ਰੱਬ ਕਰੇ ਕਿਸੇ ਨੂੰ ਕੋਰੋਨਾ ਬੀਮਾਰੀ ਨਾ ਹੋਵੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਰ ਜੇ ਹੋ ਜਾਵੇ (ਜਿਵੇਂ ਮੈਨੂੰ ਹੋਈ ਸੀ) ਤਾਂ ਡਰਨਾ ਨਹੀਂ ਤੇ ਜਿੱਤਣ ਦੇ ਇਰਾਦੇ ਨਾਲ ਲੜਨਾ ਹੈ...

corona disease

ਕੋਰੋਨਾ ਬਿਮਾਰੀ ਦੀ ਮੁਢਲੀ ਜਾਣ ਪਛਾਣ : ਇਹ ਇਕ ਲਾ-ਇਲਾਜ ਤੇ ਜਾਨ ਲੇਵਾ ਬਿਮਾਰੀ ਹੈ ਜੋ ਸਾਡੀ ਸਾਹ ਪ੍ਰਣਾਲੀ ਨੂੰ ਰੋਗੀ ਕਰ ਕੇ ਖ਼ਤਮ ਕਰ ਦਿੰਦੀ ਹੈ ਜਿਸ ਨੂੰ ਡਬਲਿਊ ਐਚ ਓ ਨੇ ਮਹਾਂਮਾਰੀ ਐਲਾਨਿਆ ਹੈ। ਮੌਤ ਦੇ ਮੂੰਹ 'ਚ ਲਿਜਾਣ ਵਾਲੀ ਇਸ ਬਿਮਾਰੀ ਨੂੰ ਸਮਝਣ ਲਈ ਦੇਸੀ ਭਾਸ਼ਾ ਵਿਚ ਗੱਲ ਕਰਾਂਗਾ ਤਾਂ ਜੋ ਸੱਭ ਦੀ ਪਕੜ 'ਚ ਆ ਜਾਵੇ। ਮਿੱਤਰੋ ਜਿਨ੍ਹਾਂ ਨੂੰ ਇਸ ਬਿਮਾਰੀ ਦੀ ਲਾਗ ਲੱਗ ਜਾਂਦੀ ਹੈ ਉਨ੍ਹਾਂ ਵਿਚੋਂ  80 ਫ਼ੀ ਸਦੀ ਲੋਕਾਂ 'ਚ ਸੁੱਕੀ ਖਾਂਸੀ, ਬੁਖ਼ਾਰ ਤੇ ਗਲਾ ਖ਼ਰਾਬ ਹੋ ਕੇ, ਫਿਰ ਸਰੀਰ ਦੀ ਬਿਮਾਰੀ ਵਿਰੋਧੀ ਸ਼ਕਤੀ (ਈਮਿਊਨਿਟੀ) ਨਾਲ ਠੀਕ ਹੋ ਜਾਂਦੀ ਹੈ (ਬਸ਼ਰਤੇ ਕਿ ਸਾਵਧਾਨੀ ਵਰਤੀ ਜਾਵੇ) ਬਾਕੀ 14 ਫ਼ੀ ਸਦੀ ਲੋਕਾਂ ਨੂੰ ਆਕਸੀਜਨ ਦੀ ਘਾਟ ਕਾਰਨ ਸਾਹ ਦੀ ਘੁਟਣ ਦੀ ਸ਼ਿਕਾਇਤ ਦੇ ਨਾਲ ਤੇਜ਼ ਬੁਖ਼ਾਰ, ਫੇਫੜਿਆਂ ਦੀ ਸੋਜ਼ਿਸ਼ ਤੇ ਇਨਫ਼ੈਕਸ਼ਨ ਹੋ ਜਾਂਦੀ ਹੈ ਅਤੇ ਇਸ ਤੋਂ ਅੱਗੇ 6 ਫ਼ੀ ਸਦੀ ਲੋਕਾਂ ਦੇ ਫੇਫੜਿਆਂ ਦਾ ਗੰਭੀਰ ਨੁਕਸਾਨ ਕਰਦੀ ਹੋਈ ਮੌਤ ਦਾ ਕਾਰਨ ਬਣਦੀ ਹੈ। ਕਿਸ ਨੂੰ ਕਿੰਨਾ ਨੁਕਸਾਨ ਹੋਵੇਗਾ, ਕੋਈ ਨਹੀਂ ਜਾਣਦਾ।

ਮੈਂ ਸਮਾਜ ਨੂੰ ਸੁਚੇਤ ਕਰਨ ਲਈ ਅਪਣਾ ਪ੍ਰਤੀਕਰਮ ਅਪਣੇ ਨਿਜੀ ਤੁਜਰਬੇ ਰਾਹੀਂ ਕਰਾਂਗਾ ਅਤੇ ਮੇਰੇ ਨਾਲ ਹੋਈ ਬੀਤੀ ਹੂ-ਬ-ਹੂ ਬਿਆਨ ਕਰਾਂਗਾ ਤਾਂ ਜੋ ਸਮਾਜ ਨੂੰ ਅਸਲੀਅਤ ਪਤਾ ਲੱਗ ਸਕੇ । ਹੈਲਥ ਮਹਿਕਮੇ 'ਚ ਬਤੌਰ ਫ਼ਾਰਮੇਸੀ ਅਫ਼ਸਰ ਸੇਵਾ ਨਿਭਾਉਂਦੇ ਹੋਏ, ਕੋਰੋਨਾ ਦੇ ਇਸ  ਦੌਰ 'ਚ 6 ਮਹੀਨੇ ਲੰਘ ਗਏ ਸਨ। ਮਰੀਜ਼ਾਂ ਨੂੰ ਸੇਵਾ ਦਿੰਦਿਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਕਿਤੇ ਨਾ ਕਿਤੇ ਗ਼ਲਤੀ ਹੋਈ ਹੋਵੇਗੀ ਤਾਂ ਹੀ ਇਹ ਕੋਰੋਨਾ ਵਾਇਰਸ ਮੇਰੇ ਅੰਦਰ ਪ੍ਰਵੇਸ਼ ਹੋਇਆ। ਅਚਾਨਕ ਮੈਨੂੰ ਇਕ ਦਿਨ ਰਾਤ ਨੂੰ ਠੰਢ ਲੱਗੀ ਤੇ ਬੁਖਾਰ ਹੋ ਗਿਆ। ਸਵੇਰ ਹੋਣ ਤਕ ਗਲੇ 'ਚ ਦਰਦ ਤੇ ਖ਼ਰਾਸ਼ ਦੀ ਸ਼ਿਕਾਇਤ ਹੋ ਗਈ। ਮੈਂ ਲੱਛਣਾਂ ਦੇ ਅਧਾਰ 'ਤੇ ਦਵਾਈ ਖਾਧੀ ਅਤੇ ਗਰਮ ਪਾਣੀ ਅਤੇ ਕਾਹੜਾ ਲੈਣਾ ਸ਼ੁਰੂ ਕੀਤਾ ਅਤੇ ਨਾਲ ਹੀ ਪ੍ਰਵਾਰ ਅਤੇ ਦੂਸਰਿਆਂ ਤੋਂ ਦੂਰੀ ਬਣਾ ਲਈ ਅਤੇ ਸਾਵਧਾਨੀਆਂ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਧਿਆਨ ਰਖਣਾ ਸ਼ੁਰੂ ਕੀਤਾ।

