Diwali Special Article 2025: ਪਿਆਰ ਅਤੇ ਸਾਂਝ ਦਾ ਪ੍ਰਤੀਕ ਹੈ ਦੀਵਾਲੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਇਸ ਸਰਬ ਸਾਂਝੇ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।

Diwali Special Article 2025: Diwali is a symbol of love and togetherness

ਚੰਡੀਗੜ੍ਹ : ਦੀਵਾਲੀ ਦਾ ਤਿਉਹਾਰ ਸੰਸਾਰ ਭਰ ਦੇ ਕਈ ਮੁਲਕਾਂ ਵਿਚ ਅਕਤੂਬਰ ਦੇ ਮਹੀਨੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਭਾਰਤ ਦਾ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਹਿੰਦੂ ਇਸ ਨੂੰ ਭਗਵਾਨ ਰਾਮ ਦੇ 14 ਸਾਲਾਂ ਬਨਵਾਸ ਤੋਂ ਮੁੜਨ ਦੀ ਖੁਸ਼ੀ ਵਿਚ ਮਨਾਉਂਦੇ ਹਨ।

ਜੈਨ ਧਰਮ ਦੇ ਲੋਕ ਮਹਾਂਵੀਰ ਦੇ ਕਵਿਲਯਾ ਦੀ ਖੁਸ਼ੀ ਵਿਚ ਇਸ ਨੂੰ ਮਨਾਉਂਦੇ ਹਨ ਅਤੇ ਸਿੱਖ ਧਰਮ ਦੇ ਲੋਕ ਇਹ ਤਿਉਹਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤਣ ਦੀ ਖੁਸ਼ੀ ਵਿਚ ਮਨਾਉਂਦੇ ਹਨ ਜਿਸ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਸਰਬ ਸਾਂਝੇ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।

ਇਸ ਤਿਉਹਾਰ ਨੂੰ ਮਨਾਉਣ ਵਾਲ਼ੇ ਲੋਕ ਵਲੋਂ ਦੀਵਿਆਂ ਅਤੇ ਮੋਬੱਤੀਆਂ ਦੀ ਰੌਸ਼ਨੀ ਕਰਕੇ ਘਰਾਂ ਨੂੰ ਰੁਸ਼ਨਾਇਆ ਜਾਂਦਾ ਹੈ ਪਰ ਅੱਜ ਕੱਲ੍ਹ ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪ੍ਰਦੂਸ਼ਣ-ਰਹਿਤ ਦੀਵਾਲੀ ਮਨਾਉਣੀ ਵੀ ਸਮੇਂ ਦੀ ਵੱਡੀ ਮੰਗ ਹੈ।ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਦੇਸ਼ ਭਰ ਵਿਚ ਅਰਬਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ।

ਪਟਾਕੇ ਚਲਾਉਣ ਨਾਲ ਇਨ੍ਹਾਂ ਵਿਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜੋ ਜਿੱਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਉੱਥੇ ਇਹ ਕਈ ਬਿਮਾਰੀਆਂ ਦਾ ਕਾਰਨ ਵੀ ਬਣਦੀਆਂ ਹਨ। ਪਟਾਕਿਆਂ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਜਾਣਦੇ ਹੋਏ ਵੀ ਅਸੀਂ ਦੀਵਾਲੀ ਨੂੰ ਦੀਵਿਆਂ ਦੇ ਤਿਉਹਾਰ ਵਜੋਂ ਨਾ ਮਨਾ ਕੇ ਪਟਾਕਿਆਂ ਦੇ ਤਿਉਹਾਰ ਵਜੋਂ ਜ਼ਿਆਦਾ ਮਨਾਉਂਦੇ ਹਾਂ ਜੋ ਕਿ ਸਾਡੇ ਸਮਾਜ ਲਈ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ।