ਮੁਸੀਬਤ-ਦਰ-ਮੁਸੀਬਤ,ਹਾਦਸਾ-ਦਰ-ਹਾਦਸਾ,ਕਿੰਨਾ ਲੇਖਾ ਹੋਰ ਹਾਲੇ, ਸੱਚੇ ਮੇਰੇ ਪਾਤਾਸ਼ਾਹ।

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਿਜਰਤਨਾਮਾ 27

Partition 1947

ਉਰਦੂ, ਹਿੰਦੀ ਅਤੇ ਪੰਜਾਬੀ ਅਦਬ ਦੇ ਉਸਤਾਦ ਸ਼ਾਇਰ, ਦਰਜਨਾਂ ਫ਼ਿਲਮ/ਡਰਾਮਿਆਂ ਦੇ ਗੀਤ/ਡਾਇਲਾਗ ਲਿਖਣ ਵਾਲੇ ਅਤੇ 2001 'ਚ ਪੰਜਾਬ ਸ਼ਰੋਮਣੀ ਉਰਦੂ ਸਾਹਿਤ ਐਵਾਰਡ ਜੇਤੂ  ਜਨਾਬ ਸਰਦਾਰ ਪੰਛੀ ਸਾਹਿਬ ਜੀ ਦੀ ਤਲਖ਼ ਜ਼ਿੰਦਗੀ 'ਤੇ ਉਪਰੋਕਤ ਦਰਜ ਸਤਰਾਂ ਇਨ-ਬਿਨ ਢੁੱਕਦੀਆਂ ਹਨ। ਪੇਸ਼ ਹੈ ਉਨ੍ਹਾਂ ਦੀ ਕਹਾਣੀ ਉਨ੍ਹਾਂ ਦੀ ਅਪਣੀ ਜ਼ੁਬਾਨੀ। ਮੇਰੇ ਪੜਦਾਦਾ ਜੀ ਸ. ਜੋਧ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਸਮੇਂ ਮਹਾਰਾਣੀ ਨਕੈਣ ਦੇ ਘੋੜ ਸਵਾਰ ਸਨ। ਉਨ੍ਹਾਂ ਦੇ ਦਸਤੇ ਦਾ ਮੁਖੀ ਭਾਈ ਖ਼ਜ਼ਾਨ ਸਿੰਘ ਵੜੈਚ ਸੀ।

ਉਨ੍ਹਾਂ ਅਪਣੀ ਧੀ ਦਾ ਰਿਸ਼ਤਾ ਮੇਰੇ ਪੜਦਾਦਾ ਜੀ ਨਾਲ ਕਰ ਦਿਤਾ। ਮੇਰੇ ਪੜਦਾਦਾ ਜੀ ਨੂੰ ਵੀ ਸ਼ਾਇਰੀ ਦਾ ਸ਼ੌਂਕ ਸੀ। ਸਾਡਾ ਜੱਦੀ ਪਿੰਡ ਸੀ ਜ਼ਿਲ੍ਹਾ ਸ਼ੇਖੂਪੁਰਾ ਦਾ ਭਿੱਖੀ ਵਿਰਕਾਂ। ਉਥੇ ਨਨਕਾਣਾ ਸਾਹਿਬ ਰੋਡ 'ਤੇ ਹੀ ਸਾਡੇ ਬਜ਼ੁਰਗਾਂ ਦੀ ਹਵੇਲੀ ਅਤੇ ਜ਼ਮੀਨ ਸੀ। ਜ਼ਿਲ੍ਹਾ ਗੁਜਰਾਂਵਾਲਾ ਵਿਚ ਇਕ ਪਿੰਡ ਹੈ 'ਛੰਨੀ ਬਚਨੇ ਦੀ'। ਉਥੋਂ ਦਾ ਉਸ ਵਕਤ ਇਕ ਮੰਦਰ ਦਾ ਪੁਜਾਰੀ ਸੀ ਪੰਡਤ ਦੇਵੀ ਦਾਸ ਜੋ ਕਿ ਸ਼ਾਇਰੀ ਦਾ ਸ਼ੌਕ ਰਖਦਾ ਸੀ। ਮੇਰੇ ਪੜਦਾਦਾ ਜੀ ਉਸ ਪਾਸ ਕਈ ਦਫ਼ਾ ਸ਼ਾਇਰੀ ਸੁਣਨ ਚਲੇ ਜਾਇਆ ਕਰਦੇ ਸਨ।

