ਜੇ ਸ਼ਾਸਕ ਨੇਕਨੀਤੀ ਵਾਲਾ ਹੋਵੇ ਤਾਂ ਸਿਰਫ਼ 8 ਸਾਲਾਂ ਵਿਚ ਵੀ ਦੇਸ਼ ਦੀ ਕਿਸਮਤ ਬਦਲੀ ਜਾ ਸਕਦੀ ਹੈ, ਮਿਸਾਲ ਹੈ ਸ਼ੇਰ ਸ਼ਾਹ ਸੂਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼ੇਰ ਸ਼ਾਹ ਸੂਰੀ ਨੂੰ ਭਾਵੇਂ ਰਾਜ ਕਰਨ ਵਾਸਤੇ ਕੁਦਰਤ ਨੇ ਸਿਰਫ਼ 8 ਸਾਲ ਦਿੱਤੇ ਪਰ ਐਨੇ ਥੋੜ੍ਹੇ ਸਮੇਂ ਵਿਚ ਹੀ ਉਸ ਨੇ ਉੱਤਰੀ ਭਾਰਤ ਦੀ ਕਿਸਮਤ ਬਦਲ ਕੇ ਰੱਖ ਦਿਤੀ

Sher Shah Suri

ਸ਼ੇਰ ਸ਼ਾਹ ਸੂਰੀ ਨੂੰ ਭਾਵੇਂ ਰਾਜ ਕਰਨ ਵਾਸਤੇ ਕੁਦਰਤ ਨੇ ਸਿਰਫ਼ 8 ਸਾਲ ਦਿੱਤੇ (ਉਹ ਵੀ 62 ਸਾਲ ਦੀ ਉਮਰ ਵਿਚ) ਪਰ ਐਨੇ ਥੋੜ੍ਹੇ ਸਮੇਂ ਵਿਚ ਹੀ ਉਸ ਨੇ ਉੱਤਰੀ ਭਾਰਤ ਦੀ ਕਿਸਮਤ ਬਦਲ ਕੇ ਰੱਖ ਦਿਤੀ। ਮਿਲਟਰੀ, ਮਾਲ ਮਹਿਕਮੇ, ਕਰੰਸੀ ਅਤੇ ਨਿਆਂ ਪ੍ਰਣਾਲੀ ਸਬੰਧੀ ਸੁਧਾਰਾਂ ਤੇ ਸੜਕਾਂ ਅਤੇ ਸਰਾਵਾਂ ਆਦਿ ਦੇ ਨਿਰਮਾਣ ਨੇ ਉਸ ਨੂੰ ਭਾਰਤ ਦੇ ਇਤਿਹਾਸ ਵਿਚ ਅਮਰ ਕਰ ਦਿਤਾ।

ਸ਼ੇਰ ਸ਼ਾਹ ਸੂਰੀ ਦਾ ਜਨਮ 1478 ਈਸਵੀ ਵਿਚ ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ ਦੇ ਰਾਜ ਸਮੇਂ ਇਕ ਛੋਟੀ ਜਹੀ ਜਾਗੀਰ ਦੇ ਮਾਲਕ ਹਸਨ ਖ਼ਾਨ ਸੂਰੀ ਦੇ ਘਰ ਹੋਇਆ ਸੀ ਤੇ ਉਸ ਦਾ ਬਚਪਨ ਦਾ ਨਾਂ ਫ਼ਰੀਦ ਖ਼ਾਨ ਸੀ। ਜਵਾਨ ਹੋਣ ’ਤੇ ਉਸ ਨੇ ਅਪਣੇ ਬਾਪ ਦੀ ਜਾਗੀਰ ਦਾ ਪ੍ਰਬੰਧ ਬਹੁਤ ਹੀ ਕੁਸ਼ਲਤਾ ਨਾਲ ਸੰਭਾਲਿਆ ਪਰ ਮਤਰੇਈ ਮਾਂ ਦੇ ਮਾੜੇ ਵਿਵਹਾਰ ਕਾਰਨ ਉਸ ਨੂੰ ਘਰ ਛਡਣਾ ਪਿਆ।

