ਸੁਮੇਧ ਸੈਣੀ ਵਿਰੁਧ ਡਟ ਕੇ ਗਵਾਹੀ ਦੇਣ ਲਈ ਤਿਆਰ ਹੈ ਬੀਬੀ ਨਿਰਪ੍ਰੀਤ ਕੌਰ

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਸ਼ੇਸ਼ ਗੱਲਬਾਤ

Bibi Nirpreet Kaur With Nimrat Kaur

1984 ਦੇ ਸਿੱਖ ਕਤਲੇਆਮ ਦੇ ਪ੍ਰਮੁੱਖ ਦੋਸ਼ੀ ਸੱਜਣ ਕੁਮਾਰ ਵਿਰੁਧ ਲੜਾਈ ਲੜ ਰਹੀ ਬੀਬੀ ਨਿਰਪ੍ਰੀਤ ਕੌਰ, ਸਾਬਕਾ ਡੀਜੀਪੀ ਸੁਮੇਧ ਸੈਣੀ ਵਿਰੁਧ ਵੀ ਨਿਡਰ ਹੋ ਕੇ ਗਵਾਹੀ ਦੇਣ ਲਈ ਤਿਆਰ ਹੈ। ਸਪੋਕਸਮੈਨ ਦੀ ਮੈਨੀਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਉਨ੍ਹਾਂ 'ਤੇ ਵੀ ਤਸ਼ੱਦਦ ਕੀਤਾ।

ਸਵਾਲ: ਨਿਰਪ੍ਰੀਤ ਜੀ ਤੁਸੀਂ ਜੋ ਸਿੱਖ ਕੌਮ ਲਈ ਕੀਤਾ ਉਸ ਦੀ ਦੇਣੀ ਅੱਜ ਸਿੱਖ ਕੌਮ ਸ਼ਾਇਦ ਦੇ ਨਹੀਂ ਪਾ ਰਹੀ ਅਤੇ ਜਿਸ ਇਨਸਾਨ ਉਤੇ ਹਜ਼ਾਰਾਂ ਨੌਜਵਾਨਾਂ ਨੂੰ ਅਗਵਾਹ ਕਰਨ ਦਾ ਇਲਜ਼ਾਮ ਲੱਗਾ ਹੋਵੇ। ਤੁਹਾਡੇ ਕੋਲ ਉਸ ਬਾਰੇ ਕੋਈ ਵੀ ਗਵਾਹੀ ਲੈਣ ਨਹੀਂ ਆਉਂਦਾ ਕਿ ਤੁਸੀਂ ਉਸ ਹੱਥੋਂ ਕੀ ਕੀ ਸਹਿਣ ਕੀਤਾ ਹੈ?
ਜਵਾਬ: ਬੀਬੀ ਨਿਰਪ੍ਰੀਤ ਕੌਰ ਨੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਨੂੰ ਤਾਂ ਹੁਣ ਵੀ ਕੋਈ ਨਹੀਂ ਪੁਛਦਾ ਕਿ ਉਨ੍ਹਾਂ ਨਾਲ ਕੀ ਵਾਪਰਿਆ ਹੈ ਤੇ ਇਨ੍ਹਾਂ ਨੂੰ ਪਤਾ ਵੀ ਸੀ ਕਿ 1991 ਵਿਚ ਮੇਰੇ 'ਤੇ ਕੀ ਤਸ਼ੱਦਦ ਢਾਹਿਆ ਗਿਆ ਸੀ।

ਸਾਬਕਾ ਡੀਜੀਪੀ ਉਸ ਸਮੇਂ ਐਸਐਸਪੀ ਸੀ ਤੇ ਹੁਣ ਇਸ ਗੱਲ ਜ਼ਿਕਰ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਮੇਰੇ ਨਾਲ ਜੋ ਮੁੰਡੇ ਫੜੇ ਗਏ ਸੀ ਉਨ੍ਹਾਂ ਵਿਚੋਂ ਇਕ ਨੇ ਇੰਟਰਵਿਊ ਦੌਰਾਨ ਮੇਰਾ ਨਾਮ ਲਿਆ ਸੀ ਫਿਰ ਇਨ੍ਹਾਂ ਨੂੰ ਪਤਾ ਲੱਗਾ ਕਿ ਮੇਰੇ ਨਾਲ ਇੰਨਾ ਤਸ਼ੱਦਦ ਕੀਤਾ ਗਿਆ ਤੇ ਮੇਰੇ ਨਾਲ ਜੋ ਮੁੰਡੇ ਫੜੇ ਗਏ ਸੀ ਉਨ੍ਹਾਂ ਵਿਚੋਂ ਇਕ ਵਿਦੇਸ਼ ਵਿਚ ਹੈ। ਉਸ ਨੇ ਮੈਨੂੰ ਕਿਹਾ ਕਿ ਮੇਰੇ ਨਾਲ ਜੋ ਤਸ਼ੱਦਦ ਹੋਇਆ ਹੈ ਉਹ ਜਨਤਕ ਹੋਣਾ ਚਾਹੀਦਾ ਹੈ ਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਪਰ ਮੈਂ ਹੀ ਨਹੀਂ ਸੱਚ ਸਾਹਮਣੇ ਲਿਆਉਣਾ ਚਾਹੁੰਦੀ ਸੀ।

ਸਵਾਲ: ਜਦੋਂ ਤੁਸੀਂ ਅਪਣੇ ਅੱਖੀਂ ਅਪਣੇ ਪਿਤਾ ਨੂੰ ਦਰਦਨਾਕ ਮੌਤ ਮਰਦੇ ਦੇਖਿਆ ਤੇ ਤੁਸੀਂ ਉਸ ਲਈ ਲੜਾਈ ਲੜਨ ਵੇਲੇ ਕਦੇ ਪਿੱਛੇ ਨਹੀਂ ਹਟੇ ਫਿਰ ਜੋ ਸੁਮੇਧ ਸੈਣੀ ਨੇ ਤੁਹਾਡੇ 'ਤੇ ਤਸ਼ੱਦਦ ਕੀਤਾ ਉਸ ਜ਼ਖ਼ਮਾਂ ਨੂੰ ਭਰਨ ਅਤੇ  ਨਿਆਂ ਲੈਣ ਦੀ ਕੋਸ਼ਿਸ਼ ਨਹੀਂ ਕੀਤੀ?
ਜਵਾਬ: ਉਸ ਲਈ ਮੈਨੂੰ ਸਮਾਂ ਨਹੀਂ ਮਿਲਿਆ।

