ਆਉ ਲੰਗਰ ਪ੍ਰਥਾ ਦੀ ਅਸਲ ਮਹਾਨਤਾ ਨੂੰ ਪਛਾਣੀਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਲੰਗਰ ਆਮ ਕਰ ਕੇ ਧਾਰਮਕ ਸਥਾਨਾਂ ਦੇ ਹਦੂਦ ਅੰਦਰ ਹੀ ਜਾਂ ਫਿਰ ਬਿਲਕੁਲ ਨੇੜੇ ਕਿਸੇ ਢੁਕਵੀਂ ਥਾਂ ’ਤੇ ਚਲਾਉਣ ਦਾ ਸੇਵਾ ਭਾਵਨਾ ਨਾਲ ਪ੍ਰਬੰਧ ਕੀਤਾ ਜਾਂਦਾ ਆ ਰਿਹਾ ਹੈ।

Langar

 

ਆਮ ਬੋਲ-ਚਾਲ ਵਿਚ ‘ਲੰਗਰ’ ਸ਼ਬਦ ਦਾ ਅਰਥ ਇਹੀ ਲਿਆ ਜਾਂਦਾ ਹੈ ਕਿ ‘ਪੱਕਿਆ ਪਕਾਇਆ’ ਮੁਫ਼ਤ ਭੋਜਨ। ਲੋੜਵੰਦ ਦੀ ਭੁੱਖ-ਪਿਆਸ ਨੂੰ ਮਿਟਾਉਣ ਲਈ ਸਾਡੇ ਪੁਰਖਿਆਂ ਖ਼ਾਸ ਕਰ ਕੇ ਸਿੱਖ ਗੁਰੂ ਸਾਹਿਬਾਨ ਨੇ ਲੰਗਰ ਪ੍ਰਥਾ ਦਾ ਆਗਾਜ਼ ਕੀਤਾ। ਸਮੇਂ ਦੀ ਲੋੜ ਵੀ ਸੀ ਕਿ ਦੂਰੋਂ ਨੇੜਿਉਂ ਆਉਂਦੀ ਸੰਗਤ ਦੇ ਜੀਵਨ ਦੀ ਮੁੱਖ ਲੋੜ (ਖਾਣ-ਪੀਣ) ਦੀ ਪੂਰਤੀ ਕੀਤੀ ਜਾ ਸਕੇ। ਇਸ ਦੇ ਨਾਲ ਨਾਲ ਇਹ ਵੀ ਮਕਸਦ ਸੀ ਕਿ ਮਨੁੱਖਤਾ ’ਚ ਪਈ ਊਚ-ਨੀਚ, ਜਾਤ-ਪਾਤ ਦੀ ਮੇਰ-ਤੇਰ ਦੇ ਦਵੈਤ ਭਾਵ ਨੂੰ  ਘਟਾਉਣਾ ਜਿਸ ਲਈ ਬਿਨਾਂ ਭੇਦਭਾਵ ਪੰਗਤ ’ਚ ਹੀ ਲੰਗਰ ਪ੍ਰਸਾਦਿ ਛਕਣ-ਛਕਾਉਣ ਦਾ ਸਿਧਾਂਤ ਵੀ ਦਿਤਾ ਗਿਆ ਜੋ ਨਿਰੰਤਰ ਜਾਰੀ ਹੈ।
ਲੰਗਰ ਆਮ ਕਰ ਕੇ ਧਾਰਮਕ ਸਥਾਨਾਂ  ਦੇ ਹਦੂਦ ਅੰਦਰ ਹੀ ਜਾਂ ਫਿਰ ਬਿਲਕੁਲ ਨੇੜੇ ਕਿਸੇ ਢੁਕਵੀਂ ਥਾਂ ’ਤੇ ਚਲਾਉਣ ਦਾ ਸੇਵਾ ਭਾਵਨਾ ਨਾਲ ਪ੍ਰਬੰਧ ਕੀਤਾ ਜਾਂਦਾ ਆ ਰਿਹਾ ਹੈ। ਸੰਗਤਾਂ ਵਲੋਂ  ਭੇਂਟ ਕੀਤੇ ਤਿਲ ਫੁੱਲ ਨਾਲ ਜਾਂ ਸੁੱਕੇ ਰਸਦ ਪਾਣੀ ਨੂੰ ਪਕਾਇਆ ਤੇ ਵਰਤਾਇਆ ਜਾਂਦਾ ਹੈ। ਕਈ ਵਾਰ ਸੰਗਤਾਂ ਵਲੋਂ ਭੇਂਟ ਕੀਤਾ ਪਕਿਆ ਪਕਾਇਆ  ਲੰਗਰ ਵੀ ਲੰਗਰਾਂ ’ਚ ਵਰਤਾਇਆ ਜਾਂਦੈ।