ਤਿੰਨ ਤੋਂ 4 ਦਿਨ ਤਕ ਸਰੀਰ ਦੀ ਹਾਲਤ ਕਦੀ ਬਿਮਾਰ ਕਦੇ ਠੀਕ ਵਾਲੀ ਪਰ ਤਸੱਲੀਬਖ਼ਸ਼ ਨਹੀਂ ਸੀ। ਪੰਜਵੇਂ ਦਿਨ ਸ਼ਾਮ ਨੂੰ ਥੋੜ੍ਹਾ ਜਿਹਾ ਤੁਰਿਆਂ ਅਚਾਨਕ ਸੁੱਕੀ ਖਾਂਸੀ ਅਤੇ ਸਾਹ ਚੜ੍ਹਨਾ ਸ਼ੁਰੂ ਹੋ ਗਿਆ। ਮੈਂ ਦਵਾਈ ਲਈ ਤੇ ਅਰਾਮ ਕੀਤਾ ਤੇ ਆਮ ਵਾਂਗੂ ਰਾਤ ਦਾ ਖਾਣਾ ਖਾ ਕੇ ਸੌਂ ਗਿਆ ਤੇ ਅਚਾਨਕ ਰਾਤ 1 ਵਜੇ ਦੇ ਕਰੀਬ ਉਠਿਆ ਤਾਂ ਜ਼ੋਰ ਦੀ ਖਾਂਸੀ ਛਿੜ ਗਈ। ਖਾਂਸੀ ਵੀ ਅਜਿਹੀ ਛਿੜੀ ਕਿ ਸਾਹ ਲੈਣਾ ਮੁਸ਼ਕਲ ਹੋ ਗਿਆ ਤੇ ਗੱਲ ਕਰਨੀ ਅਸੰਭਵ ਹੋ ਗਈ। ਫਿਰ ਮੈਂ ਅਪਣੀ ਪਤਨੀ ਕੋਲੋਂ ਇੰਜੈਕਸ਼ਨ ਲਗਵਾਇਆ ਤੇ ਹੌਲੀ-ਹੌਲੀ ਰਾਹਤ ਮਿਲੀ ਤੇ ਅਰਾਮ ਨਾਲ ਬੈੱਡ 'ਤੇ ਟਿਕ ਗਿਆ ਅਤੇ ਸਮਝ ਗਿਆ ਕਿ ਇਹ ਲੱਛਣ ਕੋਰੋਨਾ ਬਿਮਾਰੀ ਦੇ ਹੀ ਹਨ ਅਤੇ ਸਵੇਰੇ ਅਪਣੇ ਟੈਸਟ ਕਾਰਵਾਉਣ ਲਈ ਹੈਲਥ ਸੈਂਟਰ ਨਾਲ ਰਾਬਤਾ ਕਾਇਮ ਕਰ ਕੇ ਅਪਣੇ ਟੈਸਟ ਕਾਰਵਾਉਣ ਲਈ ਪਹੁੰਚ ਗਿਆ ਜਿਥੇ ਮੇਰਾ ਕੋਰੋਨਾ ਰੈਪਿਡ ਟੈਸਟ ਪਾਜ਼ੇਟਿਵ ਆਇਆ ਅਤੇ ਦੂਸਰਾ ਟੈਸਟ ਆਰਟੀ-ਪੀਸੀਆਰ ਲਈ ਮੇਰਾ ਸੈਂਪਲ ਅੱਗੇ ਭੇਜਿਆ ਗਿਆ, ਜਿਸ ਦੀ ਰੀਪੋਰਟ 24 ਘੰਟੇ ਬਾਅਦ ਆਉਣੀ ਸੀ। ਮੈਨੂੰ ਲੱਗ ਰਿਹਾ ਸੀ ਕਿ ਇਹ ਵੀ ਪਾਜ਼ੇਟਿਵ ਹੀ ਆਵੇਗੀ।

ਇਸ ਤੋਂ ਇਲਾਵਾ ਮੈਂ ਜ਼ਰੂਰੀ ਖ਼ੂਨ ਦੇ ਟੈਸਟ ਅਤੇ ਛਾਤੀ ਦਾ ਐਕਸਰੇ ਵੀ ਕਰਵਾ ਲਏ । ਸਤਿਗੁਰੂ ਜੀ ਦੀ ਕਿਰਪਾ ਸਦਕਾ ਨਾ ਮੈਂ ਡੋਲਿਆ ਨਾ ਘਬਰਾਇਆ ਸਗੋਂ ਸਿਆਣਪ ਤੋਂ ਕੰਮ ਲੈਂਦਿਆਂ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰੀ ਕੀਤੀ। ਭਾਂਵੇਂ ਕਿ ਚੁਣੌਤੀਆਂ ਬਹੁਤ ਸਨ ਜਿਵੇਂ ਕਿ ਪ੍ਰਵਾਰ ਤੋਂ ਦੂਰੀ ਬਣਾ ਕੇ ਉਨ੍ਹਾਂ ਦੀ ਹਿਫ਼ਾਜ਼ਤ, ਬਿਮਾਰੀ ਦੀ ਗੰਭੀਰਤਾ ਕਾਰਨ ਇਲਾਜ ਲਈ ਇਕੱਲੇ ਪੈ ਜਾਣਾ, ਕੋਰੋਨਾ ਮਰੀਜ਼ਾਂ ਲਈ ਇਲਾਜ ਪ੍ਰਣਾਲੀ ਸਰਕਾਰੀ ਜਾਂ ਪ੍ਰਾਈਵੇਟ, ਕੋਰੋਨਾ ਸਬੰਧੀ ਬਣਾਈ ਕਨੂੰਨੀ ਪ੍ਰਕਿਰਿਆ, ਆਰਥਕਤਾ, ਘਰ 'ਚ ਮੌਜੂਦ 70 ਸਾਲ ਤੋਂ ਉਪਰ ਮਾਪੇ, ਸਮਾਜ 'ਚ ਹੋਈਆਂ ਅਤੇ ਫੈਲੀਆਂ ਅਫ਼ਵਾਹਾਂ ਜਾਂ  ਹਕੀਕਤਾਂ ਦਾ ਦਬਾਅ, ਸਰੀਰਕ ਅਪੰਗਤਾ, ਪਰਵਾਰ ਦੀ ਭਾਵਨਾਤਮਕ ਭਾਵਨਾ ਨਾਲ ਟਕਰਾ ਕੇ ਵੀ ਉਨ੍ਹਾਂ ਦੀ ਸੁਰੱਖਿਆ ਲਈ ਯਤਨ,  ਇਸ ਸੱਭ ਦੇ ਬਾਵਜੂਦ ਅਕਾਲ ਪੁਰਖ ਵਲ ਧਿਆਨ ਕਰ ਕੇ ਅਰਦਾਸ ਕੀਤੀ ਤੇ  ਫ਼ੈਸਲਾ ਲਿਆ ਕਿ ਘਰ 'ਚ ਹੀ ਸਰਕਾਰ ਪਾਸੋਂ ਹੋਮ ਆਈਸੋਲੇਸ਼ਨ ਦੀ ਆਗਿਆ ਲੈ ਕੇ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾ ਕੇ ਖੁਦ ਹੀ ਇਲਾਜ ਕੀਤਾ ਜਾਵੇ।