ਉਹ ਥਾਂ-ਥਾਂ ਭਟਕਦਾ ਰਿਹਾ। ਕਦੇ ਬਿਹਾਰ ਦੇ ਸੂਬੇਦਾਰ ਬਹਾਰ ਖ਼ਾਨ ਕੋਲ ਨੌਕਰੀ ਕੀਤੀ ਤੇ ਕਦੇ ਬਾਬਰ ਦੀ ਫ਼ੌਜ ਵਿਚ। ਬਾਬਰ ਦੀ ਫ਼ੌਜ ਵਿਚ ਨੌਕਰੀ ਕਰਦੇ ਸਮੇਂ ਉਸ ਨੇ ਬਾਬਰ ਦੀ ਯੁੱਧ ਨੀਤੀ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਜੋ ਬਾਅਦ ਦੇ ਯੁੱਧਾਂ ਸਮੇਂ ਉਸ ਦੇ ਬਹੁਤ ਕੰਮ ਆਇਆ। ਬਾਬਰ ਨਾਲ ਕੁੱਝ ਮੱਤਭੇਦ ਹੋਣ ਕਾਰਨ ਉਹ ਵਾਪਸ ਅਪਣੇ ਪੁਰਾਣੇ ਮਾਲਕ ਬਹਾਰ ਖ਼ਾਨ ਕੋਲ ਚਲਾ ਗਿਆ ਤੇ ਤਰੱਕੀ ਕਰਦਾ ਹੋਇਆ ਸੈਨਾਪਤੀ ਬਣ ਗਿਆ। ਸ਼ਿਕਾਰ ਖੇਡਦੇ ਸਮੇਂ ਜਦੋਂ ਇਕ ਬਾਘ ਨੇ ਅਚਾਨਕ ਬਹਾਰ ਖਾਨ ’ਤੇ ਹਮਲਾ ਕੀਤਾ ਤਾਂ ਫ਼ਰੀਦ ਖ਼ਾਨ ਨੇ ਕਮਾਲ ਦੀ ਬਹਾਦਰੀ ਵਿਖਾਉਂਦੇ ਹੋਏ ਇਕੱਲੇ ਹੀ ਉਸ ਨੂੰ ਪਾਰ ਬੁਲਾ ਦਿਤਾ। ਇਸ ਤੋਂ ਖ਼ੁਸ਼ ਹੋ ਕੇ ਬਹਾਰ ਖ਼ਾਨ ਨੇ ਉਸ ਦਾ ਨਾਂ ਬਦਲ ਕੇ ਸ਼ੇਰ ਖ਼ਾਨ ਰੱਖ ਦਿਤਾ।

ਬਹਾਰ ਖ਼ਾਨ ਦੀ ਮੌਤ ਤੋਂ ਬਾਅਦ ਉਸ ਨੇ ਬਿਹਾਰ ’ਤੇ ਕਬਜ਼ਾ ਕਰ ਲਿਆ ਤੇ ਕੱੁਝ ਹੀ ਸਮੇਂ ਮਗਰੋਂ ਬੰਗਾਲ ਨੂੰ ਵੀ ਜਿੱਤ ਲਿਆ। ਉਸ ਦੀ ਤਾਕਤ ਐਨੀ ਵਧ ਗਈ ਕਿ 26 ਜੂਨ 1539 ਨੂੰ ਚੌਸਾ ਅਤੇ ਮਈ 1540 ਈਸਵੀ ਵਿਚ ਕੰਨੌਜ ਦੇ ਯੁੱਧ ਵਿਚ ਹੁਮਾਯੂੰ ਨੂੰ ਹਰਾ ਕੇ ਉਸ ਨੇ ਇਕ ਵਾਰ ਭਾਰਤ ਵਿਚੋਂ ਮੁਗ਼ਲ ਰਾਜ ਨੂੰ ਖ਼ਤਮ ਕਰ ਦਿਤਾ। ਅਗਲੇ ਕੁੱਝ ਹੀ ਸਾਲਾਂ ਵਿਚ ਉਸ ਨੇ ਸਾਰੇ ਉੱਤਰੀ ਭਾਰਤ ’ਤੇ ਕਬਜ਼ਾ ਕਰ ਲਿਆ ਤੇ ਉਸ ਦੇ ਰਾਜ ਦੀ ਸਰਹੱਦ ਬੰਗਾਲ ਤੋਂ ਲੈ ਕੇ ਪੇਸ਼ਾਵਰ ਅਤੇ ਪੰਜਾਬ ਤੋਂ ਲੈ ਕੇ ਗੁਜਰਾਤ ਤਕ ਫੈਲ ਗਈ।