ਰਾਹੀਆਂ ਵਾਸਤੇ ਆਮ ਦੂਰ ਦਰਾਡੇ ਰਾਹਾਂ ’ਚ ਪੁੰਨ ਖਾਤੇ ਵਿਚ ਜਲ ਸੇਵਾ ਲਈ ਖੂਹ/ਨਲਕੇ ਜਾਂ ਸਮੇਂ ਅਨੁਸਾਰ ਹੋਰ ਉਪਲਬਧ ਸਾਧਨਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਆ ਰਿਹਾ ਹੈ। ਕਹਿਣ ਦਾ ਭਾਵ ਅਪਣੀ ਆਰਥਕ ਸਮਰੱਥਾ ਤੇ ਆਸਥਾ ਅਨੁਸਾਰ ਮਨੁੱਖ ਪੁੰਨ ਦਾਨ ਵਜੋਂ ਲੋੜਵੰਦ ਭੁੱਖੇ ਪਿਆਸੇ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ, ਉਸ ਦੀ ਭੱੁਖ ਤ੍ਰੇਹ ਨੂੰ  ਤਿ੍ਰਪਤ ਕਰਨ ਦੀ ਸੇਵਾ ਤਨੋਂ ਮਨੋਂ ਤੇ ਧਨੋਂ ਕਰਦਾ ਆ ਰਿਹਾ ਹੈ। ਇਹ ਸੇਵਾ ਭਾਵਨਾ ਹੁਣ ਵੀ ਸਿਖਰਾਂ ’ਤੇ ਹੈ। ਹੁਣ ਤਾਂ ਆਰਥਕਤਾ ’ਚ ਸੁਧਾਰ ਹੋਣ ਕਰ ਕੇ ਲੰਗਰਾਂ ਦੇ ਖਾਣਿਆਂ ’ਚ ਵੀ ਵੰਨ ਸੁਵੰਨੇ  ਪਦਾਰਥਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਗਈ ਹੈ। ਨਾਲ  ਨਾਲ ਇਹ ਵੀ ਕਿ ਲੰਗਰ ਧਾਰਮਕ ਸਥਾਨਾਂ ਦੀਆਂ ਹੱਦਾਂ ਤਕ ਸੀਮਤ ਨਹੀਂ ਰਹੇ। ਸਗੋਂ ਲੰਗਰ ਪ੍ਰਥਾ ਤਾਂ ਪਿੰਡ-ਪਿੰਡ/ਸ਼ਹਿਰ-ਸ਼ਹਿਰ ਤੇ ਇਸ ਤੋਂ ਵੀ ਅੱਗੇ ਵੱਧ ਕੇ ਗਲੀਆਂ ਮੁਹੱਲਿਆਂ ਤਕ ਪਹੁੰਚ ਚੁਕੀ ਹੈ।