ਅਪਣੇ ਮਹਿਕਮੇ ਦੇ ਸੀਨੀਆਰ ਡਾਕਟਰ ਵਲੋਂ ਦੱਸੀਆਂ ਹਦਾਇਤਾਂ ਅਤੇ ਇਲਾਜ ਸਬੰਧੀ ਕਾਰਵਾਈ ਸ਼ੁਰੂ ਕੀਤੀ। ਪਰਵਾਰ ਨੂੰ ਸਮਝਾਇਆ ਅਤੇ ਸਾਰੀਆਂ ਪ੍ਰਸਥਿਤੀਆਂ ਤੋਂ ਜਾਣੂ ਕਰਵਾਇਆ। ਪਤਨੀ ਅਤੇ ਬੇਟੇ ਨੂੰ ਪੀਪੀਈ ਕਿੱਟ ਵਰਗਾ ਸੁਰੱਖਿਆ ਕਵਚ ਬਣਾ ਕੇ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕੀਤੇ ਜਾਣ ਦੀ ਹਦਾਇਤ ਕੀਤੀ। ਸੱਚ ਮੁੱਚ ਜੋ ਹਿਫ਼ਾਜ਼ਤ ਮੇਰੀ ਪਤਨੀ ਅਤੇ ਬੇਟੇ ਨੇ ਅਪਣੀ ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਕੀਤੀ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਂਮਾਰੀ ਦੇ ਦੌਰ 'ਚ ਬਣੇ ਹਾਲਾਤ ਵਿਚ ਤੁਹਾਡੇ ਲਈ ਜੋ ਕੁੱਝ ਤੁਹਾਡਾ ਕੋਈ ਅਪਣਾ ਕਰ ਸਕਦਾ ਹੈ, ਦੂਸਰਾ ਕੋਈ ਨਹੀਂ ਕਰ ਸਕਦਾ। ਮੈਂ ਜ਼ਰੂਰੀ ਉਪਕਰਨ ਜਿਵੇ ਕਿ Pulseoxymeter, thermometer, 2P apparatus, oxygen cylinder, Nebulizer  ਆਦਿ ਦਾ ਪ੍ਰਬੰਧ ਕਰ ਕੇ ਆਪਣੇ ਆਪ ਨੂੰ ਇਕ ਕਮਰੇ ਤਕ ਸੀਮਤ ਕਰ ਲਿਆ। ਪਿਛਲੀ ਰਾਤ ਦੀ ਤਰ੍ਹਾਂ 6ਵੇਂ ਦਿਨ ਦੀ ਰਾਤ ਨੂੰ ਵੀ ਖਾਂਸੀ ਅਤੇ ਸਾਹ ਚੜ੍ਹਨ ਦੀ ਸ਼ਿਕਾਇਤ ਕਾਰਨ ਇਸ ਰਾਤ ਵੀ ਨੀਂਦ ਨਾ ਆਈ।

7ਵੇਂ ਦਿਨ ਵੀ ਸਾਰਾ ਦਿਨ ਬੁਖਾਰ, ਉਨੀਂਦਰਾ, ਤਰੇਲੀਆਂ ਦੇ ਨਾਲ ਨਾਲ ਬੈੱਡ 'ਤੇ ਬੈਠਿਆਂ, ਥੋੜੀ ਜਿਹੀ ਹਿਲਜੁਲ ਕਾਰਨ ਸਾਹ ਚੜ੍ਹਦਾ ਸੀ ਅਤੇ ਰਾਤ ਨੂੰ  ਨੀਂਦ ਦਾ ਜ਼ੋਰ ਪੈਣ 'ਤੇ ਝਪਕੀ ਲੈਂਦਿਆਂ ਹੀ ਤ੍ਰਭਕ ਕੇ ਉਠਦਾ ਸੀ। ਕਮਰੇ ਦੇ ਅਟੈਚ ਬਾਥਰੂਮ ਤਕ ਜਾਣਾ ਵੀ ਹਾਲਤ ਖ਼ਰਾਬ ਕਰ ਦਿੰਦਾ ਸੀ। ਇਸ ਲਈ ਮੈਂ ਅਪਣੇ ਬਿਸਤਰ 'ਤੇ ਹੀ ਪਿਸ਼ਾਬ ਵਾਲਾ ਭਾਂਡਾ ਵਰਤਣਾ ਬਿਹਤਰ ਸਮਝਿਆ। ਕੋਰੋਨਾ ਬਿਮਾਰੀ ਵਿਚ ਦਿਲ ਦਾ ਦੌਰਾ ਜਾਂ ਸਦਮੇ ਕਾਰਨ ਹੋ ਰਹੀਆਂ ਮੌਤਾਂ ਦਾ ਵੀ ਅਹਿਸਾਸ ਹੋਇਆ। ਵੇਖਿਆ ਕਿ ਪ੍ਰਸਥਿਤੀਆਂ ਹੀ ਇਹੋ ਜੇਹੀਆਂ ਬਣ ਜਾਂਦੀਆਂ ਨੇ, ਜਿਵੇਂ ਮੈਂ ਉਪਰ ਦੱਸ ਚੁਕਾ ਹਾਂ। ਗੁਰੂ ਘਰ ਨਾਲ ਜੁੜੇ ਹੋਣ ਕਰ ਕੇ ਗੁਰੂ ਦੀ ਬਖ਼ਸ਼ਿਸ਼ ਸਦਕਾ ਮੇਰੇ ਅੰਦਰ ਵਿਸ਼ਵਾਸ ਅਤੇ ਦ੍ਰਿੜ੍ਹਤਾ ਦੀ ਕਮੀ ਨਾ ਆਈ, ਸਗੋਂ ਮੈਂ ਮਰੀਜ਼ ਹੋਣ ਦੇ ਨਾਲ-ਨਾਲ ਇਕ ਪ੍ਰਬੰਧਕ ਵਜੋਂ ਵੀ ਵਿਚਰ ਰਿਹਾ ਸੀ।
8ਵੇਂ ਦਿਨ ਵੀ ਸਾਰੇ ਲੱਛਣਾਂ ਦੇ ਨਾਲ-ਨਾਲ ਉਨੀਂਦਰੇ ਕਾਰਨ ਥੋੜ੍ਹਾ ਬਲੱਡ ਪ੍ਰੈਸ਼ਰ ਵਧ ਗਿਆ, ਜਿਸ ਨਾਲ ਸਿਰ ਦਰਦ ਤੇ ਬੇਚੈਨੀ ਵੀ ਵਧੀ। ਹਾਲਤ ਭਾਵੇਂ ਖ਼ਰਾਬ ਸੀ ਪਰ ਉਪਰ ਦੱਸੇ ਉਪਕਰਨਾਂ  ਕਾਰਨ ਕੰਟ੍ਰੋਲ 'ਚ ਸੀ। ਮੈਨੂੰ ਆਕਸੀਜਨ ਦੀ ਵਰਤੋਂ ਕਰ ਕੇ ਕਾਫ਼ੀ ਰਾਹਤ ਮਿਲਦੀ।

ਰਾਤ ਪੈਣ ਤਕ ਮੇਰੇ ਲਈ ਨੀਂਦ ਲੈਣੀ ਜ਼ਰੂਰੀ ਹੋ ਗਈ ਸੀ। ਮੇਰੇ ਅੰਦਰ ਦੀ ਜਾਗਰੂਕਤਾ ਜਿਥੇ ਮੈਨੂੰ ਸੌਣ ਤੋਂ ਰੋਕ ਰਹੀ ਸੀ, ਉਥੇ ਇਸ ਦਾ ਹੱਲ ਵੀ ਲੱਭ ਰਹੀ ਸੀ। ਮੈਂ ਅਪਣੇ ਪਰਵਾਰ ਨੂੰ ਸੁਚੇਤ ਕਰ ਕੇ ਖ਼ਾਸ ਦੂਰੀ 'ਤੇ ਬਿਠਾ ਕੇ ਆਕਸੀਜਨ ਲਗਾ ਕੇ ਡੇਢ ਘੰਟਾ ਲਗਾਤਾਰ ਸੁੱਤਾ ਰਿਹਾ।  ਉੱਠਣ ਤੋਂ ਬਾਅਦ ਮੈਨੂੰ ਕਾਫ਼ੀ ਰਾਹਤ ਮਹਿਸੂਸ ਹੋਈ ਅਤੇ ਖਾਣਾ ਖਾ ਕੇ ਕੁੱਝ ਸਮਾਂ ਮੋਬਾਈਲ ਚਲਾ ਕੇ ਅਪਣੇ ਆਪ ਨੂੰ ਰੁਝੇਵੇਂ 'ਚ ਰਖਿਆ ਤੇ ਫਿਰ ਦੁਬਾਰਾ ਸੌਂ ਗਿਆ। ਰਾਤ ਡੇਢ ਵਜੇ ਦੇ ਕਰੀਬ ਮੇਰੀ ਜਾਗ ਖੁਲ੍ਹ ਗਈ ਤੇ ਹੁਣ ਏਦਾਂ ਲੱਗ ਰਿਹਾ ਸੀ ਜਿਵੇਂ ਪਰਮਾਤਮਾ ਨੇ ਮੇਰੇ ਗਲੇ 'ਚ ਪਏ ਫਾਹ ਦੇ ਰੱਸੇ ਨੂੰ ਖੋਲ੍ਹ ਦਿਤਾ ਹੋਏ ਤੇ ਕਹਿ ਦਿਤਾ ਹੋਏ ਜਾ ਤੂੰ ਇਸ ਜਾਨ ਲੇਵਾ ਬਿਮਾਰੀ ਤੋਂ ਮੁਕਤ ਹੈਂ। ਮੇਰਾ ਸਰੀਰ ਬਹੁਤ ਵਧੀਆ ਮਹਿਸੂਸ  ਕਰ ਰਿਹਾ ਸੀ ਤੇ ਮੈਂ ਮਾਲਕ ਦੇ ਸ਼ੁਕਰਾਨੇ 'ਚ ਬੈਠਾ ਏਦਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਇਕ ਨਵਾਂ ਜੀਵਨ ਮਿਲਿਆ ਹੋਵੇ।