ਸਵਾਲ : ਔਰਤ ਨੂੰ ਇਕ ਸੁਰੱਖਿਆ ਕਵਚ ਵਿਚ ਰਖਿਆ ਜਾਂਦਾ ਹੈ ਤੇ ਜਦੋਂ ਉਹ ਸੱਭ ਉਤਾਰ ਦਿਤਾ ਕੀ ਤੁਹਾਡਾ ਅਪਣਾ ਦਿਲ ਮਰ ਗਿਆ ਕੀ ਹੋਇਆ?
ਜਵਾਬ: ਦੇਖੋ ਉਸ ਤੋਂ ਬਾਅਦ 1997 ਵਿਚ ਤਾਂ ਅਕਾਲੀਆਂ ਦੀ ਸਰਕਾਰ ਆ ਗਈ ਸੀ ਜਿਹੜੀ ਅਪਣੇ ਆਪ ਨੂੰ ਪੰਥਕ ਸਰਕਾਰ ਆਖਦੀ ਏ ਉਸ ਸਰਕਾਰ ਤੇ ਵੀ ਤੁਸੀਂ ਕੀ ਵਿਸ਼ਵਾਸ ਕਰੋਗੇ ਇਸ ਸਰਕਾਰ ਨੇ ਪਹਿਲਾਂ 86 ਵਿਚ ਦਸਤਖਤ ਕਰ ਕੇ ਖ਼ਾਲਿਸਤਾਨ ਦੇ ਹੱਕ ਵਿਚ ਹਾਮੀ ਭਰੀ ਤੇ ਫਿਰ ਅਪਣੇ ਮੁੰਡੇ ਨੂੰ ਬਾਹਰ ਭੇਜ ਕੇ ਲੋਕਾਂ ਦੇ ਮੁੰਡੇ ਮਰਵਾ ਦਿਤੇ। 1997 ਵਿਚ ਵੀ ਉਹੀ ਸਰਕਾਰ ਸੀ ਤੇ 1997 ਵਿਚ ਹੀ ਮੈਂ ਜੇਲ ਵਿਚੋਂ ਰਿਹਾਅ ਹੋਈ ਸੀ।

ਸਵਾਲ: ਤੇ ਜਦੋਂ ਜੇਲ ਵਿਚੋਂ ਬਾਹਰ ਆਏ ਤਾਂ ਤੁਹਾਨੂੰ ਲੱਗਿਆ ਨਹੀਂ ਕਿ ਹੁਣ ਅਕਾਲੀਆਂ ਦੀ ਸਰਕਾਰ ਆਈ ਹੈ ਤੇ ਹੁਣ ਸਾਨੂੰ ਨਿਆਂ ਮਿਲੇਗਾ?
ਜਵਾਬ : ਪਹਿਲਾਂ ਤਾਂ ਮੈਨੂੰ ਅਪਣੇ ਘਰ ਲਈ ਮਿਹਨਤ ਕਰਨੀ ਪਈ ਤੇ ਜੇਲ ਵਿਚ ਤਾਂ ਮੈਨੂੰ ਪੁਲਿਸ ਬਹੁਤ ਤੰਗ ਕਰਦੀ ਸੀ। ਦਿੱਲੀ ਵਿਚ ਤਾਂ ਛੱਡੋ ਪੰਜਾਬ ਵਿਚ ਵੀ ਜੇ ਕਿਸੇ ਉਤੇ ਕੋਈ ਵੀ ਦੋਸ਼ ਲੱਗ ਗਿਆ ਫਿਰ ਚਾਹੇ ਉਹ ਨਿਰਦੋਸ਼ ਹੀ ਹੋਵੇ ਪਹਿਲਾਂ ਤਾਂ ਉਸ ਦੇ ਪ੍ਰਵਾਰ ਵਾਲਿਆਂ ਨੂੰ ਚੁਕਦੇ ਹਨ ਤੇ ਪੁਲਿਸ ਵੀ ਜਦੋਂ ਜੀਅ ਕਰਦਾ ਤਲਾਸ਼ੀ ਲੈਣ ਆ ਜਾਂਦੇ ਨੇ ਜਦੋਂ ਮਰਜ਼ੀ ਜਾਂਦੇ ਨੇ।

ਇਸ ਤਰ੍ਹਾਂ ਦੇ ਹੀ ਹਾਲਾਤ ਦਿੱਲੀ ਵਿਚ ਹੁੰਦੇ ਰਹੇ ਹਨ ਕਿਉਂਕਿ ਉਥੇ ਕਿਸੇ ਫ਼ਾਇਲ ਵਿਚ ਮੇਰਾ ਨਾਮ ਆ ਗਿਆ ਸੀ ਤੇ ਪੁਲਿਸ ਮੈਨੂੰ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਵੀ ਤੰਗ ਕਰਨ ਲੱਗ ਪਈ ਤੇ ਨਾਲੇ ਮੇਰੀ ਤਾਂ ਐਨੇ ਵੱਡੇ ਬੰਦੇ ਨਾਲ ਦੁਸ਼ਮਣੀ ਸੀ ਐਮਐਲਏ ਸੀ, ਐਮਪੀ ਸੀ ਉਨ੍ਹਾਂ ਨੂੰ ਇਹ ਸੀ ਕਿ ਹੁਣ ਇਹ ਬਾਹਰ ਆ ਗਈ ਏ ਤੇ ਮੈਂ ਦੋ ਪਾਸੇ ਲੱਤਾਂ ਨਹੀਂ ਸੀ ਫਸਾ ਸਕਦੀ।