ਖ਼ਾਸ ਕਰ ਕੇ ਵਿਸ਼ੇਸ਼ ਦਿਨ ਦਿਹਾੜਿਆਂ (ਮੱਸਿਆ/ਮੇਲਿਆਂ) ਦੌਰਾਨ ਥਾਂ ਥਾਂ ਲੰਗਰ ਲਾ ਕੇ ਸੰਗਤਾਂ ਅਪਣੀ ਸ਼ਰਧਾ ਦਾ ਇਜ਼ਹਾਰ ਕਰਦੀਆਂ ਹਨ। ਕੱੁਝ ਲੰਗਰ, ਕੱੁਝ ਵਾਟ (ਵਿੱਥ) ’ਤੇ ਹੀ ਹਟਵੇਂ ਹੁੰਦੇ ਹਨ, ਕੱੁਝ ਆਹਮੋ ਸਾਹਮਣੇ ਤੇ ਕਈਆਂ ਦੀਆਂ ਹੱਦਾਂ ਵੀ ਇਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਰੀਸੋ ਰੀਸੀ ਵੱਡੇ ਵੱਡੇ ਲਾਊਡ ਸਪੀਕਰਾਂ ਨਾਲ  ਸ਼ਬਦ ਭਜਨ ਵੀ ਗੂੰਜ ਰਹੇ ਹੁੰਦੇ ਹਨ ਤੇ ਨਾਲੋ ਨਾਲ ਵੰਨ ਸੁਵੰਨੇ ਖਾਧ ਪਦਾਰਥਾਂ ਦਾ ਨਾਂ ਲੈ ਲੈ ਕੇ  ਲੰਗਰ ਛਕਣ ਲਈ ਹੱਥ ਜੋੜ ਜੋੜ ਕੇ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਇਹ ਸਭ ਕੁੱਝ ਇੰਝ ਲਗਦੈ ਜਿਵੇਂ ਸ਼ਰਧਾ ਦੀ ਇਸ ਮੁਕਾਬਲੇਬਾਜ਼ੀ ’ਚ ਸੰਗਤਾਂ ਨੂੰ ਬਦੋਬਦੀ ਲੰਗਰ ਛਕਣ ਲਈ ਮਜਬੂਰ ਕੀਤਾ ਜਾ ਰਿਹਾ ਹੋਵੇ। ਵੈਸੇ ਵੀ ਆਵਾਜਾਈ ਦੇ ਤੇਜ਼ ਤਰਾਰ ਸਾਧਨ ਹੋਣ ਕਰ ਕੇ ਵਾਟਾਂ ਲਮੇਰੀਆਂ ਨਹੀਂ ਰਹੀਆਂ ਤੇ ਕਿਤੇ ਵੀ ਪਹੁੰਚ ਕਾਫ਼ੀ ਸੁਖਾਲੀ ਹੋ ਗਈ ਹੈ। ਸ਼ਾਇਦ ਹੀ ਕਿਸੇ ਨੂੰ ਰਾਹ ’ਚ ਏਡੀ ਛੇਤੀ ਪ੍ਰਸ਼ਾਦਾ ਛਕਣ ਦੀ ਲੋੜ ਪੈਂਦੀ ਹੋਵੇਗੀ ਪਰ ਫਿਰ   ਵੀ ਕਈ ਥਾਈਂ ਬਦੋਬਦੀ ਲੰਗਰ ਛਕਾਉਣ ਲਈ ਆਰਜ਼ੀ ਰੋਕਾਂ ਵੀ ਲਾਈਆਂ ਹੁੰਦੀਆਂ ਹਨ।


ਲੰਗਰਾਂ ’ਚ ਪ੍ਰਸ਼ਾਦਾ-ਪਾਣੀ ਖੁੱਲ੍ਹੇ ਰੂਪ ਵਿਚ ਤਿਆਰ ਕੀਤਾ ਜਾਂਦਾ ਹੈ ਤਾਕਿ ਲੰਗਰ ਮਸਤਾਨੇ  (ਥੁੜ੍ਹ) ਨਾ ਜਾਣ ਜਿਸ ਕਰ ਕੇ ਨੇੜੇ ਨੇੜੇ ਜਾਂ ਕੱੁਝ ਦੂਰੀ ’ਤੇ ਚਲਦੇ ਲੰਗਰਾਂ ’ਚ ਬੇਹਿਸਾਬੇ ਤਿਆਰ ਲੰਗਰ ਦਾ ਇਕ ਵੱਡਾ ਹਿੱਸਾ ਅਣਵੰਡਿਆ (ਅਣਵਰਤਾਇਆ) ਵੀ ਰਹਿ ਜਾਂਦਾ ਹੋਵੇਗਾ ਜੋ  ਕੂੜੇ ਦਾ ਰੂਪ ਵੀ ਧਾਰਦਾ ਹੋਵੇਗਾ। ਕੂੜੇ ਦੇ ਰੂਪ ’ਚ ਅਣਜਾਣੇ ’ਚ ਸੁੱਤੇ-ਸਿਧ ਹੁੰਦੀ ਇਹ ਅੰਨ  ਬਰਬਾਦੀ ਪੁੰਨ-ਦਾਨ/ਸੇਵਾ ਦੀ ਸ਼ਰਧਾ ਨੂੰ ਇਕ  ਵਾਰ ਤਾਂ ਜ਼ਰੂਰ ਢਾਹ ਲਾਉਂਦੀ ਹੈ ਤੇ ਪ੍ਰਸ਼ਨ ਵੀ ਖੜੇ ਕਰਦੀ ਹੈ ਕਿ ਲੰਗਰ ਬਰਬਾਦੀ ਲਈ ਨਹੀਂ ਸਗੋਂ  ਲੋੜਵੰਦਾਂ ਦੇ ਢਿੱਡ ਭਰਨ ਲਈ ਹੁੰਦੇ ਨੇ।