ਅਜਿਹੇ ਹੀ ਇਕ ਸਮੇਂ ਉਦਾਸ ਮੁਦਰਾ ਵਿਚ ਹੋਣ ਦਾ ਕਾਰਨ ਪੜਦਾਦਾ ਜੀ ਨੇ ਉਨ੍ਹਾਂ ਨੂੰ ਪੁਛਿਆ ਤਾਂ ਦੇਵੀ ਦਾਸ ਹੋਰਾਂ ਅਪਣੀ ਜਨਮ ਤੋਂ ਹੀ ਅੰਨ੍ਹੀ ਧੀ ਦਾ ਕਿਧਰੇ ਰਿਸ਼ਤਾ ਨਾ ਹੋਣ ਦੀ ਮੁਸ਼ਕਲ ਸਾਂਝੀ ਕੀਤੀ ਤਾਂ ਮੇਰੇ ਪੜਦਾਦਾ ਜੀ ਨੇ ਅਪਣੇ ਪੁੱਤਰ ਵਾਸਤੇ ਉਸ ਦਾ ਰਿਸ਼ਤਾ ਕਬੂਲ ਕਰ ਲਿਆ। ਇਸ ਤਰ੍ਹਾਂ ਸ਼ਾਇਰੀ ਦੇ ਗੁਣ ਪੀੜ੍ਹੀ ਦਰ ਪੀੜ੍ਹੀ ਮੇਰੇ ਪਿਤਾ ਸ. ਫ਼ੌਜਾ ਸਿੰਘ ਬਿਜਲਾ ਤੇ ਅੱਗੋਂ ਮੇਰੇ ਵਿਚ ਆ ਗਏ। ਰੌਲ਼ਿਆਂ ਤੋਂ ਪਹਿਲਾਂ ਸਾਡੀ ਪਿੰਡ ਦੀ ਹਵੇਲੀ ਵਿਚ ਸ਼ਇਰਾਂ ਦੀ ਮਹਿਫ਼ਲ ਜੁੜਿਆ ਕਰਦੀ ਸੀ ਜਿਸ ਵਿਚ ਮੇਰੇ ਪਿਤਾ ਜੀ, ਜਨਾਬ ਫ਼ਿਰੋਜ਼ਦੀਨ ਸ਼ਰਫ਼, ਗੁਰਮੁਖ ਸਿੰਘ ਮੁਸਾਫ਼ਰ, ਧਨੀ ਰਾਮ ਚਾਤ੍ਰਿਕ, ਹੀਰਾ ਸਿੰਘ ਦਰਦ, ਤੇਜਾ ਸਿੰਘ ਚੂਹੜਕਾਣਾ ਵਗੈਰਾ ਅਤੇ ਮੈਂ ਬਤੌਰ ਬੱਚਾ ਸ਼ਾਇਰ ਵਜੋਂ ਸ਼ੁਮਾਰ ਹੁੰਦੇ।

1945 ਦਾ ਵਾਕਿਆ ਹੈ ਜਦ ਬੰਗਾਲ ਵਿਚ ਕਾਲ ਪਿਆ ਅਤੇ ਲੋਕ ਭੁੱਖ ਨਾਲ ਮਰ ਰਹੇ ਸਨ। ਤਦੋਂ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ਼ ਵਿਚ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ ਜਦ ਮੈਂ ਅਪਣੀ ਜ਼ਿੰਦਗੀ ਦੀ ਸੱਭ ਤੋਂ ਪਹਿਲੀ ਕਵਿਤਾ ਲਿਖੀ। ਜੋ ਕਿ ਸਟੇਜਾਂ 'ਤੇ ਮੈਂ (ਸਿੱਖ) ਅਤੇ ਹੋਰ ਨਾਲ ਦੇ ਵਿਦਿਆਰਥੀ ਸਾਥੀ ਨੱਥੂ ਰਾਮ (ਹਿੰਦੂ) ਅਤੇ ਅਸਲਮ (ਮੁਸਲਮ) ਰਲ਼ ਕੇ ਗਾਇਆ ਕਰਦੇ ਸੀ। ਆਜ਼ਾਦ ਹਿੰਦ ਫ਼ੌਜ ਦੀ ਮਸ਼ਹੂਰ ਤਿੱਕੜੀ ਸਹਿਗਲ-ਢਿੱਲੋ-ਸ਼ਾਹ ਨਵਾਜ਼ ਵਾਂਗ, ਸਾਡੀ ਤਿੱਕੜੀ ਵੀ ਬਲਾਕ ਪੱਧਰ 'ਤੇ ਮਸ਼ਹੂਰ ਸੀ ਉਦੋਂ। ਕਵਿਤਾ ਦੇ ਬੋਲ ਸਨ-