ਸਵਾਲ: ਮੈਨੂੰ ਬੜੀ ਹੈਰਾਨੀ ਹੁੰਦੀ ਏ ਕਿ ਅੱਜ ਸਾਰੇ ਕਹਿ ਰਹੇ ਨੇ ਕਿ ਅਸੀਂ ਖ਼ਾਲਿਸਤਾਨੀ ਹਾਂ ਅਤੇ ਅਕਾਲੀ ਹਾਂ ਤੇ ਕਾਂਗਰਸ ਵਖਰੀ ਅਪਣੇ ਨਿਆਂ ਦੀ ਗੱਲ ਕਰ ਰਹੀ ਹੈ ਤੁਸੀਂ 84 ਦੇ ਪੀੜਤ ਸੀ ਤੁਸੀਂ ਐਨਾ ਕੁੱਝ ਹੰਢਾਇਆ ਕੋਈ ਤੁਹਾਡੇ ਨਾਲ ਨਹੀਂ ਖੜਾ ਕੋਈ ਸਿਆਸਤਦਾਨ ਨਹੀਂ ਕੋਈ ਆਮ ਬੰਦਾ ਨਹੀਂ। ਕਹਿੰਦੇ ਸੀ ਕਿ ਐਨਾ ਪੈਸਾ ਬਾਹਰੋਂ ਆਇਆ ਤੇ ਕੋਈ ਇਕ ਵੀ ਬੰਦਾ ਨਹੀਂ ਸੀ ਵੈਸੇ ਤਾਂ ਸਾਰੇ ਬਹੁਤ ਕਹਿੰਦੇ ਨੇ ਕਿ ਅਸੀਂ ਮੁੱਛਾਂ ਖੜੀਆ ਛਾਤੀ ਚੌੜੀ ਕਰ ਕੇ ਤੁਰਦੇ ਹਾਂ ਬੜੀ ਸ਼ਰਮ ਦੀ ਗੱਲ ਹੈ ਕੋਈ ਤੁਹਾਡੇ ਨਾਲ ਨਹੀਂ ਖੜਾ?

ਜਵਾਬ : ਦੇਖੋ ਸਾਡੇ ਵਾਰੀ ਕੋਈ ਨਹੀਂ ਖੜਾ ਤੇ ਹੁਣ ਤਾਂ ਕਈ ਸੰਸਥਾਵਾਂ ਬਣ ਗਈਆਂ ਤੇ ਲੋਕੀਂ ਇਕ ਦੂਜੇ ਨਾਲ ਜਾ ਕੇ ਮੁਲਾਕਾਤ ਕਰਦੇ ਨੇ ਤੇ ਜਿਨ੍ਹਾਂ ਕੋਲ ਪੈਸਾ ਹੈ ਉਹ ਵਕੀਲ ਦੇ ਪੈਸੇ ਲਈ ਮਦਦ ਕਰਦਾ ਹੈ ਤੇ ਸਾਡੇ ਸਮੇਂ ਵਿਚ ਤਾਂ ਕੋਈ ਰਿਸ਼ਤੇਦਾਰ ਵੀ ਮਦਦ ਲਈ ਜਾਂਦਾ ਸੀ ਉਸ ਨੂੰ ਵੀ ਪੁਲਿਸ ਤੰਗ ਕਰਦੀ ਸੀ ਤਾਂ ਕਰ ਕੇ ਕੋਈ ਡਰਦਾ ਸਾਡੇ ਕੋਲ ਨਹੀਂ ਆਉਂਦਾ ਸੀ ਤੇ ਮੇਰੇ ਮਾਤਾ ਨੇ ਵੀ ਤਿੰਨ ਸਾਲ ਇਕ ਮਹੀਨਾ ਜੇਲ ਕੱਟੀ ਅਸੀਂ ਅਪਣੇ ਦਮ ਤੇ ਹੀ ਜੇਲ ਕੱਟੀ ਤੇ ਅਪਣੇ ਦਮ ਤੇ ਹੀ ਬਾਹਰ ਆਏ ਹਾਂ। ਅਸੀਂ ਆਪ ਹੀ ਕੇਸ ਲੜੇ ਨੇ ਤੇ ਅਸੀਂ ਜ਼ਮਾਨਤ ਤੇ ਬਾਹਰ ਆਉਣ ਦੇ ਬਾਵਜੂਦ ਵੀ ਸਾਨੂੰ ਤਾਂ ਕੋਈ ਬਲਾਉਂਦਾ ਵੀ ਨਹੀਂ ਸੀ। ਉਸ ਵੇਲੇ ਲੋਕ ਡਰਦੇ ਸਨ ਕਿ ਕਿਤੇ ਅਸੀਂ ਇਨ੍ਹਾਂ ਨਾਲ ਨਾ ਫਸ ਜਾਈਏ।