ਇਸ ਦਿਨ ਤੋਂ ਬਾਅਦ ਅੱਜ ਇਕ ਹਫ਼ਤਾ ਹੋ ਗਿਐ, ਬਿਮਾਰੀ ਦੇ ਹਰ ਰੋਜ਼ ਲੱਛਣ ਘਟਦੇ ਹੀ ਗਏ ਤੇ ਮੈਂ ਹੁਣ ਅਪਣੇ ਆਪ ਨੂੰ ਬਿਲਕੁਲ ਠੀਕ ਅਤੇ ਚੜ੍ਹਦੀਕਲਾ 'ਚ ਮਹਿਸੂਸ ਕਰ ਰਿਹਾ ਹਾਂ। ਇਹ ਸੱਭ ਕੁੱਝ ਦਸਣ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਸਗੋਂ ਹਕੀਕਤ ਦੱਸ ਕੇ ਸੁਚੇਤ ਕਰਨਾ ਹੈ ਕਿ ਕਿਸ ਤਰ੍ਹਾਂ ਇਸ 'ਤੇ ਕਾਬੂ ਪਾਉਣਾ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਜਿੰਨੀ ਮੁਸ਼ਕਲ ਮੈਨੂੰ ਆਈ ਉਸ ਤੋਂ ਬਹੁਤ ਘੱਟ ਮੁਸ਼ਕਲ ਝੱਲਿਆਂ 95% ਬਿਮਾਰੀ ਤੋਂ ਪੀੜਤ ਲੋਕ ਠੀਕ ਹੋ ਜਾਣਗੇ। ਬਾਕੀ 5% ਲੋਕ ਉਹ ਜਿਨ੍ਹਾਂ ਨੇ ਦੇਰੀ ਕੀਤੀ ਇਸ ਨੂੰ ਸਮਝਣ ਦੀ, ਉਨ੍ਹਾਂ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਕੋਈ ਨਹੀਂ ਰੋਕ ਸਕੇਗਾ।

ਕਰੋਨਾ ਬਿਮਾਰੀ ਤੋਂ ਬਚਾਅ ਦੇ ਉਪਰਾਲੇ:
ਲੋੜ ਹੈ ਤੰਦਰੁਸਤੀ ਦੀ ਹਾਲਤ 'ਚ ਡਰ ਦਾ ਟੂਲ ਅਤੇ ਕੋਰੋਨਾ ਪੀੜਤ ਨੂੰ ਸਿਆਣਪ ਦਾ ਟੂਲ ਵਰਤਣ ਦੀ ਪਰ ਅਫ਼ਵਾਹਾਂ ਅਤੇ ਬਿਮਾਰੀ ਦੀ ਗੰਭੀਰਤਾ ਕਾਰਨ ਲੋਕ ਇੰਨੇ ਡਰੇ ਹੋਏ ਹਨ ਕਿ ਤੰਦਰੁਸਤੀ ਵਿਚ ਸਿਆਣਪ ਅਤੇ ਬਿਮਾਰ ਹਾਲਤ ਵਿਚ ਡਰ  ਦਾ ਟੂਲ ਵਰਤ ਰਹੇ ਨੇ। ਇਸ ਉਲਟੇ ਪੁਲਟੇ ਕਾਰਨ ਹੀ ਸੈਂਕੜੇ ਕੇਸ ਹਰ ਰੋਜ਼ ਵੱਧ ਰਹੇ ਹਨ ਤੇ ਪੰਜਾਬ ਵਿਚ ਮੌਤਾਂ ਦੀ ਗਿਣਤੀ ਦੋ ਹਜ਼ਾਰ ਤਕ ਪਹੁੰਚ ਚੁੱਕੀ ਹੈ। ਅਜੇ ਵੀ ਅਸੀ ਇਸ ਬਿਮਾਰੀ ਪ੍ਰਤੀ ਗੰਭੀਰ ਨਹੀਂ ਹੋਏ। ਯਾਦ ਰਖਿਉ ਅੰਕੜੇ ਬਹੁਤ ਡਰਾਵਣੇ ਹੋ ਸਕਦੇ ਹਨ। ਇਸ ਲਈ ਉਪਰ ਦਸੀ ਬਿਮਾਰੀ ਦੀ ਗੰਭੀਰਤਾ ਨੂੰ ਮਹਿਸੂਸ ਕਰਨ ਦੀ ਲੋੜ ਹੈ ਅਤੇ ਹੇਠ ਲਿਖੇ ਅਨੁਸਾਰ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।

ਉਪਾਅ :
1. ਮਾਸਕ ਪਾਉਣਾ।
2. ਹੱਥ ਧੋਣੇ ।
3. ਇਕ ਦੂਜੇ ਤੋਂ ਦੂਰੀ ਬਣਾ ਕੇ ਰਖਣਾ।
4. ਬਿਨਾਂ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਜਾਣਾ।
5. ਪੌਸ਼ਟਿਕ ਅਤੇ ਵਧੀਆ ਖੁਰਾਕ ਖਾਣ ਨੂੰ ਪੂਰੀ ਗੰਭੀਰਤਾ ਨਾਲ ਅਪਣੇ, ਪਰਵਾਰ ਅਤੇ ਸਮਾਜ 'ਚ ਲਾਗੂ ਕਰਨਾ ।
ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਗਰ ਤੁਹਾਨੂੰ ਜਾਂ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਗਲਾ ਖ਼ਰਾਬ, ਜ਼ੁਕਾਮ ਜਾਂ ਬੁਖ਼ਾਰ ਹੋ ਗਿਆ ਤਾਂ ਉਸ ਵਿਅਕਤੀ ਨੂੰ ਬਾਕੀ ਪਰਵਾਰ ਨਾਲੋਂ ਦੂਰੀ ਬਣਾ ਕੇ ਘਰ ਦੇ ਅੰਦਰ ਹੀ 3 ਤੋਂ 5 ਦਿਨ ਤਕ ਅਰਾਮ ਕਰਨਾ ਚਾਹੀਦਾ ਹੈ। ਹੋ ਸਕੇ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਨਾਲ ਦਵਾਈ ਅਤੇ ਖ਼ੁਰਾਕ ਲੈਣੀ ਚਾਹੀਦੀ ਹੈ। ਗਰਮ ਪਾਣੀ ਅਤੇ ਕਾਹੜੇ ਦਾ ਸੇਵਨ ਕਰਨਾ ਚਾਹੀਦਾ ਹੈ। 5 ਦਿਨਾਂ ਬਾਅਦ ਵੀ ਜੇਕਰ ਉਪਰੋਕਤ ਲੱਛਣ ਨਹੀਂ ਗਏ ਜਾਂ ਫਿਰ ਪਹਿਲਾਂ ਹੀ ਸਾਹ ਫੁਲਣਾ ਸ਼ੁਰੂ ਹੋ ਜਾਵੇ ਤਾਂ ਤੁਰਤ ਨਜ਼ਦੀਕੀ ਸੈਂਟਰ ਤੋਂ ਕੋਰੋਨਾ ਟੈਸਟ ਕਰਵਾਉ।