ਚੱਲੀਏ ਬੰਗਾਲੀ ਲੋਕਾਂ ਨੂੰ ਬਚਾਣ ਚੱਲੀਏ,
ਭੁੱਖਿਆਂ ਦੇ ਮੂੰਹ ਵਿਚ ਚੋਗਾ ਪਾਣ ਚੱਲੀਏ।'
ਉਸ ਵੇਲੇ ਸਾਡੇ ਪਿੰਡ 8ਵੀਂ ਤਕ ਡਿਸਟ੍ਰਿਕਟ ਬੋਰਡ ਸਕੂਲ ਚਲਦਾ ਸੀ। ਸਕੂਲ ਦੇ ਉਸਤਾਦਾਂ 'ਚ ਸ਼੍ਰੀ ਫ਼ਕੀਰ ਚੰਦ ਅਤੇ ਐਚ ਐਮ ਸ਼ਰਮਾ ਜੀ ਦਾ ਨਾਮ ਯਾਦ ਹੈ ਮੈਨੂੰ। ਮੁਸਲਮ ਸਹਿਪਾਠੀਆਂ 'ਚ ਅਹਿਮਦ ਖਰਲ, ਮੁਹੰਮਦ ਅਸਲਮ ਤੇ ਸਰਦਾਰ ਹਰਦਿਆਲ ਸਿੰਘ ਦਾ ਨਾਮ ਯਾਦ ਹੈ ਬਸ। ਬਾਰ ਬਟਨ ਤੇ ਮਾਮੂਵਾਲੀ ਗੁਆਂਢੀ ਪਿੰਡ ਸਨ ਸਾਡੇ।

ਰੌਲ਼ੇ ਪੈਣ ਤੋਂ ਪਹਿਲਾਂ ਤਕ ਸੱਭ ਕੁੱਝ ਵਧੀਆ ਚਲ ਰਿਹਾ ਸੀ। ਜ਼ਮੀਨ ਭਾਵੇਂ ਕੱਲਰਮਾਰੀ ਸੀ ਪਰ ਗੁਜ਼ਾਰਾ ਵਧੀਆ ਹੋਈ ਜਾਂਦਾ ਸੀ। ਵੱਢ-ਵਡਾਂਗਾ ਜਦ ਸ਼ੁਰੂ ਹੋਇਆ ਤਾਂ ਮੁਸਲਮ ਦੰਗਾਕਾਰੀਆਂ ਨੇ ਘਰ ਅਤੇ ਹਵੇਲੀ ਦਾ ਸਾਰਾ ਸਾਜ਼ੋ ਸਾਮਾਨ ਲੁੱਟ-ਪੁੱਟ ਕੇ ਅੱਗ ਲਗਾ ਦਿਤੀ। ਮਾਲਕ ਦਾ ਇੰਨਾ ਸ਼ੁਕਰ ਹੋਇਆ ਕਿ ਸਾਡਾ ਕੋਈ ਜਾਨੀ ਨੁਕਸਾਨ ਨਾ ਹੋਇਆ। ਉਸ ਸਮੇਂ ਮੈਂ ਤੇ ਮੇਰੀ ਨਿੱਕੀ ਭੈਣ 3 ਸਾਲਾ ਅਮਰਜੀਤ ਅਸੀ ਪਿੰਡੋਂ ਬਾਹਰ ਨਨਕਾਣਾ ਸਾਹਿਬ ਰੋਡ 'ਤੇ ਪੈਂਦੀ ਅਪਣੀ ਹਵੇਲੀ ਵਿਚ ਸੀ। ਉਸ ਵੇਲੇ ਪੱਛਮ ਵਲੋਂ ਪਿੰਡ ਉਪਰ ਹਮਲਾ ਹੋਇਆ ਅਤੇ ਅਸੀ ਗੇਟ ਵਲ ਭੱਜ ਕੇ ਵੇਖਿਆ ਤਾਂ 3-4 ਸਿੱਖ ਬੰਦੇ/ਬੀਬੀਆਂ ਜ਼ਖ਼ਮੀ ਹਾਲਤ 'ਚ ਪਿੰਡੋਂ ਬਾਹਰ ਖੇਤਾਂ ਵੱਲ ਨੂੰ ਭੱਜ ਰਹੇ ਸਨ। ਅਸੀ ਵੀ ਉਧਰ ਭੱਜ ਕੇ ਝਾੜੀਆਂ ਵਿਚ ਲੁਕ ਗਏ। ਸਾਡੇ ਪਾਸ ਸੜਕ ਦੇ ਬਰਾਬਰ ਇਕ ਤਾਂਗਾ ਰੁਕਿਆ।