ਜੇ ਕਿਤੇ ਮਈ 1548 ਈਸਵੀ ਵਿਚ ਕਲਿੰਜਰ ਦੀ ਜੰਗ ਦੌਰਾਨ ਤੋਪ ਫਟਣ ਕਾਰਨ ਉਸ ਦੀ ਮੌਤ ਨਾ ਹੋਈ ਹੁੰਦੀ ਤਾਂ ਸ਼ਾਇਦ ਉਹ ਸਾਰੇ ਭਾਰਤ ਨੂੰ ਹੀ ਇਕੱਠਾ ਕਰ ਦਿੰਦਾ। ਪਰ ਸ਼ੇਰ ਸ਼ਾਹ ਸੂਰੀ ਨੂੰ ਉਸ ਦੀਆਂ ਜਿੱਤਾਂ ਲਈ ਨਹੀਂ ਬਲਕਿ ਉਸ ਵਲੋਂ ਕੀਤੇ ਗਏ ਪ੍ਰਸ਼ਾਸ਼ਨਿਕ ਸੁਧਾਰਾਂ ਕਰ ਕੇ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਉਸ ਨੇ ਸਭ ਤੋਂ ਪਹਿਲਾ ਸੁਧਾਰ ਕਰੰਸੀ ਦਾ ਕੀਤਾ। ਉਸ ਨੇ ਸੋਨੇ, ਚਾਂਦੀ ਅਤੇ ਤਾਂਬੇ ਦੇ ਸਿੱਕੇ ਜਾਰੀ ਕੀਤੇ ਤੇ ਉਨ੍ਹਾਂ ਵਾਸਤੇ ਇਕ ਨਿਸ਼ਚਿਤ ਵਜ਼ਨ ਰਖਿਆ। ਸੋਨੇ ਦਾ ਸਿੱਕਾ (ਮੋਹਰ) ਪੰਜ ਗ੍ਰਾਮ ਅਤੇ ਚਾਂਦੀ ਦਾ ਸਿੱਕਾ 20 ਗ੍ਰਾਮ ਦਾ ਸੀ।

ਉਸ ਨੇ ਚਾਂਦੀ ਦੇ ਸਿੱਕੇ ਦਾ ਨਾਂ ਰੁਪਿਆ ਰਖਿਆ ਜੋ ਅੱਜ ਵੀ ਭਾਰਤ, ਇੰਡੋਨੇਸ਼ੀਆ, ਮਾਲਦੀਪ, ਨੇਪਾਲ, ਪਾਕਿਸਤਾਨ, ਸੈਚਲਸ ਅਤੇ ਸ੍ਰੀ ਲੰਕਾ ਦੀ ਕਰੰਸੀ ਦਾ ਨਾਂ ਹੈ। ਸਿੱਕੇ ਢਾਲਣ ਲਈ ਆਗਰੇ ਵਿਖੇ ਸਰਕਾਰੀ ਟਕਸਾਲਾਂ ਲਗਾਈਆਂ ਗਈਆਂ। ਉਸ ਦੇ ਸਿੱਕੇ ਵਜ਼ਨ ਅਤੇ ਡਿਜ਼ਾਈਨ ਪੱਖੋਂ ਐਨੇ ਸਟੀਕ ਸਨ ਕਿ ਮੁਗ਼ਲ ਰਾਜ ਦੌਰਾਨ ਵੀ ਚਲਦੇ ਰਹੇ। 

ਉਸ ਦਾ ਦੂਜਾ ਵੱਡਾ ਕੰਮ ਸੜਕਾਂ ਬਣਾਉਣ ਦਾ ਸੀ। ਉਸ ਦੇ ਸਮੇਂ ਤਕ ਕਿਸੇ ਬਾਦਸ਼ਾਹ ਦੇ ਸੁਪਨੇ ਵਿਚ ਵੀ ਸੜਕਾਂ ਦੀ ਦਸ਼ਾ ਸੁਧਾਰਨ ਦਾ ਖ਼ਿਆਲ ਨਹੀਂ ਸੀ ਆਇਆ। ਉਸ ਨੇ ਮੌਰੀਆ ਕਾਲ ਸਮੇਂ ਬਣਾਈ ਗਈ ਸੋਨਾਰ ਗਾਉਂ (ਬੰਗਾਲ) ਤੋਂ ਪੇਸ਼ਾਵਰ ਜਾਣ ਵਾਲੀ ਖਸਤਾ ਹਾਲ ਸੜਕ, ਜਿਸ ਨੂੰ ਅੱਜ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਹੈ, ਦੀ ਮੁਕੰਮਲ ਤੌਰ ’ਤੇ ਮੁਰੰਮਤ ਕਰਵਾਈ।

