਜ ਦੇ ਗ਼ਰਕ ਜਾਣ ਦੀ ਸਿਖਰ ਕਹੀ ਜਾ ਸਕਦੀ ਹੈ ਕਿ ਕਿਵੇਂ ਦੱਲੇ (ਦਲਾਲ) 15 ਹਜ਼ਾਰ ਰੁਪਏ ਵਿਚ ਔਰਤ (ਪਤਨੀ ਦੀ ਥਾਂ ਕਿਸੇ ਬੇਗਾਨੀ ਤੀਵੀਂ ਨੂੰ ਭੇਜਣਾ ਤੈਅ ਹੋਇਆ ਸੀ ਸਮਝੌਤੇ ਅਨੁਸਾਰ) ਦੀ ਆਬਰੂ ਨੂੰ ਤਾਰ-ਤਾਰ ਕਰਦਿਆਂ ਵੀ ਨਹੀਂ ਝਿਜਕਦੇ। ਸਕੂਲੀ ਵਿਦਿਆਰਥਣ ਨਾਲ ਪ੍ਰਿੰਸੀਪਲ, ਦੋ ਅਧਿਆਪਕਾਂ ਤੇ 15 ਸਹਿਪਾਠੀਆਂ ਵਲੋਂ ਸੱਤ ਮਹੀਨਿਆਂ ਤਕ ਲਗਾਤਾਰ ਸ੍ਰੀਰਕ ਸੋਸ਼ਣ ਤੇ ਪੁਲਿਸ ਰਿਪੋਰਟ ਕਰਨ ਤੋਂ ਧਮਕਾਉਣਾ, ਕਠੂਆ ਵਿਖੇ ਅੱਠ ਸਾਲਾ ਅਬੋਧ ਬਾਲੜੀ ਦਾ ਸਨਸਨੀਖ਼ੇਜ਼ ਕਾਂਡ, ਸ਼ਿਮਲੇ ਦੀ ਗੁੜੀਆ ਤੇ ਉਨਾਉ ਦੀ ਮੰਦਭਾਗੀ ਬੱਚੀ। ਗੱਲ ਕੀ ਟੀ.ਵੀ. ਦੀਆਂ ਸੌ ਖ਼ਬਰਾਂ ਵਿਚੋਂ 15-20 ਖ਼ਬਰਾਂ

ਰੋਜ਼ਾਨਾ ਬਲਾਤਕਾਰਾਂ, ਛੇੜਛਾੜ, ਸ੍ਰੀਰਕ ਸ਼ੋਸ਼ਣ ਤੇ ਪੱਤ ਲੁੱਟ ਨਾਲ ਸਬੰਧਿਤ ਹੁੰਦੀਆਂ ਹਨ। ਫਾਂਸੀ ਦੀ ਸਜ਼ਾ, ਉਮਰ ਕੈਦ ਤੇ ਲੰਮੀ ਸਜ਼ਾ ਦਾ ਕਿਸੇ ਨੂੰ ਕੋਈ ਡਰ ਨਹੀਂ। ਸਕੇ ਮਤ੍ਰੇਏ ਪਿਉ ਤੇ ਭਰਾ ਵੀ ਅਪਣੀਆਂ ਭੋਲੀਆਂ ਬੱਚੀਆਂ ਨੂੰ ਮਾਵਾਂ ਬਣਾਉਣ ਵਿਚ ਪਿੱਛੇ ਨਹੀਂ। ਇਸ ਤੋਂ ਵੱਧ ਕਲਯੁੱਗ ਹੋਰ ਕਿਹੜਾ ਹੋਵੇਗਾ? ਨਾਮਵਰ ਤੇ ਜ਼ਿੰਮੇਵਾਰ ਧਾਰਮਕ ਸੰਸਥਾਵਾਂ ਦਾ ਕਿਰਦਾਰ ਵੀ ਸ਼ੱਕੀ ਹੈ। ਧਰਮ ਕਿਤੇ ਥੱਲੇ ਦਬਿਆ ਗਿਆ ਹੈ ਅਤੇ ਗੰਦੀ ਸਿਆਸਤ ਧਰਮ ਉਤੇ ਭਾਰੂ ਪੈ ਗਈ ਹੈ। ਜੋੜ ਤੋੜ ਦੀ ਰਾਜਨੀਤੀ, ਕੁਰਸੀਆਂ ਦੀ ਸਲਾਮਤੀ, ਕੁਰਸੀਆਂ ਦੀ ਭੁੱਖ, ਧੰਨ ਦੀ ਲਾਲਸਾ, ਅਹੁਦਿਆਂ ਦੀ ਚਾਹਤ ਤੇ ਗੁਨਾਹਗਾਰਾਂ ਦੀ ਪੁਸ਼ਤ-ਪਨਾਹੀ ਲਗਾਤਾਰ ਜਾਰੀ ਹੈ।