ਤਾਂਗੇ ਵਾਲੇ ਮੁਸਲਮਾਨ ਵਿਅਕਤੀ ਨੇ ਸਾਨੂੰ ਲੁਕਦਿਆਂ ਨੂੰ ਵੇਖ ਲਿਆ ਸੀ ਸ਼ਾਇਦ। ਅਸੀ ਤਾਂ ਉਸ ਤੋਂ ਡਰਦੇ ਰੋਈਏ ਪਰ ਉਹ ਸਾਨੂੰ ਜਬਰੀ ਖਿੱਚ ਕੇ ਲੈ ਗਿਆ। ਉਸ ਨੇ ਸਾਨੂੰ ਤਾਂਗੇ ਦੀਆਂ ਸੀਟਾਂ ਥੱਲੇ ਲੰਮੇ ਪਾ ਕੇ ਉਪਰ ਘਾਹ ਪਾ ਕੇ ਛੁਪਾ ਦਿਤਾ। ਉਸ ਭਲੇ ਪੁਰਸ਼ ਨੇ ਸਾਨੂੰ ਸ਼ੇਖੂਪੁਰਾ ਰਿਫ਼ਿਊਜੀ ਕੈਂਪ ਵਿਚ ਲਾਹ ਦਿਤਾ ਤੇ  ਆਪ ਅਲੋਪ ਹੋ ਗਿਆ। ਕੁੱਝ ਦਿਨਾਂ ਬਾਅਦ ਬਾਕੀ ਰਿਫ਼ਿਊਜੀਆਂ ਦੇ ਨਾਲ ਹੀ ਅਸੀ ਵੀ ਲਾਹੌਰ ਵਾਲੀ ਮਾਲ ਗੱਡੀ ਚੜ੍ਹ ਗਏ। ਲਾਹੌਰ ਅੰਬਰਸਰ ਹੁੰਦੀ ਹੋਈ ਉਹ ਗੱਡੀ ਕੋਈ ਚੌਥੇ ਦਿਨ ਸ਼ਾਮ ਨੂੰ ਸਾਹਨੇਵਾਲ 'ਟੇਸ਼ਣ 'ਤੇ ਆ ਖਲੋਤੀ। ਸਾਰੀਆਂ ਸਵਾਰੀਆਂ ਉਤਰ ਗਈਆਂ ਪਰ ਅਸੀ ਭੈਣ ਭਰਾ ਖ਼ਾਲੀ ਡੱਬੇ 'ਚ ਉਵੇਂ ਹੀ ਬੈਠੇ ਰਹੇ। ਇਕ ਬਾਬੂ ਸਾਡੇ ਕੋਲ ਆਇਆ ਤੇ ਸਾਨੂੰ ਕਹਿਣ ਲੱਗਾ, “ਇਹ ਗੱਡੀ ਅੱਗੇ ਨਹੀਂ ਜਾਣੀ, ਉਤਰੋ।''