ਲੰਗਰ ਛਕਣ ਵਾਲਿਆਂ ’ਚ ਵੀ ਕੱੁਝ ਜ਼ਬਾਨ ਦੇ ਚਸਕੇ ਵਾਲੇ ਅਪਣੀ ਪਸੰਦੀਦਾ ਲੰਗਰ ਦੀ ਭਾਲ ’ਚ ਲੰਗਰਾਂ ਦੀ ਟੋਹ ਲਾ ਕੇ ਇਥੋਂ-ਉਥੋਂ ਦੀ ਛਕਣ ਦੇ ਰਉਂ ’ਚ ਹੁੰਦੇ ਹਨ। ਇਹ ਰਉਂ ਵੀ ਲੰਗਰ ਦੀ ਮਾਣ ਮਰਿਆਦਾ ਨੂੰ ਭੰਗ ਕਰਦਾ ਹੈ। ਢਿੱਡ ਭਰ ਜਾਂਦੇ ਨੇ ਪਰ ਨੀਤ ਨਹੀਂ ਭਰਦੀ। ਹੱਦ ਤੋਂ ਵੱਧ ਖਾ ਲੈਣ ਨਾਲ ਕਈਆਂ ਨੂੰ ਬਦਹਜ਼ਮੀ ਦਾ ਸ਼ਿਕਾਰ ਵੀ ਹੋਣਾ ਪੈਂਦੈ।
ਸੋ ਲੰਗਰ ਦੀ ਮਾਣ ਮਰਿਯਾਦਾ ਕਾਇਮ ਰੱਖਣ ਲਈ ਸਾਰੇ ਲੰਗਰ ਹੀ ਸਾਦੇ ਭੋਜਨ ਵਾਲੇ ਅਤੇ ਢੁਕਵੀਂ ਦੂਰੀ ’ਤੇ ਹੋਣ। ਜਿਥੋਂ ਹਰ ਲੋੜਵੰਦ ਬਗ਼ੈਰ ਕਿਸੇ ਝਿਜਕ ਦੇ ਖ਼ੁਦ ਲੋੜ ਅਨੁਸਾਰ ਜੀਅ ਭਰ ਕੇ ਅਪਣੀ ਪੇਟ ਪੂਜਾ ਕਰ ਸਕੇ ਤੇ ਰੱਜਿਆਂ ਨੂੰ ਹੋਰ ਰਜਾਉਣ ਲਈ ਵੱਖ-ਵੱਖ ਸਵਾਦੀ ਪਦਾਰਥਾਂ ਦੇ ਨਾਂ ਲੈ ਲੈ ਕੇ ਹੋਰ ਹੋਰ ਢਿੱਡ ਭਰਨ ਲਈ ਲੰਗਰ ਛਕਾਉਣ ਦੀਆਂ ਬੇਨਤੀਆਂ ਆਦਿ ਨਾ ਕਰਨੀਆਂ ਪੈਣ।
ਤਿਲ ਫੁਲ ਭੇਂਟ ਕਰਨ ਵਾਲੇ ਦਾਨ-ਪੁੰਨ ਖੱਟਣ ਵਾਲੇ ਦਾਨੀਆਂ/ਮਹਾਂ ਦਾਨੀਆਂ ਨੂੰ ਵੀ ਅੰਨ੍ਹੀ ਸ਼ਰਧਾ ਤੋਂ ਬਾਹਰ ਆ ਕੇ ਤਰਕ ਨਾਲ ਸੋਚਣਾ ਚਾਹੀਦੈ :
“ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥
(ਅੰਗ 1245)

ਸ਼ਬਦ ਅਨੁਸਾਰ ਚਲਦਿਆਂ ਭੁੱਖ ਤ੍ਰੇਹ ਨੂੰ ਤਿ੍ਰਪਤ ਕਰਨ ਵਾਲੇ ਲੰਗਰਾਂ ਦੇ ਨਾਲ ਹੋਰ ਲੰਗਰ ਅਭਿਆਨ ਜਿਵੇਂ ਸਾਹਾਂ ਦੇ ਲੰਗਰ (ਧਰਤੀ ਸੁਹਾਵੀ ਬਣਾਉਣ ਲਈ ਰੁੱਖ ਲਾਉਣੇ), ਵਿਦਿਆ ਦੇ ਪਸਾਰ ਦੇ ਲੰਗਰ ਤੇ ਹੋਰ ਜ਼ਰੂਰਤਾਂ ਦੀ ਪੂਰਤੀ ਦੇ ਲੰਗਰ ਵਲ  ਵੀ ਧਿਆਨ ਦੇਣ ਦੀ ਲੋੜ ਹੈ।
ਇਥੇ ਇਕ ਹੋਰ ਗੱਲ ਸੋਚਣ- ਵਿਚਾਰਨ ਦੀ ਹੈ ਕਿ ਖ਼ਾਸ ਦਿਨ ਦਿਹਾੜਿਆਂ ਸਮੇਂ ਬੇਸ਼ੁਮਾਰ ਚਲਦੇ ਲੰਗਰਾਂ ’ਚ ਬਹੁਤ ਸਾਰੇ ਖ਼ਾਸ ਲੋੜਵੰਦਾਂ ਦੀ ਭੁੱਖ ਤ੍ਰੇਹ  ਜ਼ਰੂਰ ਹੀ ਸ਼ਾਂਤ ਹੋ ਜਾਂਦੀ ਹੋਵੇਗੀ ਪਰ ਦਿਨ ਦਿਹਾੜਿਆਂ ਦਾ ਸਮਾਂ ਲੰਘਣ ਤੋਂ ਬਾਅਦ ਲੋੜਵੰਦਾਂ ਦੀ ਪੇਟ ਪੂਜਾ ਕਿਵੇਂ ਹੁੰਦੀ ਹੋਵੇਗੀ? ਗੁਰਧਾਮਾਂ ਤੋਂ ਬਗ਼ੈਰ ਉਨ੍ਹਾਂ ਵਾਸਤੇ ਥਾਂ ਥਾਂ ਸਦਾ ਬਹਾਰ ਲੰਗਰ  ਚਲਦੇ ਰਖਣੇ ਵੀ ਸੰਭਵ ਨਹੀਂ। ਹਮੇਸ਼ਾ ਲੰਗਰਾਂ ’ਤੇ ਟੇਕ ਰਖਣੀ ਮੁਫ਼ਤਖ਼ੋਰੀ ਵਿਹਲੜਪਨ ਨੂੰ ਵੀ ਬੜ੍ਹਾਵਾ ਦੇਣ ਤੇ ਕਿਰਤੀ ਬਿਰਤੀ ਤੋਂ ਵੀ ਪਾਸਾ ਵੱਟਣ (ਦੂਰ ਕਰਨ) ਦਾ ਸਬੱਬ ਵੀ ਬਣਦੀ ਹੈ।
“ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹ ਪਛਾਣਹਿ ਸੇਇ॥” (ਅੰਗ1245) 

 

