ਪੰਜਾਬੀ ਭਾਸ਼ਾ ਦੀ ਮਾਣਮੱਤੀ ਪ੍ਰਾਪਤੀ,ਹਿੰਦੀ-ਪੰਜਾਬੀ ਅਧਿਏਤਾ ਸ਼ਬਦਕੋਸ਼ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹੁਣ ਗ਼ੈਰ ਪੰਜਾਬੀ ਭਾਸ਼ੀ ਲੋਕ ਵੀ ਸਿੱਖ ਸਕਣਗੇ ਪੰਜਾਬੀ ਭਾਸ਼ਾ

Punjabi Language

ਉਂਜ ਤਾਂ ਅਸੀ ਅਪਣੀ ਮਾਂ ਬੋਲੀ ਅਪਣੀ ਮਾਂ ਤੋਂ ਹੀ ਸਿਖ ਲੈਂਦੇ ਹਾਂ ਪਰ ਮਾਂ ਬੋਲੀ ਤੋਂ ਇਲਾਵਾ ਹੋਰ ਭਾਸ਼ਾ ਜਾਂ ਬੋਲੀ ਸਿਖਣ ਲਈ ਅਸੀ ਸ਼ਬਦਕੋਸ਼ਾਂ ਦੀ ਮਦਦ ਲੈਂਦੇ ਹਾਂ। ਕਿਸੇ ਵੀ ਭਾਸ਼ਾ ਨੂੰ ਸਿਖਣ ਲਈ ਸਿਰਫ਼ ਸ਼ਬਦਾਂ ਦੇ ਅਰਥ ਜਾਣ ਲੈਣਾ ਹੀ ਕਾਫ਼ੀ ਨਹੀਂ ਹੁੰਦਾ ਸਗੋਂ ਸ਼ਬਦਾਂ ਦਾ ਸਹੀ ਉੱਚਾਰਣ (ਸੁਰ, ਤਾਲ ਅਤੇ ਲੈਅ ਵਿਚ) ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਿਖੀ ਹੋਈ ਭਾਸ਼ਾ ਨੂੰ ਬੋਲਣ ਅਤੇ ਲਿਖਣ ਵਿਚ ਸੌਖ ਹੁੰਦੀ ਹੈ। ਸ਼ਬਦਕੋਸ਼ ਵਿਚ ਕਿਸੇ ਭਾਸ਼ਾ ਦਾ ਸਾਂਭਿਆ ਗਿਆ ਸ਼ਬਦ ਭੰਡਾਰ ਉਨ੍ਹਾਂ ਸ਼ਬਦਾਂ ਦੀ ਉਤਪਤੀ, ਉਨ੍ਹਾਂ ਦੇ ਉਚਾਰਨ, ਵਿਆਕਰਨ, ਜੀਵਨ ਦੇ ਵਖੋ-ਵੱਖਰੇ ਖੇਤਰਾਂ ਨਾਲ ਸਬੰਧਤ ਲੋਕ ਸਭਿਆਚਾਰ ਅਤੇ ਸਭਿਆਚਾਰਕ ਜੀਵਨ ਸ਼ੈਲੀ ਦੇ ਵੱਡਮੁੱਲੇ ਸਰਮਾਏ ਨੂੰ ਸਾਂਭਣ ਦਾ ਯਤਨ ਹੁੰਦਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਨਿਰੰਤਰਤਾ ਨੂੰ ਬਣਾਈ ਰਖਦਾ ਹੈ।