ਸਵਾਲ: 1991 ਵਿਚ ਜਦੋਂ ਤੁਸੀਂ 7 ਦਿਨ 11 ਸੈਕਟਰ ਵਿਚ ਰਹੇ ਉਸ ਸਮੇਂ ਤੁਹਾਡੇ ਨਾਲ ਐਨਾ ਮਾੜਾ ਹੋਇਆ ਤੇ ਐਨੇ ਮਰਦ ਖੜੇ ਦੇਖ ਰਹੇ ਸਨ ਔਰਤ ਦਾ ਮਨ ਅੰਦਰੋਂ ਟੁੱਟ ਜਾਂਦਾ ਹੈ ਪਰ ਕੀ ਇਕ ਵੀ ਜਥੇਬੰਦੀ ਤੁਹਾਡੇ ਨਾਲ ਆ ਕੇ ਖੜੀ ਨਹੀਂ ਹੋਈ?
ਜਵਾਬ: ਦੇਖੋ ਆਪਾਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਿ ਸਾਡੇ ਨਾਲ ਖੜੇ ਨਹੀਂ ਹੋਏ ਕਿਉਂਕਿ ਉਸ ਵੇਲੇ ਦੇ ਹਾਲਾਤ ਇਹ ਸਨ ਕਿ ਕਿਸੇ ਨੂੰ ਵੀ ਫੜ ਕੇ ਮਾਰ ਦਿੰਦੇ ਸਨ। ਜੇ ਪੰਥਕ ਪਾਰਟੀ ਚਾਹੁੰਦੀ 1997 ਵਿਚ ਅਕਾਲੀਆਂ ਦੀ ਪਾਰਟੀ ਆਈ ਇਨ੍ਹਾਂ ਨੂੰ ਨਹੀਂ ਸੀ ਪਤਾ ਕਿ ਕਿੰਨੇ ਨੌਜਵਾਨ ਮਾਰੇ ਨੇ ਕਾਂਗਰਸੀਆਂ ਨੇ। ਇਨ੍ਹਾਂ ਨੇ ਕਿੰਨਾ ਦੀ ਬਾਂਹ ਫੜੀ ਐ? ਅਸੀਂ ਤਾਂ ਕਹਿੰਦੇ ਕਿ ਸਾਡੇ ਨਾਲ ਖੜੋ ਕਿ ਜੇ ਇੰਨਾ ਨੇ ਬਾਕੀਆਂ ਦਾ ਸਾਥ ਦਿਤਾ ਹੁੰਦਾ ਅਸੀਂ ਅੱਜ ਤਕ ਇਹ ਨਹੀਂ ਪਤਾ ਕਰ ਸਕੇ ਕਿ ਸਾਡੇ ਕੁਲ ਬੰਦੇ ਮਰੇ ਕਿੰਨੇ ਨੇ ਸਾਡੇ ਹਾਲਾਤ ਇਹੋ ਜਿਹੇ ਨੇ।

ਜੋ ਇਜ਼ਹਾਰ ਆਲਮ ਹੈ 1988 ਵਿਚ ਮੈਂ ਫੜੀ ਗਈ ਹਾਂ ਉਸ ਵੇਲੇ ਇਹ ਮਾਲ ਮੰਡੀ ਹੁੰਦਾ ਸੀ ਫਿਰ ਸਾਨੂੰ ਮਾਲ ਮੰਡੀ ਵੀ ਲੈ ਕੇ ਗਏ ਉੱਥੇ ਕਿਹੜਾ ਮੇਰੇ ਨਾਲ ਘੱਟ ਹੋਈ ਹੈ। ਸਿਰਫ਼ ਸੁਮੇਧ ਸੈਣੀ ਹੀ ਨਹੀਂ ਸੀਤਾ ਰਾਮ, ਸਵਰਨ ਸਿੰਘ ਘੋਟਣਾ, ਗੋਬਿੰਦ ਰਾਮ ਸਾਰੇ ਹੀ ਤਸ਼ੱਦਦ ਕਰਦੇ ਸਨ। ਇਹ ਸੱਭ ਅਪਣੀ ਸਿਆਸਤ ਲਈ ਕਰਦੇ ਸਨ ਸਰਕਾਰਾਂ ਹੀ ਇਕ ਦੂਜੇ ਨਾਲ ਮਿਲੀਆਂ ਹੋਈਆਂ ਹਨ ਤੇ ਸਰਕਾਰਾਂ ਤਾਂ ਮਿਲੀਆਂ ਹਨ ਕਿਉਂਕਿ ਇਨ੍ਹਾਂ ਨੇ ਅਪਣੀ ਸਿਆਸਤ ਬਣਾਉਣੀ ਹੁੰਦੀ ਹੈ ਤੇ ਹੁਣ ਅਸਤੀਫ਼ਾ ਦੇ ਕੇ ਡਰਾਮਾ ਕਰ ਰਹੇ ਨੇ ਕਿ ਅਸੀਂ 2022 ਵਿਚ ਚੋਣਾਂ ਲੜ ਲਵਾਂਗੇ। ਇਹੋ ਜਿਹੀਆਂ ਨੇ ਇਹ ਪੰਥਕ ਪਾਰਟੀਆਂ ਇਹੀ ਕੁੱਝ ਇਨ੍ਹਾਂ ਨੇ ਉਸ ਸਮੇਂ ਕਰਨਾ ਸੀ।

ਸਵਾਲ: ਚਲੋ ਸਿਆਸਤਦਾਨ ਤਾਂ ਮੰਨਦੇ ਹਾਂ ਪਰ ਕੋਈ ਆਮ ਬੰਦਾ ਕੋਈ ਆਮ ਸਿੱਖ ਵੀ ਨਹੀਂ ਖੜਿਆ?
ਜਵਾਬ: ਸਿਆਸਤਦਾਨ ਹੀ ਤਾਂ ਆਮ ਲੋਕਾਂ ਦੀ ਜ਼ੁਬਾਨ ਬੰਦ ਕਰਦੇ ਨੇ ਇਨ੍ਹਾਂ ਨੇ ਕਈ ਪਿੰਡ ਖ਼ਾਲੀ ਕਰਵਾ ਦਿਤੇ। ਮਾਵਾਂ ਤਾਂ ਅੱਜ ਵੀ ਰੋਂਦੀਆਂ ਨੇ ਅਪਣੇ ਪੁੱਤਾਂ ਲਈ ਤੇ ਇਹੀ ਚਾਹੁੰਦੀਆਂ ਨੇ ਉਡੀਕ ਕਰਦੀਆਂ ਨੇ ਕਿ ਪੁੱਤ ਦੀ ਲਾਸ਼ ਹੀ ਮਿਲ ਜਾਵੇ। ਉਡੀਕ ਕਰਦੀਆਂ ਨੇ ਕਿ ਪੁੱਤ ਵਾਪਸ ਆ ਜਾਵੇ। ਜਿਹੜਾ ਕੋਈ ਬੋਲਦਾ ਸੀ ਉਸ ਨੂੰ ਇਹ ਮਾਰ ਦਿੰਦੇ ਸਨ।