ਅਜਿਹੇ ਨਿਵੇਕਲੇ ਮਾਰਗ ਨੂੰ ਪਛਾਣਦਿਆਂ ਦਾਨ-ਪੁੰਨ ਦੀ ਬਿਰਤੀ ਵਾਲੇ ਪਰਉਪਕਾਰੀ ਜਨਾਂ ਤੇ ਨੇੜਲੇ ਆਲੇ ਦੁਆਲੇ ਦੇ ਇਲਾਕਿਆਂ ਦੀਆਂ ਲੰਗਰ ਕਮੇਟੀਆਂ/ਸੰਪਰਦਾਵਾਂ ਨੂੰ ਸਿਰ ਜੋੜ ਕੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਸਿਰਫ਼ ਚੌਧਰ ਦੀ ਹਾਉਮੈ ਨੂੰ ਪੱਠੇ ਪਾਉਣ ਵਾਲੀ ਖ਼ਾਸ ਮੌਕਿਆਂ ’ਤੇ ਲੰਗਰਾਂ ਦੀ ਘੜਮੱਸ ਮਚਾਉਣ ਦੀ ਹੋੜ ਦਾ ਤਿਆਗ ਕਰ ਕੇ ਲੰਗਰ ਚਲਾਉਣ ਦੀ ਸਰਬ-ਸਾਂਝ ਕਾਇਮ ਕਰਨੀ ਬੜੀ ਜ਼ਰੂਰੀ ਹੈ। ਸਲਾਹ ਮਸ਼ਵਰੇ ਨਾਲ ਢੁਕਵੀਂ ਦੂਰੀ ’ਤੇ ਸਾਦੇ ਲੰਗਰ ਹੀ ਚਲਾਏ  ਜਾਣ ਦੀ ਪ੍ਰੰਪਰਾ ਕਾਇਮ ਕੀਤੀ ਜਾਵੇ। ਜਿਥੋਂ ਲੋੜਵੰਦ ਰਾਹੀ ਖ਼ੁਦ ਲੋੜ ਅਨੁਸਾਰ ਪ੍ਰਸ਼ਾਦ ਪਾਣੀ ਛਕਣ ਲਈ ਸਰਬ ਸਾਂਝੇ ਚਲਦੇ ਲੰਗਰਾਂ ’ਚ ਉਚੇਚੀ ਸ਼ਿਰਕਤ ਕਰਨ। ਭੁੱਖ ਲੱਗਣ ’ਤੇ ਸਾਦਾ ਅੰਨ ਪਾਣੀ ਛਕਣ ਦਾ ਜੋ ਆਨੰਦ ਆਉਂਦਾ ਹੈ, ਉਹ ਵਰਣਨ ਤੋਂ ਬਾਹਰਾ ਹੀ ਹੁੰਦਾ ਹੈ। ਅਸਲ ’ਚ ਭੁੱਖ ਲੱਗਣ ਤੇ  ਹੀ ਅੰਨ ਪਾਣੀ ਦੀ ਕਦਰ ਪੈਂਦੀ ਹੈ ਜਿਸ ਨਾਲ ਬਹੁਤ ਸਾਰਾ ਰਿਜ਼ਕ ਜੂਠ ਮੂਠ ’ਚ ਬਰਬਾਦ ਹੋਣ ਤੋਂ ਵੀ ਕਾਫ਼ੀ ਹਦ ਤਕ ਬਚ ਜਾਂਦਾ ਹੈ। ਜਿਸ ਨਾਲ ਉਗਰਾਹੇ ਜਾਂ ਭੇਂਟ ਹੋਏ ਤਿਲ ਫੁੱਲ ਰਸਦ ਪਾਣੀ ’ਚ ਵੀ ਬੱਚਤ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ।

 