ਰਾਸ਼ਟਰੀ ਏਕਤਾ ਅਤੇ ਗ਼ੈਰ ਪੰਜਾਬੀ ਭਾਸ਼ੀ ਖੇਤਰਾਂ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਹਿਤ ਕੇਂਦਰੀ ਹਿੰਦੀ ਸੰਸਥਾਨ, ਆਗਰਾ (ਭਾਰਤ ਸਰਕਾਰ) ਵਲੋਂ ਇਕ ਹਿੰਦੀ-ਪੰਜਾਬੀ ਅਧਿਏਤਾ ਸ਼ਬਦਕੋਸ਼ ਤਿਆਰ ਕੀਤਾ ਗਿਆ ਹੈ। ਦਰਅਸਲ ਇਹ ਸ਼ਬਦਕੋਸ਼ ਸੰਸਥਾਨ ਦੀ ਉਸ ਬਹੁਤ ਹੀ ਮਹੱਤਵਪੂਰਨ ਯੋਜਨਾ ਦਾ ਹਿੱਸਾ ਹੈ ਜਿਸ ਵਿਚ ਭਾਰਤ ਦੀਆਂ 31 ਖੇਤਰੀ ਭਾਸ਼ਾਵਾਂ ਦੇ ਅਧਿਏਤਾ ਸ਼ਬਦਕੋਸ਼ ਤਿਆਰ ਕੀਤੇ ਜਾ ਚੁੱਕੇ ਹਨ ਅਤੇ 12 ਹੋਰ ਭਾਸ਼ਾਵਾਂ 'ਤੇ ਕੰਮ ਜਾਰੀ ਹੈ। ਇਸੇ ਲੜੀ ਵਿਚ ਹਿੰਦੀ-ਪੰਜਾਬੀ ਸ਼ਬਦਕੋਸ਼ ਜੁਲਾਈ 2020 ਵਿਚ ਤਿਆਰ ਹੋ ਕੇ ਲੋਕਾਂ ਦੇ ਹੱਥਾਂ ਤਕ ਪੁਜਿਆ ਹੈ। ਇਹ ਸ਼ਬਦਕੋਸ਼ ਭਾਸ਼ਾ ਮਾਹਰਾਂ ਦੀ ਟੀਮ ਦੇ ਪ੍ਰਮੁੱਖ ਡਾ. ਹਰਮਹਿੰਦਰ ਸਿੱਘ ਬੇਦੀ (ਚਾਂਸਲਰ, ਕੇਂਦਰੀ ਵਿਸ਼ਵਵਿਦਿਆਲੇ, (ਹਿ.ਪ੍ਰ ) ਦੀ ਯੋਗ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ।

ਇਸ ਟੀਮ ਵਿਚ ਡਾ. ਸੁਖਵਿੰਦਰ ਕੌਰ ਬਾਠ (ਮੁਖੀ ਹਿੰਦੀ ਵਿਭਾਗ, ਪੰਜਾਬੀ ਯੂਨੀਵਰਸਿਟੀ), ਪ੍ਰੋ.ਸਰਜੀਤ ਸਿੰਘ ਮਿਨਹਾਸ, ਡਾ. ਪਰਮਜੀਤ ਸਿੰਘ ਅਤੇ ਡਾ. ਧਰਮਪਾਲ ਸਾਹਿਲ (ਇਨ੍ਹਾਂ ਸਤਰਾਂ ਦਾ ਲੇਖਕ) ਹਿੰਦੀ-ਪੰਜਾਬੀ ਭਾਸ਼ਾ ਮਾਹਰ ਵਜੋਂ ਸ਼ਾਮਲ ਹੋਏ ਹਨ। ਇਸ ਸ਼ਬਦਕੋਸ਼ ਦੀ ਤਿਆਰੀ ਆਗਰਾ, ਪਟਿਆਲਾ ਅਤੇ ਚੰਡੀਗੜ੍ਹ ਵਿਖੇ ਆਯੋਜਤ ਕੀਤੀਆਂ 6 ਕਾਰਜਸ਼ਾਲਾਵਾਂ ਵਿਚ ਸੰਪੰਨ ਹੋਈ। ਇਸ ਸ਼ਬਦਕੋਸ਼ ਵਿਚ 368 ਵੱਡ-ਅਕਾਰੀ ਪੇਜਾਂ 'ਤੇ ਲਗਭਗ ਚਾਰ ਹਜ਼ਾਰ ਹਿੰਦੀ ਸ਼ਬਦਾਂ ਦੇ ਪੰਜਾਬੀ ਅਰਥ ਦਿਤੇ ਗਏ ਹਨ। ਇਨ੍ਹਾਂ ਸ਼ਬਦਾਂ ਦੀ ਚੋਣ ਪਾਠਕ੍ਰਮ ਦੇ ਨਾਲ-ਨਾਲ ਰੋਜ਼ਾਨਾ ਵਿਵਹਾਰਕ ਜ਼ਿੰਦਗੀ, ਤਕਨੀਕੀ, ਖੇਤੀ, ਸੰਸਕ੍ਰਿਤੀ-ਸਭਿਆਚਾਰ ਆਦਿ  ਨਾਲ ਜੁੜੇ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਜਿਵੇਂ ਲਹਿੰਦੇ ਪੰਜਾਬ (ਪਾਕਿਸਤਾਨ) ਵਿਖੇ ਪੰਜਾਬੀ ਨੂੰ ਸ਼ਾਹਮੁਖੀ ਵਿਚ ਲਿਖਿਆ ਜਾਂਦਾ ਹੈ, ਉਂਜ ਹੀ ਇਸ ਹਿੰਦੀ-ਪੰਜਾਬੀ ਸ਼ਬਦਕੋਸ਼ ਵਿਚ ਪੰਜਾਬੀ ਅਰਥਾਂ ਨੂੰ ਦੇਵਨਾਗਰੀ ਲਿਪੀ ਵਿਚ ਦਰਜ ਕੀਤਾ ਗਿਆ ਹੈ ਤਾਂ ਜੋ ਗ਼ੈਰ-ਪੰਜਾਬੀ ਖੇਤਰ ਦੇ ਲੋਕ ਜੋ ਦੇਵਨਾਗਰੀ ਲਿਪੀ ਦਾ ਗਿਆਨ ਰਖਦੇ ਹਨ, ਉਹ ਪੰਜਾਬੀ ਸ਼ਬਦਾਂ ਨੂੰ ਜਾਣ ਸਕਣ ਅਤੇ  ਉਨ੍ਹਾਂ ਦੇ ਅਰਥਾਂ ਨੂੰ ਸਹੀ ਉਚਾਰਨ ਅਤੇ ਲੈਅ ਵਿਚ ਸਮਝ ਸਕਣ। ਸ਼ਬਦਾਂ ਨੂੰ ਵਿਆਕਰਨ ਸੂਚਨਾਵਾਂ ਦੇ ਆਧਾਰ 'ਤੇ ਸ਼ਬਦਾਂ ਦੇ ਸਹੀ ਉਚਾਰਨ ਅਤੇ ਹਰ ਸ਼ਬਦ ਦਾ ਵਾਕ ਪ੍ਰਯੋਗ ਵੀ ਕੀਤਾ ਗਿਆ ਹੈ ਤਾਂ ਜੋ ਸਿਖਿਆਰਥੀ ਨੂੰ ਸ਼ਬਦਾਂ ਦੇ ਅਰਥ ਹੋਰ ਵੀ ਸਪਸ਼ਟ ਹੋ ਸਕਣ ਅਤੇ ਉਹ ਉਨ੍ਹਾਂ ਦੀ ਲੋੜ ਮੁਤਾਬਕ ਪੰਜਾਬੀ ਬੋਲਣ ਸਮੇਂ ਵਰਤੋਂ ਵੀ ਕਰ ਸਕੇ।

ਇਸ ਸ਼ਬਦਕੋਸ਼ ਦੇ ਆਖ਼ਰ ਵਿਚ ਪੰਜਾਬੀ ਸਿਖਣ ਵਾਲਿਆਂ ਲਈ ਵਿਵਹਾਰਕ ਵਾਰਤਾਲਾਪ ਦੇ 10 ਪਾਠ ਵੀ ਸ਼ਾਮਲ ਕੀਤੇ ਗਏ ਹਨ। ਇੰਜ ਗ਼ੈਰ ਪੰਜਾਬੀ ਖੇਤਰ ਦੇ ਲੋਕ ਇਸ ਸ਼ਬਦਕੋਸ਼ ਦੀ ਮਦਦ ਨਾਲ ਪੰਜਾਬੀ ਦੇ ਸ਼ਬਦ ਗਿਆਨ ਦੇ ਨਾਲ-ਨਾਲ ਵਿਵਹਾਰਕ ਤੌਰ 'ਤੇ ਵਾਰਤਾਲਾਪ ਕਰਨਾ ਵੀ ਸਿਖ ਸਕਣਗੇ।