ਅਸੀ ਉਤਰ ਕੇ 'ਟੇਸ਼ਣ ਦੇ ਬੈਂਚ 'ਤੇ ਬਹਿ ਗਏ। ਅਸੀ ਭੁੱਖ ਤੇਹ ਨਾਲ ਵਿਆਕੁਲ, ਕਾਫ਼ੀ ਸਮਾਂ ਉਥੇ ਹੀ ਬੈਠੇ ਰਹੇ। ਫਿਰ ਅੱਧਖੜ ਉਮਰ ਦਾ ਇਕ ਸਰਦਾਰ ਸਾਡੇ ਕੋਲ ਆਇਆ ਤੇ ਸਾਨੂੰ ਪੁੱਛਣ ਲੱਗਾ, ''ਕਿਥੇ ਜਾਣਾ ਈ?'' ਅਸੀ ਆਖਿਆ, ''ਪਤਾ ਨਹੀਂ।'' ਇਹ ਸੁਣ ਕੇ ਉਹ ਸਾਨੂੰ ਪਿਛਵਾੜੇ ਪੈਂਦੇ ਅਪਣੇ ਘਰ ਲੈ ਗਿਆ। ਉਸ ਨੇ ਸਾਨੂੰ ਲੱਸੀ ਤੇ ਅੰਬ ਦੇ ਆਚਾਰ ਨਾਲ ਰੋਟੀ ਖੁਆਈ ਅਤੇ ਇਕ ਰਾਤ ਵੀ ਰਖਿਆ। ਦੂਜੇ ਦਿਨ ਉਹ ਦੇਵ ਪੁਰਸ਼ ਦੁਪਹਿਰ ਨੂੰ ਰੋਟੀ ਚਾਹ ਛਕਾਅ ਕੇ ਸਾਫ਼ੇ ਦੇ ਲੜ ਨਾਲ 4 ਰੋਟੀਆਂ ਗੁੜ ਦੀ ਭੇਲੀ ਨਾਲ ਬੰਨ੍ਹ ਦਿਤੀਆਂ ਤੇ ਸਾਨੂੰ ਕੁਰੂਕਸ਼ੇਤਰ ਵਾਲੀ ਗੱਡੀ ਚੜ੍ਹਾਅ ਗਿਆ। ਅੱਜ ਵੀ ਮੈਂ ਜਦੋਂ ਸਾਹਨੇਵਾਲ 'ਟੇਸ਼ਣ ਤੋਂ ਗ਼ੁਜ਼ਰਦਾ ਹਾਂ ਤਾਂ ਅਦਬ ਨਾਲ ਆਪ ਮੁਹਾਰੇ ਮੇਰਾ ਸੀਸ ਝੁਕ ਜਾਂਦਾ ਹੈ। ਅਸੀ ਕੁਰੂਕਸ਼ੇਤਰ ਉਤਰ ਕੇ ਰਿਫ਼ਿਊਜੀ ਕੈਂਪ ਵਿਚ ਚਲੇ ਗਏ ।