ਨਸ਼ਾ-ਤਸ਼ਕਰਾਂ ਦੇ ਕਾਰੋਬਾਰ ਨੂੰ ਵਧਾਉਣ ਫੈਲਾਉਣ ਵਿਚ ਸਹਾਈ ਸਾਡਾ ਅਮਲਾ ਫੈਲਾ ਕੀ ਕਦੇ ਅਪਣੀ ਮੌਤ ਬਾਰੇ ਨਹੀਂ ਸੋਚਦਾ? ਲੁੱਟਾਂ ਖੋਹਾਂ, ਚੋਰੀਆਂ-ਡਾਕਿਆਂ ਵਿਚ ਪੜ੍ਹਿਆਂ ਲਿਖਿਆ ਦੀ ਸ਼ਮੂਲੀਅਤ ਕੀ ਕਲਿਯੁਗੀ ਰੁਝਾਨ ਨਹੀਂ? ਆਉ! ਕਾਲੀਆਂ ਭੇਡਾਂ ਦੀ ਪਛਾਣ ਕਰੀਏ, ਜਿਨ੍ਹਾਂ ਨੇ ਕਲਿਯੁਗੀ ਹਾਲਾਤ ਪੈਦਾ ਕਰ ਦਿਤੇ ਹਨ। ਪੰਜਾਬ ਨੇ ਭਾਰਤ ਦੇ ਇਤਿਹਾਸ ਵਿਚ ਸੱਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਪਰ ਅੱਜ ਸਾਡੇ ਇਸ ਪੰਜਾਬ ਨੂੰ ਸਾਡੇ ਸ਼ਰੀਕਾਂ ਦੀ ਨਜ਼ਰ ਲੱਗ ਗਈ ਹੈ। ਅਪਣੀ ਸਰਕਾਰ ਨੂੰ ਵੀ ਮੈਂ ਅਪੀਲ ਕਰਦੀ ਹਾਂ ਕਿ ਇਨ੍ਹਾਂ ਨੌਜੁਆਨਾਂ ਲਈ ਰੁਜ਼ਗਾਰ ਦੇ ਕੋਈ ਵਸੀਲੇ ਪੈਦਾ ਕਰੋ, ਕੋਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਦਿਉ।

ਰਾਜ ਦੀ ਸਾਰੀ ਜਵਾਨੀ ਕੈਨੇਡਾ ਜਾਂ ਅਸਟਰੇਲੀਆ ਤੁਰੀ ਜਾ ਰਹੀ ਹੈ। ਆਇਲੈਟਸ ਕਰ ਕੇ ਹਰ ਕੋਈ ਜਹਾਜ਼ ਦੇ ਝੂਟੇ ਲੈਣ ਲਈ ਬੇਤਾਬ ਹੈ ਤੇ ਇਥੇ ਯੂ.ਪੀ ਤੇ ਬਿਹਾਰ ਦੇ ਭਈਏ ਆ ਕੇ ਸਾਡੀਆਂ ਬਾਲੜੀਆਂ ਨੂੰ ਉਧਾਲ ਰਹੇ ਹਨ ਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਧੀਆਂ ਦੇ ਮਾਪੇ ਤ੍ਰਾਹ ਤ੍ਰਾਹ ਕਰ ਰਹੇ ਹਨ। ਕਿਥੇ ਲੁਕਾਉਣ? ਕਿਥੇ ਛੁਪਾਉਣ ਇਨ੍ਹਾਂ ਕੰਜਕਾਂ ਨੂੰ, ਇਨ੍ਹਾਂ ਬਾਲੜੀਆਂ ਨੂੰ?

ਮੇਰੀ ਸਾਰੇ ਸਮਾਜ ਅਗੇ ਜੋਦੜੀ ਹੈ ਕਿ ਆਪਾਂ ਗੁਰਮਤਿ ਦੀ ਓਟ ਲੈ ਕੇ ਅਪਣੇ ਬੱਚਿਆਂ ਨੂੰ ਜੰਮਣ ਤੋਂ ਹੀ ਨੈਤਿਕਤਾ ਨਾਲ ਜੋੜੀਏ, ਚੰਗੇ ਸੰਸਕਾਰ ਦੇਈਏ, ਪੂਰਾ ਸਮਾਂ ਦੇਈਏ, ਉਨ੍ਹਾਂ ਦੀ ਚਾਲ ਢਾਲ ਸਮਝੀਏ। ਅੰਨ੍ਹੀ ਖੁੱਲ੍ਹ ਨਾ ਦੇਈਏ ਤੇ ਜਿਥੇ ਪਹਿਰਾ ਦੇਣ ਦੀ ਲੋੜ ਹੈ, ਡੱਟ ਕੇ ਪਹਿਰਾ ਵੀ ਦੇਈਏ। ਧੀਆਂ ਨਾਲੋਂ ਅੱਜ ਪੁਤਰਾਂ ਉਤੇ ਵਧੇਰੇ ਬਾਜ਼ ਅੱਖ ਰੱਖਣ ਦੀ ਲੋੜ ਹੈ। ਕੁੱਝ ਚੰਗੇ ਕਦਮ ਪੁੱਟ ਕੇ ਕਲਯੁਗੀ ਹਾਲਾਤ ਨੂੰ ਸਤਯੁਗੀ ਰੁਚੀਆਂ ਵਿਚ ਬਦਲਿਆ ਜਾ ਸਕਦਾ ਹੈ।      ਸੰਪਰਕ : 98156-20515