ਸਵਾਲ : ਤੁਸੀਂ ਇਕ ਗੱਲ ਕਹੀ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਲੋਕ ਮਾਰੇ ਗਏ ਹਨ ਤੇ ਗੁਰਮੀਤ ਪਿੰਕੀ ਨੇ ਵੀ ਇਹੀ ਗੱਲ ਕਹੀ ਇਕ ਚਿੱਟਾ ਪੇਪਰ ਚਾਹੀਦਾ ਕਿਉਂਕਿ ਪੁਲਿਸ ਤੇ ਲੋਕਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ?
ਜਵਾਬ: ਇਥੇ ਮੈਂ ਬਿਲਕੁਲ ਵੀ ਸਹਿਮਤ ਨਹੀਂ ਹਾਂ ਕਿਉਂਕਿ ਜੇ ਪੁਲਿਸ ਦਾ ਬੰਦਾ ਮਰਿਆ ਤਾਂ ਉਸ ਨੂੰ ਪੈਨਸ਼ਨ ਵੀ ਮਿਲ ਗਈ ਉਹਦੇ ਘਰਦਿਆਂ ਨੂੰ ਨੌਕਰੀ ਵੀ ਮਿਲ ਗਈ ਪਰ ਜੋ ਆਮ ਲੋਕਾਂ ਵਿਚੋਂ ਕੋਈ ਮਰਿਆ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ ਕੋਈ ਮਰਿਆ ਵੀ ਹੈ ਜਾਂ ਜ਼ਿੰਦਾ ਹੈ। ਉਨ੍ਹਾਂ ਦੇ ਬੱਚੇ ਤਾਂ ਰੁਲ ਗਏ ਨੇ ਤੇ ਇਨ੍ਹਾਂ ਦੇ ਬੱਚੇ ਫਿਰ ਬਣ ਗਏ। ਪੁਲਿਸ ਨੂੰ ਆਪਾਂ ਕਹਿਣੇ ਆ ਪੁਲਿਸ ਨੀ ਕੋਈ ਗ਼ਲਤ ਕੰਮ ਕਰਦੀ ਤੇ ਮੈਂ ਕੀ ਹਥਿਆਰ ਚਲਾਏ ਸੀ

ਸਿਰਫ਼ ਡਾਇਰੀ ਵਿਚ ਹੀ ਨਾਮ ਸੀ ਤੇ ਮੇਰੇ ਤੇ ਇਨ੍ਹਾਂ ਨੇ ਕਿੰਨਾ ਤਸ਼ੱਦਦ ਕੀਤਾ ਕਾਨੂੰਨ ਵੀ ਇਹ ਕਹਿੰਦਾ ਕਿ ਜਦ ਤਕ ਆਖ਼ਰੀ ਫ਼ੈਸਲਾ ਨਹੀਂ ਲਿਆ ਜਾਂਦਾ ਤਦ ਤਕ ਬੰਦਾ ਨਿਰਦੋਸ਼ ਹੈ ਤੇ ਜੇ ਸੁਮੇਧ ਸੈਣੀ ਦੀ ਗੱਲ ਕਰੀਏ ਤਾਂ ਸੁਮੇਧ ਸੈਣੀ ਗਾਲ ਤੋਂ ਬਿਨਾਂ ਤਾਂ ਗੱਲ ਕਰਦਾ ਹੀ ਨਹੀਂ ਸੀ ਤੇ ਸਿਗਰਟ ਹਮੇਸ਼ਾ ਇਸ ਦੇ ਮੂੰਹ ਵਿਚ ਹੀ ਰਹਿੰਦੀ ਸੀ।

ਸਵਾਲ: ਜਿਸ ਦਿਨ ਤੁਸੀਂ ਇਸ ਨੂੰ ਪੰਜਾਬ ਦਾ ਡੀਜੀਪੀ ਬਣਦਾ ਦੇਖਿਆ ਤੁਹਾਨੂੰ ਉਸ ਸਮੇਂ ਕਿਵੇਂ ਮਹਿਸੂਸ ਹੋਇਆ?
ਜਵਾਬ: ਮੇਰਾ ਬੇਟਾ ਪਹਿਲਾਂ ਫ਼ਰੀਦਕੋਟ ਪੜ੍ਹਦਾ ਸੀ ਤੇ ਮੇਰੇ ਬੇਟੇ ਨੂੰ ਪੰਜਾਬ ਬੋਲਣੀ ਵੀ ਨਹੀਂ ਆਉਂਦੀ ਸੀ ਤੇ ਮੇਰਾ ਬੇਟਾ ਕਹਿੰਦਾ ਕਿ ਬੱਚੇ ਮੇਰਾ ਮਜ਼ਾਕ ਉਡਾਉਂਦੇ ਨੇ ਜੇ ਮੈਂ ਹਿੰਦੀ ਬੋਲਦਾ ਹਾਂ ਤਾਂ ਫਿਰ ਮੈਂ ਉਸ ਨੂੰ ਸ਼ਿਵਾਲਿਕ ਪਬਲਿਕ ਸਕੂਲ ਵਿਚ ਦਾਖ਼ਲ ਕਰਵਾ ਦਿਤਾ ਤੇ ਮੇਰੇ ਵਿਚ ਹਿੰਮਤ ਨਹੀਂ ਸੀ ਮੈਂ 2008 ਵਿਚ ਸੀਬੀਆਈ ਨਾਲ ਇਥੇ ਆਈ ਸੀ ਕਿਉਂਕਿ ਕੁੱਝ ਗਵਾਹੀ ਦੇਣ ਵਾਲਿਆਂ ਨਾਲ ਗੱਲ ਕਰਨ ਲਈ ਤੇ ਮੈਂ ਕਿਹਾ ਕਿ ਮੈਨੂੰ ਡਰ ਲਗਦਾ ਹੈ ਚੰਡੀਗੜ੍ਹ ਜਾਣ ਵਿਚ, ਤੇ ਮੈਂ ਕਿਹਾ ਕਿ ਤੁਸੀਂ ਇਹ ਨਾ ਦਸਿਉ ਕਿ ਤੁਸੀਂ ਸੀਬੀਆਈ ਵਾਲੇ ਹੋ ਮੈਂ ਤੁਹਾਨੂੰ ਅਪਣਾ ਕੋਈ ਰਿਸ਼ਤੇਦਾਰ ਬਣਾ ਲਵਾਂਗੀ ਤੇ ਤੁਸੀਂ ਜਾ ਕੇ ਉੱਥੇ ਗੱਲ ਕਰ ਲਿਉ