ਬਿਮਾਰੀ ਨੂੰ ਛੁਪਾਉ ਨਾ। ਇਧਰ ਉਧਰ ਦੀਆਂ ਗੱਲਾਂ ਸੁਣ ਕੇ ਡਰੋ ਨਾ। ਸਰਕਾਰ ਨੇ ਘਰ 'ਚ ਹੀ ਇਲਾਜ ਕਰਨ ਦੀ ਇਜਾਜ਼ਤ ਦਿਤੀ ਹੋਈ ਹੈ। ਪਰ ਐਸਾ ਨਾ ਹੋਵੇ ਕੇ ਟੈਸਟ ਕਰਾਉਣ 'ਚ ਦੇਰੀ ਕਾਰਨ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ ਤੇ ਮਰੀਜ਼ ਨੂੰ ਹਸਪਤਾਲ 'ਚ ਭਰਤੀ ਕਰਾਉਣ ਤੋਂ ਬਿਨਾਂ ਕੋਈ ਰਾਹ ਨਾ ਹੋਵੇ। ਘਬਰਾਉ ਨਾ, 80 ਫ਼ੀਸਦ ਲੋਕਾਂ 'ਤੇ ਕੋਰੋਨਾ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ। ਸਰੀਰ ਦੀ ਬਿਮਾਰੀ ਵਿਰੋਧੀ ਸ਼ਕਤੀ ਇਸ ਨੂੰ ਅਪਣੇ ਆਪ ਵੀ ਠੀਕ ਕਰ ਲੈਂਦੀ ਹੈ। ਕਾਸ਼ ਕਿ ਕਿਸੇ ਨੂੰ ਵੀ ਇਸ ਦੀ ਲਾਗ ਨਾ ਲੱਗੇ। ਪਰ ਜੇਕਰ ਇਥੇ ਹੀ ਕੰਟਰੋਲ ਨਾ ਹੋਇਆ ਤਾਂ ਅਗਲਾ ਪੜਾਅ ਔਖਾ ਹੋ ਜਾਵੇਗਾ । ਸਾਵਧਾਨੀਆਂ ਨੂੰ ਅਪਨਾਉਣਾ ਹੀ ਸੱਭ ਤੋਂ ਸੁਰੱਖਿਅਤ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਤੁਹਾਡੇ ਸਰੀਰ ਦੀ ਬਿਮਾਰੀ ਵਿਰੋਧੀ ਸ਼ਕਤੀ ਵਾਇਰਸ 'ਤੇ ਕਾਬੂ ਪਾ ਲਵੇਗੀ ਜਾਂ ਨਹੀਂ ਜਾਂ ਫਿਰ ਤੁਹਾਨੂੰ ਅੱਗੇ 14 ਫ਼ੀ ਸਦੀ ਵਾਲੇ ਸੀਰੀਅਸ ਜ਼ੋਨ 'ਚ ਧੱਕ ਦੇਵੇਗੀ।

ਘਰ ਦੇ ਅੰਦਰ ਬਜ਼ੁਰਗ, ਬੱਚੇ ਅਤੇ ਕਿਸੇ ਹੋਰ ਬਿਮਾਰੀ ਜਿਵੇਂ ਸ਼ੂਗਰ, ਬੀ ਪੀ , ਦਿਲ ਦੇ ਦੌਰੇ ਆਦਿ ਤੋਂ ਪ੍ਰਭਾਵਤ ਲੋਕਾਂ ਦਾ, ਆਮ ਲੋਕਾਂ ਤੋਂ 10 ਗੁਣਾ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਇਲਾਜ: ਕੋਰੋਨਾ ਦਾ ਨੱਕ-ਗਲੇ ਵਿਚੋਂ ਲਿਆ ਟੈਸਟ ਦਾ  ਸੈਂਪਲ ਪਾਜ਼ੇਟਿਵ ਆਉਣ 'ਤੇ ਪ੍ਰਮਾਤਮਾ ਅੱਗੇ ਅਰਦਾਸ ਕਰੋ ਅਤੇ ਪੂਰਨ ਆਤਮ ਵਿਸ਼ਵਾਸ ਤੇ ਦ੍ਰਿੜ੍ਹਤਾ ਨਾਲ ਹੇਠ ਲਿਖੇ ਨੁਕਤਿਆਂ ਰਾਹੀਂ ਤੁਸੀ ਅਪਣਾ ਇਲਾਜ ਖ਼ੁਦ ਕਰ ਕੇ ਇਸ ਬਿਮਾਰੀ 'ਤੇ ਜਿੱਤ ਪ੍ਰਾਪਤ ਕਰ ਸਕਦੇ ਹੋ।
ਜੇਕਰ ਤੁਹਾਡੇ ਕੋਲ ਘਰ ਵਿਚ ਪਰਵਾਰ ਨਾਲ਼ੋਂ ਅਲੱਗ ਰਹਿਣ ਲਈ ਅਟੈਚ ਬਾਥਰੂਮ ਵਾਲਾ ਕਮਰਾ ਹੈ ਤਾਂ ਤੁਰਤ ਨਜ਼ਦੀਕ ਬਣੇ ਕੋਵਿਡ ਕੇਅਰ ਸੈਂਟਰ ਤੋਂ ਫਾਰਮ ਭਰ ਕੇ ਹੋਮ ਆਇਸੋਲੇਸ਼ਨ ਦੀ ਇਜਾਜ਼ਤ ਲੈ ਲਵੋ।

ਪਰ ਇਮਾਨਦਾਰੀ ਨਾਲ ਅਪਣੇ ਅਤੇ ਪਰਵਾਰ ਦੀ ਭਲਾਈ ਲਈ ਫ਼ੈਸਲਾ ਲੈਣਾ ਕਿ ਜੇਕਰ ਅਟੈਚ ਬਾਥਰੂਮ ਵਾਲੇ ਕਮਰੇ ਦੀ ਸਹੂਲਤ ਨਹੀਂ ਹੈ ਤਾਂ ਉਹ ਲੋਕ ਕੋਵਿਡ ਸੈਂਟਰ 'ਚ ਹੀ ਭਰਤੀ ਹੋਣ। ਉਥੇ  ਤੁਹਾਨੂੰ ਤੁਹਾਡੇ ਘਰ ਨਾਲੋਂ ਜ਼ਿਆਦਾ ਸਹੂਲਤਾਂ ਮਿਲਣਗੀਆਂ। ਕੁੱਝ ਜ਼ਰੂਰੀ ਉਪਕਰਨ ਜਿਵੇਂ ਕਿ ਥਰਮਾਮੀਟਰ, ਪਲਸਓਕ੍ਰਸੀਮੀਟਰ (ਸਰੀਰ ਅੰਦਰ ਆਕਸੀਜਨ ਦਾ ਲੈਵਲ ਦੱਸਣ ਦਾ ਯੰਤਰ), ਨੈਬੂਲਾਈਜ਼ਰ (ਸਾਹ ਰਾਹੀਂ ਦਵਾਈ ਲਿਜਾਣ ਦਾ ਯੰਤਰ), ਬੀ ਪੀ ਮਸ਼ੀਨ ਅਤੇ  ਆਕਸੀਜਨ ਸਿਲੰਡਰ (ਇਸ ਦਾ ਪ੍ਰਬੰਧ ਕੁੱਝ ਪੇਸ਼ਗੀ ਰਕਮ ਦੇ ਕੇ ਹੋ ਸਕਦਾ ਹੈ। ਬਹੁਤ ਸਸਤੀ ਮਿਲ ਜਾਂਦੀ ਹੈ ਇਸ ਦੀ ਵਰਤੋਂ ਬਹੁਤ ਅਸਾਨ ਹੈ ਅਤੇ ਬਹੁਤ ਹੀ ਲਾਹੇਵੰਦ ਹੈ। ਸਮੇਂ ਨਾਲ ਕੀਤੀ ਵਰਤੋਂ ਮਰੀਜ਼ ਨੂੰ ਸੀਰਿਅਸ ਹੋਣ ਤੋਂ ਬਚਾ ਲੈਂਦੀ ਹੈ) ਇਨ੍ਹਾਂ ਸਾਰੇ ਯੰਤਰਾਂ ਨੂੰ ਵਰਤਣ ਦਾ ਢੰਗ ਬਹੁਤ ਹੀ ਆਸਾਨ ਹੈ। ਇਕ ਅਨਪੜ੍ਹ ਬੰਦਾ ਵੀ 5 ਮਿੰਟ 'ਚ ਸਿਖ  ਜਾਵੇਗਾ। ਇਕ ਵੀਡੀਉ ਬਣਾ ਕੇ ਮਰੀਜ਼ ਨੂੰ ਟ੍ਰੇਨਿੰਗ ਦਿਤੀ ਜਾ ਸਕਦੀ ਹੈ।