ਰਾਤ ਭਰ ਉਵੇਂ ਮੇਲੇ ਵਿਚ ਗੁਆਚੇ ਬਾਲਾਂ ਦੀ ਤਰ੍ਹਾਂ ਲੱਖਾਂ 'ਚੋਂ ਅਪਣਿਆਂ ਨੂੰ ਭਾਲਦੇ ਫਿਰਦੇ ਰਹੇ। ਕਾਫ਼ਲਿਆਂ 'ਚੋਂ ਵਿਛੜਿਆਂ ਦੀ ਭਾਲ ਵਿਚ ਲਾਊਡ ਸਪੀਕਰਾਂ 'ਤੇ ਅਨਾਊਂਸਮੈਂਟ ਹੁੰਦੀ ਸੀ ਉਦੋਂ। ਫਿਰ ਅਸੀ ਇਕ ਅਨਾਊਂਸਮੈਂਟ ਸੁਣੀ- “ਸ਼ੇਖੂਪੁਰਾ ਤੋਂ ਫ਼ੌਜਾ ਸਿੰਘ ਦੇ ਧੀ ਪੁੱਤਰ ਆਏ ਹੋਣ ਤਾਂ 62 ਨੰਬਰ ਤੰਬੂ ਵਿਚ ਪਹੁੰਚਣ''। ਇਹ ਸੁਣ ਕੇ ਅਸੀ ਉਧਰ ਨੂੰ ਭੱਜ ਤੁਰੇ। ਮਾਂ-ਪਿਉ ਨੂੰ ਮਿਲ ਕੇ ਜ਼ਾਰੋ ਜ਼ਾਰ ਰੋਏ ਅਸੀ। ਇਥੋਂ ਭੁੱਖਮਰੀ ਅਤੇ ਵਕਤ ਦੇ ਥਪੇੜਿਆਂ ਦੀ ਝਾਲ ਝਲਦਿਆਂ ਜ਼ਮੀਨ ਦੀ ਪਰਚੀ ਨਿਕਲਣ ਤੇ ਅੱਗੇ ਰਾਜਸਥਾਨ ਦੇ ਪਿੰਡ ਕਾਰੋਲੀ ਖ਼ਾਲਸਾ ਤਹਿ: ਰਾਮਗੜ੍ਹ, ਜ਼ਿਲ੍ਹਾ ਅਲਵਰ ਵਿਖੇ ਮੁੜ ਆਬਾਦ ਹੋਣ ਲਈ ਜਾ ਡੇਰਾ ਲਾਇਆ।

ਇਥੇ ਭਾਵੇਂ ਜ਼ਮੀਨ ਸਾਨੂੰ ਬਾਰ ਨਾਲੋਂ ਅੱਧੀ ਅਲਾਟ ਹੋ ਗਈ ਸੀ ਪਰ ਕੁੱਝ ਸਾਲ ਟੱਕਰਾਂ ਮਾਰਨ ਉਪਰੰਤ ਮੈਂ ਤੇ ਮੇਰੇ ਛੋਟੇ ਭਾਈ ਨੇ ਕਰਨਾਲ ਜਾ ਕੇ ਆਰਾ ਮਸ਼ੀਨ ਲਗਾ ਲਈ।ਇਥੇ ਰਹਿੰਦਿਆਂ ਮੈਂ ਉਚੇਰੀ ਪੜ੍ਹਾਈ ਕਰਨ ਦੇ ਨਾਲ ਨਾਲ ਖ਼ਾਲਸਾ ਸਕੂਲ ਵਿਚ ਅਧਿਆਪਨ ਦੀ ਨੌਕਰੀ ਵੀ ਕਰ ਲਈ। ਇਥੇ ਮੈਨੂੰ ਨਾਮੀ     ਸ਼ਾਇਰਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਜਿਥੇ ਸ. ਕਰਤਾਰ ਸਿੰਘ ਜੀ 'ਸੁਮੇਰ' ਦੇ ਘਰ ਉਨ੍ਹਾਂ ਦੀ ਮਹਿਫ਼ਲ ਸਜਿਆ ਕਰਦੀ। ਲਿਹਾਜ਼ਾ ਮੇਰੀ ਪਹਿਲੀ ਕਿਤਾਬ 'ਮਜ਼ਦੂਰ ਕੀ ਪੁਕਾਰ' (ਹਿੰਦੀ) ਦੀ ਪ੍ਰਕਾਸ਼ਨਾ ਹੋਈ। ਫਿਰ ਇਥੋਂ ਵੀ ਮਨ ਉਚਾਟ ਹੋ ਗਿਆ ਤਾਂ ਰਾਏ ਬਰੇਲੀ ਜਾ ਡੇਰੇ ਲਾਏ।