ਇਸ ਤੋਂ ਇਲਾਵਾ ਲਾਹੌਰ ਤੋਂ ਮੁਲਤਾਨ ਅਤੇ ਆਗਰੇ ਤੋਂ ਜੋਧਪੁਰ ਅਤੇ ਚਿਤੌੜ ਤਕ ਨਵੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਤੇ ਹਰ 3 ਕੋਹ (10 ਕਿ.ਮੀ.) ਦੀ ਦੂਰੀ ’ਤੇ ਇਕ ਸਰਾਂ ਉਸਾਰੀ ਗਈ। ਉਸ ਨੇ ਅਪਣੇ ਛੋਟੇ ਜਿਹੇ ਰਾਜ ਕਾਲ ਵਿਚ ਹੀ 1700 ਸਰਾਵਾਂ ਦਾ ਨਿਰਮਾਣ ਕਰਵਾਇਆ। ਉਸ ਦੀਆਂ ਬਣਾਈਆਂ ਹੋਈਆਂ ਸਰਾਵਾਂ ਐਨੀਆਂ ਮਜ਼ਬੂਤ ਸਨ ਕਿ ਦੋਰਾਹੇ ਸਮੇਤ ਅੱਜ ਵੀ ਸੈਂਕੜੇ ਸਰਾਵਾਂ ਸਹੀ ਸਲਾਮਤ ਹਾਲਤ ਵਿਚ ਖੜੀਆਂ ਹਨ। ਸਰਾਵਾਂ ਵਿਚ ਮੁਸਾਫ਼ਰਾਂ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਦਾ ਪੂਰਾ-ਪੂਰਾ ਪ੍ਰਬੰਧ ਸੀ।

ਸੜਕਾਂ ਦੇ ਦੋਵੇਂ ਪਾਸੇ ਦਰਖ਼ਤ ਲਗਾਏ ਗਏ ਤੇ ਖੂਹ ਪੁਟਵਾਏ ਗਏ। ਇਹ ਸਰਾਵਾਂ ਡਾਕ ਚੌਂਕੀਆਂ ਦਾ ਵੀ ਕੰਮ ਕਰਦੀਆਂ ਸਨ। ਹਰ ਇਕ ਸਰਾਂ ਵਿਚ ਤਾਇਨਾਤ ਘੋੜਸਵਾਰ ਡਾਕੀਆਂ ਦੁਆਰਾ ‘ਰਿਲੇ ਰੇਸ’ ਵਾਂਗ ਡਾਕ ਅੱਗੇ ਤੋਂ ਅੱਗੇ ਪਹੁੰਚਾ ਦਿਤੀ ਜਾਂਦੀ ਸੀ ਜਿਸ ਕਾਰਨ ਉਸ ਨੂੰ ਅਪਣੇ ਵਿਸ਼ਾਲ ਰਾਜ ਪਾਟ ਦੀ ਪਲ ਪਲ ਦੀ ਖ਼ਬਰ ਮਿਲਦੀ ਰਹਿੰਦੀ ਸੀ।

ਸ਼ੇਰ ਸ਼ਾਹ ਸੂਰੀ ਦੇ ਦਿਲ ਵਿਚ ਕਿਸਾਨਾਂ ਪ੍ਰਤੀ ਬਹੁਤ ਹਮਦਰਦੀ ਸੀ। ਉਹ ਕਿਹਾ ਕਰਦਾ ਸੀ ਕਿ ਸਿਰਫ਼ ਕਿਸਾਨਾਂ ਦੀ ਕਮਾਈ ਹੀ ਹੱਕ ਹਲਾਲ ਦੀ ਹੁੰਦੀ ਹੈ। ਜੇ ਮੈਂ ਕਿਸਾਨਾਂ ਨਾਲ ਧੱਕਾ ਕਰਾਂਗਾ ਤਾਂ ਉਹ ਮਜਬੂਰ ਹੋ ਕੇ ਖੇਤੀਬਾੜੀ ਛੱਡ ਦੇਣਗੇ ਤੇ ਦੇਸ਼ ਤਬਾਹ ਹੋ ਜਾਵੇਗਾ। ਉਸ ਦੇ ਰਾਜ ਕਾਲ ਤਕ ਮਾਲ ਮਹਿਕਮਾ ਬੁਰੀ ਤਰਾਂ ਭ੍ਰਿਸ਼ਟ ਹੋ ਚੁੱਕਾ ਸੀ। ਮਾਲ ਅਧਿਕਾਰੀ ਕਿਸਾਨਾਂ ਕੋਲੋਂ ਮਨਮਰਜ਼ੀ ਦਾ ਲਗਾਨ ਵਸੂਲਦੇ ਸਨ ਤੇ ਰਿਸ਼ਵਤ ਲੈ ਕੇ ਲਗਾਨ ਘਟਾ-ਵਧਾ ਦਿਤਾ ਜਾਂਦਾ ਸੀ।