ਇਸ 'ਤੇ ਖ਼ਰਚਾ ਵੀ ਲਗਭਗ 3500 ਰੁਪਏ ਆਵੇਗਾ (ਖਰਚਾ ਕੋਈ ਜ਼ਿਆਦਾ ਨਹੀਂ ਆਉਂਦਾ। ਤੁਸੀ ਜਾਣ ਚੁਕੇ ਹੋ ਕਿ ਬਿਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਕੁੱਝ ਚੋਣਵੇਂ ਪ੍ਰਾਈਵੇਟ ਹਸਪਤਾਲਾਂ ਨੇ 3 ਤੋਂ 5 ਲੱਖ ਤਕ ਦੇ ਪੈਕੇਜ ਰਖੇ ਹਨ ਤਾਂ ਵੀ ਤੁਹਾਡੇ ਕੋਲ ਆ ਕੇ ਤੁਹਾਡਾ ਇਲਾਜ ਕਰਨ ਲਈ ਕੋਈ ਰਾਜ਼ੀ ਨਹੀਂ, ਸਰਕਾਰੀ 'ਚ ਤੁਸੀ ਜਾਣਾ ਨਹੀਂ ਚਾਹੁੰਦੇ। ਬਿਮਾਰੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਪ੍ਰਸਥਿਤੀਆਂ ਉਥੇ ਵੀ ਕੁਝ ਅਜਿਹੀਆਂ ਹੀ ਹਨ। ਇਸ ਲਈ ਘਰ 'ਚ ਹੀ ਇਲਾਜ ਕਾਰਵਾਉਣ ਦਾ ਵਿਕਲਪ ਚੁਣਿਆ ਹੈ ਤਾਂ ਉਸ ਲਈ ਪੂਰੀ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਸਾਵਧਾਨੀਆਂ ਨੂੰ ਵਰਤ ਕੇ ਜਿਥੇ ਆਪ ਬਿਮਾਰੀ ਤੇ ਫ਼ਤਿਹ ਪਾਉਣੀ ਹੈ ਉਥੇ ਪਰਵਾਰ ਦੇ ਜੀਆਂ ਦਾ ਬਚਾਅ ਕਰਦੇ ਹੋਏ ਜ਼ਿੰਮੇਵਾਰੀ ਨਾਲ ਸਾਰੇ ਕੰਮ ਕਰਨੇ ਹਨ। ਇਥੇ ਮੇਰਾ ਇਕ ਸੁਝਾਅ ਹੈ ਕਿ ਉਪਰੋਕਤ ਸਮਾਨ ਹਰ ਕੋਈ ਖਰੀਦੇਗਾ ਤਾਂ ਹੋ ਸਕਦੈ ਮਾਰਕਿਟ 'ਚ ਕਮੀ ਆ ਜਾਵੇ। ਦੂਜਾ ਗ਼ਰੀਬ ਪਰਵਾਰਾਂ ਦੀ ਪਹੁੰਚ ਤੋਂ ਬਾਹਰ ਵੀ ਹੈ।

ਇਸ ਦਾ ਹਲ ਇਹ ਹੈ ਕਿ ਪੂਰੇ ਪੰਜਾਬ 'ਚ ਪ੍ਰਤੀ ਧਾਰਮਕ ਅਸਥਾਨ ਅਪਣੇ ਇਲਾਕੇ ਦੇ ਲੋਕਾਂ ਲਈ 3 ਜਾਂ 4 ਸੈੱਟ ਉਪਰੋਕਤ ਯੰਤਰਾਂ ਦੇ ਖ਼ਰੀਦ ਕੇ ਰੱਖੇ, ਭਾਵੇਂ ਇਸ ਲਈ ਉਗਰਾਹੀ ਵੀ ਕਿਉਂ ਨਾ ਕਰਨੀ ਪਵੇ। ਮੈਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਾ ਹਾਂ ਜਿਹੜੇ ਲੋਕ ਪਿੰਡਾਂ 'ਚ ਮੀਟਿੰਗਾ ਕਰ ਕੇ ਇਸ ਬਿਮਾਰੀ ਨੂੰ ਟਿਚ ਸਮਝਦੇ ਹੋਏ ਡਾਕਟਰੀ ਟੀਮਾਂ ਦਾ ਵਿਰੋਧ ਕਰਨ ਲਈ ਮਤੇ ਪਾ ਰਹੇ ਹਨ ਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਕੇ ਮਨੁੱਖਤਾ ਨੂੰ ਗੁਮਰਾਹ ਕਰ ਕੇ ਮੌਤ ਦੇ ਮੂੰਹ 'ਚ ਧਕ ਰਹੇ ਹਨ। ਮੈਂ ਇਨ੍ਹਾਂ ਲੋਕਾਂ ਨੂੰ ਪੁਛਦਾ ਹਾਂ ਕਿ ਕਿਹੜੀ ਯੋਗਤਾ ਹੈ ਤੁਹਾਡੇ ਕੋਲ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਜਾਂ ਮਰੀਜ਼ ਦਾ ਇਲਾਜ ਕਰਨ ਲਈ? ਜੇ  ਸੱਚ ਮੁੱਚ ਹੀ ਤੁਹਾਡੇ ਅੰਦਰ ਕੋਈ ਸਮਾਜ ਪ੍ਰਤੀ ਪ੍ਰੇਮ ਜਾਂ ਸੇਵਾ ਭਾਵਨਾ ਹੈ ਤਾਂ ਉਪਰ ਦਸੇ ਸੁਝਾਅ ਅਨੁਸਾਰ ਸਮਾਨ ਦੇ ਸੈੱਟ ਤਿਆਰ ਰੱਖੋ ਅਤੇ ਜ਼ਿੰਮੇਵਾਰੀ ਨਾਲ ਅਪਣਾ ਫ਼ਰਜ਼ ਨਿਭਾਉ।