‘ਗ਼ਰੀਬ ਦਾ ਮੂੰਹ, ਗੁਰੂ ਦੀ ਗੋਲਕ’ ਅਨੁਸਾਰ ਚਲਦੀ ਲੰਗਰ ਪ੍ਰਥਾ ’ਚ ਇਕ ਹੋਰ ਨਿਵੇਕਲੀ ਪਰਉਪਕਾਰੀ ਪ੍ਰਥਾ ਵੀ ਜੋੜੀ ਜਾ ਸਕਦੀ ਹੈ ਜਿਸ ਨਾਲ ਲੋੜਵੰਦ ਗ਼ਰੀਬ ਕਿਰਤੀਆਂ ਦਾ ਦੋ ਵਕਤ  ਦਾ ਚੁੱਲ੍ਹਾ ਤਪਦਾ ਰੱਖਣ ਦੀਆਂ ਯੋਜਨਾਵਾਂ ਨੂੰ ਅਮਲੀ ਰੂਪ ਦਿਤਾ ਜਾ ਸਕਦਾ ਹੈ ਜਿਸ ਲਈ ਸੁੱਕੀ ਰਸਦ ਦੇ ਲੰਗਰ ਸਟੋਰਾਂ ਨੂੰ ‘ਬਾਬੇ ਨਾਨਕ ਦੇ ਹੱਟ’ ਵਜੋਂ ਵੀ ਬਣਾਇਆ ਜਾ ਸਕਦਾ ਹੈ ਜਿਥੋਂ ਸਿਰਫ਼ ਤੇ ਸਿਰਫ਼ ਕਿਰਤੀ ਗ਼ਰੀਬ ਲੋਕਾਂ ਨੂੰ ਹੀ ਬਹੁਤ  ਸਸਤੇ ਭਾਅ ਵਿਚ ‘ਆਟਾ ਦਾਲ’ ਆਦਿ ਮੁਹਈਆ ਕਰਵਾ ਕੇ ਇਕ ਅਨੋਖਾ ਪੁੰਨ ਖੱਟਣ ਦਾ ਉਪਰਾਲਾ ਕਰਨਾ ਸਮੇਂ ਦੀ ਮੁੱਖ ਲੋੜ ਹੈ।
 ‘ਮੋਕਉ ਦੋਨਉ ਵਖਤ ਜਿਵਾਲੇ॥’
(ਭਗਤ ਕਬੀਰ)
ਅਨੁਸਾਰ ਹਰ ਗ਼ਰੀਬ ਕਿਰਤੀ ਦਾ ਚੁੱਲ੍ਹਾ ਤਪਦਾ ਰਹਿ ਸਕੇ। ਸਸਤੇਪਨ ਦੇ ਇਸ ਸੇਵਾ ਰੂਪੀ ਵਣਜ ਨਾਲ ਲਾਲੋਆਂ ਦੀ ਕਿਰਤ ਨੂੰ ਵੀ ਇਕ ਵੱਡਾ ਹੁਲਾਰਾ ਮਿਲੇਗਾ।
ਇਸ ਤੋਂ ਇਲਾਵਾ ਇਸ ਰਸਦ ਪਾਣੀ ਦੀ ਬੱਚਤ ਨੂੰ ਕਿਤੇ ਕਿਸੇ ਸੰਕਟ ਕਾਲੀਨ (ਹੜਾਂ/ਭੁਚਾਲ) ਵਿਚ ਫਸੇ ਲੋਕਾਂ ਦੀ ਸਹਾਇਤਾ ਲਈ ਵੀ ਵਰਤਿਆ ਜਾ ਸਕਦਾ ਹੈ। ਸੋ ਇਸ ਤਰ੍ਹਾਂ ਸੂਝ ਸਿਆਣਪ ਨਾਲ ਸਰਬ-ਸਾਂਝੇ ਚਲਾਏ ਲੰਗਰਾਂ ਦੇ ਸੁਚੱਜੇ ਪ੍ਰਬੰਧ ਨਾਲ ਲੰਗਰ ਚਲਾ ਕੇ ਲੰਗਰ ਦੀ ਸ਼ਾਨਾਂਮੱਤੀ ਪ੍ਰਥਾ ਦੀ ਮਹਾਨਤਾ ਨੂੰ ਹੋਰ ਵੀ ਮਹਾਨ ਤੇ ਸਾਜ਼ਗਾਰ ਬਣਾਇਆ ਜਾ ਸਕਦਾ ਹੈ।
ਪਿੰਡ ਨਿੱਕਾ ਰਈਆ, ਹਵੇਲੀਆਣਾ  
ਅੰਮ੍ਰਿਤਸਰ।     

ਮਾ. ਲਖਵਿੰਦਰ ਸਿੰਘ ਰਈਆ
ਮੋ :98764-74858