ਇਥੇ ਅਪਣੀ ਵਰਕਸ਼ਾਪ ਲਾਈ। ਜ਼ਮੀਨਾਂ ਖੁੱਲ੍ਹੀਆਂ ਤੇ ਸਸਤੀਆਂ ਸਨ, ਸੋ ਮਿਹਨਤ ਕਰ ਕੇ ਵਾਹਵਾ ਜ਼ਮੀਨ ਵੀ ਬਣਾ ਲਈ। ਅਪਣਾ ਪ੍ਰਾ:ਸਕੂਲ ਅਤੇ ਪਰੈੱਸ ਵੀ ਚਲਾਇਆ। ਇਥੋਂ ਹੀ ਮੈਂ ਸੱਭ ਤੋਂ ਪਹਿਲੀ ਅਪਣੀ ਸੰਪਾਦਕੀ ਅਤੇ ਮਾਲਕੀ ਹੇਠ ਹਫ਼ਤਾਵਾਰੀ ਅਖ਼ਬਾਰ 'ਅਵਧ ਮੇਲ' ਸ਼ੁਰੂ ਕੀਤੀ। ਸ਼ਾਇਰੀ ਦਾ ਜਾਦੂ ਵੀ ਸਿਰ ਚੜ੍ਹ ਬੋਲਿਆ। ਮੇਰੀਆਂ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਕਈ ਕਿਤਾਬਾਂ ਛਪੀਆਂ। ਮੈਂ ਉਰਦੂ ਸ਼ਾਇਰ ਜਨਾਬ ਜ਼ਲੀਲ ਹਸਨ 'ਵਾਕਿਫ਼' ਸਾਹਿਬ ਨੂੰ ਉਸਤਾਦ ਧਾਰਿਆ। ਉਸ ਵਕਤ ਇਲਾਕੇ ਭਰ ਵਿਚ ਮੇਰੀ ਕਾਫ਼ੀ ਚਰਚਾ ਸੀ ਪਰ ਅਫ਼ਸੋਸ ਕਿ ਤਦੋਂ ਹੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਦੰਗਾਕਾਰੀਆਂ ਨੇ ਸੱਭ ਕੁੱਝ ਲੁੱਟ-ਪੁੱਟ ਕੇ ਘਰ ਅਤੇ ਤਮਾਮ ਕਾਰੋਬਾਰ ਅੱਗ ਦੀ ਭੇਟ ਕਰ ਦਿਤਾ।

“ਉਹ ਕੁਦਰਤ ਦੀ ਮਰਜ਼ੀ ਸੀ ਜਾਂ ਕਾਰਾ ਜ਼ਾਲਮ ਟੋਲੇ ਦਾ ਵੇਖਿਆ। ਫਿਰ 84 ਵਿਚ  ਵਰਤ ਰਿਹਾ 47  ਸੀ।'' ਸ਼ੁਕਰ ਇਹ ਕਿ 47 ਵਾਂਗ 84 ਵਿਚ ਵੀ ਸਾਡੀ ਜਾਨ ਬਚੀ ਰਹੀ। ਅਸੀ ਇਕ ਦਫ਼ਾ ਫਿਰ ਆਬਾਦ ਤੋਂ ਬਰਬਾਦ ਹੋ ਕੇ ਪੰਜਾਬ ਮਾਤਾ ਨਗਰ ਲੁਧਿਆਣਾ ਪਹੁੰਚ ਗਏ। ਦੋਵੇਂ ਬੇਟੀਆਂ ਤਾਂ ਅਪਣੇ ਅਪਣੇ ਘਰ ਸੁਖੀ ਹਨ ਪਰ ਦੋਹਾਂ ਬੇਟਿਆਂ ਦੇ ਪਰਵਾਰਕ ਕਲੇਸ਼ ਕਰ ਕੇ ਜਿਥੇ ਛੋਟੇ ਬੇਟੇ ਨੂੰ ਆਤਮ ਹਤਿਆ ਕਰਨੀ ਪਈ ਉੱਥੇ ਇਹ ਘਰ ਵੀ ਵੇਚਣ ਲਈ ਮਜਬੂਰ ਕਰ ਦਿਤਾ।
ਫਿਰ ਅਸੀ ਸਰਕਾਰ ਵਲੋਂ 84 ਦੇ ਦੰਗਾ ਪੀੜਤਾਂ ਨੂੰ ਦੁਗਰੀ ਅਰਬਨ ਇਸਟੇਟ-3 ਵਿਚ ਅਲਾਟ ਫ਼ਲੈਟ ਵਿਚ ਚਲੇ ਗਏ।ਇਥੇ ਵੀ ਘਰੇਲੂ ਅਤੇ ਕਾਰੋਬਾਰੀ ਪਰੇਸ਼ਾਨੀਆਂ ਨੇ ਪਿਛਾ ਨਾ ਛਡਿਆ ਤਾਂ ਇਥੋਂ ਫਿਰ ਬਰਬਾਦ ਹੋ ਕੇ ਖੰਨੇ ਜਾ ਆਬਾਦ ਹੋਏ।