ਮੈਂ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਲੋਕਾਂ ਨੂੰ ਸੁਚੇਤ ਕਰਨ ਅਤੇ ਬਚਾਉਣ 'ਚ ਦਿਨ ਰਾਤ ਮਿਹਨਤ ਹੋ ਰਹੀ ਹੈ ਅਤੇ ਸਮੇਂ-ਸਮੇਂ 'ਤੇ ਆਪ ਜੀ ਨੇ ਲੋਕਾਂ ਦੀ ਸਹੂਲਤ ਲਈ ਕਾਨੂੰਨੀ ਪ੍ਰਕਿਰਿਆ 'ਚ ਸੋਧ ਕਰ ਕੇ ਇਸ ਨੂੰ ਆਸਾਨ ਕੀਤਾ ਹੈ, ਉਥੇ ਹੋਮ ਆਈਸੋਲੇਸ਼ਨ ਨੂੰ ਹੋਰ ਕਾਰਗਰ ਬਣਾਉਣ ਲਈ ਉਪਰੋਕਤ ਯੰਤਰਾਂ ਦੀ ਵਰਤੋਂ ਕਰ ਕੇ ਅਤੇ ਬਲਾਕ ਪੱਧਰ 'ਤੇ ਪ੍ਰਤੀ ਡਾਕਟਰ ਨੂੰ ਉਸ ਦੇ ਇਲਾਕੇ ਦੇ 10 ਤੋਂ 15 ਕੋਰੋਨਾ ਮਰੀਜ਼ਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਅਤੇ ਮਰੀਜ਼ਾਂ ਨੂੰ ਫ਼ੋਨ ਕਾਲ ਰਾਹੀਂ 24 ਘੰਟੇ ਦਵਾਈ ਅਤੇ ਸਲਾਹ ਲੈਣ ਦੀ ਸਹੂਲਤ ਹੋਵੇ ਅਤੇ ਅਗਾਂਹ ਇਨ੍ਹਾਂ ਡਾਕਟਰਾਂ ਵਲੋਂ ਲੋੜ ਅਨੁਸਾਰ ਕਿਸੇ ਛਾਤੀ ਰੋਗਾਂ ਦੇ ਸਪੈਸ਼ਲਿਸਟ, ਮੇਡੀਸਨ ਸਪੈਸ਼ਲਿਸਟ, ਡਾਈਟੀਸ਼ੀਅਨ ਆਦਿ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਕੋਰੋਨਾ ਮਰੀਜ਼ਾਂ ਨੂੰ ਗਾਈਡ ਕੀਤਾ ਜਾਵੇ। ਇਨ੍ਹਾਂ ਡਾਕਟਰਾਂ ਉਪਰ ਬਾਕੀ ਕੰਮਾਂ ਦਾ ਭਾਰ ਨਾ ਪਾਇਆ ਜਾਵੇ। ਇਸ ਨਾਲ ਬਹੁਤ ਤੇਜ਼ੀ ਨਾਲ ਮਰੀਜ਼ਾਂ ਦੀ ਸਿਹਤ 'ਚ ਸੁਧਾਰ ਹੋਵੇਗਾ ਅਤੇ ਮੌਤਾਂ ਦੀ ਗਿਣਤੀ ਘਟੇਗੀ ਅਤੇ ਹਸਪਤਾਲਾਂ 'ਚ ਕੇਵਲ ਜ਼ਿਆਦਾ ਸੀਰੀਅਸ ਕੇਸ (chronic illness) ਜਿਵੇਂ ਦਮਾਂ, ਸ਼ੂਗਰ, ਬੀਪੀ, ਦਿਲ ਦੇ ਦੌਰੇ ਦੇ ਮਰੀਜ਼ ਜਿਨ੍ਹਾਂ ਨੂੰ ਕੋਰੋਨਾ ਹੈ, ਉਹ ਹੀ ਰਹਿ ਜਾਣਗੇ ਜਿਨ੍ਹਾਂ ਨੂੰ ਸਾਡੇ ਮਾਹਰ ਡਾਕਟਰ ਵਧੀਆ ਢੰਗ ਨਾਲ ਡੀਲ ਕਰ ਪਾਉਣਗੇ।

ਅਪਣੇ ਕਮਰੇ ਵਿਚ ਇਕ ਜੱਗ ਤਾਜ਼ਾ ਪਾਣੀ, ਇਕ ਬੋਤਲ ਗਰਮ ਪਾਣੀ ਪੀਣ ਵਾਸਤੇ ਅਤੇ ਇਕ ਬੋਤਲ ਗਰਮ ਪਾਣੀ ਦੀ ਜਿਸ ਵਿਚ karvol ਪਲੱਸ ਜਾਂ ਨੀਲਗਿਰੀ ਦਾ ਤੇਲ ਪਾ ਕੇ ਦਿਨ 'ਚ 3 ਜਾਂ 4 ਵਾਰ ਭਾਫ਼ ਲੈਣ ਲਈ ਰੱਖੋ, 8 ਤੋਂ 10 ਪੈਕਟ ORS ਦੇ, ਕੁੱਝ ਫਲ ਫ਼ਰੂਟ, ਦਵਾਈਆਂ ਅਤੇ ਹੋਰ ਲੋੜੀਂਦੀਆਂ ਵਸਤੂਆਂ ਨੂੰ ਇਕੋ ਵਾਰ ਅਪਣੇ ਕਮਰੇ ਅੰਦਰ ਰਖਵਾ ਲਉ ਤਾਂ ਜੋ ਪਰਵਾਰ ਤੋਂ ਦੂਰੀ ਬਣੀ ਰਹੇ ਤੇ ਵਾਰ ਵਾਰ ਕਿਸੇ ਨੂੰ ਅੰਦਰ ਨਾ ਬੁਲਾਉਣਾ ਪਵੇ। ਕਮਰੇ ਦੇ ਬਾਹਰ ਇਕ ਟੇਬਲ ਰੱਖੋ ਤਾਂ ਜੋ ਤੁਹਾਡੀ ਮਦਦ ਕਰ ਰਿਹਾ ਮੈਂਬਰ ਸਮਾਨ ਰੱਖ ਕੇ ਦਰਵਾਜ਼ਾ ਖੜਕਾ ਦੇਵੇ ਤੇ ਤੁਸੀ ਉਥੋਂ ਬਾਅਦ ਵਿਚ ਸਮਾਨ ਚੁਕ ਲਵੋ। ਫ਼ਰੈਸ਼ ਜੂਸ, ਹਲਦੀ ਅਧਰਕ ਵਾਲਾ ਦੁੱਧ ਆਦਿ ਦਾ ਇਸਤੇਮਾਲ ਵੀ ਬਹੁਤ ਲਾਹੇਵੰਦ ਹੋਵੇਗਾ। ਵੱਧ ਤੋਂ ਵੱਧ ਖ਼ੁਰਾਕ 'ਚ ਫੱਲ ਅਤੇ ਜੂਸ ਲੈਣ ਨਾਲ ਜਿਥੇ ਸਰੀਰ ਨੂੰ ਬਿਮਾਰੀ ਵਿਰੁੱਧ ਲੜਨ ਲਈ ਤਾਕਤ ਮਿਲਦੀ ਹੈ ਉਥੇ ਚੰਗੀ ਭੁੱਖ ਵੀ ਲਗਦੀ ਹੈ, ਜਿਸ ਨਾਲ ਬਿਮਾਰੀ ਤੁਹਾਡੇ 'ਤੇ ਭਾਰੂ ਨਹੀਂ ਹੁੰਦੀ।

ਯਾਦ ਰੱਖੋ ਤੁਸੀ ਇਕੱਲੇ ਹੋ। ਤੁਹਾਨੂੰ ਕਿਸੇ ਨੇ ਵਾਰ ਵਾਰ ਖਾਣ ਲਈ ਨਹੀਂ ਕਹਿਣਾ। ਤੁਸੀ ਖੁਦ ਅਪਣੇ ਨਾਲ ਪਿਆਰ ਕਰਨਾ ਹੈ। ਬੱਸ ਖੁਰਾਕ ਖਾਣੀ , ਇਲਾਜ ਵੱਲ ਧਿਆਨ ਅਤੇ ਸਿਮਰਨ ਕਰਨਾ ਹੈ। ਨੋਟ ; (3hronic illness ) ਜਿਵੇਂ ਦਮਾ, ਸ਼ੂਗਰ, ਬੀਪੀ, ਦਿਲ ਦੇ ਦੌਰੇ ਦੇ ਮਰੀਜ਼ ਜਿਨ੍ਹਾਂ ਨੂੰ ਕੋਰੋਨਾ ਹੈ, ਉਹ ਮਰੀਜ਼ ਡਾਕਟਰ ਜਾਂ ਡਾਈਟੀਸ਼ੀਅਨ ਦੀ ਸਲਾਹ ਨਾਲ ਹੀ ਖ਼ੁਰਾਕ ਖਾਣ। ਅਪਣੇ ਡਾਕਟਰ ਨਾਲ ਤੁਸੀ ਫ਼ੋਨ ਦੇ ਜ਼ਰੀਏ ਮੁਸ਼ਕਲ ਨੂੰ ਦਸ ਕੇ ਸਮੇਂ ਸਮੇਂ 'ਤੇ ਦਵਾਈ ਲੈਣ ਲਈ ਸੰਪਰਕ ਬਣਾਈ ਰਖੋ। ਸਾਰੀਆਂ ਜ਼ਰੂਰੀ ਚੀਜ਼ਾਂ ਤੁਹਾਡੇ ਕੋਲ ਹਨ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨ ਦੇ ਤੁਸੀ ਸਮਰੱਥ ਹੋ ਤੁਹਾਡਾ ਪਰਵਾਰ ਜਾਂ ਮੈਂਬਰ ਤੁਹਾਡੇ ਕੋਲ ਹੈ, ਫਿਰ ਚਿੰਤਾ ਕਾਹਦੀ? ਚਿੰਤਾ ਨੂੰ ਲਾਗੇ ਹੀ ਨਹੀਂ ਲਗਣ ਦੇਣਾ। ਅਗਰ ਤੁਹਾਨੂੰ ਥੋੜੀ ਜਿਹੀ ਵੀ ਛਾਤੀ ਵਿਚ ਘੁਟਣ ਮਹਿਸੂਸ ਹੁੰਦੀ ਹੋਵੇ ਜਾਂ ਜ਼ਿਆਦਾ ਸਾਹ ਚੜ੍ਹਦਾ ਹੋਵੇ ਤਾਂ 2 ਕੰਮ ਲਗਾਤਾਰ ਜ਼ਰੂਰ ਕਰਨੇ ਹਨ, ਜਦੋਂ ਤਕ ਤੁਸੀ ਅਪਣੇ ਆਪ ਨੂੰ ਠੀਕ ਨਹੀਂ ਸਮਝਦੇ।