ਸ਼ੇਰ ਸ਼ਾਹ ਸੂਰੀ ਨੇ ਅਪਣੇ ਹੋਣਹਾਰ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਮਦਦ ਨਾਲ ਸਾਰੀ ਵਾਹੀਯੋਗ ਭੂਮੀ ਦੀ ਪੈਮਾਇਸ਼ ਕਰਵਾਈ ਤੇ ਉਸ ਨੂੰ ਉਪਜਾਊ, ਘੱਟ ਉਪਜਾਊ ਅਤੇ ਬੰਜਰ, ਤਿੰਨ ਕਿਸਮਾਂ ਵਿਚ ਵੰਡ ਦਿਤਾ। ਸਰਕਾਰ ਦਾ ਹਿੱਸਾ ਕੁੱਲ ਉਪਜ ਦਾ ਚੌਥਾ ਹਿੱਸਾ ਨਿਸ਼ਚਿਤ ਕੀਤਾ ਗਿਆ। ਹੁਣ ਮਾਲ ਅਧਿਕਾਰੀਆਂ ਨੂੰ ਮਨਮਰਜ਼ੀ ਮੁਤਾਬਕ ਅੰਦਾਜ਼ੇ ਨਾਲ ਲਗਾਨ ਨਿਸ਼ਚਿਤ ਕਰਨ ਦੀ ਬਜਾਏ ਫ਼ਸਲ ਕਟਾਈ ਵੇਲੇ ਖੇਤਾਂ ਵਿਚ ਜਾ ਕੇ ਅਨਾਜ ਤੋਲ ਕੇ ਲਗਾਨ ਲੈਣਾ ਪੈਂਦਾ ਸੀ। ਕਿਸਾਨਾਂ ਕੋਲੋਂ ਲਏ ਗਏ ਲਗਾਨ ਦਾ ਸਾਰਾ ਹਿਸਾਬ ਕਿਤਾਬ ਪਟਾ ਨਾਮਕ ਇਕ ਰਜਿਸਟਰ ਵਿਚ ਦਰਜ ਕੀਤਾ ਜਾਂਦਾ ਸੀ ਜਿਸ ਦੀ ਇਕ ਰਸੀਦ ਸਰਕਾਰੀ ਭਾਸ਼ਾ ਫ਼ਾਰਸੀ ਦੀ ਬਜਾਏ ਕਿਸਾਨਾਂ ਨੂੰ ਸਮਝ ਆਉਣ ਵਾਲੀ ਭਾਸ਼ਾ ਵਿਚ ਲਿਖ ਕੇ ਦਿਤੀ ਜਾਂਦੀ ਸੀ। ਭ੍ਰਿਸ਼ਟ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਜਾਂਦੀਆਂ ਸਨ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਂਦੀ ਸੀ। 