ਪਰ ਮੈਂ ਚੰਡੀਗੜ੍ਹ ਨਹੀਂ ਜਾਣਾ ਤੇ ਫਿਰ ਜੇ ਮੈਂ ਚੰਡੀਗੜ੍ਹ ਆਈ ਵੀ ਤਾਂ ਸਿਰਫ਼ ਸੁਰੇਸ਼ ਅਰੋੜਾ ਕਰ ਕੇ ਤੇ ਜੇ ਮੈਨੂੰ ਅੱਜ ਵੀ ਕਿਸੇ ਮਦਦ ਲਈ ਦੀ ਲੋੜ ਪੈਂਦੀ ਹੈ ਤਾਂ ਅੱਜ ਵੀ ਉਹ ਸਾਡੀ ਮਦਦ ਕਰਦੇ ਨੇ ਕਿਉਂਕਿ ਉਸ ਸਮੇਂ ਵੀ ਉਨ੍ਹਾਂ ਨੇ ਕਾਫ਼ੀ ਮਦਦ ਕੀਤੀ ਸੀ ਤੇ ਮੈਂ ਸਿਰਫ਼ ਦੋ ਬੰਦਿਆਂ ਕੋਲ ਹੀ ਜਾਂਦੀ ਇਕ ਗੁਰਪ੍ਰੀਤ ਸਿੰਘ ਭੁੱਲਰ ਕੋਲ ਤੇ ਦੂਜਾ ਸੁਰੇਸ਼ ਅਰੋੜਾ ਕੋਲ। ਸੁਰੇਸ਼ ਅਰੋੜਾ ਵੀ ਡੀਜੀਪੀ ਰਹੇ ਨੇ ਉਨ੍ਹਾਂ ਨੂੰ ਕਿਉਂ ਨਹੀਂ ਕਿਸੇ ਨੇ ਗ਼ਲਤ ਕਿਹਾ। ਜਦੋਂ ਮੈਨੂੰ ਪਤਾ ਲੱਗਾ ਕਿ ਸੁਰੇਸ਼ ਅਰੋੜਾ ਸਰ ਡੀਜੀਪੀ ਨੇ ਤਾਂ ਜਾ ਕੇ ਮੈਨੂੰ ਹੌਂਸਲਾ ਹੋਇਆ ਤੇ ਫਿਰ ਮੈਂ ਜਾ ਕੇ ਇਥੇ ਸਿਫ਼ਟ ਹੋਈ ਸੀ।

ਸਵਾਲ : ਸੁਮੇਧ ਸੈਣੀ ਨੂੰ ਅੱਗੇ ਵਧਦਾ ਦੇਖ ਕੇ ਕਿੱਦਾ ਮਹਿਸੂਸ ਕਰਦੇ ਹੋ?
ਜਵਾਬ: ਦੇਖੋ ਮੈਂ ਸੁਖਬੀਰ ਕੋਲ 4 ਵਾਰ ਗਈ ਹਾਂ ਉਸ ਦੇ ਘਰ ਪੇਸ਼ ਹੋਈ ਹਾਂ ਤੇ ਇਸ ਨੇ ਮੇਰੀ ਸਕਿਉਰਿਟੀ ਉਤਾਰ ਦਿਤੀ ਕਿਉਂਕਿ ਮੈਂ ਹੀ ਸਬੂਤ ਲੈਣ ਜਾਣ ਹੁੰਦਾ ਸੀ ਘਰ-ਘਰ ਜਿਸ ਕੋਲ ਵੀ ਹੁੰਦਾ ਸੀ ਸੱਜਣ ਕੁਮਾਰ ਦੇ ਕੇਸ ਵਿਚ ਤੇ ਮੇਰੇ ਕੋਲ ਪੰਜਾਬ ਪੁਲਿਸ ਸੀ ਤੇ ਉਦੋਂ ਅਰੋੜਾ ਸਰ ਵਿਜੀਲੈਂਸ ਵਿਚ ਸਨ ਤੇ ਉਨ੍ਹਾਂ ਕਿਹਾ ਕਿ ਮੈਂ ਹੁਣ ਇਧਰ ਹਾਂ ਉਧਰ ਨਹੀਂ ਜਾ ਸਕਦਾ ਤੇ ਤੁਸੀਂ ਇਕ ਵਾਰ ਡੀਜੀਪੀ ਨੂੰ ਜਾ ਕੇ ਮਿਲੋ ਫਿਰ ਮੈਂ ਕਿਹਾ ਮੈਨੂੰ ਮਰਨਾ ਮਨਜ਼ੂਰ ਹੈ ਪਰ ਮੈਂ ਉਸ ਕੋਲ ਨਹੀਂ ਜਾਵਾਂਗੀ। ਫਿਰ ਉਹ ਮੈਨੂੰ ਕਹਿੰਦੇ ਤੁਸੀਂ ਸੁਖਬੀਰ ਬਾਦਲ ਨੂੰ ਜਾ ਕੇ ਮਿਲੋ ਤੇ ਮੈਂ 4 ਵਾਰ ਉਸ ਕੋਲ ਗਈ ਤੇ ਉਸ ਸਮੇਂ ਮੈਂ ਐਨਾ ਡਰਦੀ ਹੁੰਦੀ ਸੀ ਕੇ ਮੈਂ ਭੁੱਲਰ ਵੀਰ ਜੀ ਹੋਰਾਂ ਨੂੰ ਅਪਣੇ ਘਰ ਦਾ ਨੰਬਰ ਤੇ ਪਤਾ ਦਿੰਦੀ ਸੀ ਕਿਉਂਕਿ ਮੇਰੇ ਬੱਚੇ ਵੀ ਨਾਲ ਸੀ।