ਪਹਿਲਾ, ਜੋ ਤੁਹਾਡੇ ਕੋਲ ਨੈਬੂਲਾਈਜ਼ਰ, ਸਾਹ ਰਾਹੀਂ ਦਵਾਈ ਲੈਣ ਦਾ ਯੰਤਰ ਹੈ, ਉਸ ਦੁਆਰਾ ਡਾਕਟਰ ਦੀ ਸਲਾਹ ਨਾਲ ਦਵਾਈ ਪਾ ਕੇ ਦਿਨ 'ਚ ਦੋ ਵਾਰ ਜ਼ਰੂਰ ਵਰਤੋ। ਦੂਸਰਾ ਸਾਹ ਚੜ੍ਹ ਰਿਹਾ ਹੈ ਤਾਂ ਦਿਨ 'ਚ ਦੋ ਤਿੰਨ ਵਾਰ ਆਕਸੀਜਨ ਵੀ ਲੈ ਲਉ, ਤੁਹਾਡੇ ਫੇਫੜਿਆਂ ਲਈ ਬਹੁਤ ਲਾਹੇਵੰਦ ਰਹੇਗੀ (ਦਿਮਾਗ਼ ਵਿਚੋਂ ਇਹ ਗੱਲ ਕੱਢ ਦੇਵੋ ਕਿ ਆਕਸੀਜਨ ਤਾਂ ਔਖੇ ਵੇਲੇ ਹੀ ਲਈਦੀ ਹੈ। ਯਾਦ ਰੱਖੋ ਜੇ ਥੋੜੇ ਦੁੱਖ 'ਤੇ ਧਿਆਨ ਦੇਵਾਂਗੇ ਤਾਂ ਦੁੱਖ ਵੱਡਾ ਨਹੀਂ ਹੋਵੇਗਾ। ਤੁਸੀ ਆਮ ਸੁਣਿਆ ਹੋਵੇਗਾ ਕਿ ਆਜੇ ਤਾਂ ਲੋਕ ਪਾਣੀ ਦੀਆਂ ਬੋਤਲਾਂ ਚੁੱਕੀ ਫਿਰਦੇ ਨੇ ਉਹ ਸਮਾਂ ਦੂਰ ਨਹੀਂ ਜਦੋਂ ਲੋਕ ਆਕਸੀਜਨ ਸਿਲੰਡਰ ਵੀ ਨਾਲ ਲੈ ਕੇ ਤੁਰਨਗੇ)।
ਦਿਨ 'ਚ ਜਦੋਂ ਸਮਾਂ ਲੱਗੇ ਤਾਂ ਸਾਹ ਪ੍ਰਣਾਲੀ ਦੀ ਕਸਰਤ ਜ਼ਰੂਰ ਕਰਨੀ ਹੈ। ਇਸ ਨਾਲ ਆਕਸੀਜਨ ਦੀ ਘਾਟ ਨਹੀਂ ਹੋਵੇਗੀ। ਇਕ ਲੰਮਾ ਸਾਹ ਆਪਣੇ ਅੰਦਰ ਭਰੋ, ਰੋਕੋ ਫਿਰ ਹੌਲੀ ਹੌਲੀ ਬਾਹਰ ਕੱਢੋ। ਇਸ ਕਿਰਿਆ ਨੂੰ ਲਗਾਤਾਰ ਕਰਦੇ ਰਹੋ। ਨਿਰੰਤਰ ਗਰਮ ਪਾਣੀ ਦਾ ਸੇਵਨ ਕਰਨਾ ਅਤੇ 3 ਤੋਂ 4  ਵਾਰ ਭਾਫ਼ ਲੈਣੀ ਹੈ। ਅਪਣਾ ਬੁਖ਼ਾਰ ਅਤੇ ਆਕਸੀਜਨ ਲੈਵਲ ਨਿਰੰਤਰ ਚੈਕ ਕਰਦੇ ਰਹੋ।

ਜੇਕਰ ਸਰੀਰ ਨਾ ਮੰਨੇ ਤਾਂ ਜ਼ਿਆਦਾ ਹਿਲ ਜੁਲ ਨਾ ਕਰੋ। ਜ਼ਿਆਦਾ ਸਮਾਂ ਲੇਟ ਕੇ ਗੁਜ਼ਾਰੋ। ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਅਪਣੇ ਕਮਰੇ ਅਤੇ ਬਾਥਰੂਮ ਵਿਚ ਰੱਖੋ, ਕਿਸੇ ਨਾਲ ਰਲ ਕੇ ਨਹੀਂ ਵਰਤਣੀਆਂ ਜਿਵੇਂ ਕਿ ਬਰਤਨ, ਸਾਬਣ, ਟੁਥ ਪੇਸਟ ਅਤੇ ਪਰਨਾ (ਤੌਲੀਆ) ਆਦਿਕ।
ਇਕਾਂਤਵਾਸ ਵਾਲਾ  ਕਮਰਾ: ਮਰੀਜ਼ ਦਾ ਕਮਰਾ ਹਵਾਦਾਰ ਅਤੇ ਅੰਦਰ ਹੀ ਵਖਰਾ ਬਾਥਰੂਮ ਹੋਣਾ ਚਾਹੀਦਾ ਹੈ, ਜਿਸ ਵਿਚ ਇਕ ਪੱਖਾ ਹੋਵੇ। ਏ ਸੀ ਦੀ ਵਰਤੋਂ ਬਿਲਕੁਲ ਨਹੀਂ ਰਨੀ। ਇਕ ਗਰਮ ਹਵਾ ਬਾਹਰ ਕੱਢਣ ਲਈ ਪੱਖਾ ਲੱਗਾ ਹੋਵੇ ਅਤੇ ਤਾਜ਼ੀ ਹਵਾ ਅੰਦਰ ਸੁੱਟਣ ਲਈ ਕਮਰੇ ਦੇ ਬਾਹਰੋਂ ਅੰਦਰ ਵੱਲ ਨੂੰ ਕੂਲਰ ਲਗਾ ਹੋਵੇ  ਪਰ ਕੂਲਰ ਦਾ ਪਾਣੀ ਨਹੀਂ ਚਲਾਉਣਾ। ਯਾਦ ਰਹੇ ਇਸ ਬਿਮਾਰੀ 'ਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਇਸ ਲਈ ਕਮਰਾ ਤਾਜ਼ਾ ਹਵਾਦਾਰ ਹੋਣਾ ਚਾਹੀਦਾ ਹੈ।
                                                                                                                                           
                             ਉੱਚਾ ਦਰ ਬਾਬੇ ਨਾਨਕ ਦੇ ਸਰਪ੍ਰਸਤ ਮੈਂਬਰ

                      ਲੇਖਕ ਤਜਿੰਦਰ ਸਿੰਘ ਮੋਬਾਈਲ : 98148-98835