ਇਸ ਹਿੰਦੀ-ਪੰਜਾਬੀ ਅਧਿਏਤਾ ਸ਼ਬਦਕੋਸ਼ ਦਾ ਨਿਰਮਾਣ ਕੇਂਦਰੀ ਹਿੰਦੀ ਸੰਸਥਾਨ, ਆਗਰਾ ਦੇ ਨਿਦੇਸ਼ਕ ਪ੍ਰੋ.ਨੰਦਕਿਸ਼ੋਰ ਪਾਂਡੇ  ਅਤੇ ਅਧਿਏਤਾ ਸਮਗਰੀ ਨਿਰਮਾਣ ਦੇ ਮੁਖੀ ਡਾ. ਸਤਵੀਰ ਸਿੰਘ ਦੀ ਸੰਚਾਲਨਾ ਹੇਠ ਹਿੰਦੀ-ਪੰਜਾਬੀ ਭਾਸ਼ਾ ਮਾਹਰਾਂ ਦੀ ਅਣਥੱਕ ਮਿਹਨਤ, ਸੂਝ-ਬੂਝ, ਡੂੰਘੀ ਵਿਚਾਰ-ਚਰਚਾ, ਖੋਜ ਅਤੇ ਤਾਲਮੇਲ ਰਾਹੀਂ ਨੇਪਰੇ ਚੜ੍ਹਿਆ ਹੈ।

ਨਿਸ਼ਚਤ ਤੌਰ 'ਤੇ ਇਹ ਹਿੰਦੀ-ਪੰਜਾਬੀ ਸ਼ਬਦਕੋਸ਼ ਜਿਥੇ ਪੰਜਾਬੀ ਭਾਸ਼ਾ ਨੂੰ ਦੇਸ਼ -ਵਿਦੇਸ਼ ਦੇ ਗ਼ੈਰ ਪੰਜਾਬੀ ਭਾਸ਼ੀ ਲੋਕਾਂ ਨੂੰ ਪੰਜਾਬੀ ਸਿੱਖਣ ਵਿਚ ਮਦਦਗਾਰ ਸਾਬਤ ਹੋਵੇਗਾ, ਉੱਥੇ ਪੰਜਾਬੀ ਭਾਸ਼ਾ ਦੇ ਖੋਜ ਵਿਦਿਆਰਥੀਆਂ ਲਈ ਵੀ ਲਾਹੇਵੰਦ ਹੋਵੇਗਾ। ਇਹ ਪੰਜਾਬੀ ਲੋਕ ਸਭਿਆਚਾਰ ਅਤੇ ਸਾਹਿਤ ਨੂੰ ਹਰਮਨ ਪਿਆਰਾ ਕਰਨ ਵਿਚ ਵੀ ਸਹਾਇਕ ਸਿੱਧ ਹੋ ਸਕੇਗਾ। ਪੰਜਾਬੀ ਭਾਸ਼ਾ ਨੂੰ ਦੇਸ਼ ਦੀ ਮੁੱਖਧਾਰਾ ਨਾਲ ਜੋੜ ਕੇ ਪੰਜਾਬੀ ਦੇ ਫ਼ਲਕ ਨੂੰ ਹੋਰ ਵਿਸਥਾਰ ਪ੍ਰਦਾਨ ਕਰੇਗਾ। ਰਾਸ਼ਟਰ ਪੱਧਰ 'ਤੇ ਭਾਸ਼ਾਈ ਦਿਸਹੱਦੇ ਤੇ ਪੰਜਾਬੀ ਦੀ ਹੋਂਦ ਨੂੰ ਹੋਰ ਮਜ਼ਬੂਤੀ ਦੇ ਸਕੇਗਾ। ਹਿੰਦੀ-ਪੰਜਾਬੀ ਦੇ ਰਿਸ਼ਤੇ ਨੂੰ ਹੋਰ ਪੀਡਾ ਤੇ ਸਦੀਵੀ ਬਣਾਵੇਗਾ।

ਅਨੇਕਤਾ ਵਿਚ ਏਕਤਾ ਵਾਲੇ ਭਾਰਤ ਦੇਸ਼ ਦੀਆਂ ਸਭਿਆਚਾਰਕ ਅਤੇ ਸਾਹਿਤਕ ਗੰਢਾਂ ਨੂੰ ਹੋਰ ਮਜ਼ਬੂਤ ਬਣਾਏਗਾ। ਅਨੁਵਾਦ ਰਾਹੀਂ ਦੇਸ਼-ਵਿਦੇਸ਼ ਦੇ ਸਾਹਿਤ ਦੇ ਵਟਾਂਦਰੇ ਲਈ ਵੀ ਉਪਯੋਗੀ ਹੋਵੇਗਾ।  ਲੋਕਾਂ ਦੀ ਵੱਧ ਤੋਂ ਵੱਧ ਭਾਸ਼ਾਵਾਂ ਨੂੰ ਸਿੱਖਣ ਦੀ ਭੁੱਖ ਨੂੰ ਸ਼ਾਂਤ ਕਰੇਗਾ। ਉਨ੍ਹਾਂ ਦੀਆਂ ਭਾਸ਼ਾਈ ਤੇ ਸਾਹਿਤਕ ਲੋੜਾਂ ਨੂੰ ਪੂਰਾ ਕਰਨ ਵਿਚ ਵੀ ਹਿੱਸਾ ਪਾਵੇਗਾ। ਇਕ ਭਾਸ਼ਾ ਮਾਹਰ ਵਜੋਂ ਇਸ ਹਿੰਦੀ-ਪੰਜਾਬੀ ਅਧਿਏਤਾ ਸ਼ਬਦਕੋਸ਼ ਦੇ ਨਿਰਮਾਣ ਵਿਚ ਅਪਣੀ ਸੇਵਾ ਨੂੰ ਮੈਂ ਇਕ ਉਪਲਭਧੀ ਵਜੋਂ ਮਹਿਸੂਸ ਕਰਦਾ ਹਾਂ ਕਿ ਇਸ ਸ਼ਬਦਕੋਸ਼ ਦੇ ਬਹਾਨੇ ਮੈਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਮਾਣ ਹਾਸਲ ਹੋਇਆ ਹੈ

ਅਤੇ ਪੰਜਾਬੀ ਭਾਸ਼ਾ ਦੀ ਅਮੀਰੀ ਦੇ ਨਾਲ-ਨਾਲ ਇਨ੍ਹਾਂ ਦੀ ਉਤਪਤੀ, ਡੂੰਘੇ ਅਰਥਾਂ, ਭਾਸ਼ਾ ਦੀ ਬਰੀਕੀਆਂ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਹੋਰ ਨੇੜੇ ਹੋ ਕੇ ਸਮਝਣ ਤੇ ਸਿੱਖਣ ਦਾ ਮੌਕਾ ਨਸੀਬ ਹੋਇਆ ਹੈ। ਡਾ.ਹਰਮਹਿੰਦਰ ਸਿੰਘ ਬੇਦੀ ਵਲੋਂ ਹਿੰਦੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕੀਤੇ ਗਏ ਇਸ ਉਦਮ ਅਤੇ ਹਿੰਦੀ-ਪੰਜਾਬੀ ਅਧਿਏਤਾ ਸ਼ਬਦਕੋਸ਼ ਨੂੰ ਪੰਜਾਬੀ ਭਾਸ਼ਾ ਲਈ ਇਕ ਮਾਣਮੱਤੀ ਉਪਲਬਧੀ ਵਜੋਂ ਵੇਖਿਆ ਜਾ ਰਿਹਾ ਹੈ। ਇਸ ਮਹੱਤਵਪੂਰਣ ਕਾਰਜ ਨਾਲ ਪੰਜਾਬੀ ਅਤੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਹਿੰਦੀ-ਪੰਜਾਬੀ ਅਧਿਏਤਾ ਸ਼ਬਦ ਕੋਸ਼ (ਪੇਜ-368,ਮੁੱਲ-650 ਰੁਪਏ) ਕੇਂਦਰੀ ਹਿੰਦੀ ਸੰਸਥਾਨ, ਆਗਰਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।)
                                                                                                                                   ਡਾ.ਧਰਮਪਾਲ ਸਾਹਿਲ ਮੋਬਾਈਲ :(9876156964)