ਤੇ ਫਿਰ ਜਦੋਂ ਮਨਜੀਤ ਜੀਕੇ ਅਤੇ ਫੂਲਕਾ ਵੀਰ ਜੀ ਨੇ ਜ਼ੋਰ ਪਾਇਆ ਤਾਂ ਜਾ ਕੇ ਮੇਰੀ ਸਕਿਉਰਿਟੀ ਵਾਪਸ ਮੈਨੂੰ ਮਿਲੀ ਤੇ ਉਹ ਵੀ 4 ਗਾਰਡ ਤੋਂ ਸਿਰਫ਼ 2 ਗਾਰਡ ਦੀ ਸਕਿਉਰਿਟੀ ਮੈਨੂੰ ਦਿਤੀ ਗਈ ਤੇ ਸੁਮੇਧ ਸੈਣੀ ਵਿਚ ਐਨੀ ਖੁੰਦਕ ਹੈ ਜਦੋਂ ਇਸ ਨੇ ਮੈਨੂੰ ਕੁੱਟਿਆ ਸੀ ਤਾਂ ਮੈਂ ਇਸ ਨੂੰ ਕਿਹਾ ਕਿ ਮੇਰੀ ਤੇਰੇ ਨਾਲ ਦੁਸ਼ਮਣੀ ਨਹੀਂ ਹੈ ਮੇਰੀ ਦਿੱਲੀ ਵਾਲਾਂ ਨਾਲ ਦੁਸ਼ਮਣੀ ਹੈ ਜਿਨ੍ਹਾਂ ਨੇ ਮੇਰੇ ਪਿਤਾ ਨੂੰ ਮਾਰਿਆ ਇਹ ਸੁਣਨ ਤੋਂ ਬਾਅਦ ਵੀ ਇਸ ਨੇ ਮੈਨੂੰ ਮਾਰਿਆ ਤੇ ਜੋ ਮੇਰੇ ਨਾਲ ਸਨ ਸੁਮਧ ਸੈਣੀ ਉਨ੍ਹਾਂ ਤੋਂ ਮੇਰੇ ਬਾਰੇ ਪੁਛਦਾ ਸੀ ਤਾਂ ਉਹ ਕਹਿੰਦੇ ਰਹਿੰਦੇ ਸੀ ਕਿ ਸਾਨੂੰ ਨਹੀਂ ਪਤਾ ਇਸ ਬਾਰੇ ਅਸੀਂ ਨਹੀਂ ਜਾਣਦੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮੇਰਾ ਇਕ ਬੇਟਾ ਵੀ ਹੈ ਤੇ ਜੇ ਅਸੀਂ ਦਸਿਆ ਤਾਂ ਉਸ ਨੇ ਉਸ ਨੂੰ ਵੀ ਮਾਰ ਦੇਣਾ ਹੈ।

ਸਵਾਲ: ਮੈਂ ਕਾਫ਼ੀ ਵਾਰ ਸੁਣਿਆ ਕਿ ਕਿ ਜੋ ਮੁੰਡੇ ਤੁਹਾਡੇ ਨਾਲ ਸੀ ਉਨ੍ਹਾਂ ਵਿਚ ਬਰਦਾਸ਼ਤ ਕਰਨ ਦੀ ਤਾਕਤ ਬਹੁਤ ਸੀ ਕੀ ਐਨੀ ਤਾਕਤ ਸੀ ਉਸ ਸਮੇਂ?
ਜਵਾਬ : ਦੇਖੋ ਮੇਰੇ ਨਾਲ ਇਕ ਮੁੰਡਾ ਹੁੰਦਾ ਸੀ ਹਰਵਿੰਦਰ ਉਹ 2003 ਵਿਚ ਰੋਪੜ ਤੋਂ ਐਮਸੀ ਵੀ ਰਿਹਾ ਤੇ ਉਸ ਨਾਲ ਐਨੀ ਕੁੱਟਮਾਰ ਕੀਤੀ ਗਈ ਸੀ ਕਿ ਉਸ ਦੇ ਨੀਲ ਪਏ ਹੋਏ ਸੀ ਤੇ ਉਸ ਦੇ ਚਿਹਰੇ ਤੇ ਐਨੀ ਸੋਜ ਆਈ ਹੋਈ ਸੀ ਕਿ ਉਸ ਨੂੰ ਪਛਾਣਨਾ ਮੁਸ਼ਕਲ ਸੀ ਤੇ ਇਕ ਵਾਰ ਤਾਂ ਸੁਮੇਧ ਸੈਣੀ ਨੇ ਮੈਨੂੰ ਕੇਸਾਂ ਨਾਲ ਪੱਖੇ ਨਾਲ ਪੁਠਾ ਲਟਕਾ ਦਿਤਾ ਸੀ ਤੇ ਮੇਰਾ ਝੂਲਾ ਬਣਾ ਦਿਤਾ ਸੀ ਫਿਰ ਮੈਨੂੰ ਤਸੀਹੇ ਦਿਤੇ ਗਏ ਸਨ ਤੇ ਉਸ ਸਮੇਂ ਦਾ ਮੇਰਾ ਇਕ ਦੰਦ ਟੁੱਟ ਗਿਆ ਸੀ ਤੇ ਉਹ ਮੈਂ ਅਜੇ ਤਕ ਨਹੀਂ ਲਵਾਇਆ ਕਿਉਂਕਿ ਮੈਂ ਯਾਦ ਰੱਖਣਾ ਚਾਹੁੰਦੀ ਸੀ ਕਿ ਮੇਰੇ ਨਾਲ ਸੁਮੇਧ ਸੈਣੀ ਨੇ ਐਨਾ ਕੁੱਝ ਕੀਤਾ।