ਜ਼ਿੰਦਗੀ ਦੇ ਇਨ੍ਹਾਂ ਪੀੜਾਂ ਭਰੇ ਤਲਖ਼ ਸਫ਼ਰ ਵਿਚ ਮੇਰੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਖੜੀ ਰਹੀ ਮੇਰੀ ਸ਼ਰੀਕ-ਏ-ਹਯਾਤ ਸਰਦਾਰਨੀ ਜਸਵੰਤ ਕੌਰ ਦਾ ਮੈਂ ਸਾਰੀ ਉਮਰ ਦੇਣਾ ਨਹੀਂ ਦੇ ਸਕਦਾ ਜਿਸ ਨੇ ਮੈਨੂੰ ਵਾਰ ਵਾਰ ਡਿੱਗੇ ਨੂੰ ਮੁੜ ਆਸਰਾ ਦੇ ਕੇ ਖੜਾ ਕੀਤਾ। ਅਦਬੀ ਦੁਨੀਆਂ ਵਿਚ ਜੋ ਵੀ ਅੱਜ ਮੇਰਾ ਸਤਿਕਾਰ ਅਤੇ ਪਿਆਰ ਬਣਿਆ ਹੋਇਆ ਹੈ, ਉਸ ਪਿਛੇ ਵੀ ਸਿਰੜੀ ਜਸਵੰਤ ਦਾ ਹੱਥ ਹੈ। ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਵਿਚ ਢਾਈ ਦਰਜਨ ਸਾਹਿਤ ਦੀਆਂ ਕਿਤਾਬਾਂ ਪਾਠਕਾਂ ਦੀ ਨਜ਼ਰ ਕਰ ਚੁਕਿਆ ਹਾਂ। ਮੈਂ ਅੱਜ ਵੀ ਅਖ਼ਬਾਰਾਂ ਵਿਚ ਬਰਾਬਰ ਛਪਦਾ ਹਾਂ। ਸ਼ਗਿਰਦਾਂ ਅਤੇ ਮਾਣ ਸਤਿਕਾਰ ਦੀ ਫ਼ਸਲ ਵੀ ਭਰਪੂਰ ਐ ਪਰ ਸੱਭ ਕੁੱਝ ਹੁੰਦਿਆਂ ਵੀ ਇਵੇਂ ਭਾਸਦੈ ਕਿ ਕੁੱਝ ਵੀ ਨਹੀਂ ਹੈ। ਘਰੇਲੂ ਹਾਲਾਤ ਦੇ ਨਾਸਾਜ਼ ਚਲਦਿਆਂ, ਮਾਰਚ 20 ਵਿਚ ਜਸਵੰਤ ਵੀ ਕੁੱਝ ਸਮਾਂ ਬਿਮਾਰ ਰਹਿ ਕੇ ਮੇਰਾ ਸਾਥ ਸਦਾ ਲਈ ਛੱਡ ਗਈ। ਹੁਣ ਇਕਲਾਪੇ 'ਚ ਉਹ ਪਰਾਇਆ ਹੋਇਆ ਭਿੱਖੀ ਵਿਰਕਾਂ ਡਾਹਢਾ ਯਾਦ ਆਉਂਦਾ ਪਿਐ ਜਦੋਂ, ਸਾਂਝੇ ਪਰਵਾਰ ਵਿਚਲੀ ਰੌਣਕ ਤੇ ਖ਼ੁਸ਼ਹਾਲੀ ਦਾ ਅਪਣਾ ਹੀ ਜਲੌਅ  ਸੀ। ਕਾਸ਼-'ਕੋਈ ਲੌਟਾ ਦੇ ਮੁਝੇ ਬੀਤੇ ਹੂਏ ਪਲ।'
                                                                                                                                               ਸਰਦਾਰ ਪੰਛੀ, ਮੋਬਾਈਲ : 92569-73526