ਸ਼ੇਰ ਸ਼ਾਹ ਸੂਰੀ ਤੋਂ ਪਹਿਲਾਂ ਜਾਗੀਰਦਾਰਾਂ ਨੂੰ ਨਿਸ਼ਚਿਤ ਗਿਣਤੀ ਵਿਚ ਸੈਨਿਕ ਅਤੇ ਘੋੜੇ ਰੱਖਣ ਲਈ ਪੈਸਾ ਦਿਤਾ ਜਾਂਦਾ ਸੀ। ਉਹ ਪੈਸਾ ਤਾਂ ਪੂਰਾ ਲੈ ਲੈਂਦੇ ਸਨ ਪਰ ਸੈਨਿਕ ਅਤੇ ਘੋੜੇ ਘੱਟ ਰਖਦੇ ਸਨ। ਜਦੋਂ ਜਾਂਚ ਹੁੰਦੀ ਤਾਂ ਇਧਰੋਂ ਉਧਰੋਂ ਬੰਦੇ ਅਤੇ ਚੰਗੇ ਮਾੜੇ ਘੋੜੇ ਇਕੱਠੇ ਕਰ ਕੇ ਸਮਾਂ ਟਪਾ ਲੈਂਦੇ। ਇਸ ਕਾਰਨ ਜੰਗ ਵੇਲੇ ਬਾਦਸ਼ਾਹ ਨੂੰ ਪੂਰੇ ਸਿਪਾਹੀ ਅਤੇ ਘੋੜੇ ਨਹੀਂ ਮਿਲਦੇ ਸਨ।

ਇਹ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਉਸ ਨੇ ਭਾਰਤ ਵਿਚ ਪਹਿਲੀ ਵਾਰ ਸੈਨਿਕਾਂ ਦਾ ਹੁਲੀਆ ਲਿਖਣ ਅਤੇ ਘੋੜਿਆਂ ਨੂੰ ਸਰਕਾਰੀ ਠੱਪੇ ਨਾਲ ਦਾਗਣ ਦੀ ਪ੍ਰਥਾ ਚਲਾਈ। ਸ਼ੇਰ ਸ਼ਾਹ ਸੂਰੀ ਨੂੰ ਪਤਾ ਸੀ ਕਿ ਵਪਾਰੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਵਪਾਰ ਤੋਂ ਹਾਸਲ ਹੋਣ ਵਾਲੇ ਟੈਕਸ ਨਾਲ ਹੀ ਫ਼ੌਜ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹ ਦਿਤੀ ਜਾ ਸਕਦੀ ਹੈ ਤੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਸਕਦੇ ਹਨ।

ਉਸ ਨੇ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਫ਼ਜ਼ੂਲ ਦੇ ਟੈਕਸ ਤੇ ਚੁੰਗੀਆਂ ਖ਼ਤਮ ਕਰ ਦਿਤੀਆਂ। ਪੂਰਬ ਵਲੋਂ ਆਉਣ ਵਾਲੇ ਮਾਲ ’ਤੇ ਬੰਗਾਲ - ਬਿਹਾਰ ਸਰਹੱਦ ’ਤੇ ਅਤੇ ਪੱਛਮ ਵਲੋਂ ਆਉਣ ਵਾਲੇ ਮਾਲ ’ਤੇ ਸਿੰਧ ਦਰਿਆ ਉਤੇ ਸਿਰਫ਼ ਇਕ ਵਾਰ ਚੁੰਗੀ ਲਈ ਜਾਂਦੀ ਸੀ ਤੇ ਦੂਜੀ ਵਾਰ ਸਮਾਨ ਵੇਚਣ ਵੇਲੇ ਟੈਕਸ ਲਿਆ ਜਾਂਦਾ ਸੀ। ਇਸ ਤਰ੍ਹਾਂ ਵਪਾਰੀਆਂ ਨੂੰ ਵਾਰ-ਵਾਰ ਦੇ ਚੁੰਗੀ ਨਾਕਿਆਂ ਅਤੇ ਭ੍ਰਿਸ਼ਟ ਅਫ਼ਸਰਾਂ ਦੀ ਜੇਬ ਗਰਮ ਕਰਨ ਤੋਂ ਛੁਟਕਾਰਾ ਮਿਲ ਗਿਆ ਸੀ। 

ਉਸ ਨੇ ਅਮਨ ਕਾਨੂੰਨ ਦੀ ਬਹਾਲੀ ਲਈ ਬੇਹੱਦ ਸਖ਼ਤ ਕਾਨੂੰਨ ਬਣਾਏ। ਮੁਸਾਫ਼ਰਾਂ ਨੂੰ ਅਪਣੇ ਇਲਾਕੇ ਵਿਚੋਂ ਸੁਰਖਿਅਤ ਗੁਜ਼ਾਰਨ ਦੀ ਜ਼ਿੰਮੇਵਾਰੀ ਸਬੰਧਤ ਜਾਗੀਰਦਾਰ ਅਤੇ ਦਰੋਗੇ ਦੀ ਨਿਸ਼ਚਿਤ ਕੀਤੀ ਗਈ। ਜੇ ਕਿਸੇ ਦੇ ਇਲਾਕੇ ਵਿਚ ਲੁੱਟ ਖਸੁੱਟ ਹੋ ਜਾਂਦੀ ਤਾਂ ਜਾਗੀਰਦਾਰ ਤੇ ਦਰੋਗੇ ਨੂੰ ਚੋਰੀ ਬਰਾਮਦ ਕਰਵਾਉਣੀ ਪੈਂਦੀ ਸੀ ਜਾਂ ਫਿਰ ਖ਼ੁਦ ਉਸ ਦੀ ਕੀਮਤ ਭਰਨੀ ਪੈਂਦੀ ਸੀ। ਜੇ ਕਿਸੇ ਦਾ ਕਤਲ ਹੋ ਜਾਂਦਾ ਤਾਂ ਕਾਤਲ ਨੂੰ ਲੱਭਣਾ ਪੈਂਦਾ ਸੀ ਜਾਂ ਕਤਲ ਦੀ ਸਜ਼ਾ ਖੁਦ ਭੁਗਤਣੀ ਪੈਂਦੀ ਸੀ। ਉਸ ਦੇ ਇਸ ਸਖ਼ਤ ਕਾਨੂੰਨ ਕਾਰਨ ਦਰੋਗਿਆਂ ਦੇ ਵਿਆਹ ਹੋਣੇ ਤਾਂ ਬੰਦ ਹੋ ਗਏ

ਪਰ ਰਾਜ ਵਿਚ ਚੋਰੀਆਂ ਡਾਕੇ ਤੇ ਹੋਰ ਅਪਰਾਧ ਬਿਲਕੁਲ ਖ਼ਤਮ ਹੋ ਗਏ ਸਨ। ਸ਼ੇਰ ਸ਼ਾਹ ਸੂਰੀ ਅੱਯਾਸ਼ ਜਾਗੀਦਾਰਾਂ ਅਤੇ ਸੂਬੇਦਾਰਾਂ ਪ੍ਰਤੀ ਬਹੁਤ ਹੀ ਸਖ਼ਤ ਸੀ। ਉਹ ਉਸ ਤੋਂ ਐਨਾ ਡਰਦੇ ਸਨ ਕਿ ਉਸ ਦੇ ਜੀਵਨ ਕਾਲ ਵਿਚ ਕੋਈ ਵੀ ਬਗ਼ਾਵਤ ਕਰਨ ਦੀ ਹਿੰਮਤ ਨਾ ਕਰ ਸਕਿਆ। ਉਸ ਨੇ ਆਮ ਜਨਤਾ ਨੂੰ ਨਿਆਂ ਦੇਣ ਲਈ ਲਈ ਜਗ੍ਹਾ-ਜਗ੍ਹਾ ਅਦਾਲਤਾਂ ਕਾਇਮ ਕੀਤੀਆਂ ਤੇ ਕਾਜ਼ੀਆਂ ’ਤੇ ਨਜ਼ਰ ਰੱਖਣ ਲਈ ਸੂਹੀਆ ਵਿਭਾਗ ਦੀ ਡਿਊਟੀ ਲਗਾਈ ਤਾਂ ਜੋ ਕਿਸੇ ਗ਼ਰੀਬ ਨਾਲ ਅਨਿਆ ਨਾ ਹੋਵੇ। ਸ਼ੇਰ ਸ਼ਾਹ ਸੂਰੀ ਐਨਾ ਪ੍ਰਜਾ ਪਾਲਕ ਰਾਜਾ ਸੀ ਕਿ ਜਦੋਂ ਉਹ ਮੌਤ ਦੀ ਸੇਜ ’ਤੇ ਪਿਆ ਸੀ ਤਾਂ ਉਸ ਦੇ ਆਖ਼ਰੀ ਸ਼ਬਦ ਇਹ ਸਨ - ‘‘ਮੈਨੂੰ ਰੱਬ ਨਾਲ ਗਿਲਾ ਹੈ ਕਿ ਉਸ ਨੇ ਮੈਨੂੰ ਪਰਜਾ ਦੀ ਸੇਵਾ ਕਰਨ ਲਈ ਬਹੁਤ ਘੱਟ ਸਮਾਂ ਦਿਤਾ ਹੈ।’’

-ਬਲਰਾਜ ਸਿੰਘ ਸਿੱਧੂ