ਸਵਾਲ : ਤੁਸੀਂ ਇਹ ਐਨਾ ਭਾਰ ਕਿਵੇਂ ਚੁੱਕਦੇ ਹੋ?
ਜਵਾਬ : ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜੇ ਸਿੱਖੀ ਲੈਣੀ ਹੈ ਤਾਂ ਸਿੱਖੀ ਸੌਖੀ ਤਾਂ ਨਹੀਂ ਨਿਭਾਉਣੀ ਫਿਰ ਇਹ ਤਾਂ ਝੱਲਣਾ ਹੀ ਪਵੇਗਾ ਤੇ ਜੇ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਫਿਰ ਤੁਹਾਡੇ ਲਈ ਸੱਭ ਅਸਾਨ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜੋ ਅਪਣੇ ਆਪ ਨੂੰ ਸੱਚਾ ਜਥੇਦਾਰ ਦਸਦਾ ਹੈ ਉਹ ਅੱਜ ਕਿਉਂ ਨਹੀਂ ਬੋਲਦਾ ਗਾਇਬ ਸਰੂਪਾਂ ਬਾਰੇ ਜਿਨ੍ਹਾਂ ਨੇ ਡੇਰਾ ਸਿਰਸਾ ਨੂੰ ਮਾਫ਼ੀ ਦਿਤੀ। ਉਨ੍ਹਾਂ ਨੂੰ ਪੇਸ਼ ਕਰੋ ਤੇ ਤਲਬ ਕਰੋ ਤੇ ਉਹ ਸੁਮੇਧ ਸੈਣੀ ਬਾਰੇ ਵੀ ਕਿਉਂ ਬੋਲਣਗੇ ਕਿਉਂਕਿ ਉਹ ਉਨ੍ਹਾਂ ਦਾ ਤਾਂ ਬੰਦਾ ਹੈ। ਕੋਈ ਅਪਣੇ ਬੰਦੇ ਵਿਰੁਧ ਕਿਉਂ ਬੋਲੇਗਾ। ਉਹ ਕਦੇ ਨਹੀਂ ਬੋਲੇਗਾ ਤੇ ਨਾ ਹੀ ਉਹ ਗ਼ਾਇਬ ਸਰੂਪਾਂ ਬਾਰੇ ਬੋਲੇਗਾ।

ਸਵਾਲ : ਨਿਰਪ੍ਰੀਤ ਬਹੁਤ ਨਿਡਰ ਤੇ ਤੁਸੀਂ ਅਪਣੇ ਪਿਤਾ ਦਾ ਪਿਆਰ ਬਹੁਤ ਲਿਆ?
ਜਵਾਬ: ਹਾਂ ਮੈਂ ਅਪਣੇ ਪਿਤਾ ਦਾ ਪਿਆਰ ਬਹੁਤ ਲਿਆ ਮੈਂ ਉਹ ਨਹੀਂ ਭੁੱਲ ਸਕਦੀ। ਬਹੁਤ ਲੋਕ ਸੱਚ ਦਾ ਸਾਥ ਦੇਣਾ ਚਾਹੁੰਦੇ ਨੇ ਪਰ ਲੋਕਾਂ ਦੀਆਂ ਮਜਬੂਰੀਆਂ ਉਹ ਡਰ ਜਾਂਦੇ ਨੇ ਕਿ ਪਿੱਛੇ ਉਨ੍ਹਾਂ ਦੇ ਬੱਚੇ ਰੁਲ ਜਾਣਗੇ। ਕਿਉਂਕਿ ਸੱਚ ਦਾ ਸਾਥ ਦੇਣ ਵਾਲਿਆਂ ਨਾਲ ਮਾੜਾ ਹੀ ਹੋਇਆ ਹੈ।

ਸਵਾਲ: ਅੱਜ ਲੱਗਦਾ ਹੈ ਕਿ ਨਿਆਂ ਮਿਲੇਗਾ ਤੇ ਜੋ ਸੁਮੇਧ ਸੈਣੀ ਨੇ ਕੀਤਾ ਉਸ ਦੀ ਸਜ਼ਾ ਉਸ ਨੂੰ ਮਿਲੇਗੀ?
ਜਵਾਬ : ਸੁਪਰੀਮ ਕਰੋਟ ਨੇ 29 ਸਾਲ ਬਾਅਦ ਵੀ ਇਹ ਕਹਿ ਦਿਤਾ ਕਿ ਐਨੀ ਕਾਹਲੀ ਕੀ ਹੈ ਉਸ ਨੂੰ ਫੜਨ ਦੀ। ਜੱਜਾਂ ਦੀ ਵੀ ਜ਼ਮੀਰ ਮਰ ਗਈ ਤੇ ਜਾਂ ਫਿਰ ਉਨ੍ਹਾਂ ਕੋਲ ਇਹ ਵੀਡੀਓਜ਼ ਜਾ ਨਹੀਂ ਰਹੀਆਂ ਕਿ ਕੀ ਹੋਇਆ। ਮੈਨੂੰ ਲੱਗਦਾ ਹੈ ਕਿ ਉਸ ਨੂੰ ਜ਼ਮਾਨਤ ਮਿਲੇਗੀ ਕਿਉਂਕਿ ਜੋ ਸਾਡੇ ਕੇਸ ਵਿਚ ਹੋਇਆ ਉਹੀ ਇਥੇ ਹੋ ਰਿਹਾ। ਉਸ ਨੂੰ ਪਰਮਾਨੈਂਟ ਜ਼ਮਾਨਤ ਵੀ ਮਿਲ ਜਾਵੇਗੀ ਕੇਸ ਵੀ ਚਲਦਾ ਰਹੇਗਾ। ਜੇ ਅਕਾਲੀ ਸਰਕਾਰ ਆ ਗਈ ਬਸ ਸਰਕਾਰਾਂ ਦਾ ਇਹ ਚਲ ਰਿਹਾ ਕਿ ਅੱਜ ਮੈਂ ਤੇ ਕਲ ਤੂੰ।

ਆਖ਼ਰ ਵਿਚ ਨਿਮਰਤ ਕੌਰ ਨੇ ਕਿਹਾ ਕਿ ਸਾਡੇ ਨਾਂ ਨਾਲ ਇਕ ਨਾਮ ਜੁੜ ਗਿਆ ਹੈ ਕਿ ਅਸੀਂ ਖ਼ੁਦ ਨੂੰ ਐਨਾ ਮਜ਼ਬੂਤ ਦਸਦੇ ਫਿਰਦੇ ਹਾਂ ਪਰ ਹਾਂ ਅਸੀਂ ਮਜਬੂਰ। ਕੀ ਅਸੀਂ ਇਸ ਦਾਗ ਨੂੰ ਉਤਾਰ ਪਾਵਾਂਗੇ ਅਪਣੇ ਨਾਲੋਂ।